ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਭਾਜਪਾ ਦਾ ਇਨਕਾਰ, ਸ਼ਿਵ ਸੈਨਾ ਤਿਆਰ

Posted On November - 11 - 2019

ਮਹਾਰਾਸ਼ਟਰ ਦੀ ਸਿਆਸੀ ਬਿਸਾਤ

ਰਾਜਪਾਲ ਨੇ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਐਤਵਾਰ ਨੂੰ ਮੁੰਬਈ ਸਥਿਤ ਇੱਕ ਹੋਟਲ ਵਿੱਚ ਪਾਰਟੀ ਵਿਧਾਇਕਾਂ ਨੂੰ ਮਿਲਣ ਆਉਂਦੇ ਹੋਏ। -ਫੋਟੋ: ਪੀਟੀਆਈ

ਮੁੰਬਈ, 10 ਨਵੰਬਰ
ਭਾਜਪਾ ਵੱਲੋਂ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਐਤਵਾਰ ਨੂੰ ਦੂਜੀ ਸੱਭ ਤੋਂ ਵੱਡੀ ਪਾਰਟੀ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਰਾਜ ਭਵਨ ਦੇ ਅਧਿਕਾਰੀ ਨੇ ਕਿਹਾ,‘‘ਸ਼ਿਵ ਸੈਨਾ ਨੂੰ ਸੋਮਵਾਰ ਸ਼ਾਮ ਸਾਢੇ ਸੱਤ ਵਜੇ ਤੱਕ ਆਪਣੇ ਸਟੈਂਡ ਬਾਰੇ ਰਾਜਪਾਲ ਨੂੰ ਜਾਣਕਾਰੀ ਦੇਣੀ ਪਵੇਗੀ।’’ ਊਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਸ਼ਿਵ ਸੈਨਾ ਵੱਲੋਂ ਐੱਨਸੀਪੀ ਅਤੇ ਕਾਂਗਰਸ ਨਾਲ ਮਿਲ ਕੇ ਸੂਬੇ ’ਚ ਨਵੀਂ ਸਰਕਾਰ ਬਣਾਏ ਜਾਣ ਲਈ ਸਰਗਰਮੀਆਂ ਵੱਧ ਗਈਆਂ ਹਨ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾ ਕੇ ਰਹਿਣਗੇ। ਉਨ੍ਹਾਂ ਸੰਕੇਤ ਦਿੱਤੇ ਕਿ ਉਹ ਵਿਰੋਧੀ ਧਿਰਾਂ ਦੀ ਹਮਾਇਤ ਨਾਲ ਸਰਕਾਰ ਬਣਾਉਣ ਦੇ ਯਤਨ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਵਾਲੀਆਂ ਪਾਰਟੀਆਂ ਸ਼ਿਵ ਸੈਨਾ ਅਤੇ ਭਾਜਪਾ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਪਿਛਲੇ 16 ਦਿਨਾਂ ਤੋਂ ਟਕਰਾਅ ਚੱਲ ਰਿਹਾ ਹੈ। ਸ਼ਿਵ ਸੈਨਾ (56) ਨੇ ਜੇਕਰ ਆਪਣੀ ਸਰਕਾਰ ਬਣਾਉਣੀ ਹੈ ਤਾਂ ਉਸ ਨੂੰ ਸ਼ਰਦ ਪਵਾਰ ਦੀ ਅਗਵਾਈ ਹੇਠਲੀ ਐੱਨਸੀਪੀ (54) ਅਤੇ ਕਾਂਗਰਸ (44) ਤੋਂ ਹਮਾਇਤ ਲੈਣੀ ਪਵੇਗੀ। ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ 145 ਵਿਧਾਇਕਾਂ ਦੀ ਲੋੜ ਹੈ ਜਦਕਿ ਭਾਜਪਾ ਨੇ 105 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ’ਤੇ ਲੋਕਾਂ ਦੇ ਫ਼ਤਵੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਂਜ ਉਨ੍ਹਾਂ ਸ਼ਿਵ ਸੈਨਾ ਨੂੰ ਕਾਂਗਰਸ ਅਤੇ ਐੱਨਸੀਪੀ ਦੀ ਹਮਾਇਤ ਨਾਲ ਸਰਕਾਰ ਬਣਾਉਣ ਲਈ ‘ਸ਼ੁੱਭ ਇੱਛਾਵਾਂ’ ਦਿੱਤੀਆਂ। ਸਰਕਾਰ ਨਾ ਬਣਾਉਣ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਭਾਜਪਾ ਕੋਰ ਕਮੇਟੀ ਦੀਆਂ ਦੋ ਮੀਟਿੰਗਾਂ ਹੋਈਆਂ। ਉਧਰ ਊਧਵ ਠਾਕਰੇ ਨੇ ਮਲਾਡ ਹੋਟਲ ’ਚ ਆਪਣੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸੀਨੀਅਰ ਕਾਂਗਰਸ ਆਗੂ ਅਸ਼ੋਕ ਚਵਾਨ ਨੇ ਸ਼ਿਵ ਸੈਨਾ ਨੂੰ ਹਮਾਇਤ ਦੇਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਪਾਰਟੀ ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਨਹੀਂ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ’ਚ ਸਥਿਰ ਸਰਕਾਰ ਦੇ ਪੱਖ ’ਚ ਹਨ। ਇਕ ਹੋਰ ਕਾਂਗਰਸ ਆਗੂ ਮਿਲਿੰਦ ਦਿਉੜਾ ਨੇ ਕਿਹਾ ਕਿ ਰਾਜਪਾਲ ਨੂੰ ਐੱਨਸੀਪੀ-ਕਾਂਗਰਸ ਗੱਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣਾ ਚਾਹੀਦਾ ਹੈ ਜਿਸ ਦਾ ਇਕ ਹੋਰ ਆਗੂ ਸੰਜੈ ਨਿਰੂਪਮ ਨੇ ਵਿਰੋਧ ਕੀਤਾ ਹੈ।
-ਪੀਟੀਆਈ

ਐੱਨਸੀਪੀ ਆਗੂ ਨੇ ਸ਼ਿਵ ਸੈਨਾ ਨੂੰ ਐੱਨਡੀਏ ’ਚੋਂ ਬਾਹਰ ਆਉਣ ਲਈ ਕਿਹਾ

ਭਾਜਪਾ ਵੱਲੋਂ ਸਰਕਾਰ ਬਣਾਉਣ ਤੋਂ ਨਾਂਹ ਕਰਨ ਮਗਰੋਂ ਐੱਨਸੀਪੀ ਦੇ ਸੀਨੀਅਰ ਆਗੂ ਨਵਾਬ ਮਲਿਕ ਨੇ ਕਿਹਾ ਕਿ ਪਾਰਟੀ ਸ਼ਿਵ ਸੈਨਾ ਨੂੰ ਹਮਾਇਤ ਦੇਣ ਦਾ ਫ਼ੈਸਲਾ ਉਸ ਸਮੇਂ ਲਵੇਗੀ ਜਦੋਂ ਉਹ ਐੱਨਡੀਏ ’ਚੋਂ ਬਾਹਰ ਆ ਜਾਵੇਗੀ। ਉਨ੍ਹਾਂ ਕਿਹਾ,‘‘ਐੱਨਸੀਪੀ ਕੋਲ ਢੁਕਵੇਂ ਵਿਧਾਇਕ ਨਹੀਂ ਹਨ ਪਰ ਅਸੀਂ ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਨਹੀਂ ਚਾਹੁੰਦੇ ਹਾਂ।’’ ਸ੍ਰੀ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਵ ਸੈਨਾ ਤੋਂ ਅਜੇ ਕੋਈ ਤਜਵੀਜ਼ ਨਹੀਂ ਮਿਲੀ ਹੈ ਪਰ ਜੇਕਰ ਕੋਈ ਮਿਲੀ ਤਾਂ ਸ਼ਿਵ ਸੈਨਾ ਨੂੰ ਐੱਨਸੀਪੀ ਵੱਲੋਂ ਦਿੱਤੀਆਂ ਗਈਆਂ ਸ਼ਰਤਾਂ ’ਤੇ ਸਹਿਮਤ ਹੋਣਾ ਪਵੇਗਾ।


Comments Off on ਭਾਜਪਾ ਦਾ ਇਨਕਾਰ, ਸ਼ਿਵ ਸੈਨਾ ਤਿਆਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.