ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

Posted On November - 14 - 2019

ਰਣਦੀਪ ਸੰਗਤਪੁਰਾ

ਪੰਜਾਬ ਦੇ ਵੱਖ-ਵੱਖ ਵਰਗ, ਖ਼ਾਸਕਰ ਨੌਜਵਾਨ ਸੰਘਰਸ਼ ਦੇ ਰਾਹ ’ਤੇ ਹਨ। ਉਹ ਆਪੋ ਆਪਣੀ ਥਾਈਂ, ਆਪੋ ਆਪਣੇ ਤਰੀਕਿਆਂ ਨਾਲ ਤੇ ਆਪੋ ਆਪਣੇ ਮੰਗਾਂ-ਮਸਲਿਆਂ ਲਈ ਲੜ ਰਹੇ ਹਨ। ਇਨ੍ਹਾਂ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰ ਵੀ ਹਨ ਅਤੇ ਠੇਕੇ ’ਤੇ ਲੱਗੇ ਅਰਧ ਬੇਰੁਜ਼ਗਾਰ ਵੀ। ਬੇਰੁਜ਼ਗਾਰ ਆਪਣੇ ਰੁਜ਼ਗਾਰ ਦੇ ਹੱਕ ਲਈ ਲੜ ਰਹੇ ਹਨ। ਨੀਮ ਬੇਰੁਜ਼ਗਾਰੀ ਦੀ ਹਾਲਤ ‘ਚ ਰੁਜ਼ਗਾਰ ਅਤੇ ਬੇਰੁਜ਼ਗਾਰੀ ਵਿਚਕਾਰ ਪੈਂਡੂਲਮ ਵਾਂਗ ਲਟਕਦੇ, ਜਵਾਨੀ ਦੇ ਕੁਝ ਹੋਰ ਹਿੱਸੇ ਆਪਣੇ ਰੁਜ਼ਗਾਰ ਦੀ ਸਲਾਮਤੀ ਲਈ, ਕੰਮ ਦੀਆਂ ਸਨਮਾਨਯੋਗ ਹਾਲਤਾਂ, ਚੰਦ ਦਮੜਿਆਂ ਦੀ ਥਾਂ ਬਰਾਬਰ ਕੰਮ ਬਰਾਬਰ ਤਨਖਾਹ ਲਈ ਲੜ ਰਹੇ ਹਨ।
ਮਿਸਾਲ ਵਜੋਂ, ਬੇਰੁਜ਼ਗਾਰ ਬੀਐੱਡ ਅਤੇ ਈਟੀਟੀ ਅਧਿਆਪਕ, 2017 ਦੀਆਂ ਵਿਧਾਨ ਸਭਾ ਚੋਣਾਂ ਵੇਲ਼ੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ‘ਘਰ-ਘਰ ਨੌਕਰੀ’ ਦੇ ਚੋਣ ਵਾਅਦੇ ਅਤੇ ਸਕੂਲਾਂ ਵਿਚ ਖ਼ਾਲੀ ਪਈਆਂ ਕਰੀਬ 30 ਹਜ਼ਾਰ ਅਸਾਮੀਆਂ ਨੂੰ ਭਰਵਾਉਣ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਦੋ ਮਹੀਨਿਆਂ ਤੋਂ ਪੱਕੇ ਮੋਰਚੇ ਲਾ ਕੇ ਸੰਘਰਸ਼ ਲੜ ਰਹੇ ਹਨ। ਇਹ ਬੇਰੁਜ਼ਗਾਰ ਅਧਿਆਪਕ ‘ਅਧਿਆਪਕ ਯੋਗਤਾ ਪ੍ਰੀਖਿਆ’ ਨਾਮੀ ਅੜਿੱਕਾ ਟੱਪ ਕੇ ਵੀ ਬੇਰੁਜ਼ਗਾਰ ਰਹਿਣ ਲਈ ਸੰਤਾਪੇ ਹੋਏ ਹਨ। ਇਨ੍ਹਾਂ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪਿਛਲੀਆਂ ਜ਼ਿਮਨੀ-ਚੋਣਾਂ ਦੌਰਾਨ ‘ਰੁਜ਼ਗਾਰ ਨਹੀਂ-ਵੋਟ ਨਹੀਂ’ ਮੁਹਿੰਮ ਰਾਹੀਂ ਦਾਖਾ ਅਤੇ ਜਲਾਲਾਬਾਦ ਵਿਖੇ ਲਾਰੇਬਾਜ਼ ਹਾਕਮਾਂ ਨੂੰ ਲਲਕਾਰਿਆ। ਦਾਖਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮਖ਼ਾਸ ਕੈਪਟਨ ਸੰਦੀਪ ਸੰਧੂ ਦੀ ਹਾਰ ਨੂੰ ਉਹ ਆਪਣੀ ਕਾਮਯਾਬੀ ਵਜੋਂ ਦੇਖਦੇ ਹਨ। ਦੀਵਾਲੀ ਨੂੰ ਵੀ ਇਨ੍ਹਾਂ ਸਿੱਖਿਆ ਮੰਤਰੀ ਦੇ ਬੂਹੇ ’ਤੇ ਮੁਜ਼ਾਹਰਾ ਕਰਦਿਆਂ ਆਪਣੇ ਸੰਘਰਸ਼ ਨੂੰ ਬੁਲੰਦ ਕੀਤਾ।
ਇੰਝ ਹੀ ਈਜੀਐਸ ਵਲੰਟੀਅਰ ਤੇ ਸਿੱਖਿਆ ਪ੍ਰੋਵਾਈਡਰ ਹਨ। ਏਆਈਈ ਵਲੰਟੀਅਰ ਹਨ। ਇਹ ਸਾਰੇ ਸਿੱਖਿਆ ਵਿਭਾਗ ਅੰਦਰ ‘ਰੂੰਗੇ-ਝੂੰਗੇ’ ’ਚ ਵਲੰਟੀਅਰ ਬਣਾ ਕੇ ਭਰਤੀ ਕੀਤੇ ਹੋਏ ਜਾਂ ਠੇਕੇ ’ਤੇ ਘੱਟ ਤਨਖਾਹਾਂ, ਭੱਤਿਆਂ, ਸਹੂਲਤਾਂ ’ਤੇ ਭਰਤੀ ਕੀਤੇ ਟੀਚਰ ਹਨ। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ, ਕੱਚੇ ਵੈਟਰਨਰੀ ਮੁਲਾਜ਼ਮ, ਆਸ਼ਾ ਵਰਕਰਾਂ ਤੇ ਮਿੱਡ-ਡੇਅ ਮੀਲ ਬਣਾਉਣ ਵਾਲੀਆਂ ਕੁੱਕ ਬੀਬੀਆਂ ਆਦਿ ਹਨ। ਇਹ ਸਾਰੇ ਖੁਦ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਉਜਰਤਾਂ ਦੇ ਕਾਨੂੰਨ, ਪੰਜਾਬ ਸਿਵਲ ਸਰਵਿਸ ਰੂਲਜ਼ ਤੇ ਟਰੇਡ ਯੂਨੀਅਨ ਐਕਟ ਵਰਗੇ ਕਾਨੂੰਨਾਂ ਦੇ ਬਾਵਜੂਦ ਲਤਾੜੇ ਜਾ ਰਹੇ ਹਨ।

ਰਣਦੀਪ ਸੰਗਤਪੁਰਾ

ਬੇਰੁਜ਼ਗਾਰੀ ਅਤੇ ਨੀਮ ਬੇਰੁਜ਼ਗਾਰੀ ਦੀ ਭੱਠੀ ’ਚ ਭੁੱਜਦੇ ਇਹ ਸਾਰੇ ਹਿੱਸੇ ਆਪਣੇ ਸਨਮਾਨਯੋਗ ਰੁਜ਼ਗਾਰ ਤੇ ਜ਼ਿਦਗੀ ਦੇ ਹੱਕ ਲਈ ਆਪੋ-ਆਪਣੇ ਢੰਗਾਂ ਨਾਲ ਜੱਦੋਜਹਿਦ ਕਰ ਰਹੇ ਹਨ। ਪਾਣੀ ਦੀਆਂ ਟੈਂਕੀਆਂ ’ਤੇ ਅੱਧ ਅਸਮਾਨੇ ਚੜ੍ਹ ਕੇ ਰੋਸ ਪ੍ਰਗਟ ਕਰਦੇ ਹਨ, ਕੋਈ ਮੋਤੀ ਮਹਿਲ ਨੇੜੇ ਪ੍ਰਦਰਸ਼ਨ ਕਰਦਾ ਹੈ, ਹਾਕਮ ਪਾਰਟੀ ਦੀਆਂ ਰੈਲੀਆਂ ’ਚ ‘ਘਰ-ਘਰ ਰੁਜ਼ਗਾਰ’ ਦਾ ਵਾਅਦਾ ਯਾਦ ਕਰਵਾਉਣ ਲਈ ਨਾਅਰੇਬਾਜ਼ੀ ਕਰਦੇ ਹਨ। ਇਸ ਕਾਰਨ ਸ਼ਾਇਦ ਕੋਈ ਹੀ ਜੁਝਾਰੂ ਬੇਰੁਜ਼ਗਾਰ ਹੋਵੇਗਾ, ਜਿਸ ਦੇ ਹਿੱਸੇ ਪਾਣੀ ਦੀਆਂ ਬੁਛਾੜਾਂ ਤੇ ਥਾਣਿਆਂ-ਜੇਲ੍ਹਾਂ ਦੀਆਂ ਕੋਠੜੀਆਂ ਨਾ ਆਈਆਂ ਹੋਣ। ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲਣ ਤੇ ਨੌਜਵਾਨਾਂ ਦੀਆਂ ਪੱਗਾਂ ਉਤਾਰਨ ਵਿਚ ਪਿਛਲੀ ਬਾਦਲ ਸਰਕਾਰ ਵਾਂਗ ਹੀ ਮੌਜੂਦਾ ਕਾਂਗਰਸ ਸਰਕਾਰ ਵੀ ਪਿੱਛੇ ਨਾ ਰਹਿੰਦਿਆਂ ਨੌਜਵਾਨਾਂ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਇਨ੍ਹਾਂ ਹਾਕਮ ਜਮਾਤਾਂ ਦੀਆਂ ਨੀਤੀਆਂ ਵਿੱਚ ਕੋਈ ਵੀ ਫਰਕ ਨਹੀਂ ਹੈ। ਅਜਿਹੀ ਹਾਲਤ ਵਿੱਚ ਜਵਾਨੀ ਦੇ ਹੱਕਾਂ ਲਈ ਉੱਠੇ ਹੱਥਾਂ ਨੂੰ ਜਿੱਥੇ ਸਲਾਮ ਕਰਨਾ ਬਣਦਾ ਹੈ, ਉਥੇ ਹੀ ਜਬਰ-ਜ਼ੁਲਮ ਨਾਲ ਸੰਘਰਸ਼ਸ਼ੀਲ ਆਵਾਜ਼ ਬੰਦ ਕਰਵਾਉਣ ਦੇ ਕੋਝੇ ਯਤਨਾਂ ਦਾ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ।
ਆਪਣੇ ਹੱਕਾਂ ਲਈ ਲੜਨਾ, ਸੰਘਰਸ਼ ਕਰਨਾ ਵੱਡੀ ਗੱਲ ਹੈ, ਪਰ ਉਸ ਤੋਂ ਵੀ ਚੰਗੀ ਗੱਲ ਹੋਵੇਗੀ ਜੇ ਲੜ ਰਹੇ ਸਾਰੇ ਜੁਝਾਰੂ ਆਪਣੀਆਂ ਵੱਖੋ-ਵੱਖ ਕੈਟਾਗਿਰੀਆਂ ਦੀਆਂ ਵਲਗਣਾਂ ਤੋੜ ਕੇ ਇੱਕ ਪਲੇਟਫਾਰਮ ’ਤੇ ਇਕਜੁੱਟ ਸੰਘਰਸ਼ ਕਰਨ। ਸੰਘਰਸ਼ਸ਼ੀਲ ਜਵਾਨੀ ਦਾ ਸਾਂਝਾ ਮੰਚ ਸੰਘਰਸ਼ਾਂ ਨੂੰ ਦਹਿਗੁਣਾ ਵਧੇਰੇ ਤਾਕਤ ਬਖ਼ਸ਼ੇਗਾ। ਜੁਝਾਰੂ ਧਿਰਾਂ ਨੂੰ ਆਪਣੇ ਸੰਘਰਸ਼ ਦੇ ਢੰਗ-ਤਰੀਕਿਆਂ ਬਾਰੇ ਵੀ ਨਿੱਠ ਕੇ ਸੋਚਣਾ-ਵਿਚਾਰਨਾ ਚਾਹੀਦਾ ਹੈ। ਟੈਂਕੀਆਂ ’ਤੇ ਚੜ੍ਹਨ ਅਤੇ ਪੈਟਰੋਲ ਦੀਆਂ ਬੋਤਲਾਂ ਚੁੱਕਣ ਵਰਗੇ ਖ਼ੁਦਕੁਸ਼ੀਮੁਖੀ ਤਰੀਕੇ ਵਕਤੀ ਤੌਰ ’ਤੇ ਤਾਂ ਧੂਹ ਪਾਊ ਹੋ ਸਕਦੇ ਹਨ, ਪਰ ਲੰਮੇ ਦਾਅ ਤੋਂ ਸੰਘਰਸ਼ ਦੇ ਅਜਿਹੇ ਰੂਪ ਕਾਰਗਰ ਸਾਬਤ ਨਹੀਂ ਹੁੰਦੇ। ਟੈਂਕੀਆਂ ’ਤੇ ਚੜ੍ਹਨਾ ਕਿਸੇ ਵਕਤ ਮੀਡੀਆ ਦੀਆਂ ਸੁਰਖ਼ੀਆਂ ਬਟੋਰਦਾ ਸੀ, ਪਰ ਅੱਜ ਇਹ ਛੋਟੀ ਜਿਹੀ ਖੇਤਰੀ ਖ਼ਬਰ ਬਣ ਕੇ ਰਹਿ ਗਈ ਹੈ। ਆਪਣੇ ਹੱਕਾਂ ਲਈ ਲੜ ਰਹੇ ਨੌਜਵਾਨਾਂ ਨੂੰ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਤੇ ਜਥੇਬੰਦੀਆਂ ਅਤੇ ਉਨ੍ਹਾਂ ਦੇ ਤਜਰਬੇਕਾਰ ਆਗੂਆਂ, ਵਰਕਰਾਂ ਨਾਲ ਸਾਂਝ ਪੀਡੀ ਕਰਨੀ ਚਾਹੀਦੀ ਹੈ। ਨੌਜਵਾਨ, ਵਿਦਿਆਰਥੀ ਤੇ ਬੇਰੁਜ਼ਗਾਰ ਜਥੇਬੰਦੀਆਂ ਨੂੰ ਸਾਂਝੇ ਸੰਘਰ਼ਸ਼ਾਂ ਦੀ ਪਿਰਤ ਪਾਉਣੀ ਚਾਹੀਦੀ ਹੈ। ਵਰਤਮਾਨ ਤੇ ਬੀਤੇ ਦੇ ਸੰਘਰਸ਼ਾਂ ਤੋਂ ਸਬਕ ਲੈ ਕੇ ਅੱਗੇ ਵਧਣ ਦੀ ਲੋੜ ਹੈ। ਭਵਿੱਖ ਹਮੇਸ਼ਾ ਉਨ੍ਹਾਂ ਦਾ ਹੁੰਦਾ ਹੈ, ਜਿਹੜੇ ਇਤਿਹਾਸ ਤੋਂ ਸਬਕ ਲੈ ਕੇ ਹੀ ਅਗਾਂਹ ਠੋਸ ਕਦਮ ਪੁੱਟਦੇ ਹਨ।

*ਸੂਬਾ ਪ੍ਰੈੱਸ ਸਕੱਤਰ, ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ।
ਸੰਪਰਕ: 98556-95905


Comments Off on ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.