ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ਸਮਝਦਿਆਂ

Posted On November - 3 - 2019

ਵੱਖ ਵੱਖ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸ਼ਰਧਾਮਈ ਬਿਆਨ ਹਨ। ਬੀ-40 ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਵੱਖ ਵੱਖ ਸਾਖੀਆਂ ਦੇ ਨਾਲ ਨਾਲ ਉੱਤਮ ਦਰਜੇ ਦੀ ਚਿੱਤਰਕਾਰੀ ਵੀ ਹੋਈ ਹੈ।

ਸਵਰਾਜਬੀਰ

ਕਰੋੜੀਆ, ਬਾਬਾ ਨਾਨਕ ਤੇ ਮਰਦਾਨਾ: ਜਿਥੇ ਬਾਬਾ ਰਹੰਦਾ ਥਾ। ਉਸ ਗਿਰਾਉ ਪਾਸਿ ਹਿਕ ਕਰੋੜੀਆ ਰਹੰਦਾ ਥਾ। ਉਨਿ ਕਹਿਆ। ਹਿੰਦੂਆ ਦੇ ਤਾਈ ਤਾ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ। ਲੋਕਾ ਕਹਿਆ ਦੀਵਾਨ ਜੀ ਨਾਨਕੁ ਵਡਾ ਪੀਰ ਹੈ। ਤਾ ਆਇ ਕੈ ਪੈਰੀ ਪਇਆ। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੇ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰੁ ਰਖੀਐ। ਚਿੱਤਰ: ਬੀ-40 ਜਨਮ ਸਾਖੀ

ਇੰਡੀਆ ਆਫਿਸ ਲਾਇਬਰੇਰੀ ਲੰਡਨ ਵਿਚ ਇਕ ਹੱਥ ਲਿਖਤ ਖਰੜਾ ਹੈ ਜਿਸ ਦਾ ਲਾਇਬਰੇਰੀ ਨੰਬਰ ਬੀ-40 (2-40) ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਰਨਣ ਹੈ ਭਾਵ ਇਹ ਜਨਮ ਸਾਖੀ ਹੈ। ਲਾਇਬਰੇਰੀ ਦੇ ਨੰਬਰ ਅਨੁਸਾਰ ਹੀ ਇਸ ਨੂੰ ਬੀ-40 ਜਨਮ ਸਾਖੀ ਕਿਹਾ ਜਾਂਦਾ ਹੈ। ਇਹ ਜਨਮ ਸਾਖੀ, ਕੋਲਬਰੁਕ ਵਾਲੀ ਜਨਮ ਸਾਖੀ ਜਿਹੜੀ ਵਲੈਤ ਵਾਲੀ ਜਨਮ ਸਾਖੀ ਜਾਂ ਪੁਰਾਤਨ ਜਨਮ ਸਾਖੀ ਦੇ ਨਾਮ ਨਾਲ ਮਸ਼ਹੂਰ ਹੈ, ਤੋਂ ਵੱਖਰੀ ਹੈ। ਇਸ ਸਾਖੀ ਵਿਚ ਮੂਲ ਪਾਠ ਦੇ ਨਾਲ ਨਾਲ 57 ਚਿੱਤਰ ਹਨ। ਜਨਮ ਸਾਖੀ ਅਨੁਸਾਰ ਇਹ ਚਿੱਤਰ ਇਕ ਰਾਜ-ਮਿਸਤਰੀ ਆਲਮ ਚੰਦ ਰਾਜ ਨੇ ਬਣਾਏ।
ਡਾ. ਪਿਆਰ ਸਿੰਘ ਦੁਆਰਾ ਸੰਪਾਦਿਤ ਕੀਤੀ ਇਸ ਜਨਮ ਸਾਖੀ ਦਾ ਮੂਲ ਪਾਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1974 ਵਿਚ ਛਾਪਿਆ। ਇਸ ਵਿਚਲੇ ਰੰਗੀਨ ਚਿੱਤਰਾਂ ਵਾਲੀ ਕਿਤਾਬ ਯੂਨੀਵਰਸਿਟੀ ਨੇ 1987 ਵਿਚ ਛਾਪੀ। ਇਸ ਨੂੰ ਇਤਿਹਾਸਕਾਰ ਸੁਰਜੀਤ ਹਾਂਸ ਨੇ ਸੰਪਾਦਿਤ ਕੀਤਾ। ਪਿਛਲੇ ਦਿਨੀਂ ਮੁਲਾਕਾਤ ਦੌਰਾਨ ਸੁਰਜੀਤ ਹਾਂਸ ਨੇ ਇਸ ਜਨਮ ਸਾਖੀ ਦੇ ਚਿੱਤਰਾਂ ਬਾਬਤ ਵਿਚਾਰ ਸਾਂਝੇ ਕੀਤੇ। ਹਾਂਸ ਅਨੁਸਾਰ, ‘‘ਇਹ ਤਸਵੀਰਾਂ ਇਕ ਸਿੱਖ ਨੇ ਦੂਸਰੇ ਸਿੱਖਾਂ ਲਈ ਬਣਾਈਆਂ ਅਤੇ ਇਸ ਵਿਚ ਸਿੱਖ ਸਿਧਾਂਤ ਨੂੰ ਲੋਕਾਂ ਤਕ ਪਹੁੰਚਾੳਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ।’’
ਸੁਰਜੀਤ ਹਾਂਸ ਨੇ ਕਿਹਾ, ‘‘ਤਸਵੀਰਾਂ ਬੋਲਦੀਆਂ ਨਹੀਂ; ਤਸਵੀਰਾਂ ਨੂੰ ਬੁਲਾਉਣਾ ਪੈਂਦਾ ਹੈ; ਇਹ ਕੰਮ ਚਿੱਤਰਕਾਰ ਦਾ ਹੈ; ਉਸ ਦਾ ਕਮਾਲ ਇਸ ਵਿਚ ਹੈ ਕਿ ਉਸ ਦੀਆਂ ਬਣਾਈਆਂ ਤਸਵੀਰਾਂ ਬੋਲਣ। ਇਸ ਦੇ ਨਾਲ ਨਾਲ ਵੇਖਣ ਵਾਲੇ ਨੂੰ ਤਸਵੀਰਾਂ ਨੂੰ ਸਮਝਣਾ ਪੈਂਦਾ ਹੈ; ਇਹ ਕੰਮ ਸੌਖਾ ਨਹੀਂ।’’
ਸੁਰਜੀਤ ਹਾਂਸ ਅਨੁਸਾਰ ਯੂਰਪੀਅਨ ਤਸਵੀਰਾਂ ਬੋਲਦੀਆਂ ਨਹੀਂ; ਇਸ ਪੱਖੋਂ ਉਹ ਅਧੂਰੀਆਂ ਹਨ। ਹਾਂਸ ਦਾ ਕਹਿਣਾ ਹੈ ਕਿ ਕੋਈ ਇਕ ਤਸਵੀਰ ਕਦੇ ਵੀ ਆਪਣੇ ਮਾਅਨੇ ਵੇਖਣ ਵਾਲੇ ਤਕ ਨਹੀਂ ਪਹੁੰਚਾ ਸਕਦੀ; ਇਸ ਲਈ ਤਸਵੀਰਾਂ ਦੀ ਲੜੀ ਹੋਣੀ ਚਾਹੀਦੀ ਹੈ ਤਾਂ ਜੋ ਦੇਖਣ ਵਾਲਾ ਸਾਰੀਆਂ ਤਸਵੀਰਾਂ ਨੂੰ ਵੇਖ ਕੇ ਇਹ ਸਮਝ ਸਕੇ ਕਿ ਚਿੱਤਰਕਾਰ ਨੇ ਫਲਾਂ ਰੰਗ ਕਿਉਂ ਵਰਤਿਆ; ਕੀ ਉਹ ਤਸਵੀਰ ਵਿਚ ਐਵੇਂ ਹੀ ਆਇਆ ਹੈ ਜਾਂ ਕਿਸੇ ਵਿਚਾਰ ਦਾ ਪ੍ਰਤੀਕ ਹੈ; ਚਿੱਤਰਕਾਰ ਕੈਨਵਸ/ਕਾਗਜ਼/ਸਪੇਸ ਦੀ ਵਰਤੋਂ ਕਿਵੇਂ ਕਰਦਾ ਹੈ; ਇਕ ਚਿੱਤਰ ਨੂੰ ਕਿੰਨੇ ਹਿੱਸਿਆਂ ਵਿਚ ਵੰਡਦਾ ਹੈ; ਚਿੱਤਰ ਵਿਚ ਕਿਹੜੇ ਮਨੁੱਖ, ਪੰਛੀ, ਰੁੱਖ, ਪਸ਼ੂ ਚਿਤਰੇ ਗਏ ਹਨ; ਕਿਵੇਂ ਚਿਤਰੇ ਗਏ ਹਨ; ਕਿਉਂ ਚਿਤਰੇ ਗਏ ਹਨ। ਹਾਂਸ ਅਨੁਸਾਰ ਇਹ ਸਭ ਕੁਝ ਚਿੱਤਰਾਂ ਦੀ ਲੜੀ ਬਣਾਉਣ ਰਾਹੀਂ ਹੀ ਸੰਭਵ ਹੁੰਦਾ ਹੈ ਅਤੇ ਏਸੇ ਕਰਕੇ ਜਨਮ ਸਾਖੀ ਦੇ ਚਿੱਤਰਕਾਰ ਜਿਸ ਦਾ ਨਾਂ ਆਲਮ ਚੰਦ ਰਾਜ ਦਿੱਤਾ ਗਿਆ ਹੈ, ਨੇ 57 ਚਿੱਤਰਾਂ ਦੀ ਲੜੀ ਬਣਾਈ ਹੈ ਤੇ ਉਹ ਸਫ਼ਲ ਚਿੱਤਰ ਬਣਾਉਣ ਅਤੇ ਆਪਣੇ ਆਸ਼ਿਆਂ ਨੂੰ ਵੇਖਣ ਵਾਲਿਆਂ ਤਕ ਪਹੁੰਚਾਉਣ ਵਿਚ ਸਫ਼ਲ ਹੋਇਆ ਹੈ।

ਬਾਬਾ ਨਾਨਕ, ਅਬਦੁਲ ਰਹਿਮਾਨ, ਮੀਆਂ ਮਿੱਠਾ ਤੇ ਮਰਦਾਨਾ : ਸਾਹ ਅਬਦਲ ਰਹਮਾਨ ਨਾਲਿ ਗੋਸਟ ਹੋਈ। ਅਗੋ ਮੀਆ ਮਿਠਾ ਮੁਰੀਦ ਸਾਹ ਕਾ ਥਾ। ਆਖਿਉਸੁ ਸਾਹ ਜੀ ਅਜੁ ਤਾ ਬਹੁਤੁ ਲਾਲ ਰਗੀਨੁ ਹੋਇ ਆਏ ਹੋ। ਸਾਹ ਆਖਿਆ ਜੋ ਅਜੁ ਖੁਦਾਇ ਕਾ ਲਾਲੁ ਮਿਲਿਆ। ਚਿੱਤਰ: ਬੀ-40 ਜਨਮ ਸਾਖੀ

ਹਾਂਸ ਬੀ-40 ਜਨਮ ਸਾਖੀ ਦੇ ਚਿੱਤਰਾਂ ਵਾਲੀ ਕਿਤਾਬ ਦੀ ਭੂਮਿਕਾ ਵਿਚ ਦੱਸਦਾ ਹੈ ਕਿ ਜਨਮ ਸਾਖੀ ਦੇ ਕਰਤਾ ਅਤੇ ਚਿੱਤਰਕਾਰ ਦੇ ਉਦੇਸ਼ ਕੀ ਹਨ: ‘‘ਜਨਮ ਸਾਖੀ ਦਾ ਉਦੇਸ਼ (1) ਬਾਬੇ ਨਾਨਕ ਦੀ ਰੂਹਾਨੀ ਸਰਵਸ਼ਕਤੀ ਮਾਨਤਾ (2) ਆਦਿ ਗ੍ਰੰਥ ਅਰਥਾਤ ਗੁਰਮਤਿ ਅਤੇ (3) ਸਿੱਖ ਪਰੰਪਰਾ/ਰਵਾਇਤ ਅਨੁਸਾਰ ਸਥਾਪਿਤ ਕਰਨਾ ਹੈ।’’
ਹਾਂਸ ਅਨੁਸਾਰ ਇਨ੍ਹਾਂ ਚਿੱਤਰਾਂ ਦੇ ਵੱਖ ਵੱਖ ਰੰਗਾਂ ਵਿਚੋਂ ਸਭ ਤੋਂ ਮਹੱਤਵਪੂਰਨ ਰੰਗ ਲਾਲ ਹੈ। ਉਹ ਲਿਖਦਾ ਹੈ: ‘‘ਲਾਲ ਰੰਗ ਵਾਲਾ ‘ਮਜੀਠ’ ਸਿੱਖ ਧਰਮ ਵਿਚ ਸ਼ਰਧਾ ਦਾ ਪ੍ਰਤੀਕ ਹੈ।’’ ਮਜੀਠ ਇਕ ਵੇਲ ਹੈ ਜਿਸ ਦਾ ਵਿਗਿਆਨਕ ਨਾਮ ਰੂਬੀਆ ਕਾਰਡੀਫੋਲੀਆ (Rubia Cordifolia) ਹੈ। ਇਸ ਦੇ ਡੰਡੀ ਤੇ ਜੜ੍ਹਾਂ ਵਿਚੋਂ ਪੱਕਾ ਲਾਲ ਰੰਗ ਨਿਕਲਦਾ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘‘ਗੁਰਬਾਣੀ ਵਿਚ ਮਜੀਠ ਦੇ ਰੰਗ ਦਾ ਦ੍ਰਿਸ਼ਟਾਂਤ ਕਰਤਾਰ ਦੇ ਪ੍ਰੇਮ ਰੰਗ ਨੂੰ ਦਿੱਤਾ ਹੈ ਕਿਉਂਕਿ ਇਹ ਪੱਕਾ ਹੁੰਦਾ ਹੈ।’’ ਹਾਂਸ ਅਨੁਸਾਰ ਇਹ ਰੰਗ ਬਾਬੇ ਨਾਨਕ ਦੇ ਵਿਚਾਰਾਂ ਦਾ ਪ੍ਰਤੀਕ ਹੈ।
ਚਿੱਤਰਕਾਰ ਨੇ ਇਸ ਰੰਗ ਬਾਰੇ ਵਿਚਾਰ ਬਾਬੇ ਦੀ ਬਾਣੀ ਵਿਚੋਂ ਲਿਆ ਹੈ। ਬਾਬਾ ਜੀ ਮਾਰੂ ਰਾਗ ਵਿਚ ਕਹਿੰਦੇ ਹਨ: ‘‘ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ।।’’ ਭਾਵ ਨਾਨਕ ਪੂਰਾ ਸੂਹਾ ਹੈ, ਉਸ (ਪਰਮਾਤਮਾ) ਦਾ ਰੰਗ ਸੱਚਾ ਹੈ ਤੇ ਉਹ ਉਸ ਵਿਚ ਰੰਗਿਆ ਹੋਇਆ ਹੈ। ਸੂਹੀ ਰਾਗ ਵਿਚ ਕਹਿੰਦੇ ਹਨ: ‘‘ਤੇਰਾ ਏਕੋ ਨਾਮੁ ਮਜੀਠੜਾ ਰਤਾ ਮੇਰਾ ਚੋਲਾ ਸਦਾ ਰੰਗ ਢੋਲਾ।।’’ ਭਾਵ ਕੇਵਲ ਤੇਰਾ (ਪਰਮਾਤਮਾ ਦਾ) ਨਾਮ ਹੀ ਮਜੀਠ/ਲਾਲ ਹੈ ਜਿਸ ਨਾਲ ਮੇਰਾ ਚੋਲਾ ਰੰਗਿਆ ਹੋਇਆ ਹੈ; ਇਹ ਰੰਗਤ ਹਮੇਸ਼ਾ ਰਹਿਣ ਵਾਲੀ ਹੈ। ਰਾਗ ਤਿਲੰਗ ਵਿਚ ਕਿਹਾ ਹੈ: ‘‘ਕਾਇਆ ਰੰਙਣਿ ਜੇ ਥੀਐ ਪਿਆਰ ਪਾਈਐ ਨਾਉ ਮਜੀਠ।। ਰੰਙਣਿ ਵਾਲਾ ਜੇ ਰੰਙੈ ਸਾਹਿਬ ਐਸਾ ਰੰਗੁ ਨ ਡੀਠ।।’’ ਭਾਵ ਜੇਕਰ ਦੇਹ ਲਲਾਰੀ (ਪਰਮਾਤਮਾ) ਦੀ ਮਟੀ ਹੋ ਜਾਵੇ, ਇਸ ਵਿਚ ਨਾਮ ਜਿਸ ਦਾ ਰੰਗ ਮਜੀਠ/ਲਾਲ ਹੈ ਪਾਇਆ ਜਾਵੇ ਤੇ ਜੇ ਰੰਗਣ ਵਾਲਾ (ਪਰਮਾਤਮਾ) ਦੇਹ ਨੂੰ ਉਸ ਨਾਲ ਰੰਗੇ ਤਾਂ ਏਹੋ ਜਿਹਾ ਰੰਗ ਉਘੜੇਗਾ, ਜੇਹੋ ਜੇਹਾ ਕਦੇ ਕਿਸੇ ਨੇ ਵੇਖਿਆ ਨਹੀਂ ਹੋਣਾ।
ਬਹੁਤੇ ਚਿੱਤਰਾਂ ਵਿਚ ਭਾਈ ਮਰਦਾਨੇ ਦੇ ਚੋਲੇ ਦਾ ਰੰਗ ਗੂੜ੍ਹਾ ਲਾਲ ਹੈ। ਹਾਂਸ ਅਨੁਸਾਰ ਇਹ ਇਸ ਗੱਲ ਦਾ ਸੂਚਕ ਹੈ ਕਿ ਮਰਦਾਨਾ ਬਾਬੇ ਦੇ ਰੰਗ ਵਿਚ ਸਮੁੱਚਾ ਰੰਗਿਆ ਜਾ ਚੁੱਕਾ ਹੈ। ਸਾਖੀ ਦੇ 31 (ਇਕੱਤੀਵੇਂ) ਚਿੱਤਰ ਵਿਚ ਬਾਬਾ ਤੇ ਭਗਤ ਕਬੀਰ ਗੋਸ਼ਟਿ ਕਰ ਰਹੇ ਹਨ। ਦੋਹਾਂ ਦੀ ਟੋਪੀ ਦਾ ਰੰਗ ਲਾਲ ਹੈ। 2-40 ਦੀ ਭੂਮਿਕਾ ਵਿਚ ਹਾਂਸ ਲਿਖਦਾ ਹੈ, ‘‘ਬਾਬਾ ਨਾਨਕ ਦੀ ਅਤੇ ਕਬੀਰ ਸਾਹਿਬ ਦੀ ਟੋਪੀ ਦਾ ਰੰਗ ਉਨ੍ਹਾਂ ਦੇ ਸਾਂਝੇ ਆਤਮਿਕ ਤੱਤ ਨੂੰ ਦਰਸਾਉਂਦਾ ਹੈ।’’ ਜਨਮ ਸਾਖੀ ਦੇ 7ਵੇਂ (ਸੱਤਵੇਂ) ਚਿੱਤਰ ਵਿਚ ਬਾਬਾ ਜੀ ਅਬਦੁਲ ਰਹਿਮਾਨ ਅਤੇ ਮੀਆਂ ਮਿੱਠਾ ਲਾਲ ਗੋਸ਼ਟਿ ਕਰਦੇ ਦਿਖਾਏ ਗਏ ਹਨ। ਹਾਂਸ ਲਿਖਦਾ ਹੈ, ‘‘ਅਬਦੁਲ ਰਹਿਮਾਨ ਦੀ ਮੁਸਲਮਾਨੀ ਨੀਲੀ ਪੁਸ਼ਾਕ ਦਾ ਰੰਗ ਲਾਲ ਹੋ ਗਿਆ ਹੈ। ਭਾਵ ਅਬਦੁਲ ਰਹਿਮਾਨ ’ਤੇ ਬਾਬੇ ਦਾ ਅਸਰ ਹੋ ਗਿਆ ਹੈ। ਪਰ ਮੀਆਂ ਮਿੱਠਾ ਨੂੰ ਅਜੇ ਤਕ ਗਿਆਨ ਨਹੀਂ ਹੋਇਆ; ਉਹਦੀ ਪੁਸ਼ਾਕ ਦਾ ਰੰਗ ਅਜੇ ਵੀ ਨੀਲਾ ਹੈ।’’

ਬਾਬਾ ਨਾਨਕ ਭਗਤ ਕਬੀਰ ਨਾਲ : ਕੰਬੀਰ ਵਾਚ। ‘ਜੁਗੋ ਜੁਗੋ ਗੁਰ ਨਾਨਕੁ ਜਪਿਆ ਕੀਟ ਮੁਰੀਦੁ ਕਬੀਰ। ਸੁਨਿ ਉਪਦੇਸੁ ਪੂਰੇ ਸਤਿਗੁਰੁ ਕਾ ਮਨ ਮਹਿ ਭਇਆ ਅਨੰਦੁ। ਮੁਕਤਿ ਕਾ ਦਾਤਾ ਬਾਬਾ ਨਾਨਕੁ ਰੰਚਕ ਰਾਮਾ ਨੰਦ’। ਤਬ ਬਾਬਾ ਜੀ ਨਿਰੰਕਾਰ ਕਾ ਸਰੂਪੁ ਉਥੋ ਜੋ ਅੰਤਰਿ ਧਿਆਨੁ ਧਰਿਉ ਨੇ। ਕਰਤਾਰਪੁਰ ਆਇ ਨਿਕਲੇ। ਚਿੱਤਰ: ਬੀ-40 ਜਨਮ ਸਾਖੀ

ਬਾਬੇ ਨੇ ਰਾਵੀ ਕਿਨਾਰੇ ਚੱਕ ਬੰਨ੍ਹਿਆ। ਕਰਤਾਰਪੁਰ ਵਿਚ ਟਿਕਾਣਾ ਕੀਤਾ। ਸਾਖੀ ਵਿਚ ਲਿਖਿਆ ਹੈ: ‘‘ਤਬ ਜਿਥੇ ਬਾਬਾ ਰਹੰਦਾ ਥਾ।। ਉਸ ਗਿਰਾਉ (ਪਿੰਡ) ਪਾਸਿ ਇਕ ਕਰੋੜੀਆ ਰਹੰਦਾ ਥਾ।। ਉਨਿ ਕਹਿਆ ਏਹੁ ਕਉਨੁ ਪੈਦਾ ਹੋਆ ਹੈ।। ਜੋ ਸਭ ਇਸ ਕਾ ਨਾਉ ਲੇਤੇ ਹੈਨਿ।। ਹਿੰਦੂਆਂ ਨੂੰ ਤਾਂ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ।। ਕਿਆ ਈਮਾਨੁ ਹੈ ਮੁਸਲਮਾਨਾ ਕਾ ਜੋ ਹਿੰਦੂ ਉਪਰ ਸਿਦਕੁ ਰਖਦੇ ਹੈਨਿ।। ਜਾ ਚੜਿਆ ਘੋੜੇ ਉਪਰਿ ਤਾ ਹੇਠੌ ਘੋੜਾ ਫਰਕਿ (ਫੜ੍ਹਕ) ਪਇਆ।। ਉਸਿ ਦਿਨ ਤਾ ਨ ਗਇਆ।। ਫੇਰ ਅਗਲੇ ਦਿਨ ਚੜਿਆ।। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ।। ਬਹਿ ਗਇਆ ਸੁਝਸੁ ਕਛੁ ਨਾਹੀ।। ਤਾਂ ਲੋਕ ਕਹਿਆ/ਜੀ ਅਸੀ ਤਾ ਡਰਦੇ ਆਖਿ ਨਹੀ ਸਕਤੇ।। ਪਰੁ ਨਾਨਕੁ ਵਡਾ ਪੀਰ ਹੈ।। ਤੁਸੀਂ ਉਸ ਦਾ ਸਿਮਰਨਿ ਕਰਹੁ।। ਤਬ ਕਰੋੜੀਆ ਲਗਾ ਸਿਫਤ ਨਾਨਕੁ ਦੀ ਕਰਨਿ।। ਪਾਸਲੇ ਲੋਕ ਭੀ ਲਗੇ ਬਾਬੇ ਵਲਿ ਸਿਜਦਾ ਕਰਨਿ।। ਤਾ ਕਰੋੜੀਏ ਕਹਿਆ ਜੁ ਨਾਨਕੁ ਵਡਾ ਮਰਦੁ ਹੈ।। ਕਰੋੜੀਆ ਫੇਰ ਅਸਵਾਰ ਹੋਇਆ।। ਤਾ ਪਟ ਘੋੜੇ ਉਪਰਹੁ ਲਹਿ ਪਇਆ।। ਦਿਸਸੁ ਕਛੁ ਨਾਹੀ।। ਤਾ ਲੋਕਾ ਕਹਿਆ ਦੀਵਾਨ ਜੀ ਤੂੰ ਭੁਲਦਾ ਹੈ।। ਜੋ ਘੋੜੇ ਉਤੇ ਚੜਿ ਚਲਦਾ ਹੈ।। ਨਾਨਕ ਵਡਾ ਪੀਰ ਹੈ।। ਤੂੰ ਪਿਆਦਾ ਹੋਇ ਕਰਿ ਚਲ ਜੋ ਤੂੰ ਬਖਸੀਏ।। ਤਾ ਕਰੋੜੀ ਪਿਆਦਾ ਹੋਇ ਚਲਿਆ।। ਜਿਥੇ ਬਾਬਾ ਦੀ ਦਰਗਾਹ ਦਿਸ ਆਈ ਤਿਥਾਊ ਖੜਾ ਹੋਇ ਕਰਿ ਲਗਾ ਸਲਾਮ ਕਰਣਿ।। ਜਾ ਨੇੜੇ ਆਇਆ।। ਤਾ ਆਇ ਕੈ ਪੈਰੀ ਪਇਆ ਬਾਬੇ ਬਹੁਤੁ ਖੁਸੀ ਕੀਤੀ ਬਾਬੇ ਤਿਨ ਦਿਨ ਰਖਿਆ।। ਬਾਬਾ ਬਹੁਤ ਮਿਹਰਵਾਨ ਹੋਇਆ।। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੈ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰ ਰਖੀਐ।। ਅਤੇ ਜੋ ਕਛੁ ਪੈਦਾ ਹੋਵੈ ਆਣਿ ਧਰਮਸਾਲਾ ਵਿਚ ਪਾਈਐ।। ਕਰੋੜੀਆ ਵਿਦਾ ਹੋਇਆ।।’’
ਇਸ ਸਾਖੀ ਦੀ ਤਸਵੀਰਕਸ਼ੀ 17ਵੇਂ ਚਿੱਤਰ ਵਿਚ ਹੋਈ ਹੈ। ਕਰੋੜੀਆ ਬਾਬੇ ਦੇ ਚਰਨਾਂ ਵਿਚ ਝੁਕਿਆ ਪਿਆ ਹੈ। ਉਸ ਦੀ ਪੱਗੜੀ ਦਾ ਰੰਗ ਲਾਲ ਹੋ ਚੁੱਕਾ ਹੈ। ਬਾਬਾ ਜੀ ਤਕ ਪਹੁੰਚਦਿਆਂ ਪਹੁੰਚਦਿਆਂ ਉਹ ਬਾਬਾ ਜੀ ਦਾ ਮੁਰੀਦ ਹੋ ਚੁੱਕਾ ਹੈ। ਚਿੱਤਰਕਾਰ ਦੁਆਰਾ ਲਾਲ ਰੰਗ ਦੀ ਇਸ ਤਰ੍ਹਾਂ ਕੀਤੀ ਵਰਤੋਂ ਬਾਰੇ ਹਾਂਸ ਲਿਖਦਾ ਹੈ ਕਿ ਇਹ ਚਿੱਤਰਨ ‘‘ਬਾਬੇ ਨਾਨਕ ਦੀਆਂ ਮੱਕੇ ਦੇ ਮਜਾਵਰ (12), ਸ਼ੇਖ ਰੁਕਨ-ਉਦ-ਦੀਨ (13), ਹਾਜੀ ਰਤਨ (14), ਕਮਾਲ ਅਤੇ ਸ਼ੇਖ ਇਬਰਾਹੀਮ (15), ਕਰੋੜੀਆ (17), ਜਾਦੂਗਰਨੀਆਂ (19), ਗੋਰਖਨਾਥ (20), ਦੁਰਗਾ ਦੇ ਪੁਜਾਰੀ (22), ਸਿੱਧਾਂ (22,44), ਰਾਜੇ (29,32,35), ਫੈਲਸੂਫ (52), ਗੋਰਖਨਾਥ ਤੇ ਕਾਲ (53), ਰਾਖ਼ਸ਼ (8) ਅਤੇ ਕਲਜੁਗ (10) ’ਤੇ ਜਿੱਤਾਂ ਦਾ ਸਿੱਧਾ ਚਿੱਤਰਨ ਹੈ। (ਬਰੈਕਟ ਵਿਚ ਪਾਏ ਨੰਬਰ ਸਾਖੀ ਦੇ ਚਿੱਤਰ ਨੰਬਰ ਹਨ)। ਇਸ ਤਰ੍ਹਾਂ ਚਿੱਤਰਕਾਰ ਅੰਦਾਜ਼ਾ ਲਾਉਂਦਾ ਹੈ ਕਿ ਫਲਾਂ ਆਦਮੀ ’ਤੇ ਬਾਬੇ ਦਾ ਕਿੰਨਾ ਅਸਰ ਹੋਇਆ ਹੈ ਅਤੇ ਏਸੇ ਅਨੁਸਾਰ ਉਸ ਸ਼ਖ਼ਸ ਦੀ ਪੁਸ਼ਾਕ ਦਾ ਕੋਈ ਹਿੱਸਾ ਜਾਂ ਪੂਰੀ ਪੁਸ਼ਾਕ ਲਾਲ ਹੋ ਜਾਂਦੀ ਹੈ। ਕੁਝ ਚਿੱਤਰਾਂ (20, 32, 35, 47, 49, 50) ਵਿਚ ਭਾਈ ਮਰਦਾਨੇ ਦੀ ਪੱਗ ਲਾਲ ਹੈ ਅਤੇ ਸਿਰਫ਼ ਚਿੱਤਰ ਨੰਬਰ 29 ਹੀ ਇਕੱਲਾ ਚਿੱਤਰ ਹੈ ਜਿਸ ਵਿਚ ਮਰਦਾਨੇ ਦੇ ਚੋਲੇ ਵਿਚ ਲਾਲ ਰੰਗ ਨਹੀਂ ਹੈ।
ਸੁਰਜੀਤ ਹਾਂਸ ਨੇ ਦੱਸਿਆ ਕਿ ਚਿੱਤਰਕਾਰ ਲਗਭਗ ਹਰ ਚਿੱਤਰ ਨੂੰ ਦੋ ਹਿੱਸਿਆਂ/ਸਮਤਲਾਂ ਵਿਚ ਵੰਡਦਾ ਹੈ; ਚਿੱਤਰ ਦਾ ਇਕ ਹਿੱਸਾ ਲੋਕ ਵਿਚ ਹੈ ਤੇ ਦੂਸਰਾ ਪ੍ਰਲੋਕ ਵਿਚ। ਉਹ ਲਿਖਦਾ ਹੈ; ‘‘ਧਾਰਮਿਕ ਚਿੱਤਰਕਾਰੀ ਜ਼ਰੂਰੀ ਤੌਰ ’ਤੇ ਅ-ਯਥਾਰਥਵਾਦੀ ਹੋ ਜਾਂਦੀ ਹੈ। ਇਹਨੇ ਲੋਕ ਅਤੇ ਪ੍ਰਲੋਕ ਨੂੰ ਉਲੀਕਣਾ ਹੁੰਦਾ ਹੈ। ਜਿਨ੍ਹਾਂ ਦੇ ਦੋ ਵੱਖਰੇ ਵੱਖਰੇ ਗੁਣਾਤਮਕ ਪੱਧਰ ਹਨ। ਇਸੇ ਕਰਕੇ ਕਈ ਤਸਵੀਰਾਂ ਨੂੰ ਸਮਤਲਾਂ ਵਿਚ ਵੰਡਿਆ ਹੋਇਆ ਹੈ।’’ ਹਾਂਸ ਅਨੁਸਾਰ ਆਲਮ ਚੰਦ ਰਾਜ ਦੀ ਇਕ ਹੋਰ ਮੁੱਖ ਜੁਗਤ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਪ੍ਰਭਾਵ ਦੇ ਪਸਾਰ ਹੋਣ ਨੂੰ ਪੰਛੀਆਂ ਦੇ ਚਿੱਤਰਣ ਦੀ ਜੁਗਤ ਅਨੁਸਾਰ ਦਿਖਾਉਣਾ ਹੈ; ਬਹੁਤ ਸਾਰੇ ਚਿੱਤਰਾਂ ਵਿਚ ਪੰਛੀ ਗੁਰੂ ਨਾਨਕ ਦੇਵ ਜੀ ਵਾਲੇ ਪਾਸਿਓਂ ਹੋਰ ਲੋਕਾਂ ਵੱਲ ਉੱਡਦੇ ਜਾਂਦੇ ਦਿਖਾਈ ਦਿੰਦੇ ਹਨ ਭਾਵ ਸਾਹਮਣੇ ਬੈਠੇ/ਚਿੱਤਰੇ ਲੋਕਾਂ ’ਤੇ ਬਾਬੇ ਨਾਨਕ ਦਾ ਅਸਰ ਹੋ ਰਿਹਾ ਹੈ। ਹਾਂਸ ਧਿਆਨ ਦਿਵਾਉਂਦਾ ਹੈ ਕਿ ਕਬੀਰ ਸਾਹਿਬ ਵਾਲੇ ਚਿੱਤਰ ਵਿਚ ਇਕ ਮੋਰ-ਨੁਮਾ ਪੰਛੀ ਨਾਨਕ ਸਾਹਿਬ ਵੱਲੋਂ ਉੱਡਦਾ ਹੋਇਆ ਕਬੀਰ ਸਾਹਿਬ ਵੱਲ ਜਾ ਰਿਹਾ ਹੈ।
ਸੁਰਜੀਤ ਹਾਂਸ ਵਾਰ ਵਾਰ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਕ ਇਕੱਲੀ ਤਸਵੀਰ ਵੇਖਣ ਨਾਲ ਤਸਵੀਰ ਵਿਚਲੀ ਰਮਜ਼ ਸਮਝ ਨਹੀਂ ਪੈ ਸਕਦੀ ਕਿਉਂਕਿ ਸਿਰਫ਼ ਇਕ ਤਸਵੀਰ ਵੇਖ ਕੇ ਇਹ ਪਤਾ ਨਹੀਂ ਲੱਗਦਾ ਕਿ ਤਸਵੀਰ ਵਿਚ ਲਾਲ ਰੰਗ ਕਿਉਂ ਵਰਤਿਆ ਹੈ; ਤਸਵੀਰ ਨੂੰ ਦੋ ਹਿੱਸਿਆਂ/ਸਮਤਲਾਂ ਵਿਚ ਕਿਉਂ ਵੰਡਿਆ ਹੈ; ਪੰਛੀ ਕਿਸ ਰਮਜ਼ ਦੀ ਬਾਤ ਪਾਉਂਦੇ ਹਨ। ਇਸ ਲਈ ਮੁਸੱਵਰ ਨੇ ਤਸਵੀਰਾਂ ਦੀ ਲੜੀ ਚਿੱਤਰੀ ਅਤੇ ਲੜੀ ਦੇਖਣ ਨਾਲ ਹੀ ਚਿੱਤਰਕਾਰ ਦੀਆਂ ਰਮਜ਼ਾਂ ਤੇ ਜੁਗਤਾਂ ਸਮਝ ਪੈਂਦੀਆਂ ਹਨ।

ਸੁਰਜੀਤ ਹਾਂਸ ਤੇ ਪੁਸਤਕ ਦਾ ਟਾਈਟਲ

ਸੁਰਜੀਤ ਹਾਂਸ ਅਨੁਸਾਰ, ਬੀ-40 ਦੀਆਂ ਤਸਵੀਰਾਂ ਆਧੁਨਿਕ ਚਿੱਤਰਕਾਰ ਲਈ ਚੁਣੌਤੀ ਹਨ; ਤਸਵੀਰਾਂ ਉਹੀ ਕੰਮ ਕਰਦੀਆਂ ਹਨ ਜੋ ਸਾਖੀ ਦਾ ਬਿਰਤਾਂਤ ਉਨ੍ਹਾਂ ਨੂੰ ਕਰਨ ਲਈ ਕਹਿੰਦਾ ਹੈ; ਅਜਿਹਾ ਕਰਨਾ ਸਾਹਿਤ ਵਿਚ ਤਾਂ ਸੌਖਾ ਹੁੰਦਾ ਹੈ, ਪਰ ਚਿੱਤਰਾਂ ਰਾਹੀਂ ਮੁਸ਼ਕਿਲ; ਬੀ-40 ਦੀਆਂ ਤਸਵੀਰਾਂ ਸਾਖੀ ਦੇ ਬਿਰਤਾਂਤ ਨੂੰ ਹੋਰ ਉਚੇਰੀ ਪੱਧਰ ’ਤੇ ਲੈ ਜਾਂਦੀਆਂ ਹਨ।
ਸੁਰਜੀਤ ਹਾਂਸ ਨੇ ਕਿਹਾ ਕਿ ਵਿਚਾਰ ਵੱਖ ਵੱਖ ਕਲਾਵਾਂ ਰਾਹੀਂ ਪ੍ਰਗਟਾਏ ਜਾ ਸਕਦੇ ਹਨ, ਪਰ ਅਸਲੀ ਚੁਣੌਤੀ ਇਸ ਗੱਲ ਵਿਚ ਪਈ ਹੈ ਕਿ ਵਿਚਾਰਾਂ ਨੂੰ ਪ੍ਰਗਟਾਉਣ ਲਈ ਸਹੀ ਤਕਨੀਕ ਕਿਵੇਂ ਲੱਭੀ ਜਾਏ; ਸੰਸਾਰ-ਸਾਹਿਤ ਦੇ ਕੁਝ ਪ੍ਰਮੁੱਖ ਚਿੰਤਕਾਂ ਅਨੁਸਾਰ ਵਿਚਾਰਾਂ ਨੂੰ ਸਹੀ ਸਹੀ ਪ੍ਰਗਟਾਉਣ ਲਈ ਉਚਿਤ ਤਕਨੀਕ ਲੱਭਣਾ ਨਾਮੁਮਕਿਨ ਹੈ; ਪਰ ਬੀ-40 ਦਾ ਚਿੱਤਰਕਾਰ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਉਂਦਾ ਹੈ; ਉਹ ਆਪਣੇ ਚਿੱਤਰਾਂ ਰਾਹੀਂ ਆਪਣੇ ਵਿਚਾਰਾਂ ਨੂੰ ਦਰਸ਼ਕ ਤਕ ਪਹੁੰਚਾਉਣ ਵਿਚ ਸਫ਼ਲ ਹੁੰਦਾ ਹੈ।
ਸੁਰਜੀਤ ਹਾਂਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਦਲੀਲਾਂ ਦਾ ਮੰਤਵ ਪੱਛਮੀ ਕਲਾ ਨੂੰ ਛੁਟਿਆਉਣਾ ਨਹੀਂ ਸਗੋਂ ਬੀ-40 ਦੀਆਂ ਤਸਵੀਰਾਂ ਦੇ ਮਹੱਤਵ ਨੂੰ ਦਰਸਾਉਣਾ ਹੈ।


Comments Off on ਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ਸਮਝਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.