ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਬਹੁਪੱਖੀ ਪ੍ਰਤਿਭਾ : ਲਿਓਨਾਰਦੋ ਦ ਵਿੰਚੀ

Posted On November - 2 - 2019

ਰਣਦੀਪ ਮੱਦੋਕੇ

ਲਿਓਨਾਰਦੋ ਦ ਵਿੰਚੀ ਵੱਲੋਂ ਬਣਾਇਆ ਗਿਆ ‘ਡਿਜ਼ਾਈਨ ਆਫ ਏ ਗਲਾਈਡਰ’, ਵਿਸ਼ਵ ਪ੍ਰਸਿੱਧ ਚਿੱਤਰ ਮੋਨਾਲੀਜ਼ਾ ਅਤੇ ਬਿਨਾਂ ਕਿਸੇ ਆਧੁਨਿਕ ਯੰਤਰ ਦੇ ਬਣਾਇਆ ਗਿਆ ਗਰਭ ਦਾ ਰੇਖਾ ਚਿੱਤਰ ।

ਇਤਾਲਵੀ ਚਿੱਤਰਕਾਰ ਲਿਓਨਾਰਦੋ ਦ ਵਿੰਚੀ (1452-1519) ਨੂੰ ਅਸੀਂ ਜ਼ਿਆਦਾਤਰ ਇਕ ਚਿੱਤਰਕਾਰ ਵੱਜੋਂ ਹੀ ਜਾਣਦੇ ਹਾਂ, ਉਹ ਵੀ ਉਨ੍ਹਾਂ ਵੱਲੋਂ ਬਣਾਈਆਂ ਸ਼ਾਹਕਾਰ ਅਤੇ ਰਹੱਸਮਈ ਕਿਰਤਾਂ ‘ਮੋਨਾਲੀਜ਼ਾ’ ਜਾਂ ਫਿਰ ਹਜ਼ਰਤ ਈਸਾ ਦੇ ਸੂਲੀ ਚੜ੍ਹਨ ਤੋਂ ਪਹਿਲੇ ‘ਰਾਤਰੀ ਭੋਜ’ ਕਰਕੇ, ਪਰ ਲਿਓਨਾਰਦੋ ਦਾ ਵਿੰਚੀ ਸਿਰਫ਼ ਇਕ ਚਿੱਤਰਕਾਰ ਹੀ ਨਹੀਂ, ਸਗੋਂ ਉਹ ਇਕ ਬਹੁਪੱਖੀ ਪ੍ਰਤਿਭਾ ਸੀ। ਜਿੱਥੇ ਉਨ੍ਹਾਂ ਦਾ ਨਾਂ ਚਿੱਤਰਕਲਾ ਦੇ ਮਹਾਨ ਉਸਤਾਦ ਵੱਜੋਂ ਲਿਆ ਜਾਂਦਾ ਹੈ, ਉੱਥੇ ਹੀ ਉਨ੍ਹਾਂ ਨੂੰ ਭਵਿੱਖੀ ਉਪਕਰਨਾਂ ਦੇ ਇਲਹਾਮ ਕਰਕੇ ਵੀ ਜਾਣਿਆ ਜਾਂਦਾ ਹੈ। ਉਹ ਇਤਾਲਵੀ ਮੁੜ-ਸੁਰਜੀਤੀ (Renaissance) ਦੇ ਸਮੇਂ ਪੈਦਾ ਹੋਏ, ਜਦੋਂ ਯੂਰੋਪ ਮਧਯੁੱਗ ਵਿਚੋਂ ਨਿਕਲ ਕੇ ਆਧੁਨਿਕਤਾ ਵੱਲ ਵਧਣ ਲਈ ਅੰਗੜਾਈ ਲੈ ਰਿਹਾ ਸੀ, ਮਧਯੁੱਗੀ ਜਾਗੀਰਦਾਰੀ ਤੋਂ ਆਧੁਨਿਕ ਸਨਅਤੀ ਯੁੱਗ ਵੱਲ ਮੁੱਢਲੀਆਂ ਪੁਲਾਘਾਂ ਪੁੱਟਣ ਜਾ ਰਿਹਾ ਸੀ, ਯੂਰੋਪ ਦੇ ਸਮਾਜਿਕ, ਸਿਆਸੀ, ਵਿੱਤੀ ਅਤੇ ਸੱਭਿਆਚਾਰਕ ਸਭ ਖੇਤਰਾਂ ਵਿਚ ਮੁੜ-ਸੁਰਜੀਤੀ ਲਹਿਰ (Renaissance movment) ਨੇ ਕਲਾਸਕੀ ਮਾਨਦੰਡਾਂ ਨੂੰ ਦੁਹਰਾਇਆ ਅਤੇ ਪੁਰਾਣੀਆਂ ਸਥਾਪਿਤ ਮਧਯੁੱਗੀ ਰਵਾਇਤਾਂ ਨੂੰ ਚਣੌਤੀ ਵੀ ਦਿੱਤੀ।
ਲਿਓਨਾਰਦੋ ਦ ਵਿੰਚੀ ਨੇ ਚਿੱਤਰਕਾਰੀ ਦੇ ਆਲ੍ਹਾ ਤਕਨੀਕੀ ਅਤੇ ਸੁਹਜ ਪੱਖਾਂ ਦੇ ਸਿਖਰ ਨੂੰ ਹੀ ਨਹੀਂ ਛੂਹਿਆ, ਸਗੋਂ ਇਹ ਮੁਕਾਮ ਹਾਸਲ ਕਰਨ ਵਿਚ ਰੋੜਾ ਅਟਕਾਉਂਦੀਆਂ ਸਥਾਪਤ ਪੁਰਾਣੀਆਂ ਰਵਾਇਤਾਂ ਨੂੰ ਚੁਣੌਤੀ ਵੀ ਦਿੱਤੀ ਅਤੇ ਗ਼ੈਰ-ਰਵਾਇਤੀ ਖੋਜ ਵਿਧੀਆਂ ਉੱਪਰ ਤਜਰਬੇ ਵੀ ਕੀਤੇ। ਮਿਸਾਲ ਵੱਜੋਂ ਉਨ੍ਹਾਂ ਸਮਿਆਂ ਵਿਚ ਮਨੁੱਖੀ ਸਰੀਰਿਕ ਸੰਰਚਨਾ (1natomy) ਬਾਰੇ ਖੋਜ ਕਰਨ ਦੀ ਸਖ਼ਤ ਮਨਾਹੀ ਸੀ। ਕੋਈ ਵਿਗਿਆਨੀ, ਡਾਕਟਰ ਜਾਂ ਕਲਾਕਾਰ ਜੇ ਇਹ ਕਰਦਾ ਤਾਂ ਸੱਤਾ ਅਤੇ ਧਰਮ ਦਾ ਗੱਠਜੋੜ ਇਸ ਲਈ ਸਖ਼ਤ ਸਜ਼ਾਵਾਂ ਦਿੰਦਾ ਸੀ, ਪਰ ਮਨੁੱਖੀ ਸਰੀਰ ਨੂੰ ਸਮਝੇ ਬਗੈਰ ਇਕ ਡਾਕਟਰ ਜਾਂ ਵਿਗਿਆਨੀ ਮਨੁੱਖੀ ਰੋਗਾਂ ਜਾਂ ਉਸ ਦੀਆਂ ਤਕਲੀਫ਼ਾਂ ਦਾ ਇਲਾਜ ਕਿਵੇਂ ਲੱਭ ਸਕਦਾ ਹੈ। ਬਿਹਤਰ ਇਲਾਜ ਪ੍ਰਣਾਲੀ ਬਾਰੇ ਖੋਜ ਕਿਵੇਂ ਸੰਭਵ ਹੈ? ਉਸੇ ਤਰ੍ਹਾਂ ਇਕ ਕਲਾਕਾਰ ਦਾ ਵੀ ਮਨੁੱਖੀ ਸਰੀਰਿਕ ਸੰਰਚਨਾ ਨੂੰ ਜਾਣਨਾ ਤੇ ਸਮਝਣਾ ਓਨਾ ਹੀ ਜ਼ਰੂਰੀ ਹੈ। ਇਸ ਲਈ ਲਿਓਨਾਰਦੋ ਦ ਵਿੰਚੀ ਅਤੇ ਹੋਰ ਸਮਕਾਲੀ ਕਲਾਕਾਰ ਰਾਤਾਂ ਨੂੰ ਕਬਰਾਂ ਵਿਚੋਂ ਮਨੁੱਖੀ ਦੇਹਾਂ ਕੱਢ ਕੇ ਪ੍ਰਯੋਗ ਕਰਦੇ ਜਿਸ ਬਦਲੇ ਉਨ੍ਹਾਂ ਨੂੰ ਗਿਰਜੇ ਵੱਲੋਂ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ। ਵਿੰਚੀ ਸਿਰਫ਼ ਇਕ ਮੁਸੱਵਰ ਹੀ ਨਹੀਂ, ਸਗੋਂ ਸੁੱਘੜ ਵਿਗਿਆਨੀ ਵੀ ਸੀ।

ਰਣਦੀਪ ਮੱਦੋਕੇ

ਉਹ ਚਿੱਤਰਕਾਰ ਦੇ ਨਾਲ ਨਾਲ ਇਕ ਮੂਰਤੀਕਾਰ, ਇਮਾਰਤਸਾਜ਼, ਫ਼ੌਜੀ ਇੰਜਨੀਅਰ, ਨਕਸ਼ਾ ਨਵੀਸ, ਹਿਸਾਬਦਾਨ ਅਤੇ ਇਕ ਖੋਜੀ ਵੀ ਸੀ। ਉਸਦੀ ਤੇਰਾਂ ਹਜ਼ਾਰ ਦੇ ਲਗਪਗ ਪੰਨਿਆਂ ਦੀ ਡਾਇਰੀ ਵਿਚ ਉਸ ਦੀਆਂ ਖੋਜਾਂ, ਸਿਰਜਨਾਵਾਂ, ਇਮਾਰਤਸਾਜ਼ੀ ਹੁਨਰ, ਸਰੀਰਿਕ ਵਿਗਿਆਨ, ਉੱਡਣ ਯੰਤਰ ਦੇ ਨਮੂਨੇ, ਜੀਵ ਵਿਗਿਆਨ ਬਾਰੇ ਨਮੂਨੇ, ਜੰਗੀ ਸਾਜੋ ਸਾਮਾਨ ਅਤੇ ਕੈਮਰੇ ਦੇ ਮੁੱਢਲੇ ਨਮੂਨੇ ਦੇ ਰੇਖਾ ਚਿੱਤਰ ਦਰਜ ਹਨ ਜੋ ਉਸਦੇ ਬਹੁਤ ਹੀ ਗਹਿਰ ਗੰਭੀਰ ਕਲਾਕਾਰ ਅਤੇ ਖੋਜੀ ਹੋਣ ਦੀ ਸ਼ਾਹਦੀ ਭਰਦੇ ਹਨ। ਇਸੇ ਲਈ ਉਸਨੂੰ ਮੁੜ-ਸੁਰਜੀਤੀ ਦੇ ਮਹਾਂਪੁਰਸ਼ (Renaissance man) ਵਜੋਂ ਜਾਣਿਆ ਜਾਂਦਾ ਹੈ।
ਵਿੰਚੀ ਕਲਾ ਅਤੇ ਵਿਗਿਆਨ ਨੂੰ ਅਲੱਗ-ਥਲੱਗ ਨਹੀਂ ਸਮਝਦਾ ਸੀ, ਸਗੋਂ ਉਹ ਇਨ੍ਹਾਂ ਨੂੰ ਦੋ ਗੁੰਝਲਦਾਰ ਅਨੁਸ਼ਾਸਨਾਂ ਦਾ ਸੁਮੇਲ ਮੰਨਦਾ ਸੀ। ਉਸਨੇ ਅਲੋਕਾਰੀ ਚਿੱਤਰ ‘ਮੋਨਾਲੀਜ਼ਾ’ 1505-1507 ਦਰਮਿਆਨ ਸਿਰਜਿਆ ਜਿਸਦੇ ਗੁੱਝੇ ਰਹੱਸਾਂ ਬਾਰੇ ਅੱਜ ਤਕ ਅੰਦਾਜ਼ੇ ਹੀ ਲਗਾਏ ਜਾਂਦੇ ਹਨ, ਪਰ ਇਸ ਦੀ ਹਾਥ ਕੋਈ ਵਿਗਿਆਨੀ ਅਤੇ ਕਲਾ ਪਾਰਖੂ ਨਹੀਂ ਪਾ ਸਕਿਆ। ਮੋਨਾਲੀਜ਼ਾ ਅੱਜ ਦੁਨੀਆਂ ਦੇ ਮਸ਼ਹੂਰ ਕਲਾ ਅਜਾਇਬ ਘਰ ਲੋਵਰ (ਪੈਰਿਸ, ਫਰਾਂਸ) ਵਿਚ ਇਕ ਮੋਟੇ ਬੁਲਿਟ ਪਰੂਫ਼ ਸ਼ੀਸ਼ੇ ਅੰਦਰ ਸੰਭਾਲੀ ਹੋਈ ਹੈ ਜਿਸਨੂੰ ਸਿਰਫ਼ ਕੌਮੀ ਦੌਲਤ ਹੀ ਨਹੀਂ, ਸਗੋਂ ਮਨੁੱਖੀ ਇਤਿਹਾਸ ਵਿਚ ਕਿਸੇ ਕਲਾਕਾਰ ਵੱਲੋਂ ਸਿਰਜੇ ਉਤਮ ਖ਼ਜ਼ਾਨੇ ਵਜੋਂ ਜਾਣਿਆ ਜਾਂਦਾ ਹੈ।
ਵਿੰਚੀ ਵਰਗੇ ਸਰਵਗੁਣੀ ਉਸਤਾਦ ਅਤੇ ਉਨ੍ਹਾਂ ਦੇ ਕਾਰਜ ਕਿਸੇ ਖ਼ਾਸ ਖਿੱਤੇ ਦੀਆਂ ਵਲਗਣਾਂ ਤੋਂ ਪਾਰ ਪੂਰੀ ਮਨੁੱਖੀ ਸੱਭਿਅਤਾ ਦੀ ਸਾਂਝੀ ਵਿਰਾਸਤ ਅਤੇ ਧਰੋਹਰ ਹਨ ਜੋ ਪੀੜ੍ਹੀ ਦਰ ਪੀੜ੍ਹੀ ਮਨੁੱਖੀ ਸੁਹਜ ਸੁਆਦਾਂ ਅਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹਨ।
ਸੰਪਰਕ: 98146-93368


Comments Off on ਬਹੁਪੱਖੀ ਪ੍ਰਤਿਭਾ : ਲਿਓਨਾਰਦੋ ਦ ਵਿੰਚੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.