ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ

Posted On November - 16 - 2019

ਰਣਦੀਪ ਮੱਦੋਕੇ

ਮੱਦੋਕੇਮਾਈਕਲਐਂਜਲੋ ਵੱਲੋਂ ਬਣਾਈ ਗਈ ਕਲਾਕ੍ਰਿਤ ‘ਪੀਏਤਾ’

ਮਾਈਕਲਐਂਜਲੋ ਇਤਾਲਵੀ ਮੁੜ-ਸੁਰਜੀਤੀ ਲਹਿਰ ਦਾ ਇਕ ਹੋਰ ਮਹਾਨ ਕਲਾਕਾਰ ਸੀ ਜਿਸ ਦੀਆਂ ਸ਼ਾਹਕਾਰ ਰਚਨਾਵਾਂ ਵਿਚੋਂ ਡੇਵਿਡ, ਪੀਏਤਾ ਅਤੇ ਸਿਸਟਾਇਨ ਚੈਪਲ ਦੀ ਛੱਤ ਦੇ ਚਿੱਤਰ ‘ਆਖਿਰੀ ਫ਼ਤਵਾ’ ਸਨ। ਮਾਈਕਲਐਂਜਲੋ ਮੁੜ-ਸੁਰਜੀਤੀ ਲਹਿਰ ਦੇ ਬਹੁਪੱਖੀ ਕਲਾਕਾਰ ਸਨ ਜੋ ਚਿੱਤਰਕਾਰੀ, ਮੂਰਤੀਕਲਾ, ਇਮਾਰਤਸਾਜ਼ੀ ਵਿਚ ਮੁਹਾਰਤ ਦੇ ਨਾਲ ਨਾਲ ਇਕ ਕਵੀ ਵੀ ਸਨ। ਮੂਰਤੀਕਲਾ ਦੀ ਮੁਹਾਰਤ ਤੋਂ ਪਹਿਲਾਂ ਉਨ੍ਹਾਂ ਨੇ ਮੁੱਢਲੀ ਸਿੱਖਿਆ ਚਿੱਤਰਕਲਾ ਤੋਂ ਸ਼ੁਰੂ ਕੀਤੀ। ਉਨ੍ਹਾਂ ਦਾ ਜਨਮ 6 ਮਾਰਚ 1475 ਵਿਚ ਇਟਲੀ ਦੇ ਇਕ ਛੋਟੇ ਪਿੰਡ ਵਿਚ ਹੋਇਆ ਅਤੇ ਉਨ੍ਹਾਂ ਦੇ ਪਿਤਾ ਬੁਓਨਾਰ੍ਰੋਤਾ ਸਿਮੋਨੀ ਉੱਥੇ ਇਕ ਅਧਿਕਾਰੀ ਵੱਜੋਂ ਨਿਯੁਕਤ ਸਨ।
ਮਾਈਕਲਐਂਜਲੋ ਭਾਵੇਂ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਰੋਮ ਵਿਚ ਹੀ ਰਹੇ, ਪਰ ਅਕਸਰ ਉਹ ਆਪਣੇ ਆਪਨੂੰ ਫਲੋਰੇਂਸ ਵਾਸੀ ਸੱਦਦੇ ਸਨ ਕਿਉਂਕਿ ਬਾਲ ਉਮਰੇ ਉਨ੍ਹਾਂ ਦਾ ਪਰਿਵਾਰ ਫਲੋਰੇਂਸ ’ਚ ਰਹਿਣ ਲੱਗ ਗਿਆ ਸੀ। ਮਾਂ ਫ੍ਰਾਂਸਿਸਕਾ ਨੇਰੀ ਦੀ ਬਿਮਾਰੀ ਕਾਰਨ ਉਨ੍ਹਾਂ ਨੂੰ ਇਕ ਪੱਥਰ ਤਰਾਸ਼ਣ ਵਾਲੇ ਪਰਿਵਾਰ ਕੋਲ ਭੇਜ ਦਿੱਤਾ ਗਿਆ। ਇਹ ਉਨ੍ਹਾਂ ਲਈ ਇਕ ਝਟਕੇ ਵਾਂਗ ਸੀ। ਉਹ ਕਹਿੰਦੇ ਹਨ, ‘ਮੈਂ ਆਪਣੀ ਦਾਈ ਦੇ ਦੁੱਧ ਦੇ ਨਾਲ ਛੈਣੀ ਅਤੇ ਹਥੋੜੇ ਨੂੰ ਵੀ ਚੁੰਘਿਆ ਜਿਸਨੇ ਮੇਰੀ ਸ਼ਖ਼ਸੀਅਤ ਘੜੀ”।

ਮਾਈਕਲਐਂਜਲੋ

ਹਾਲਾਂਕਿ, ਮਾਈਕਲਐਂਜਲੋ ਨੂੰ ਸਕੂਲੀ ਪੜ੍ਹਾਈ ਨਾਲੋਂ ਨਜ਼ਦੀਕੀ ਗਿਰਜਿਆਂ ਵਿਚਲੇ ਚਿੱਤਰ ਦੇਖਣ ਦੀ ਬਹੁਤ ਰੁਚੀ ਸੀ। ਇਕ ਦਿਨ ਉਸਦੇ ਮੁੱਢਲੇ ਸਕੂਲ ਦੇ ਸੀਨੀਅਰ ਫ੍ਰਾਂਸਿਸਕੋ ਗ੍ਰਾਂਸਿਸੀ ਨੇ ਉਸਨੂੰ ਚਿੱਤਰਕਾਰ ਡੋਮੇਨੀਕੋ ਗਿਰਲਾਂਦਿਓ ਨਾਲ ਮਿਲਾਇਆ। ਮਾਈਕਲਐਂਜਲੋ ਦੇ ਪਿਤਾ ਨੂੰ ਅੰਦਾਜ਼ਾ ਹੋ ਗਿਆ ਸੀ ਕੇ ਉਸਦੇ ਪੁੱਤਰ ਦੀ ਪਰਿਵਾਰਕ ਕਾਰੋਬਾਰ ਵਿਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਉਸਨੂੰ 13 ਸਾਲ ਦੀ ਉਮਰ ਵਿਚ ਡੋਮੇਨੀਕੋ ਗਿਰਲਾਂਦਿਓ ਦੀ ਕਾਰਜਸ਼ਾਲਾ ਵਿਚ ਕਲਾ ਦੀ ਸਿਖਲਾਈ ਲੈਣ ਲਈ ਭੇਜ ਦਿੱਤਾ। ਜਿੱਥੇ ਉਸਨੇ ਕੰਧ ਚਿੱਤਰਾਂ ਦੀਆਂ ਵੱਖ ਵੱਖ ਸ਼ੈਲੀਆਂ ਦੀ ਤਕਨੀਕੀ ਮੁਹਾਰਤ ਹਾਸਲ ਕੀਤੀ। ਇਸਤੋਂ ਇਕ ਸਾਲ ਬਾਅਦ ਗਿਰਲਾਂਦਿਓ ਦੀ ਸਿਫਾਰਸ਼ ’ਤੇ ਉਹ ਫਲੋਰੇਂਸ ਦੇ ਰਾਜ ਘਰਾਣੇ ਲਾਰੇਂਜੋ ਡੀ ਮਿਡੀਸੀ ਕੋਲ ਕਲਾਸਕੀ ਮੂਰਤੀਕਲਾ ਸਿੱਖਣ ਚਲਾ ਗਿਆ। ਇੱਥੇ ਉਨ੍ਹਾਂ ਨੇ ਉੱਘੇ ਮੂਰਤੀਕਾਰ ਬੇਰਟੋਲਡੋ ਡੀ ਜੀਓਵਾਂਨਨੀ ਕੋਲੋਂ ਸਿਖਲਾਈ ਲਈ ਅਤੇ ਇਹ ਇਕ ਵੱਡਾ ਮੌਕਾ ਸੀ ਜਿੱਥੇ ਉਨ੍ਹਾਂ ਨੂੰ ਫਲੋਰੇਂਸ ਦੇ ਕੁਲੀਨ ਵਰਗ ਵਿਚ ਵਿਚਰਨ ਅਤੇ ਪ੍ਰਮੁੱਖ ਕਵੀਆਂ, ਵਿਦਵਾਨਾਂ ਅਤੇ ਸਮਾਜ ਵਿਗਿਆਨੀਆਂ ਕੋਲੋਂ ਸਿੱਖਣ ਦਾ ਮੌਕਾ ਮਿਲਿਆ। ਪੀਏਤਾ ਮਾਈਕਲਐਂਜਲੋ ਦੇ ਸ਼ਾਹਕਾਰਾਂ ਵਿਚੋਂ ਇਕ ਹੈ ਜਿਸ ਵਿਚ ਸੂਲੀ ਤੋਂ ਬਾਅਦ ਵਿਚ ਮਦਰ ਮੈਰੀ ਹਜ਼ਰਤ ਈਸਾ ਦੀ ਮ੍ਰਿਤਕ ਦੇਹ ਬੁੱਕਲ ਵਿਚ ਸੰਭਾਲੀ ਬੈਠੀ ਹੈ। ਇਹ ਮੂਰਤੀ ਜਿੱਥੇ ਸਿਰਜਣਾਤਮਕ ਯਥਾਰਥ ਪੱਖੋਂ ਅਨੂਠੀ ਹੈ, ਨਾਲੋਂ ਨਾਲ ਭਾਵਨਾਤਮਕ ਅਹਿਸਾਸਾਂ ਦਾ ਬੇਮਿਮਾਲ ਪ੍ਰਗਟਾਵਾ ਹੀ ਨਹੀਂ ਸਗੋਂ ਤਕਨੀਕੀ ਪੱਖੋਂ ਸੰਗਮਰਮਰੀ ਮੂਰਤੀ ਤਰਾਸ਼ਣ ਦੇ ਸੂਖਮ ਸੁਹਜ ਦਾ ਆਲ੍ਹਾ ਨਮੂਨਾ ਹੈ। ਮਦਰ ਮੈਰੀ ਈਸਾ ਦੀ ਬੇਜਾਨ ਦੇਹ ਉੱਪਰ ਰਹੱਸਮਈ ਵੈਰਾਗ ’ਚ ਵਿੰਨ੍ਹੀ ਨਜ਼ਰ ਆਉਂਦੀ ਹੈ, ਜਿਸ ਵਿਚ ਖੁਦਾਈ ਅਤੇ ਮਮਤਾ ਵਿਚ ਪਸਰੇ ਦਵੰਧ ਦਾ ਦਰਸ਼ਨ ਹੈ। ਧਰਮ ਅਤੇ ਸਿਆਸੀ ਗੱਠਜੋੜ ਵਿਚ ਗਹਿਰੇ ਗੁੰਦੇ ਹੋਏ ਸਮਾਜਿਕ, ਸਿਆਸੀ ਅਤੇ ਵਿੱਤੀ ਤਾਣੇਬਾਣੇ ਵਿਚ ਕਲਾਕਾਰ ਕੋਲ ਅਹਿਸਾਸਾਂ ਦੀ ਬਾਤ ਪਾਉਣ ਦੇ ਸੀਮਤ ਮੌਕਿਆਂ ਵਿਚ ਉਹ ਹਾਸਲ ਹਾਲਾਤ ਵਿਚ ਸਥਾਪਤੀ ਦੇ ਏਜੰਡੇ ਰਾਹੀਂ ਹੀ ਦਰਦ ਦੀ ਸੂਖਮ ਬਾਤ ਪਾਉਂਦਾ ਹੈ। ਇਸ ਕਿਰਤ ਵਿਚ ਜਿੱਥੇ ਕਲਾਕਾਰ ਮੂਰਤੀ ਕਲਾ ਦੀ ਤਕਨੀਕੀ ਮੁਹਾਰਤ, ਮਨੁੱਖੀ ਸਰੀਰ ਦੀਆਂ ਕੋਮਲ ਬਾਰੀਕੀਆਂ, ਕੱਪੜਿਆਂ ਦੇ ਸਿਲਵਟਾਂ ਨੂੰ ਪੱਥਰ ਵਿਚ ਜਿਸ ਕਦਰ ਬੁਣਦਾ ਹੈ ਤਾਂ ਦੇਖਣ ਵਾਲਾ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾ।

ਡੇਵਿਡ ਦੀ ਮੂਰਤੀ

ਡੇਵਿਡ ਦੀ ਮੂਰਤੀ ਮਾਈਕਲਐਂਜਲੋ ਦਾ ਇਕ ਹੋਰ ਕਲਾਤਮਕ ਅਜੂਬਾ ਹੈ। ਸਡੌਲ ਜੁੱਸੇ ਵਾਲੇ ਇਕ ਆਜੜੀ ਨੌਜਵਾਨ ਦੀ ਮੂਰਤ ਵਿਚ ਸਿਰਫ਼ ਸਾਹਾਂ ਦੀ ਹੀ ਕਮੀ ਖਲਦੀ ਹੈ, ਬਾਕੀ ਮਨੁੱਖੀ ਸਰੀਰਿਕ ਯਥਾਰਥ ਪੱਖੋਂ ਕੋਈ ਕਮੀ ਕੱਢਣਾ ਨਾਮੁਮਕਿਨ ਹੈ। 14 ਫੁੱਟ ਉੱਚੀ ਇਹ ਆਦਮ ਕੱਦ ਮੂਰਤੀ ਫਲੋਰੇਂਸ ਕੈਥੇਡਰੇਲ ਵੱਲੋਂ ਬਣਵਾਈ ਗਈ ਸੀ।
ਭਾਵੇਂ ਮਾਈਕਲਐਂਜਲੋ ਵਿਖਿਆਤ ਰੂਪ ਵਿਚ ਆਪਣੇ ਆਪ ਨੂੰ ਮੂਰਤੀਕਾਰ ਹੀ ਸਮਝਦੇ ਸਨ, ਪਰ ਪੋਪ ਦੇ ਕਹਿਣ ’ਤੇ ਉਸਨੇ ਵੈਟੀਕਨ ਦੇ ਮਸ਼ਹੂਰ ਮਕਬਰੇ ਸਿਸਟਾਇਨ ਚੈਪਲ ਦੀ ਛੱਤ ਦੇ ਚਿੱਤਰ ‘ਆਖਿਰੀ ਫ਼ਤਵਾ’ ਦੀ ਸਿਰਜਣਾ ਵੀ ਕੀਤੀ ਜੋ ਇਕ ਮੂਰਤੀਕਾਰ ਹੋਣ ਦੇ ਨਾਲ ਨਾਲ ਚਿੱਤਰਕਾਰ ਵਜੋਂ ਉਸਦੀ ਮਹਾਨ ਕਿਰਤ ਹੈ। ਇਹ ਚਿੱਤਰ ਇੰਨਾ ਵੱਡ ਆਕਾਰੀ ਹੈ ਕਿ ਕੋਈ ਵੀ ਇਸਦੇ ਚਿਤਰਣ ਬਾਰੇ ਅਚੰਭੇ ਵਿਚ ਪੈ ਜਾਂਦਾ ਹੈ। ਇਸ ਦੇ ਬਿਲਕੁਲ ਮੱਧ ਵਿਚ ਹਜਰਤ ਈਸਾ ਹੈ ਅਤੇ ਪੂਰੇ ਫੈਲਾਅ ਵਿਚ ਪੁਰਾਤਨ ਅੰਜੀਲ ਦੀਆਂ ਮਿਥਿਹਾਸਕ ਕਹਾਣੀਆਂ ਦਾ ਚਿੱਤਰਨ ਹੈ। ਇਸ ਮਹਾਨ ਚਿੱਤਰ ਨਾਲ ਬਹੁਤ ਸਾਰੀਆਂ ਮਿੱਥਾਂ ਵੀ ਜੁੜ ਗਈਆਂ। ਇਸਨੂੰ ਮਾਈਕਲਐਂਜਲੋ ਦਾ ਮਹਾਂਘੁਟਾਲਾ ਵੀ ਕਿਹਾ ਗਿਆ ਕਿਉਂਕਿ ਇਹ ਚਿੱਤਰ ਪੂਰਵ ਤੋਂ ਚੱਲੇ ਆਉਂਦੇ ਧਾਰਮਿਕ ਵਿਸ਼ਵਾਸਾਂ ਨੂੰ ਚਿੱਤਰਨ ਦੇ ਸਥਾਪਿਤ ਪੈਮਾਨਿਆਂ ਦੇ ਉਲਟ ਅਤੇ ਬਹੁਤ ਹੀ ਚਲਾਕੀ ਨਾਲ ਇਸਦੇ ਖਿਲਾਫ਼ ਇਕ ਗੁੱਝਾ ਹਮਲਾ ਸੀ, ਇਸ ਕਰਕੇ ਮਾਈਕਲਐਂਜਲੋ ਦੀ ਚੌਤਰਫ਼ਾ ਆਲੋਚਨਾ ਵੀ ਹੋਈ ਕਿਉਂਕਿ ਸਥਾਪਤੀ ਅਤੇ ਸਥਾਪਤ ਮਾਨਸਿਕਤਾ ਦੀਆਂ ਜੰਜ਼ੀਰਾਂ ’ਚ ਜਕੜੇ ਸਮਾਜ ਵੱਲੋਂ ਇਹ ਆਸਾਨੀ ਨਾਲ ਹਜ਼ਮ ਕਰਨ ਯੋਗ ਨਹੀਂ ਸੀ ਜਿਸ ਵਿਚ ਮਿਥਿਹਾਸਕ ਅਤੇ ਕਾਲਪਨਿਕ ਇਸਾਈ ਸੰਤਾਂ ਨੂੰ ਬੇਪਰਦ ਕੀਤਾ ਗਿਆ ਸੀ। ਪੁਰਾਤਨ ਚਿੱਤਰਾਂ ਵਿਚ ਇਨ੍ਹਾਂ ਦੇ ਰੁਤਬੇ ਮੁਤਾਬਿਕ ਸਥਾਨ ਅਤੇ ਲਿਬਾਸ ਚਿੱਤਰੇ ਜਾਂਦੇ ਸਨ, ਪਰ ‘ਆਖਿਰੀ ਫ਼ਤਵਾ’ ਚਿੱਤਰ ਵਿਚ ਮਾਈਕਲਐਂਜਲੋ ਨੇ ਬੜੀ ਚਲਾਕੀ ਨਾਲ ਇਨ੍ਹਾਂ ਸਭ ਦੇ ਲੀੜੇ ਲਾਹ ਦਿੱਤੇ। ਵਿਅੰਗਕਾਰ ਪੀਏਟਰੋ ਅਰੇਟਿਨੋ ਨੇ ਮਾਈਕਲਐਂਜਲੋ ਨੂੰ ਅਧਰਮੀ ਅਤੇ ਸਮਲਿੰਗੀ ਆਖ ਕੇ ਭੰਡਿਆ। ਬਾਅਦ ਵਿਚ ਧਰਮ ਦੇ ਠੇਕੇਦਾਰਾਂ ਵੱਲੋਂ ਕੁਝ ਮਿਥਿਹਾਸਕ ਪਾਤਰਾਂ ਨੂੰ ਛੱਡ ਕੇ ਬਾਕੀਆਂ ਦੇ ਨੰਗੇਜ਼ ਨੂੰ ਕੱਜਣ ਲਈ ਮਾਈਕਲਐਂਜਲੋ ਦੇ ਇਕ ਚੇਲੇ ਕੋਲੋਂ ਇਨ੍ਹਾਂ ਦੇ ਅੰਗਾਂ ਉੱਪਰ ਅੰਜੀਰ ਦੇ ਪੱਤਿਆਂ ਦਾ ਚਿੱਤਰਣ ਕਰਵਾਇਆ ਗਿਆ। ਇਸ ਚਿੱਤਰ ਦੀ ਮਹਾਨਤਾ ਦੇ ਨਾਲ ਨਾਲ ਇਸ ਬਾਰੇ ਭਰਪੂਰ ਮਿੱਥਾਂ, ਭਰਮ ਭੁਲੇਖੇ ਅਤੇ ਬਹਿਸਾਂ ਹਨ। ਇਹ ਵਰ੍ਹੇ ਮਾਈਕਲਐਂਜਲੋ ਅਤੇ ਉਸਦੀ ਕਲਾ ਦੇ 500ਵੀਂ ਸ਼ਤਾਬਦੀ ਵਰ੍ਹੇ ਹਨ। ਸੈਂਟੇਫਿਕ ਜਰਨਲ ਆਫ ਨਿਊਰੋਸਰਜਰੀ ਦੇ 2010 ਅੰਕ ਵਿਚ ਇਅਨ ਸੁਕ ਅਤੇ ਰਾਫੇਲ ਤਮਾਰਗੋ ਵੱਲੋਂ ਲਿਖੇ ਖੋਜ ਪੱਤਰ ਵਿਚ ਮਾਈਕਲਐਂਜਲੋ ਦੀਆਂ ਸਿਸਟਾਇਨ ਚੈਪਲ ਦੇ ਚਿੱਤਰਾਂ ਵਿਚ ਮਨੁੱਖੀ ਸਰੀਰ ਸੰਰਚਨਾ ਬਾਰੇ ਅਸਧਾਰਨ ਸਮਝ ਬਾਰੇ ਲਿਖਿਆ ਗਿਆ। ਇਸਨੂੰ ਖੁਦਾ ਅਤੇ ਮਨੁੱਖੀ ਦਿਮਾਗ਼ ਦੀ ਮੁਕਾਬਲੇਬਾਜ਼ੀ ਵਜੋਂ ਦਰਸਾਇਆ ਗਿਆ। ਅੱਜ 500 ਸਾਲਾਂ ਬਾਅਦ ਕਲਾ ਇਤਿਹਾਸਕਾਰ, ਕਲਾ ਵਿਗਿਆਨੀ ਅਤੇ ਕਲਾ ਪ੍ਰੇਮੀ ਮਾਈਕਲਐਂਜਲੋ ਦੀਆਂ ਕਿਰਤਾਂ ਨੂੰ ਮਹਾਨ ਮਨੁੱਖੀ ਉਪਲੱਬਧੀ ਮੰਨਦੇ ਹਨ।

ਸੰਪਰਕ: 98146-93368


Comments Off on ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.