ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ

Posted On November - 21 - 2019

ਹਰਪ੍ਰੀਤ ਕੌਰ

ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿਚ ਦਲਿਤ ਜਗਮੇਲ ਸਿੰਘ ਉਤੇ ਮਾਮੂਲੀ ਜਿਹੇ ਝਗੜੇ ਤੋਂ ਬਾਅਦ ਪਿੰਡ ਦੇ ਉੱਚ ਜਾਤੀ ਦੇ ਨੌਜਵਾਨਾਂ ਨੇ ਤਸ਼ੱਦਦ ਕੀਤਾ ਅਤੇ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ| ਮਗਰੋਂ ਪੀਜੀਆਈ ਚੰਡੀਗੜ੍ਹ ਉਸ ਦੀ ਜ਼ੇਰੇ-ਇਲਾਜ ਮੌਤ ਹੋ ਗਈ| ਦਿਲ ਦਹਿਲਾਉਣ ਵਾਲੀ ਇਸ ਘਟਨਾ ਨੇ ਸਮੁੱਚੇ ਪੰਜਾਬ ਨੂੰ ਝੰਜੋੜ ਸੁੱਟਿਆ ਹੈ। ਹੁਣੇ ਹੁਣੇ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾ ਕੇ ਹਟੇ ਹਾਂ| ਗੁਰੂ ਨਾਨਕ ਦੇਵ ਜੀ ਨੇ ਸਾਰੀ ਉਮਰ ਨੀਵੀਆਂ ਜਾਤਾਂ ਦੇ ਹੱਕ ਵਿਚ ਆਪਣੀ ਕਲਮ ਚਲਾਈ ਤੇ ਅੱਜ ਅਸੀਂ ਅਜਿਹੀਆਂ ਘਟਨਾਵਾਂ ਪੜ੍ਹ-ਸੁਣ ਰਹੇ ਹਾਂ!
ਭਾਰਤ ਸੰਸਾਰ ਦਾ ਅਜਿਹਾ ਮੁਲਕ ਹੈ ਜਿੱਥੇ ਮਨੁੱਖ ਵਰਗਾਂ ਵਿਚ ਵੰਡਿਆ ਹੈ। ਇਹ ਵਰਤਾਰਾ ਦੁਨੀਆ ਦੇ ਅੱਤ ਵਿਕਸਤ ਮੁਲਕਾਂ ਵਿਚ ਵੀ ਤੀਬਰ ਰੂਪ ਵਿਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿਚ ਜਿੱਥੇ ਇਹ ਕਤਾਰਬੰਦੀ ਦਿਨੋ-ਦਿਨ ਵਧ ਰਹੀ ਹੈ, ਉੱਥੇ ਸਮਾਜਿਕ ਵੰਡ ਵੀ ਬੜੀ ਭਿਆਨਕ ਹੈ। ਜਾਤ-ਪਾਤ ਸਮਾਜ ਨੂੰ ਕੋਹੜ ਵਾਂਗ ਚਿੰਬੜੀ ਹੋਈ ਹੈ| ਪੰਜਾਬ ਭਾਰਤ ਦੇ ਵਿਕਸਤ ਰਾਜਾਂ ਵਿਚ ਵਿਚੋਂ ਇੱਕ ਹੈ। ਇੱਥੇ ਹਰ ਆਧੁਨਿਕ ਤਕਨੀਕ ਹੋਣ ਕਾਰਨ ਵੱਡੇ ਵੱਡੇ ਸ਼ਹਿਰ ਉਸਰ ਚੁੱਕੇ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਪਿੰਡਾਂ ਦੇ ਆਮ ਲੋਕਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ| ਸੂਬੇ ਅੰਦਰ ਪੂੰਜੀਵਾਦ ਵੀ ਇੱਕ ਪੱਧਰ ਤੱਕ ਵਿਕਸਿਤ ਹੋ ਚੁੱਕਾ ਹੈ। ਪੰਜਾਬ ਵਿਚ ਇੱਕ ਪਾਸੇ ਤਾਂ ਆਧੁਨਿਕ ਮਨੁੱਖ ਅਤੇ ਤਕਨੀਕ ਦਾ ਗੁਣਗਾਨ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਵੱਖਰਾ ਦੋਇਮ ਦਰਜੇ ਦਾ ਪੰਜਾਬ ਵੀ ਵੱਸ ਰਿਹਾ ਹੈ|
ਦਰਅਸਲ, ਪੰਜਾਬ ਸਮੇਤ ਸਮੁੱਚੇ ਮੁਲਕ ਦਾ ਆਰਥਿਕ ਅਤੇ ਸਮਾਜਿਕ ਢਾਂਚਾ ਬਹੁਤ ਉਲਝਿਆ ਹੋਇਆ ਹੈ| ਮੁਲਕ ਜਿੱਥੇ ਜਮਾਤੀ ਵਰਗ ਵਿਚ ਵੰਡਿਆ ਹੈ, ਉੱਥੇ ਹੀ ਇਹ ਸਮਾਜਿਕ ਢਾਂਚਾ ਜਾਤੀ ਆਧਾਰ ’ਤੇ ਵੀ ਵੰਡਿਆ ਹੋਇਆ ਹੈ। ਜਾਤੀ ਵਿਵਸਥਾ ਦੀ ਇਹ ਦਰਜਾਬੰਦੀ ਪੌੜੀਦਾਰ ਹੈ, ਭਾਵ ਪੌੜੀ ਦੇ ਡੰਡਿਆਂ ਵਾਂਗ ਇੱਕ ਉੱਚ ਜਾਤ ਦੂਜੀ ਨੀਵੀਂ ਜਾਤ ਦੇ ਮੋਢਿਆਂ ’ਤੇ ਟਿਕੀ ਹੈ| ਇਹ ਵਰਤਾਰਾ ਇੱਥੇ ਹੀ ਨਹੀਂ ਰੁਕਦਾ ਸਗੋਂ ਇਸ ਵਿਚ ਜਾਤ ਅੰਦਰ ਜਾਤ ਦੀ ਪੌੜੀਦਾਰ ਵਿਵਸਥਾ ਹੈ| ਇਉਂ ਇਹ ਜਾਤੀ ਵਿਵਸਥਾ ਬਹੁਤ ਗੁੰਝਲਦਾਰ ਹੈ|
ਪੰਜਾਬ ਲੰਮਾ ਸਮਾਂ ਬ੍ਰਾਹਮਣਵਾਦੀ ਅਤੇ ਜਗੀਰੂ ਢਾਂਚੇ ਅਧੀਨ ਰਿਹਾ ਹੈ| ਜਾਤ ਪ੍ਰਣਾਲੀ ਅਤੇ ਹਿੰਦੂ ਧਰਮ ਭਾਰਤ ਅਤੇ ਪੰਜਾਬ ਦੇ ਸਾਂਝੇ ਸਮਾਜਿਕ ਤੱਤ ਹਨ| ਜਾਤ ਦੀ ਉਤਪਤੀ ਬਾਰੇ ਵਿਦਵਾਨਾਂ ਦੇ ਵਿਚਾਰ ਵੱਖਰੇ ਵੱਖਰੇ ਹਨ| ਸਮੁੱਚੇ ਰੂਪ ਵਿਚ ਇਸ ਦੇ ਨਿਕਾਸ ਵਿਚ ਸਮਾਜਿਕ, ਆਰਥਿਕ, ਧਾਰਮਿਕ, ਸਿਆਸੀ ਅਤੇ ਸੱਭਿਆਚਾਰਕ ਤੱਤ ਕਾਰਜਸ਼ੀਲ ਹਨ| ਕੁਝ ਵਿਦਵਾਨ ਮੰਨਦੇ ਹਨ ਕਿ ਭਾਰਤ ਵਿਚ ਆਰੀਆ ਲੋਕਾਂ ਦੇ ਆਉਣ ਤੋਂ ਪਹਿਲਾਂ ਜਾਤੀ ਵਰਣ ਦੇ ਤੱਤ ਮੌਜੂਦ ਹਨ ਪਰ ਵੈਦਿਕ ਕਾਲ ਦੇ ਰਿਗਵੇਦ ਗ੍ਰੰਥਾਂ ਵਿਚ ਇਸ ਬਾਰੇ ਥੋੜ੍ਹੀ ਜਾਣਕਾਰੀ ਮਿਲਦੀ ਹੈ|
ਉੱਤਰ-ਵੈਦਿਕ ਕਾਲ ਵਿਚ ਵਰਣਾਂ ਦੀ ਪੁਸ਼ਟੀ ਪੱਕੇ ਤੌਰ ’ਤੇ ਹੋ ਚੁੱਕੀ ਹੈ| ਇਹ ਸਮਾਂ ਜਾਤੀ ਪ੍ਰਥਾ ਨੂੰ ਪੂਰੀ ਤਰ੍ਹਾਂ ਪੱਕਿਆਂ ਕਰਨ ਵਾਲਾ ਸੀ| ਮਨੂ ਸਮਰਿਤੀ ਵੀ ਇਸੇ ਸਮੇਂ ਵਿਚ ਲਿਖੀ ਗਈ ਜਿਸ ਵਿਚ ਮਨੂ ਨੇ ਜਾਤਾਂ ਨਿਰਧਾਰਤ ਕੀਤੀਆਂ ਅਤੇ ਬ੍ਰਾਹਮਣਾਂ ਨੂੰ ਉੱਚ ਦਰਜਾ ਦਿੱਤਾ| ਮਨੂ ਸਮਰਿਤੀ ਵਿਚ ਜਾਤੀ ਉੱਪਰ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਰਾਜੇ ਦੀ ਮਿਥੀ ਗਈ ਅਤੇ ਕਿਸੇ ਝਗੜੇ ਤੇ ਮੁਕੱਦਮੇ ਸਮੇਂ ਜਾਤੀ ਲਿਖਣ ਦਾ ਨਿਯਮ ਵੀ ਬਣਾਇਆ ਗਿਆ। ਇਸ ਤਰ੍ਹਾਂ ਮਨੂ ਨੇ ਜਾਤੀ ਪ੍ਰਥਾ ਨੂੰ ਪੱਕੇ ਪੈਰੀਂ ਕੀਤਾ| ਮੱਧਕਾਲ ਦੌਰਾਨ ਸਾਰੇ ਧਰਮਾਂ ਵਿਚ ਜਾਤ ਪ੍ਰਣਾਲੀ ਦੇ ਅੰਸ਼ ਸਨ| ਹਿੰਦੂ ਧਰਮ ਦਾ ਬ੍ਰਾਹਮਣਵਾਦੀ ਢਾਂਚਾ ਵਰਣ ਪ੍ਰਬੰਧ, ਜਾਤ-ਪਾਤ, ਛੂਆ-ਛਾਤ, ਭਿੱਟ ਆਦਿ ਉੱਪਰ ਟਿਕਿਆ ਹੈ| ਹਿੰਦੂ ਧਰਮ ਅਨੁਸਾਰ, ਮਨੁੱਖ ਦੀ ਵੰਡ ਚਾਰ ਵਰਣਾਂ ਵਿਚ ਕੀਤੀ ਗਈ ਹੈ। ਪੁਰਾਤਨ ਰਵਾਇਤ ਅਨੁਸਾਰ, ਇਨ੍ਹਾਂ ਚਾਰੇ ਵਰਣਾਂ ਦੀ ਉਪਜ ਬ੍ਰਹਮਾ ਤੋਂ ਹੋਈ|
ਮੁਸਲਮਾਨਾਂ ਦੇ ਆਉਣ ਨਾਲ ਭਾਰਤ ਅਤੇ ਪੰਜਾਬ ਦੇ ਸਮਾਜਿਕ ਢਾਂਚੇ ਵਿਚ ਪਰਿਵਰਤਨ ਆਏ| ਸਿਧਾਂਤਕ ਤੌਰ ਤੇ ਇਸਲਾਮ ਵਿਚ ਜਾਤ ਦੀ ਕੋਈ ਥਾਂ ਨਹੀਂ ਪਰ ਹਕੀਕਤ ਵਿਚ ਇਸ ਧਰਮ ਵਿਚ ਵੀ ਜਾਤਾਂ ਮਿਲਦੀਆਂ ਹਨ। ਸਮਾਜਿਕ ਤੌਰ ’ਤੇ ਊਚ ਨੀਚ ਮੌਜੂਦ ਹੈ। ਮੱਧਕਾਲ ਵਿਚ ਮੁਸਲਮਾਨਾਂ ਦੇ ਆਉਣ ਨਾਲ ਬਹੁਤ ਸਾਰੇ ਲੋਕਾਂ ਨੇ ਇਸਲਾਮ ਅਪਣਾ ਲਿਆ ਅਤੇ ਕੁਝ ਮੁਸਲਮਾਨ ਰਾਜਿਆਂ ਨੇ ਜ਼ਬਰਦਸਤੀ ਵੀ ਲੋਕਾਂ ਨੂੰ ਮੁਸਲਮਾਨ ਬਣਾਇਆ। ਕੁਝ ਗਰੀਬ ਲੋਕਾਂ ਨੂੰ ਰਿਆਇਤਾਂ ਦੇ ਕੇ ਵੀ ਇਸਲਾਮ ਵੱਲ ਖਿੱਚਿਆ ਗਿਆ| ਨੀਵੀਂ ਜਾਤੀ ਦੇ ਲੋਕਾਂ ਨੇ ਵੀ ਹਿੰਦੂ ਧਰਮ ਦੀ ਜ਼ਲਾਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਇਸਲਾਮ ਕਬੂਲ ਕੀਤਾ| ਇਸ ਨਾਲ ਜਾਤੀ ਪੱਧਰ ’ਤੇ ਦੋ ਤਬਦੀਲੀਆਂ ਵਾਪਰੀਆਂ। ਇਨ੍ਹਾਂ ਵਿਚ ਇੱਕ ਕੰਮ ਅਤੇ ਦੂਜੀ ਧਰਮ ਨਾਲ ਜੁੜੀ ਹੋਈ ਸੀ| ਅਰਬ ਦੇਸ਼ਾਂ ਦੇ ਹੁਕਮਰਾਨਾਂ ਨੇ ਭਾਰਤੀ ਲੋਕਾਂ ਨੂੰ ਨਵੇਂ ਰੁਜ਼ਗਾਰ ਦਿੱਤੇ ਜਿਸ ਨਾਲ ਇੱਥੋਂ ਦੀ ਆਬਾਦੀ ਹੋਰ ਛੋਟੇ ਜਾਤੀ ਸਮੂਹਾਂ ਵਿਚ ਵੰਡੀ ਗਈ। ਦੂਸਰਾ ਵਿਕਾਸ ਇਹ ਹੋਇਆ ਕਿ ਮੁਗਲ ਰਾਜਿਆਂ ਨੇ ਆਪਣੇ ਰਾਜ ਹਿੱਤ ਹਮਦਰਦ ਪੈਦਾ ਕਰਨ ਲਈ ਇੱਥੋਂ ਦੇ ਗ਼ਰੀਬ ਸ਼ੂਦਰਾਂ ਨੂੰ ਕੁਝ ਸਹੂਲਤਾਂ ਹਿੱਤ ਮੁਸਲਮਾਨ ਬਣਾਇਆ| ਹੁਣ ਕਿਰਤੀ ਦੀ ਪਛਾਣ ਮੁਸਲਮਾਨ ਕਿਰਤੀ ਅਤੇ ਹਿੰਦੂ ਕਿਰਤੀ ਹੋ ਗਈ ਪਰ ਇੱਥੇ ਜਾਤੀਆਂ ਦੇ ਨਾਂ ਧਾਰਮਿਕਤਾ ਨਾਲ ਜੁੜ ਗਏ|
ਭਗਤੀ ਲਹਿਰ ਅਤੇ ਸਿੱਖ ਧਰਮ ਨੇ ਪੰਜਾਬ ਵਿਚ ਜਾਤੀ ਵਿਵਸਥਾ ਨੂੰ ਨਕਾਰ ਕੇ ਬਰਾਬਰੀ ਵਾਲੇ ਮਨੁੱਖ ਦਾ ਸੰਕਲਪ ਲਿਆਂਦਾ| ਭਗਤੀ ਲਹਿਰ ਦੇ ਸੰਤਾਂ ਭਗਤ ਕਬੀਰ, ਭਗਤ ਰਵਿਦਾਸ, ਭਗਤ ਧੰਨਾ ਤੇ ਭਗਤ ਨਾਮਦੇਵ ਨੇ ਆਪਣੀ ਬਾਣੀ ਰਾਹੀਂ ਜਾਤ-ਪਾਤ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ| ਸਿੱਖ ਗੁਰੂ ਸਾਹਿਬਾਨ ਅਤੇ ਮਗਰੋਂ ਬੰਦਾ ਸਿੰਘ ਬਹਾਦਰ ਨੇ ਵੀ ਜਾਤ-ਪਾਤ ਦਾ ਖੰਡਨ ਕੀਤਾ| ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਜਾਤੀ ਪ੍ਰਥਾ ਪ੍ਰਬੰਧ ਨੂੰ ਤੋੜਨ ਦੇ ਯਤਨ ਕੀਤੇ| ਬੰਦਾ ਸਿੰਘ ਬਹਾਦਰ ਨੇ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਬੇਜ਼ਮੀਨਿਆਂ ਵਿਚ ਵੰਡੀਆਂ ਪਰ ਜਾਤ ਪ੍ਰਬੰਧ ਉਸੇ ਤਰ੍ਹਾਂ ਕਾਇਮ ਰਿਹਾ ਤੇ ਮੱਧਕਾਲ ਦਾ ਮਨੁੱਖ ਜਾਤ-ਪਾਤ ਦੇ ਜੰਜਾਲ ਤੋਂ ਮੁਕਤ ਨਾ ਹੋ ਸਕਿਆ|
ਅੰਗਰੇਜ਼ਾਂ ਨੇ ਜਾਤੀ ਵਿਵਸਥਾ ਵਿਚ ਕੋਈ ਜ਼ਿਆਦਾ ਦਖ਼ਲਅੰਦਾਜ਼ੀ ਨਹੀਂ ਕੀਤੀ। ਈਸਾਈ ਧਰਮ ਅਪਣਾਉਣ ਵਾਲਿਆਂ ਨੂੰ ਸਹੂਲਤਾਂ ਦੇਣ ਦਾ ਐਲਾਨ ਕੀਤਾ ਵੀ ਕੀਤਾ| ਅੰਗਰੇਜ਼ਾਂ ਨੇ ਸਿੱਖਿਆ ਦੀ ਅਜਿਹੀ ਪ੍ਰਣਾਲੀ ਚਾਲੂ ਕੀਤੀ ਸੀ ਜਿਸ ਨਾਲ ਵਿਦਿਆਰਥੀ ਨੂੰ ਆਪਣੇ ਧਰਮ ਨੂੰ ਬਦਲਣ ਦੀ ਲੋੜ ਨਹੀਂ ਸੀ| ਜਾਤੀ ਪੱਧਰ ’ਤੇ ਛੂਆ-ਛਾਤ, ਭਿੱਟ, ਵਿਤਕਰਾ ਛੋਟੀਆਂ ਜਾਤਾਂ ਨਾਲ ਜ਼ਿਆਦਾ ਹੁੰਦਾ ਸੀ| ਅੰਗਰੇਜ਼ਾਂ ਨੇ ਦਲਿਤਾਂ ਲਈ ਸਕੂਲ ਜਾਣ ਦਾ ਅਧਿਕਾਰ ਬਹਾਲ ਕੀਤਾ। 1923 ਵਿਚ ਸਰਕਾਰ ਨੇ ਐਲਾਨ ਕੀਤਾ ਕਿ ਦਲਿਤ ਸ਼੍ਰੇਣੀਆਂ ਦੇ ਬੱਚਿਆਂ ਨੂੰ ਦਾਖ਼ਲ ਕਰਨ ਤੋਂ ਨਾਂਹ ਕਰਨ ਵਾਲੇ ਸਹਾਇਤਾ ਪ੍ਰਾਪਤ ਵਿੱਦਿਆ ਸੰਸਥਾਵਾਂ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਜਾਵੇਗੀ| ਇਸ ਸਭ ਕੁਝ ਅੰਗਰੇਜ਼ਾਂ ਨੇ ਜਾਤ-ਪਾਤ ਖ਼ਤਮ ਕਰਨ ਲਈ ਨਹੀਂ ਸੀ ਕੀਤਾ ਸਗੋਂ ਆਪਣੇ ਰਾਜ ਦੇ ਪੈਰ ਪੱਕੇ ਕਰਨ ਲਈ ਕੀਤਾ ਸੀ; ਇਸੇ ਲਈ ਜਾਤੀ ਪ੍ਰਬੰਧ ਅੰਗਰੇਜ਼ੀ ਰਾਜ ਵਿਚ ਵੀ ਖ਼ਤਮ ਨਾ ਹੋ ਸਕਿਆ।
ਡਾ. ਭੀਮ ਰਾਓ ਅੰਬੇਦਕਰ ਨੇ ਭਾਰਤ ਵਿਚ ਜਾਤੀ ਪ੍ਰਬੰਧ ਨੂੰ ਸਮਝਿਆ ਅਤੇ ਇਸ ਦੇ ਖ਼ਿਲਾਫ਼ ਜੱਦੋਜਹਿਦ ਕਰਦਿਆਂ ਜਾਤ ਦੇ ਸਵਾਲ ਨੂੰ ਦੇਸ਼ ਵਿਚ ਕੇਂਦਰੀ ਮੁੱਦੇ ਵਜੋਂ ਲਿਆ ਖੜ੍ਹਾ ਕੀਤਾ। ਉਨ੍ਹਾਂ ਜਾਤ ਦੇ ਬੀਜ ਨਾਸ ਲਈ ਵੱਖ ਵੱਖ ਤਰੀਕਿਆਂ ਨਾਲ ਕੋਸ਼ਿਸ਼ਾਂ ਕੀਤੀਆਂ| ਉਨ੍ਹਾਂ ਅਨੁਸਾਰ ਸਿੱਖਿਆ ਪ੍ਰਾਪਤ ਕਰਕੇ, ਅੰਤਰਜਾਤੀ ਵਿਆਹ ਅਤੇ ਧਰਮ ਪਰਿਵਰਤਨ ਰਾਹੀਂ ਜਾਤ-ਪਾਤੀ ਪ੍ਰਬੰਧ ਦੀ ਮੁਕਤੀ ਦਾ ਹੱਲ ਲੱਭਿਆ ਜਾ ਸਕਦਾ ਹੈ| ਭਾਰਤ ਵਿਚ ਕਮਿਊਨਿਸਟ ਪਾਰਟੀਆਂ ਨੇ ਜਾਤ-ਪਾਤ ਦੇ ਹੱਲ ਲਈ ਆਰਥਿਕ ਬਰਾਬਰੀ ਨੂੰ ਮੁੱਖ ਆਧਾਰ ਮੰਨਿਆ। ਉਂਜ, ਭਾਰਤ ਦੇ ਕਮਿਊਨਿਸਟ ਜਾਤੀ ਪ੍ਰਬੰਧ ਨੂੰ ਸਮਝਣ ਵਿਚ ਅਸਮਰੱਥ ਰਹੇ ਅਤੇ ਉਨ੍ਹਾਂ ਭਾਰਤ ਦੀਆਂ ਆਰਥਿਕ, ਸਮਾਜਿਕ, ਧਾਰਮਿਕ, ਭੂਗੋਲਿਕ ਸਮੱਸਿਆਵਾਂ ਨੂੰ ਅਣਗੌਲਿਆਂ ਕਰਦਿਆਂ ਮੁੱਖ ਰੂਪ ਵਿਚ ਜਮਾਤੀ ਸੰਘਰਸ਼ ਦੀ ਹੀ ਗੱਲ ਕੀਤੀ।
ਪੰਜਾਬ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਕਮਿਊਨਿਸਟ ਜਥੇਬੰਦੀਆਂ ਨੇ ਜ਼ਮੀਨੀ ਘੋਲ ਅਤੇ ਸਵੈਮਾਣ ਦੀ ਲੜਾਈ ਲਈ ਦਲਿਤਾਂ ਨੇ ਸੰਘਰਸ਼ਾਂ ਨੂੰ ਉਭਾਰਿਆ ਹੈ| ਇਸ ਸੰਘਰਸ਼ ਦੀਆਂ ਕੁੱਝ ਆਪਣੀਆਂ ਸਮੱਸਿਆਵਾਂ ਹਨ ਜਿਨ੍ਹਾਂ ਵਿਚੋਂ ਕਮਿਊਨਿਸਟ ਉੱਭਰ ਨਹੀਂ ਸਕੇ| ਇਸ ਸੰਘਰਸ਼ ਦੌਰਾਨ ਦਲਿਤਾਂ ਉੱਤੇ ਤਸ਼ੱਦਦ ਵੀ ਹੋਇਆ| ਇਨ੍ਹਾਂ ਮੁੱਖ ਘੋਲ਼ਾਂ ਵਿਚ ਬਾਲਦ ਕਲਾਂ, ਬਾਊਪੁਰ ਤੇ ਧੰਦੀਵਾਲ ਵਿਚ ਦਲਿਤਾਂ ਦਾ ਉੱਚ ਜਾਤੀ ਦੇ ਲੋਕਾਂ ਵੱਲੋਂ ਬਾਈਕਾਟ; ਜਲੂਰ ਵਿਚ ਜ਼ਮੀਨ ਮੰਗਦੇ ਦਲਿਤਾਂ ਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਤਸ਼ੱਦਦ ਕਰਦੇ ਹੋਏ ਸੱਤਰ ਸਾਲਾ ਬਜ਼ੁਰਗ ਮਾਤਾ ਗੁਰਦੇਵ ਕੌਰ ਦਾ ਕਤਲ; ਮੀਮਸਾ, ਨਮੋਲ ਤੇ ਤੋਲੇਵਾਲ ਸੰਗਰੂਰ ਜ਼ਿਲ੍ਹੇ ਦੇ ਅਹਿਮ ਪਿੰਡ ਹਨ ਜਿੱਥੇ ਦਲਿਤਾਂ ਦੇ ਸੰਘਰਸ਼ ਨੂੰ ਓੜਕਾਂ ਦੀ ਤਾਕਤ ਨਾਲ ਦਬਾਇਆ ਜਾ ਰਿਹਾ ਹੈ| ਹੁਣ ਤੱਕ ਬਹੁਤ ਸਾਰੀਆਂ ਲਹਿਰਾਂ ਸਿਰਫ਼ ਜਾਤੀ ਆਧਾਰਿਤ ਜਾਂ ਆਰਥਿਕ ਬਰਾਬਰੀ ਲਈ ਚੱਲੀਆਂ ਪਰ ਇਸ ਦਾ ਹੱਲ ਜਾਤੀ ਦਾਬੇ ਅਤੇ ਆਰਥਿਕ ਬਰਾਬਰੀ, ਦੋਵਾਂ ਖ਼ਿਲਾਫ਼ ਤਿੱਖੇ ਸੰਘਰਸ਼ ਵਿਚ ਪਿਆ ਹੈ|

*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 94786-13328


Comments Off on ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.