ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਪਰਿਕਰਮਾ

Posted On November - 3 - 2019

ਦੀਪ ਦਵਿੰਦਰ ਸਿੰਘ
ਕਥਾ ਪ੍ਰਵਾਹ

ਸਵੇਰੇ ਉਠਦਿਆਂ ਗੱਡੇ ਵਾਂਗ ਬੋਝਲ ਹੋਏ ਸਿਰ ਨੂੰ ਨਲਕੇ ਦੀ ਧਾਰ ਹੇਠ ਵੀ ਕੀਤਾ ਤੇ ਅੱਖਾਂ ’ਤੇ ਕਈ ਵਾਰੀ ਪਾਣੀ ਦੇ ਛਿੱਟੇ ਵੀ ਮਾਰੇ। ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰਾਤੀਂ ਰੋਂਦੇ ਰਹਿਣ ਕਰਕੇ ਅੱਖਾਂ ਦੀਆਂ ਪੁਤਲੀਆਂ ਅਜੇ ਵੀ ਸੁੱਜੀਆਂ ਸੁੱਜੀਆਂ ਨੇ।
ਆਪਣੇ ਕਮਰੇ ’ਚ ਖਲੋਤਾ ਮੈਂ ਕੱਲ੍ਹ ਦਿਨ ਭਰ ਦੀ ਹੋਈ ਬੀਤੀ ਬਾਰੇ ਸੋਚ ਰਿਹਾ ਹਾਂ। ਮੇਰੀ ਨਿਗ੍ਹਾ ਸਾਹਮਣੇ ਅੰਗੀਠੀ ’ਤੇ ਟਿਕਦੀ ਹੈ ਜਿਸ ਉੱਤੇ ਬੀਬੀ ਅਤੇ ਭਾਪਾ ਆਪੋ ਆਪਣੀ ਫੋਟੋ ਦੇ ਫਰੇਮ ਅੰਦਰ ਬੈਠੇ ਨੇ। ਜਿਨ੍ਹਾਂ ਨੂੰ ਮੈਂ ਹੁਣੇ ਕੱਪੜੇ ਨਾਲ ਪੂੰਝਿਆ ਹੈ ਤੇ ਉਪਰੋਂ ਸਲੀਕੇ ਨਾਲ ਸਾਂਝਾ ਹਾਰ ਪਾਇਆ ਹੈ। ਆਪੋ ਆਪਣੀ ਜਗ੍ਹਾ ਦੋਵੇਂ ਸ਼ਾਂਤ ਚਿੱਤ ਬੈਠੇ ਹਨ।
ਭਾਪੇ ਦਾ ਜਦੋਂ ਵੀ ਚੇਤਾ ਆਉਂਦਾ ਤਾਂ ਮੇਰਾ ਮਨ ਭਰ ਆਉਂਦਾ, ਬੜਾ ਕੁਵੇਲੇ ਤੁਰ ਗਿਆ ਸੀ। ਮਾਇਆ ਸਿਨਮੇ ਦੀ ਕੰਧ ਨਾਲ ਖਰੌੜਿਆਂ ਦੀ ਰੇਹੜੀ ਲਾਉਂਦਾ ਹੁੰਦਾ ਸ। ਜਿੱਥੇ ਗਾਹਕਾਂ ਦੀ ਵਾਰੀ ਨਹੀਂ ਸੀ ਆਉਂਦੀ। ਭਾਪਾ ਮੈਨੂੰ ਕਈ ਵਾਰੀ ਸਿਲਵਰ ਦਾ ਚਿੱਬਾ ਜਿਹਾ ਡੋਲੂ ਫੜਾ ਕੇ ਸਾਹਮਣੇ ਫੁੱਟਪਾਥ ’ਤੇ ਬੈਠੇ ਗਾਹਕਾਂ ਨੂੰ ਤਰੀ ਪਾਉਣ ਲਈ ਭੇਜਦਾ। ਕਦੇ ਘਬਰਾ ਕੇ ਮੇਰੇ ਕੋਲੋਂ ਤਰੀ ਇਧਰ ਉਧਰ ਡੁੱਲ੍ਹ ਜਾਂਦੀ। ਭਾਪਾ ਦਬਕਾ ਮਾਰਦਾ: ‘ਧਿਆਨ ਨਾਲ ਕੰਮ ਨਹੀਂ ਹੁੰਦਾ ਤੈਥੋਂ! ਵੱਡਾ ਹੋ ਕੇ ਕਿਹੜਾ ਡੀਸੀ ਲੱਗਣੈ। ਇਹੋ ਧੰਦੇ ਰਾਸ ਆਉਣੇ ਸਾਨੂੰ।’
ਭਾਪਾ ਠੀਕ ਕਹਿੰਦਾ ਸੀ। ਮੈਂ ਡੀਸੀ ਨਾ ਬਣਿਆ, ਪਰ ਧੰਦਾ ਭਾਪੇ ਵਾਲਾ ਵੀ ਰਾਸ ਨਹੀਂ ਸੀ ਆਇਆ। ਆਉਂਦਾ ਵੀ ਕਿਵੇਂ, ਭਾਪਾ ਤਾਂ ਚੁੱਪ-ਚੁਪੀਤਾ ਤੁਰ ਗਿਆ ਸੀ। ਉਹ ਸਿਖਰ ਦੁਪਹਿਰੇ ਦਿਮਾਗ਼ ਦੀ ਨਾੜੀ ਫਟਣ ਨਾਲ ਮਰਿਆ ਸੀ। ਭਾਪੇ ਤੋਂ ਬਿਨਾਂ ਅਸੀਂ ਡਾਂਵਾਂਡੋਲ ਹੋ ਗਏ ਸਾਂ।
ਬੀਬੀ ਨੇ ਘਰ ਪਰਿਵਾਰ ਨੂੰ ਸੰਭਾਲਣ ਲਈ ਪੂਰੀ ਕੋਸ਼ਿਸ਼ ਕੀਤੀ। ਅਸੀਂ ਵੇਲੇ ਸਿਰ ਹੀ ਰੇਹੜੀ ਜਾ ਲਾਉਂਦੇ। ਗਾਹਕ ਵੀ ਬਥੇਰੇ ਢੁਕਦੇ ਸਨ। ਪਰ ਹੁਣ ਉਨ੍ਹਾਂ ’ਚੋਂ ਫੁੱਟਪਾਥ ’ਤੇ ਜਾ ਕੇ ਕੋਈ ਨਹੀਂ ਸੀ ਬਹਿੰਦਾ। ਸਾਰੇ ਰੇਹੜੀ ਦੁਆਲੇ ਝੁਰਮੁਟ ਪਾ ਕੇ ਖਲੋਣ ਦੀ ਤਾਕ ’ਚ ਰਹਿੰਦੇ ਸਨ। ਉਹ ਬੇਸ਼ਰਮੀ ਦੀਆਂ ਗੱਲਾਂ ਕਰਦੇ ਹੱਦਾਂ ਟੱਪ ਜਾਂਦੇ। ਬੀਬੀ ਆਪਣੇ ਵੱਲੋਂ ਉਨ੍ਹਾਂ ਨੂੰ ਅਣਸੁਣਿਆਂ ਕਰਨ ਦੀ ਕੋਸ਼ਿਸ਼ ਕਰਦੀ, ਪਰ ਉਹ ਅੱਗਿਉਂ ਹੋਰ ਮਚਲ ਜਾਂਦੇ। ਬੀਬੀ ਅੱਕੀ ਸੜੀ ਕਿਸੇ ਦੇ ਹੱਥ ਪਲੇਟ ਫੜਾਉਂਦੀ ਕਹਿ ਵੀ ਦੇਂਦੀ, ‘‘ਭਾ’ਜੀ ਉਹ ਸਾਹਮਣੇ ਬਹੁ ਅਰਾਮ ਨਾਲ। ਕੁਝ ਹੋਰ ਚਾਹੀਦਾ ਹੋਵੇਗਾ ਤਾਂ ਮੁੰਡੇ ਨੂੰ ਅਵਾਜ਼ ਮਾਰ ਲਿਉ।’ ਲੱਚਰ ਜਿਹਾ ਇਸ਼ਾਰਾ ਕਰਦਿਆਂ ਅਗਲਾ ਜੋ ਕਹਿੰਦਾ, ਉਹ ਸੁਣ ਕੇ ਬਾਲਟੀ ’ਚੋਂ ਜੂਠੀਆਂ ਪਲੇਟਾਂ ਧੋਂਦਿਆਂ ਮੇਰੇ ਹੱਥ ਰੁਕ ਜਾਂਦੇ। ਮੈਂ ਬੀਬੀ ਵੱਲ ਵੇਖਦਾ। ਉਹਦੇ ਪਿਛਾੜੀ ਖਲੋਤਾ ਕੋਈ ਰਿਕਸ਼ੇ ਵਾਲਾ ਰੋਅਬ ਨਾਲ ਕਹਿੰਦਾ, ‘‘ਛਾਹਣੀਏ, ਏਧਰ ਵੀ ਖਿਆਲ ਕਰ, ਤੇਰੇ ਪਿੱਛੇ ਖਲੋਤੇ ਬੁੱਢੇ ਹੋ ਚਲੇ ਆਂ।’’ ਬੀਬੀ ਤ੍ਰੇਲੀਓ ਤ੍ਰੇਲੀ ਹੋਈ ਹੁੰਦੀ। ਨਮੋਸ਼ੀ ਦੀ ਪਰਤ ਉਹਦੇ ਚਿਹਰੇ ’ਤੇ ਹੋਰ ਗੂੜ੍ਹੀ ਹੋ ਜਾਂਦੀ ਤੇ ਉਹ ਮੇਰੇ ਨਾਲ ਅੱਖ ਮਿਲਾਉਣ ਤੋਂ ਵੀ ਝਿਜਕਦੀ। ਬੀਬੀ ਨੂੰ ਏਨੀ ਬੇਵੱਸ ਮੈਂ ਪਹਿਲਾਂ ਕਦੀ ਨਹੀਂ ਸੀ ਵੇਖਿਆ। ਰੇਹੜੀ ਦੁਆਲੇ ਖੜ੍ਹੀ ਹਿੜ-ਹਿੜ ਕਰਦੀ ਭੀੜ ਮੈਨੂੰ ਹਲਕੇ ਕੁੱਤਿਆਂ ਵਰਗੀ ਲੱਗਦੀ ਜਿਨ੍ਹਾਂ ਤੋਂ ਮੈਨੂੰ ਨਫ਼ਰਤ ਹੋਣ ਲੱਗੀ ਸੀ। ਮੇਰਾ ਦਿਲ ਕਰਦਾ ਕਿ ਪੱਥਰ ਮਾਰ ਕੇ ਇਨ੍ਹਾਂ ’ਚੋਂ ਦੋ ਚਾਰ ਜਣਿਆਂ ਦੇ ਸਿਰ ਪਾੜ ਦਿਆਂ। ਬਾਕੀ ਦੇ ਆਪੇ ਸਿੱਧੇ ਹੋ ਜਾਣਗੇ। ਪਰ ਬੀਬੀ ਨੇ ਮੈਨੂੰ ਇੰਝ ਨਹੀਂ ਸੀ ਕਰਨ ਦਿੱਤਾ। ਪਤਾ ਨਹੀਂ ਉਹ ਮੇਰੇ ਅੰਦਰਲੀ ਨਫ਼ਰਤ ਨੂੰ ਭਾਂਪ ਗਈ ਸੀ ਜਾਂ ਫਿਰ ਉਹ ਆਪ ਇਸ ਜ਼ਲਾਲਤ ਤੋਂ ਅੱਕ-ਥੱਕ ਗਈ ਸੀ। ਇਸੇ ਲਈ ਉਸ ਨੇ ਰੇਹੜੀ ਲਾਉਣੀ ਛੱਡ ਦਿੱਤੀ।
ਥੋੜ੍ਹੇ ਦਿਨਾਂ ’ਚ ਹੀ ਮੇਰੇ ਲਈ ਨਵੇਂ ਕੰਮ ਦਾ ਬੰਦੋਬਸਤ ਕਰਦਿਆਂ ਮੈਨੂੰ ਆਪ ਜਾ ਕੇ ਬੈਂਡ-ਵਾਜੇ ਵਾਲਿਆਂ ਦੇ ਚੁਬਾਰੇ ’ਚ ਛੱਡ ਆਈ। ਸਾਹਮਣੇ ਕੁਰਸੀ ’ਤੇ ਬੈਠੇ ਉਸਤਾਦ ਦੇ ਮੈਂ ਜਾਂਦਿਆਂ ਗੋਡੀਂ ਹੱਥ ਲਾਏ ਸਨ। ਉਹਨੇ ਮੇਰੇ ਤੋਂ ਨਿੱਕੀ ਮੋਟੀ ਪੁੱਛਗਿੱਛ ਕੀਤੀ ਤੇ ਫਿਰ ਮੇਰੇ ਹੱਥ ਛੁਣਛੁਣੇ ਫੜਾਉਂਦਿਆਂ ਕਿਹਾ, ‘‘ਲੈ ਭਈ ਕਾਕਾ, ਐਹ ਵਜਾਉਣ ਦਾ ਵੱਲ ਸਿੱਖ ਤੂੰ। ਸੱਜੇ ਖੱਬੇ ਹੱਥ ਦਾ ਤਾਲਮੇਲ ਬਿਠਾਉਣਾ ਪੈਣਾ ਤੈਨੂੰ, ਜਿਹੜਾ ਛੇਤੀ ਕੀਤਿਆਂ ਬਹਿੰਦਾ ਨਹੀਂ। ਜਦੋਂ ਬਹਿ ਗਿਆ ਫਿਰ ਭਾਵੇਂ ਇਨ੍ਹਾਂ ਨੂੰ ਹੱਥਾਂ ਨਾਲ ਵਜਾਉਂਦਿਆਂ ਮੂੰਹ ਨਾਲ ਹੀਰ ਗਾਈ ਜਾਵੀਂ।’’
ਉਸਤਾਦ ਮੈਨੂੰ ਸਾਈਆਂ ਭੁਗਤਾਉਣ ਲਈ ਕਿਤੇ ਨਾ ਕਿਤੇ ਤੋਰੀ ਰੱਖਦਾ। ਮੈਂ ਬਾਕੀਆਂ ਦੇ ਨਾਲ ਬਰਾਬਰ ਖਲੋ ਕੇ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਲੱਗਿਆ। ਸ਼ਾਮ ਪਈ ਘਰ ਪਰਤਦਾ ਤਾਂ ਬੀਬੀ ਕੰਮ ਧੰਦਾ ਕਰਦਿਆਂ ਘਰ ਦੀਆਂ ਨਿੱਕੀਆਂ ਮੋਟੀਆਂ ਲੋੜਾਂ-ਥੁੜਾਂ ਬਾਰੇ ਗੱਲਾਂ ਕਰਦੀ। ਮੈਂ ਆਪਣੀ ਜੇਬ੍ਹ ਅੰਦਰੋਂ ਵਾਰਨਿਆਂ ’ਚੋਂ ਹਿੱਸੇ ਆਏ ਕੁਰਕਰੇ ਨੋਟ ਬੀਬੀ ਦੀ ਤਲੀ ’ਤੇ ਰੱਖਦਾ। ਉਹ ਇਕੱਲੇ-ਇਕੱਲੇ ਨੋਟ ਨੂੰ ਬੜੇ ਸਲੀਕੇ ਨਾਲ ਹੱਥ ਫੇਰ ਫੇਰ ਕੇ ਸਿੱਧਾ ਕਰਦੀ। ਉਨ੍ਹਾਂ ਦੀ ਤਹਿ ਲਾ ਲਾ ਕੇ ਦੱਥੀ ਬਣਾਉਂਦੀ ਤੇ ਨਾਲ ਦੀ ਨਾਲ ਇਕ ਦਿਨ ਪਹਿਲਾਂ ਆਏ ਪੈਸਿਆਂ ਦਾ ਹਿਸਾਬ ਕਿਤਾਬ ਵੀ ਦੱਸਣ ਲੱਗਦੀ।
ਇਸੇ ਕਰਕੇ ਮੈਂ ਆਪਣੇ ਵੱਲੋਂ ਘਰ-ਬਾਹਰ ਸੰਭਾਲਣ ਦੀਆਂ ਵਿਉਂਤਾਂ ਤਲਾਸ਼ਦਾ ਰਹਿੰਦਾ। ਬੀਬੀ ਆਪ ਵੀ ਵਿਹਲੀ ਨਹੀਂ ਸੀ ਬਹਿਣਾ ਚਾਹੁੰਦੀ। ਉਹ ਹੋਰਨਾਂ ਔਰਤਾਂ ਨਾਲ ਮਿਲ ਕੇ ਕਿਸੇ ਵਿਆਹ-ਸ਼ਾਦੀ ਜਾਂ ਕਿਸੇ ਹੋਰ ਪ੍ਰੋਗਰਾਮ ’ਚ ਕੰਮ ਧੰਦਾ ਕਰਵਾਉਣ ਲਈ ਦਿਹਾੜੀ ’ਤੇ ਜਾਣ ਲੱਗ ਪਈ। ਮੈਂ ਵੀ ਮਨ ਹੀ ਮਨ ਵਿਉਂਤਾਂ ਘੜਦਾ ਕਿ ਥੋੜ੍ਹਾ ਕੰਮ-ਕਾਰ ਰਿੜ੍ਹ ਪਏ, ਫਿਰ ਬੀਬੀ ਨੂੰ ਬਾਹਰ ਅੰਦਰ ਕੰਮ ਨਹੀਂ ਕਰਨ ਦੇਣਾ। ਸੁਖ ਦੇਣਾ ਜਿਵੇਂ ਭਾਪੇ ਵੇਲੇ ਭੋਗਦੀ ਸੀ। ਉਂਜ ਵੀ ਘਰ ਦੀ ਲੋੜ ਗੋਚਰਾ ਗੁਜ਼ਾਰਾ ਵਧੀਆ ਨਿਭਣ ਲੱਗਿਆ ਸੀ। ਬੀਬੀ ਦੇ ਚਿਹਰੇ ’ਤੇ ਥੋੜ੍ਹੀ ਰੌਣਕ ਪਰਤੀ ਸੀ। ਉਹ ਗੱਲਾਂ ਕਰਦੀ, ਪੋਲਾ ਜਿਹਾ ਹੱਥ ’ਤੇ ਹੱਥ ਮਾਰ ਕੇ ਹੱਸਦੀ ਤਾਂ ਉਹਦੇ ਉਪਰਲੇ ਅਗਲੇ ਦੰਦਾਂ ਅੰਦਰਲੀ ਵਿਰਲ ਹੋਰ ਫਬਣ ਲੱਗਦੀ। ਮੈਂ ਮੱਠਾ ਮੱਠਾ ਹੱਸਦੀ ਬੀਬੀ ਦੇ ਚਿਹਰੇ ਵੱਲ ਕਿੰਨਾ ਕਿੰਨਾ ਚਿਰ ਝਾਕਦਾ ਰਹਿੰਦਾ।

ਦੀਪ ਦਵਿੰਦਰ ਸਿੰਘ

ਹੇਠਲੇ ਕਮਰਿਆਂ ’ਚ ਰਹਿੰਦਾ ਚਾਚਾ ਵੀ ਕਦੇ ਕਦਾਈਂ ਉਪਰ ਆ ਬਹਿੰਦਾ। ਕਦੇ ਅਸੀਂ ਟੀ.ਵੀ. ’ਤੇ ਪੁਰਾਣੇ ਫਿਲਮੀ ਗਾਣੇ ਸੁਣਦੇ। ਬੀਬੀ ਵੀ ਸਾਡੇ ਲਾਗੇ ਆ ਬਹਿੰਦੀ। ਅਸੀਂ ਗੱਲ ਗੱਲ ’ਤੇ ਖਿੜ ਖਿੜ ਹੱਸਦੇ। ਉਹ ਦੋਵੇਂ ਵੀ ਮੇਰੇ ਨਾਲ ਨਿਆਣੇ ਹੋ ਜਾਂਦੇ। ਬੀਬੀ ਹਰ ਗੱਲ ’ਚ ਬਰਾਬਰ ਦਾ ਹਿੱਸਾ ਲੈਂਦੀ। ਮੈਨੂੰ ਕਦੇ ਕਦੇ ਲੱਗਦਾ ਜਿਵੇਂ ਉਹ ਭਾਪੇ ਦੇ ਤੁਰ ਜਾਣ ਵਾਲਾ ਗ਼ਮ ਸਹਿਜੇ ਸਹਿਜੇ ਭੁਲਾ ਰਹੀ ਹੋਵੇ।
ਬੀਬੀ ਠੀਕ ਕਹਿੰਦੀ ਸੀ, ‘‘ਸੁਖ ਤਾਂ ਕਰਮਾਂ ਨਾਲ ਮਿਲਦਾ ਬੰਦੇ ਨੂੰ।’’ ਇੰਜ ਹੀ ਹੋਇਆ ਸੀ। ਸਾਡੇ ਕੋਲ ਬਹਿਣ ਕਰਕੇ ਚਾਚੇ ਅਤੇ ਚਾਚੀ ’ਚ ਕਲੇਸ਼ ਰਹਿਣ ਲੱਗਿਆ। ਚਾਚੀ ਤੈਸ਼ ਆਈ ਬੀਬੀ ਅਤੇ ਚਾਚੇ ’ਤੇ ਕਈ ਤਰ੍ਹਾਂ ਦੀਆਂ ਊਜਾਂ ਲਾਉਣ ਲੱਗੀ। ਥੋੜ੍ਹੇ ਦਿਨ ਤਾਂ ਗੱਲ ਉਨ੍ਹਾਂ ਦੇ ਬੰਦ ਕਮਰੇ ’ਚ ਰਹੀ। ਫਿਰ ਬਾਹਰ ਵਿਹੜੇ ’ਚ, ਤੇ ਫਿਰ ਅੱਗੇ ਤੁਰਦੀ ਤੁਰਦੀ ਗਲੀ ਮੁਹੱਲੇ ਤਕ ਖਿਲਰ ਗਈ।
ਹੇਠਾਂ ਵਿਹੜੇ ’ਚ ਚਾਚੀ ਕੋਲ ਸਾਰਾ ਦਿਨ ਤੀਵੀਆਂ ਦਾ ਮੇਲਾ ਲੱਗਿਆ ਰਹਿੰਦਾ। ਚਾਚੀ ਬਿਨਾਂ ਕਿਸੇ ਸੰਗ ਸੰਕੋਚ ਤੋਂ ਹਰ ਆਈ ਗਈ ਨੂੰ ਉੱਚੀ ਹੋ ਹੋ ਦੱਸਦੀ ਕਿ ‘ਔਂਤਰਿਆਂ ਦੀ ਨੇ ਮੇਰੇ ਖਸਮ ਨੂੰ ਮਗਰ ਲਾ ਲਿਆ।’ ਕਈ ਵਾਰੀ ਚਾਚਾ ਉਹਨੂੰ ਇੰਝ ਬੋਲਦੀ ਨੂੰ ਝਈਆਂ ਲੈ ਲੈ ਪੈਂਦਾ। ਉਹ ਘਗਿਆਈ ਆਵਾਜ਼ ’ਚ ਚਾਚੇ ਦੇ ਅੱਗੇ ਹੋ ਹੋ ਬੋਲਦੀ, ‘‘ਜਿਸ … ਦੇ ਕਹੇ ਮੇਰੇ ਵੱਲ ਆਨੇ ਅੱਡ-ਅੱਡ ਵਿੰਹਦਾ ਤੇ ਮਾਰਨ ਲਈ ਦੌੜਦੈਂ, ਜਾਹ ਚਾਦਰ ਪਾ ਲੈ ਉਸੇ ਨਾਲ।’’ ਚਾਚੇ ਨੂੰ ਅੱਗਿਉਂ ਕੋਈ ਗੱਲ ਨਾ ਅਹੁੜਦੀ। ਉਹ ਬਿੱਟਰ-ਬਿੱਟਰ ਝਾਕੀ ਜਾਂਦਾ, ਕਦੇ ਚਾਚੀ ਦੇ ਚਿਹਰੇ ਵੱਲ ਤੇ ਕਦੇ ਖੜ੍ਹੀਆਂ ਤੀਵੀਆਂ ਵੱਲ। ਚਾਚੀ ਕਦੇ ਕਹਿਣ ਲੱਗਦੀ, ‘‘ਪਤਾ ਨਹੀਂ ਕਿੱਥੇ ਕਿੱਥੇ ਸਿਆਣਿਆਂ ਮਗਰ ਜਾਂਦੀ ਐ। ਮੇਰੇ ਚੰਗੇ ਭਲੇ ਬੰਦੇ ਦੇ ਸਿਰ ਧੂੜਤਾ ਕੁਝ। ਇਹਦੀ ਇਸ ਉਮਰੇ ਆ ਕੇ ਮੱਤ ਮਾਰੀ ਗਈ ਐ। ਇਹਨੂੰ ਜਵਾਕ-ਜੱਲਾ ਨਹੀਂ ਦਿਸਦਾ ਆਪਣਾ?’’
ਜੇ ਕੋਈ ਸਿਆਣੀ ਔਰਤ ਅਗਾਂਹ ਹੋ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਅੱਗਿਉਂ ਹੋਰ ਭੜਕ ਜਾਂਦੀ ਤੇ ਬੋਲਣ ਲੱਗਦੀ, ‘‘ਤੂੰ ਦੱਸ ਗੋਰੇ ਦੀ ਮੰਮੀ, ਕਿਹੜੀ ਜ਼ਨਾਨੀ ਚਾਹੁੰਦੀ ਐ ਉਹਦੇ ਘਰ ਇੰਜ ਕਲੇਸ਼-ਖਾਨਾ ਰਹੇ? ਘਰਵਾਲੀ ਮੂਰਖ ਥੋੜ੍ਹੀ ਹੁੰਦੀ ਐ ਜਿਹੜੀ ਆਪਣੀਆਂ ਅੱਖਾਂ ਸਾਹਮਣੇ ਘਰ ਉੱਜੜਦਾ ਵੇਖ ਮੂੰਹ ਨੂੰ ਜਿੰਦਰਾ ਮਾਰ ਛੱਡੇ।’’
ਔਰਤਾਂ, ਲੜਾਈ ਠੰਢੀ ਪਾਉਣ ਲਈ ਹੌਂਸਲਾ ਦੇਂਦੀਆਂ। ਉਹ ਚਾਚੇ ਦੇ ਨਾਲ ਨਾਲ ਬੀਬੀ ਨੂੰ ਵੀ ਮੰਦਾ-ਚੰਗਾ ਬੋਲਣ ’ਚ ਕੋਈ ਕਸਰ ਨਾ ਛੱਡਦੀ।
ਬੀਬੀ ਕਿਸੇ ਨਾ ਕਿਸੇ ਬਹਾਨੇ ਇਸ ਰੌਲੇ-ਗੌਲੇ ਤੋਂ ਦੂਰ ਹੀ ਰਹਿੰਦੀ ਤੇ ਲੱਗਦੀ ਵਾਹ ਮੈਨੂੰ ਵੀ ਚਾਚੀ ਦੀਆਂ ਗੱਲਾਂ ਨਹੀਂ ਸੀ ਸੁਣਨ ਦੇਂਦੀ। ਉਹ ਜਾਂ ਤਾਂ ਮੈਨੂੰ ਕੰਮ ’ਤੇ ਤੋਰ ਦਿੰਦੀ ਜਾਂ ਫਿਰ ਬੂਹਾ ਢੋਹ ਕੇ ਅੰਦਰ ਬੈਠ ਜਾਂਦੀ ਤੇ ਟੀ.ਵੀ. ਦੀ ਆਵਾਜ਼ ਉੱਚੀ ਕਰ ਲੈਂਦੀ। ਮੈਂ ਇਸ ਰੋਜ਼ ਦੀ ਕੈਂ ਕੈਂ ਤੋਂ ਅੱਕ ਗਿਆ ਸਾਂ। ਮੈਨੂੰ ਬੀਬੀ ’ਤੇ ਵੀ ਖਿਝ ਆਉਣ ਲੱਗੀ। ਪਤਾ ਨਹੀਂ ਕਿਉਂ ਇਹ ਚਾਚੀ ਸਾਹਮਣੇ ਇੰਜ ਗੂੰਗੀ ਬਣੀ ਰਹਿੰਦੀ। ਉਹਦੀਆਂ ਊਟ-ਪਟਾਂਗ ਗੱਲਾਂ ਦਾ ਜਵਾਬ ਕਿਉਂ ਨਹੀਂ ਸੀ ਦਿੰਦੀ।
ਪਤਾ ਨਹੀਂ ਇਹ ਬੀਬੀ ਦੀ ਸੂਝ-ਬੂਝ ਸੀ ਜਾਂ ਉਹ ਬਿਨਾਂ ਵਜ੍ਹਾ ਰੌਲਾ ਪਾ ਕੇ ਗੱਲ ਵਧਾਉਣਾ ਨਹੀਂ ਸੀ ਚਾਹੁੰਦੀ। ਪਰ ਉਹਦੇ ਇੰਝ ਕੀਤਿਆਂ ਵੀ ਇਹ ਰੋਜ਼ ਦੀ ਕਿਚਕਿਚ ਕਿੱਥੇ ਮੁੱਕੀ ਸੀ, ਉਸ ਰਾਤ ਤਾਂ ਹੱਦ ਹੋ ਗਈ। ਚਾਚੀ ਕਿਤੇ ਲਾਗੇ ਬੰਨੇ ਗਈ ਸੀ ਸ਼ਾਇਦ। ਚਾਚਾ ਅੱਖ ਬਚਾਅ ਕੇ ਉਪਰ ਆ ਗਿਆ ਤੇ ਮੇਰੇ ਲਾਗੇ ਆਣ ਬੈਠਾ ਸੀ।
ਮੈਂ ਸੋਚਦਾ ਸਾਂ ਕਿ ਘਰ ’ਚ ਪਏ ਨਿੱਤ ਦੇ ਕਲੇਸ਼ ਨੂੰ ਰੋਕਣ ਲਈ ਚਾਚੇ ਨੂੰ ਹੁਣ ਉਪਰ ਨਹੀਂ ਆਉਣਾ ਚਾਹੀਦਾ ਜਾਂ ਫਿਰ ਬੀਬੀ ਉਹਨੂੰ ਇਧਰ ਆਉਣ-ਜਾਣ ਤੋਂ ਵਰਜੇ। ਪਰ ਬੀਬੀ ਦੀ ਇਸ ਮਸਲੇ ’ਚ ਵੱਟੀ ਚੁੱਪ ਮੇਰੀ ਸਮਝ ਤੋਂ ਬਾਹਰ ਸੀ। ਮੇਰੀ ਪੈਰੋ-ਪੈਰ ਵਧ ਰਹੀ ਚਿੰਤਾ ਦੇ ਉਲਟ ਹੇਠੋਂ ਕਿਸੇ ਕਿਸਮ ਦੇ ਹੋ ਹੱਲੇ ਦੀ ਅਵਾਜ਼ ਨਹੀਂ ਸੀ ਆਈ। ਚਾਚਾ ਆਰਾਮ ਨਾਲ ਜਿਨ੍ਹੀਂ ਪੈਰੀਂ ਉਪਰ ਆਇਆ ਸੀ ਬਿਨਾਂ ਆਵਾਜ਼ ਕੀਤਿਆਂ ਹੇਠਾਂ ਉਤਰ ਗਿਆ ਸੀ।
ਏਨੇ ਸਮੇਂ ’ਚ ਬੀਬੀ ਨੇ ਵੀ ਆਪਣਾ ਕੰਮ-ਧੰਦਾ ਸਮੇਟ ਲਿਆ ਸੀ ਤੇ ਅਸੀਂ ਆਪੋ ਆਪਣੀ ਥਾਂ ’ਤੇ ਟੇਢੇ ਹੋਣ ਦੀ ਤਿਆਰੀ ’ਚ ਹੀ ਸਾਂ ਜਦੋਂ ਹੇਠਾਂ ਚੀਕ ਚਿਹਾੜਾ ਮੱਚ ਗਿਆ। ਮੈਂ ਬੀਬੀ ਦੇ ਪਿੱਛੇ ਪਿੱਛੇ ਕਾਹਲੀ ਨਾਲ ਹੇਠਾਂ ਉਤਰਿਆ। ਸਾਡੇ ਨਾਲ ਹੀ ਹੋਰ ਆਂਢੀ-ਗੁਆਂਢੀ ਵੀ ਰੌਲਾ ਸੁਣ ਕੇ ਵਿਹੜੇ ’ਚ ਆਣ ਇਕੱਠੇ ਹੋਏ। ਹੋਰਨਾਂ ਵਾਂਗ ਅਸੀਂ ਵੀ ਅਗਾਂਹ ਹੋ ਕੇ ਅੰਦਰ ਝਾਤੀ ਮਾਰੀ। ਚਾਚੀ ਅੰਦਰ ਮੰਜੇ ’ਤੇ ਚੌਫਾਲ ਪਈ ਸੀ। ਕਮਰੇ ਅੰਦਰ ਫੈਲੀ ਅਜੀਬ ਕਿਸਮ ਦੀ ਹੁੰਮਕਾਰ ਦਿਮਾਗ਼ ਨੂੰ ਚੜ੍ਹ ਰਹੀ ਸੀ। ਜ਼ਨਾਨੀਆਂ ਇਕ ਦੂਜੀ ਦੇ ਉਤੋਂ ਦੀ ਹੋ ਹੋ ਕੇ ਚਾਚੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਕੋਈ ਕਹਿੰਦੀ, ‘‘ਬੰਦੇ ਹੱਥੋਂ ਦੁਖੀ ਸੀ ਵਿਚਾਰੀ, ਖਾ ਲਿਆ ਕੁਝ ਅਗਲੀ ਨੇ।’’
ਦੂਜੀ ਕਹਿੰਦੀ, ‘‘ਕਣਕ ’ਚ ਰੱਖਣ ਵਾਲੀਆਂ ਗੋਲੀਆਂ ਦਾ ਫੱਕਾ ਮਾਰਿਆ ਲੱਗਦੈ।’’
‘‘ਨਿੱਤ ਦਾ ਕਲੇਸ਼ ਇੰਝ ਈ ਵਸਦੇ ਘਰ ਉਜਾੜ ਦਿੰਦਾ ਏ।’’ ਵਰਗੀਆਂ ਅਨੇਕਾਂ ਗੱਲਾਂ। ਬੀਬੀ ਪਰ੍ਹਾਂ ਹਟਵੀਂ ਕੰਧ ਦਾ ਆਸਰਾ ਲਈ ਖੜ੍ਹੀ ਸੀ ਚੁੱਪ-ਚਾਪ। ਕਿਸੇ ਦੀਆਂ ਵੀ ਗੱਲਾਂ ’ਚ ਹਿੱਸਾ ਨਹੀਂ ਸੀ ਲਿਆ ਉਸ ਨੇ। ਗਲੀ ਗੁਆਂਢ ’ਚੋਂ ਕਈਆਂ ਨੇ ਚਾਚੇ ਨਾਲ ਹਿੰਮਤ ਕੀਤੀ ਸੀ ਤੇ ਚਾਚੀ ਨੂੰ ਡਾਕਟਰ ਦੇ ਲੈ ਕੇ ਗਏ ਸਨ।
ਖੜ੍ਹੀਆਂ ਤੀਵੀਆਂ ਬੀਬੀ ਲਾਗੇ ਆਣ ਖਲੋਤੀਆਂ। ਗੋਰੇ ਦੀ ਝਾਈ ਨੇ ਗੱਲ ਸ਼ੁਰੂ ਕੀਤੀ, ‘‘ਰਾਜੇ ਦੀ ਮੰਮੀ, ਸੱਚ ਝੂਠ ਤਾਂ ਭਗਵਾਨ ਜਾਣਦੈ, ਪਰ ਅਗਲੀ ਦੇ ਮਨ ’ਚ ਸ਼ੱਕ ਬਹਿ ਗਿਆ। ਤਾਂ ਹੀ ਇਨ੍ਹਾਂ ਦੋਹਾਂ ਜੀਆਂ ’ਚ ਪਿਛਲੇ ਕਈ ਦਿਨਾਂ ਤੋਂ ਪਿਆ ਕਲੇਸ਼ ਵਧਦਾ-ਵਧਦਾ ਇੱਥੋਂ ਤੀਕ ਆਣ ਪਹੁੰਚਿਆ।’’ ਕਹਿੰਦਿਆਂ ਉਹ ਬੀਬੀ ਵੱਲ ਥੋੜ੍ਹਾ ਹੋਰ ਸਰਕ ਗਈ ਤੇ ਗੱਲ ਜਾਰੀ ਰੱਖੀ, ‘‘ਰਾਜੇ ਦੀ ਮੰਮੀ ਸਿਆਣਪ ਵਰਤ,’’ ਨਾਲ ਹੀ ਉਸ ਨੇ ਆਪਣੀ ਆਵਾਜ਼ ਥੋੜ੍ਹੀ ਹੋਰ ਧੀਮੀ ਕਰ ਲਈ ਸੀ ਜਿਵੇਂ ਕੋਈ ਗੁੱਝੇ ਭੇਤ ਵਾਲੀ ਗੱਲ ਸਮਝਾਉਣ ਲੱਗੀ ਹੋਵੇ, ਅਖੇ ‘‘ਬੰਦਿਆਂ ਦਾ ਕੀ ਐ, ਨਾਤੇ-ਧੋਤੇ ਓਹੋ ਜਿਹੇ ਦੇ ਓਹੋ ਜਿਹੇ, ਜ਼ਨਾਨੀ ਦੇ ਮੱਥੇ ਲੱਗਿਆ ਇਕ ਵਾਰੀ ਦਾ ਦਾਗ ਉਮਰ ਭਰ ਨਹੀਂ ਲਹਿੰਦਾ। ਇਸ ਲਈ ਕਿਹਾ ਮੰਨ ਤੇ ਇਹਨੂੰ ਉਪਰ ਆਉਣ ਜਾਣ ਤੋਂ ਵਰਜ।’’ ਉਸ ਨੇ ਬਿਨਾਂ ਬੀਬੀ ਦਾ ਹੁੰਗਾਰਾ ਉਡੀਕੇ, ਆਪਣੀ ਗੱਲ ਜਾਰੀ ਰੱਖੀ ਤੇ ਹੋਰ ਹਲੀਮੀ ਨਾਲ ਬੋਲੀ, ‘‘ਤੂੰ ਅੱਗੇ ਕਿਹੜੀ ਸੌਖੀ ਐਂ ਆਪਣੇ ਘਰ, ਰੱਬ ਤਾਂ ਪਹਿਲਾਂ ਹੀ ਉਤਰ ਕੇ ਲੜਿਆ ਤੇਰੇ ਨਾਲ,’’ ਤੇ ਨਾਲ ਹੀ ਉਸ ਨੇ ਬੀਬੀ ਦੇ ਮੋਢੇ ’ਤੇ ਪੋਲਾ ਜਿਹਾ ਹੱਥ ਧਰਿਆ। ਮੈਂ ਵੇਖਿਆ ਕਿ ਬੀਬੀ ਦੀਆਂ ਅੱਖਾਂ ਆਪ-ਮੁਹਾਰੇ ਸਿੱਲ੍ਹੀਆਂ ਹੁੰਦੀਆਂ ਜਾ ਰਹੀਆਂ ਸਨ। ਆਂਟੀ ਨੇ ਸ਼ਾਇਦ ਬੀਬੀ ਦੀ ਇਸ ਅਵਸਥਾ ਨੂੰ ਭਾਂਪ ਲਿਆ ਸੀ। ਇਸੇ ਲਈ ਉਸ ਨੇ ਆਪਣੀ ਗੱਲ ਦਾ ਰੁਖ਼ ਬਦਲਦਿਆਂ ਕਿਹਾ ਸੀ, ‘‘ਚਲ ਓ ਜਾਣੇ, ਵੇਲਾ ਇਕੋ ਜਿਹਾ ਨਹੀਂ ਰਹਿੰਦਾ। ਸੁਖ ਨਾਲ ਪੁੱਤ ਤੇਰਾ ਕੰਮ-ਧੰਦੇ ਨੂੰ ਜਾਣ ਲੱਗ ਪਿਆ। ਹੋਰ ਚਹੁੰ ਵਰ੍ਹਿਆਂ ਦੀ ਗੱਲ ਐ। ਦਿਨ ਫਿਰ ਜਾਣੇ ਐਂ ਤੇਰੇ ਵੀ,’’ ਕਹਿੰਦਿਆਂ ਗੋਰੇ ਦੀ ਝਾਈ ਚੁੱਪ ਹੋ ਗਈ। ਮੈਂ ਵੇਖਿਆ ਆਂਟੀ ਦੀ ਗੱਲ ਖ਼ਤਮ ਹੋਣ ਤਕ ਬੀਬੀ ਦੇ ਮੱਥੇ ’ਤੇ ਪਈਆਂ ਤਿਊੜੀਆਂ ਤਾਂ ਹੌਲੀ ਹੌਲੀ ਖ਼ਤਮ ਹੋ ਗਈਆਂ ਸਨ, ਪਰ ਉਹਦੇ ਚਿਹਰੇ ’ਤੇ ਚਿੰਤਾ ਅਤੇ ਉਦਾਸੀ ਦਾ ਰਲਵਾਂ-ਮਿਲਵਾਂ ਪਰਛਾਵਾਂ ਸਾਫ਼ ਦਿਖਾਈ ਦਿੰਦਾ ਸੀ।
ਚਾਚੀ ਨੇ ਡਰਾਵਾ ਦੇਣ ਲਈ ਨੀਂਦ ਵਾਲੀਆਂ ਗੋਲੀਆਂ ਦਾ ਫੱਕਾ ਮਾਰਿਆ ਸੀ। ਚਾਚੀ ਦੇ ਇਸ ਕਦਮ ਨਾਲ ਬੀਬੀ ਸੱਚਮੁੱਚ ਡਰ ਗਈ। ਉਹ ਬਹੁਤਾ ਸਮਾਂ ਬੂਹਾ ਢੋਹ ਕੇ ਅੰਦਰ ਪਈ ਰਹਿੰਦੀ। ਕਈ ਵਾਰੀ ਰਾਤ ਨੂੰ ਮੇਰੀ ਸੁੱਤੇ ਪਏ ਦੀ ਅੱਖ ਖੁੱਲ੍ਹਦੀ। ਬਲਬ ਦੀ ਮਰੀਅਲ ਜਿਹੀ ਲੋਅ ’ਚ ਬੀਬੀ ਬਿਟਰ-ਬਿਟਰ ਸਾਹਮਣੇ ਕੰਧ ਨਾਲ ਟੰਗੀ ਭਾਪੇ ਦੀ ਫੋਟੋ ਵੱਲ ਝਾਕ ਰਹੀ ਹੁੰਦੀ। ਮੈਂ ਬਹੁਤੀ ਹਿਲਜੁਲ ਨਾ ਕਰਦਾ। ਕੰਨ ਲਾ ਕੇ ਉਹਦੇ ਮੂੰਹ ਅੰਦਰਲੀ ਬੁੜਬੁੜ ਸੁਣਨ ਦੀ ਕੋਸ਼ਿਸ਼ ਕਰਦਾ। ਉਹ ਕਹਿੰਦੀ, ‘‘ਭਲਿਆ ਲੋਕਾ, ਹਈਥੇ ਕੰਧ ’ਤੇ ਚੜ੍ਹ ਕੇ ਬਹਿਣ ਦੀ ਕਿੰਨੀ ਕੁ ਕਾਹਲ ਸੀ ਤੈਨੂੰ? ਸੱਚੀਂ! ਨਾ ਤਾਂ ਖੜ੍ਹਨ ਵਾਲੇ ਨੇ, ਤੇ ਨਾ ਹੀ ਤੂੰ ਜਾਣ ਵਾਲੇ ਨੇ, ਕੁਝ ਨਹੀਂ ਸੋਚਿਆ ਆਪਣੇ ਪਿਛਲਿਆਂ ਦਾ। ਤੂੰ ਵੀ ਸਭ ਕੁਝ ਛੱਡ ਛਡਾਅ ਜਾਣ ਦੀ ਕੀਤੀ। ਤੇਰੇ ਜਾਣ ਕਰਕੇ ਜਿਹੜਾ ਮੇਰੀਆਂ ਨਾਸਾਂ ’ਚ ਦਮ ਆਇਆ ਰਹਿੰਦਾ, ਮੈਨੂੰ ਵੀ ਕੋਈ ਖੂਹ ਟੋਭਾ ਦੱਸ ਜਾਣਾ ਸੀ ਜਿੱਥੇ ਮੈਂ ਵੀ ਆਪਣੀ ਬੰਦ ਖਲਾਸੀ ਕਰਾਉਂਦੀ।’’
ਕਦੇ ਮੇਰਾ ਜੀਅ ਕਰਦਾ, ਮੈਂ ਉੱਠ ਕੇ ਬੀਬੀ ਨੂੰ ਦਿਲਾਸਾ ਦੇਵਾਂ। ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਾਂ। ਕਿਸੇ ਤਰ੍ਹਾਂ ਗੱਲਾਂ ਸੁਣਦੀ ਸੁਣਦੀ ਦੀ ਇਹਦੀ ਅੱਖ ਲੱਗ ਜਾਵੇ, ਪਰ ਇੰਝ ਕਰਨ ਨੂੰ ਕਦੇ ਵੀ ਹਿੰਮਤ ਮੇਰਾ ਸਾਥ ਨਾ ਦੇਂਦੀ। ਮੈਂ ਬੀਬੀ ਵਾਂਗ ਹੀ ਹੋਰ ਘੁੰਮਣ-ਘੇਰੀਆਂ ’ਚ ਉਲਝਿਆ, ਸੰਘਣੀ ਰਾਤ ਦਾ ਪੈਂਡਾ ਨਾਪਦਾ ਰਹਿੰਦਾ ਸਾਂ।
ਇਨ੍ਹਾਂ ਦਿਨਾਂ ’ਚ ਹੀ ਬੀਬੀ ਨਾਲ ਕੰਮ ਕਰਦੀ ਰਹੀ ਭੋਲੀ ਆਂਟੀ ਦਾ ਬੀਬੀ ਲਾਗੇ ਆਉਣਾ ਜਾਣਾ ਵਧ ਗਿਆ। ਜਦ ਕਦੇ ਮੈਂ ਘਰ ਹੁੰਦਾ ਤਾਂ ਉਹ ਦੋਵੇਂ ਮੇਰੇ ਤੋਂ ਵਿੱਥ ਪਾ ਕੇ ਬਹਿਣ ਦੀ ਕੋਸ਼ਿਸ਼ ਕਰਦੀਆਂ। ਕਦੇ ਕਦੇ ਆਂਟੀ ਬੀਬੀ ਦੇ ਕੰਨ ਲਾਗੇ ਮੂੰਹ ਕਰਕੇ ਹੌਲੀ ਹੌਲੀ ਜਿਹੀ ਕੋਈ ਗੱਲ ਦੱਸਦੀ, ਉਸ ਵੇਲੇ ਬੀਬੀ ਦੇ ਚਿਹਰੇ ’ਤੇ ਕਈ ਰੰਗ ਬਦਲਦੇ ਸਨ। ਉਹ ਉਪਰ ਲਈ ਚੁੰਨੀ ਦੀ ਕੰਨੀ ਨੂੰ ਆਪਣੇ ਅੰਗੂਠੇ ਨਾਲ ਦੀ ਉਂਗਲ ਦੁਆਲੇ ਵਲ੍ਹੇਟਦੀ ਤੇ ਮੁੜ ਉਧੇੜਦੀ। ਇਸ ਉਧੇੜ-ਬੁਣ ’ਚ ਉਹ ਕਿੰਨਾ ਕਿੰਨਾ ਚਿਰ ਉਲਝੀ ਰਹਿੰਦੀ। ਇਉਂ ਉਹ ਬੈਠਿਆਂ ਬੈਠਿਆਂ, ਅੱਖਾਂ ਦੀਆਂ ਪਲਕਾਂ ਥੋੜ੍ਹਾ ਉਪਰ ਚੁੱਕ ਕੇ ਫੇਰਵੀਂ ਜਿਹੀ ਨਜ਼ਰੇ ਮੇਰੇ ਵੱਲ ਝਾਕਦੀ। ਮੇਰੇ ਨਾਲ ਅੱਖ ਮਿਲਦਿਆਂ ਸਾਰ ਉਹ ਕੱਚੀ ਜਿਹੀ ਹੋਈ, ਅੱਖਾਂ ਨੀਵੀਆਂ ਕਰ ਲੈਂਦੀ। ਮੈਂ ਖੜ੍ਹਾ ਖੜ੍ਹਾ ਕਈ ਤਰ੍ਹਾਂ ਦੇ ਕਿਆਫ਼ੇ ਲਾਉਂਦਾ। ਫਿਰ ਵੀ ਮੈਨੂੰ ਉਨ੍ਹਾਂ ਦੋਹਾਂ ਦੀ ਘੁਸਰ-ਮੁਸਰ ਦਾ ਕੋਈ ਸਿਰਾ ਹੱਥ ਨਹੀਂ ਸੀ ਲੱਗਦਾ। ਪਰ ਮੈਨੂੰ ਇਸ ਗੱਲ ਦਾ ਧੀਰਜ ਜ਼ਰੂਰ ਬੱਝਦਾ ਸੀ ਕਿ ਬੀਬੀ ਖ਼ੁਸ਼ ਰਹਿਣ ਲੱਗੀ ਸੀ। ਉਹਦੀਆਂ ਬੁਝੀਆਂ ਬੁਝੀਆਂ ਅੱਖਾਂ ਵਿਚ ਫਿਰ ਲਿਸ਼ਕ ਉਤਰ ਆਈ ਸੀ। ਉਹਦਾ ਜੀਅ ਘਰ ਦੇ ਕੰਮ-ਕਾਰ ’ਚ ਮੁੜ ਪਰਚਣ ਲੱਗਿਆ।
ਕੰਮ ’ਚ ਤਾਂ ਮੈਂ ਵੀ ਪੂਰਾ ਪਰਚ ਗਿਆ ਸਾਂ। ਖ਼ਾਸ ਕਰਕੇ ਚੜ੍ਹਦੀ ਜੰਝ ਦੇ ਅੱਗੇ ਹੋ ਹੋ ਕੇ ਛੁਣਛੁਣੇ ਵਜਾਉਣ ਦਾ ਚਾਅ ਮੈਥੋਂ ਸਾਂਭਿਆ ਨਹੀਂ ਸੀ ਜਾਂਦਾ। ਮੈਂ ਨਾਲਦਿਆਂ ਤੋਂ ਦੋ ਪੈਰ ਅਗਾਂਹ ਹੋ ਕੇ ਛੁਣਛੁਣੇ ਵਜਾਉਂਦਾ। ਮੈਨੂੰ ਲੱਗਦਾ, ਜਿਵੇਂ ਔਰਤਾਂ-ਮਰਦਾਂ ਦਾ ਰਲਵਾਂ ਮਿਲਵਾਂ ਝੁੰਡ ਮੇਰੇ ਇਸ਼ਾਰੇ ’ਤੇ ਨੱਚ ਰਿਹਾ ਹੋਵੇ। ਮੈਂ ਉਨ੍ਹਾਂ ਦੇ ਥਿਰਕਦੇ ਪੈਰਾਂ ਤੇ ਲੱਕ ਦੇ ਹੁਲਾਰਿਆਂ ਦੇ ਤਾਲ ਨਾਲ ਆਪਣੀਆਂ ਬਾਹਾਂ ਦਾ ਤਾਲ ਵੀ ਮੇਚ ਲੈਂਦਾ ਸਾਂ।
ਇਸੇ ਤਰ੍ਹਾਂ ਹੀ ਸ਼ਹਿਰ ਦੇ ਕਹਿੰਦੇ ਕਹਾਉਂਦੇ ਸ਼ਾਹੂਕਾਰਾਂ ਦੇ ਮੁੰਡੇ ਦੀ ਬਰਾਤ ਸੀ ਉਸ ਦਿਨ। ਨੋਟਾਂ ਦਾ ਮੀਂਹ ਵਰ੍ਹ ਰਿਹਾ ਸੀ। ਨੱਚਦੇ ਗੱਭਰੂ ਤੇ ਮੁਟਿਆਰਾਂ ਦੇ ਪੈਰਾਂ ਹੇਠ ਮਿੱਧੇ ਜਾ ਰਹੇ ਕੜਕਦੇ ਨੋਟਾਂ ਨੂੰ ਫੜਨ ਦਾ ਵਾਰ ਨਹੀਂ ਸੀ ਆ ਰਿਹਾ। ਉਸਤਾਦ ਵੀ ਅੱਜ ਇਕ ਤੋਂ ਇਕ ਗਾਣੇ ਦੀ ਧੁਨ ਕੱਢ ਰਿਹਾ ਸੀ। ਚਾਰੇ ਪਾਸੇ ਨੱਚਣ ਭੁੜਕਣ ਵਾਲਿਆਂ ਦੀ ਦਲੀ ਦੀ ਮਲੀ ਦੀ ਹੋ ਰਹੀ ਸੀ।
ਇਸ ਹੋ ਹੱਲੇ ’ਚ ਅਸੀਂ ਪੁੱਠੇ ਪੈਰੀਂ ਫਾਰਮ ਹਾਊਸ ਦੇ ਗੇਟ ਵੱਲ ਖਿਸਕ ਰਹੇ ਸਾਂ। ਇਸੇ ਰੌਲੇ ’ਚ ਕਿਸੇ ਨੇ ਮੈਨੂੰ ਮੋਢੇ ਤੋਂ ਫੜ ਕੇ ਹਲੂਣਿਆ ਸੀ ਤੇ ਆਵਾਜ਼ ਮਾਰੀ ਸੀ। ਮੈਂ ਖੜ੍ਹੇ ਖੜ੍ਹੇ ਨੇ ਧੌਣ ਭੁਆਂ ਕੇ ਵੇਖਿਆ ਤਾਂ ਸਾਡੀ ਗਲੀ ਵਾਲਾ ਰਿੰਕੂ ਖੜ੍ਹਾ ਸੀ। ਮੈਨੂੰ ਪਤੈ ਇਹ ਅੱਗੇ ਵੀ ਕਈ ਵਾਰੀ ਵਿਆਹ-ਸ਼ਾਦੀਆਂ ’ਚ ਪੈਸੇ ਲੁੱਟਣ ਆ ਜਾਂਦਾ ਹੁੰਦੈ। ਅੱਜ ਵੀ ਆਇਆ ਹੋਊ। ਇਹ ਸੋਚਦਿਆਂ ਮੈਂ ਆਪਣੇ ਚਿਹਰੇ ’ਤੇ ਬਨਾਉਟੀ ਜਿਹੀ ਮੁਸਕਰਾਹਟ ਲਿਆਂਦੀ ਤੇ ਉਸ ਤੋਂ ਮੂੰਹ ਫੇਰ ਲਿਆ।
‘‘ਰਾਜਿਆ, ਗੱਲ ਤਾਂ ਸੁਣ ਲੈ, ਫਿਰ ਵਜਾਉਂਦਾ ਰਹੀਂ ਛੁਣਛੁਣੇ,’’ ਉਸ ਨੇ ਥੋੜ੍ਹਾ ਤਲਖ਼ੀ ’ਚ ਕਿਹਾ।
ਮੈਂ ਫਿਰ ਧੌਣ ਉਹਦੇ ਵੱਲ ਭੁਆਈਂ ਤੇ ਭਰਵੱਟੇ ਉਪਰ ਥੱਲੇ ਕਰਦਿਆਂ ਮੂੰਹੋਂ ‘ਹੂੰ’ ਕਿਹਾ ਸੀ। ਇਸ ਵੇਰਾਂ ਰਿੰਕੂ ਨੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਤੇ ਅੱਗੇ ਨਾਲੋਂ ਸਹਿਜ ਹੋ ਕੇ ਕਿਹਾ, ‘‘ਰਾਜਿਆ, ਯਾਰ ਆਪਣੀ ਗਲੀ ’ਚ ਸਵੇਰ ਦਾ ਰੌਲਾ ਪਿਆ ਕਿ ਅੱਜ ਤੇਰੀ ਬੀਬੀ ਦਾ ਵੀ ਵਿਆਹ ਐ।’’ ਇਹ ਕਹਿੰਦਿਆਂ ਉਹ ਚੁੱਪ ਹੋ ਗਿਆ।
ਮੇਰਾ ਜੀਅ ਕੀਤਾ ਕਿ ਕਾਲੇ ਮੂੰਹ ਵਾਲੇ ਦੇ ਮੱਥੇ ’ਚ ਛੁਣਛੁਣੇ ਜੋੜ ਕੇ ਮਾਰਾਂ ਤੇ ਘਗਰ ਖੋਲ੍ਹਦਿਆਂ ਇਹਦਾ।
ਰਿੰਕੂ ਫਿਰ ਬੋਲਿਆ, ‘‘ਮੇਰੀ ਝਾਈ ਹੁਰੀਂ ਗੱਲਾਂ ਕਰਦੀਆਂ ਸਨ ਕਿ ਉਹ ਜਿਹੜੀ ਮੋਟੀ ਜਿਹੀ ਆਂਟੀ ਆਉਂਦੀ ਐ ਤੁਹਾਡੇ ਵੱਲ, ਉਹਨੇ ਕਿਤੇ ਗੱਲ ਕਰਵਾਈ ਐ।’’ ਸੁਣਦਿਆਂ ਮੇਰੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ। ਮੇਰਾ ਜੀਅ ਕਰੇ ਕਿ ਮੈਂ ਸਭ ਕੁਝ ਛੱਡ, ਘਰ ਨੂੰ ਪਰਤ ਜਾਵਾਂ ਤੇ ਘਰੋਂ ਜਾਂਦੀ ਬੀਬੀ ਨੂੰ ਜਾ ਡੱਕਾਂ। ਉਹਨੂੰ ਬਾਂਹੋਂ ਫੜ ਕੇ ਮੋੜਦਿਆਂ ਪੁੱਛਾਂ ਕਿ ‘ਬੀਬੀਏ! ਚੰਗੇ ਭਲੇ ਤਾਂ ਰਹਿਨੇ ਆਪਾਂ। ਹੁਣ ਤੂੰ ਕੀ ਭਾਲਣ ਚੱਲੀ ਐਂ।’ ਮੈਨੂੰ ਲੱਗਿਆ ਜਿਵੇਂ ਹੱਥਾਂ ’ਚ ਫੜੇ ਛੁਣਛੁਣੇ ਮਣਾਂ-ਮੂੰਹੀਂ ਭਾਰੇ ਹੋ ਗਏ ਹੋਣ। ਖਲੋਤੇ ਦੀਆਂ ਲੱਤਾਂ ’ਚ ਕੰਬਣੀ ਛਿੜਨ ਲੱਗੀ। ਉਸਤਾਦ ਵੱਲੋਂ ਕੱਢੀਆਂ ਜਾ ਰਹੀਆਂ ਧੁਨਾਂ ਮੇਰੇ ਕੰਨਾਂ ’ਚ ਕਿਰਚਾਂ ਵਾਂਗ ਵੱਜ ਰਹੀਆਂ ਸਨ। ਇਉਂ ਲੱਗਦਾ ਸੀ ਜਿਵੇਂ ਮੈਨੂੰ ਹੋਰ ਜਿੱਚ ਕਰਨ ਲਈ ਹੀ ਭੀੜ ਮੇਰੇ ਅੱਗੇ ਪਿੱਛੇ ਹੋ ਕੇ ਨੱਚ ਰਹੀ ਹੋਵੇ। ਮੈਨੂੰ ਲੱਗਦਾ ਸੀ ਜਿਵੇਂ ਛੁਣਛੁਣਿਆਂ ਵਾਂਗ ਮੈਂ ਆਪ ਵੱਜ ਰਿਹਾ ਹੋਵਾਂ। ਮੈਂ ਆਪੇ ਤੋਂ ਬਾਹਰ ਹੋ ਰਿਹਾ ਸਾਂ। ਮੇਰਾ ਦਿਲ ਕਰ ਰਿਹਾ ਸੀ ਕਿ ਰਾਮਲੀਲ੍ਹਾ ’ਚ ਬਣੀ ਹਨੂੰਮਾਨ ਦੀ ਸੈਨਾ ਦੇ ਹੱਥਾਂ ’ਚ ਫੜੇ ਗੁਰਜ ਵਾਂਗ ਛੁਣਛੁਣਿਆਂ ਨੂੰ ਵਲ੍ਹੇਟ ਵਲ੍ਹੇਟ ਕੇ ਡੰਗਰਾਂ ਵਾਂਗ ਖੌਰੂ ਪਾਉਂਦੀ ਮੁੰਡੀਰ ਦੇ ਸਿਰਾਂ ’ਚ ਮਾਰਾਂ ਤੇ ਲਹੂ ਲੁਹਾਣ ਕਰ ਦਿਆਂ ਇਨ੍ਹਾਂ ਸਾਰਿਆਂ ਨੂੰ।
ਪੈ ਰਿਹਾ ਰੌਲਾ ਮੈਨੂੰ ਭਾਪੇ ਮਰੇ ’ਤੇ ਆਈਆਂ ਮੁਕਾਣਾਂ ਦੇ ਚੀਕ ਚਿਹਾੜੇ ਵਾਂਗ ਸੁਣਾਈ ਦੇਣ ਲੱਗਿਆ। ਇਸੇ ਕਰਕੇ ਵਿਆਹ ਵਾਲਾ ਰੰਗ ਫਿੱਕਾ ਪੈ ਗਿਆ। ਸ਼ਾਮ ਢਲੇ ਮੈਂ ਅਣਮੰਨੇ ਜਿਹੇ ਮਨ ਨਾਲ ਆਪਣੇ ਘਰ ਨੂੰ ਮੁੜਦੀ ਗਲੀ ਵਾਲਾ ਮੋੜ ਮੁੜਿਆ। ਗਲੀ ’ਚ ਚੁੱਪ ਚਾਂ ਵਰਤੀ ਹੋਈ ਸੀ। ਮੈਂ ਘਰ ਤੀਕ ਆਉਂਦਿਆਂ ਮਨ ਹੀ ਮਨ ਕਈ ਗੁਰੂਆਂ ਪੀਰਾਂ ਨੂੰ ਅਰਾਧਿਆ ਸੀ ਕਿ ਰੱਬ ਸੱਚਿਆ! ਬੀਬੀ ਘਰ ’ਚ ਹੀ ਨਿੱਕਾ-ਮੋਟਾ ਕੰਮ ਧੰਦਾ ਕਰਦੀ ਰੋਜ਼ ਵਾਂਗ ਹੀ ਮੈਨੂੰ ਅਗਲਵਾਂਡੀ ਮਿਲੇ। ਗਲ ਲਾਵੇ। ਮੂੰਹ ਸਿਰ ਚੁੰਮੇ ਜਿਵੇਂ ਅਕਸਰ ਕਰਦੀ ਐ। ਸਾਹਮਣੇ ਕਮਰੇ ਦਾ ਅੱਧ-ਢੁੱਕਾ ਜਿਹਾ ਤਖਤਾ ਵੇਖ ਮੈਨੂੰ ਪਹਿਲੀ ਨਜ਼ਰੇ ਝਾਉਲਾ ਵੀ ਇੰਝ ਹੀ ਪਿਆ ਸੀ, ਪਰ ਮੇਰੀਆਂ ਭਾਲ ਕਰਦੀਆਂ ਅੱਖਾਂ ਨੂੰ ਕੁਝ ਵੀ ਨਜ਼ਰੀਂ ਨਹੀਂ ਸੀ ਪਿਆ। ਘਰ ਦੀ ਹਰ ਸ਼ੈਅ ਆਪੋ ਆਪਣੇ ਟਿਕਾਣੇ ਪਈ ਸੀ, ਪਰ ਬੀਬੀ ਘਰ ’ਚ ਕਿਧਰੇ ਵੀ ਨਹੀਂ ਸੀ। ਸੁੰਞੇ ਘਰ ਦੀਆਂ ਕੰਧਾਂ ਮੈਨੂੰ ਵੱਢ ਖਾਣ ਨੂੰ ਆ ਰਹੀਆਂ ਸਨ।
ਬੀਬੀ ਇੰਝ ਘਰ ਸੁੰਞਾਂ ਛੱਡ ਕੇ ਕਦੀ ਵੀ ਨਹੀਂ ਸੀ ਗਈ ਤੇ ਨਾ ਹੀ ਮੈਨੂੰ ਹਨੇਰੇ ਹੋਏ ਕਿਤੇ ਜਾਣ ਦਿੰਦੀ ਸੀ। ਚੁੱਪ-ਚੁਪੀਤਿਆਂ ਕੀਤਾ ਬੀਬੀ ਦਾ ਇਹ ਫ਼ੈਸਲਾ ਮੇਰੀ ਸਮਝ ਤੋਂ ਬਾਹਰ ਸੀ। ਪੈਰੋ-ਪੈਰ ਵਿਹੜੇ ’ਚ ਉਤਰ ਰਹੀ ਰਾਤ ਦਾ ਡਰ ਮੈਨੂੰ ਮੌਤ ਤੋਂ ਵੀ ਭਿਆਨਕ ਲੱਗ ਰਿਹਾ ਸੀ। ਦਿਮਾਗ਼ ’ਚ ਕਈ ਤਰ੍ਹਾਂ ਦੇ ਮਾਰੂ ਤੂਫ਼ਾਨ ਉੱਠ ਖਲੋਤੇ। ਮੇਰੇ ਇੰਜ ਖਲੋਤਿਆਂ ਹੀ ਗੁਆਂਢੀਆਂ ਦੇ ਬਨੇਰੇ ਤੋਂ ਕਾਲੀ ਬਿੱਲੀ ਨੇ ਵਿਹੜੇ ’ਚ ਛਾਲ ਮਾਰੀ ਤਾਂ ਮੇਰੀ ਡਰਦੇ ਮਾਰੇ ਡਾਡ ਵੱਜੀ ਸੀ ਤੇ ਮੂੰਹੋਂ ‘ਹਾਏ ਬੀਬੀਏ’ ਨਿਕਲਿਆ ਸੀ। ਮੇਰਾ ਖੜ੍ਹੇ-ਖੜੋਤੇ ਦਾ ਹੁਬਕੀਂ-ਹੁਬਕੀਂ ਰੋਣ ਨਿਕਲ ਗਿਆ। ਮੈਂ ਪੈਰ ਧੂੰਹਦਾ ਬਾਹਰਲੇ ਬਨੇਰੇ ਲਾਗੇ ਆਣ ਖਲੋਤਾ।
ਪਤਾ ਨਹੀਂ ਮੇਰੇ ਰੋਣ ਦੀ ਆਵਾਜ਼ ਸੁਣ ਕੇ ਜਾਂ ਉਂਜ ਹੀ ਸਾਹਮਣੀ ਗੋਰੇ ਦੀ ਝਾਈ ਤੇ ਚਾਚੀ ਅਗੜ-ਪਿਛੜ ਪੌੜੀ ਆਣ ਚੜ੍ਹੀਆਂ। ਗੋਰੇ ਦੀ ਝਾਈ ਨੇ ਅਗਾਂਹ ਹੋ ਕੇ ਮੈਨੂੰ ਗਲ ਲਾ ਕੇ ਦਿਲਾਸਾ ਦਿੱਤਾ। ਪਤਾ ਨਹੀਂ ਕਿੰਜ ਮੇਰੇ ਤੋਂ ਨਾ ਚਾਹੁੰਦਿਆਂ ਵੀ ਕਹਿ ਹੋਇਆ ਸੀ ਕਿ ‘‘ਆਂਟੀ, ਬੀਬੀ ਜਾਣ ਲੱਗਿਆਂ ਕੁਝ ਦੱਸ ਕੇ ਗਈ ਐ?’’ ਸੁਣ ਕੇ ਆਂਟੀ ਦਾ ਵੀ ਗੱਚ ਭਰ ਆਇਆ ਲੱਗਦਾ ਸੀ। ਇਸੇ ਲਈ ਉਸ ਨੇ ਹਲਕਾ ਜਿਹਾ ਖੰਘੂਰਾ ਮਾਰ ਕੇ ਗਲ ਸਾਫ਼ ਕੀਤਾ। ਉਸ ਤੋਂ ਕੁਝ ਵੀ ਕਹਿ ਨਹੀਂ ਹੋਇਆ। ਪੋਲੀਆਂ-ਪੋਲੀਆਂ ਉਂਗਲਾਂ ਮੇਰੇ ਵਾਲਾਂ ’ਚ ਫੇਰਦੀ ਦੂਰ ਖਲਾਅ ’ਚ ਝਾਕਣ ਦੀ ਕੋਸ਼ਿਸ਼ ਕਰ ਰਹੀ ਸੀ। ਆਂਟੀ ਦਿਲਾਸਾ ਦੇਂਦਿਆਂ ਮੈਨੂੰ ਕੁਝ ਨਾ ਕੁਝ ਕਹਿੰਦੀ ਜ਼ਰੂਰ ਸੀ, ਪਰ ਉਹ ਬੀਬੀ ਬਾਰੇ ਕੁਝ ਵੀ ਨਹੀਂ ਸੀ ਬੋਲ ਰਹੀ।
ਚਾਚੀ ਅੱਜ ਖ਼ਾਮੋਸ਼ ਸੀ। ਉਹ ਸਾਡੇ ਦੋਹਾਂ ’ਚ ਕੋਈ ਵੀ ਹੁੰਗਾਰਾ ਨਹੀਂ ਸੀ ਭਰ ਰਹੀ। ਉਸ ਨੇ ਜਾ ਕੇ ਕਮਰੇ ਅੰਦਰਲਾ ਬਲਬ ਬੁਝਾਇਆ ਤੇ ਦਰਵਾਜ਼ਾ ਢੋਅ ਕੇ ਅਰਲ ਮਾਰ ਦਿੱਤਾ। ਫਿਰ ਕੁਝ ਸੋਚ ਕੇ ਉਸ ਨੇ ਮੇਰਾ ਹੱਥ ਫੜਿਆ ਤੇ ਥੋੜ੍ਹਾ ਪੌੜੀਆਂ ਵੱਲ ਨੂੰ ਖਿੱਚਦੀ ਸਹਿਜ ਨਾਲ ਬੋਲੀ, ‘‘ਰਾਜਿਆ, ਕੀ ਕਰਨੈ ਤੂੰ ਉਪਰ ਇਕੱਲਿਆਂ, ਆ ਹੇਠਾਂ, ਜੋਤੀ ਹੁਰਾਂ ਲਾਗੇ ਬਹਿ। ਤੇਰਾ ਚਾਚਾ ਵੀ ਆਉਣ ਵਾਲੈ।’’ ਉਸ ਨੇ ਇਕੋ ਸਾਹੇ ਕਿਹਾ ਸੀ। ਚਾਚੀ ਦੀਆਂ ਕਹੀਆਂ ਗੱਲਾਂ ਛੁਰੀਆਂ ਵਾਂਗ ਮੇਰੇ ਕਲੇਜੇ ਦੇ ਆਰ-ਪਾਰ ਹੋ ਰਹੀਆਂ ਸਨ। ਉਹਦੇ ਨਾਲ ਤੁਰਨ ਨੂੰ ਮੇਰੀ ਵੱਢੀ ਰੂਹ ਨਹੀਂ ਸੀ ਕਰ ਰਹੀ, ਪਰ ਪਸਰਦੀ ਜਾ ਰਹੀ ਕਾਲੀ ਰਾਤ ਦਾ ਖ਼ੌਫ਼ ਯਾਦ ਆਉਂਦਿਆਂ ਮੇਰੀ ਰੂਹ ਕੰਬਦੀ ਸੀ। ਮੈਂ ਦੁਚਿੱਤੀ ਜਿਹੀ ’ਚ ਚਾਚੀ ਦੇ ਪਿੱਛੇ-ਪਿੱਛੇ ਪੌੜੀਆਂ ਜਾ ਉਤਰਿਆ।
ਪੈਰ ਘਸੀਟਦਾ ਮੈਂ ਹੇਠਲੇ ਕਮਰੇ ਅੰਦਰ ਡੱਠੇ ਮੰਜੇ ਉੱਤੇ ਕੰਧ ਵੱਲ ਮੂੰਹ ਕਰਕੇ ਜਾ ਬੈਠਾ। ਵਿਹੜੇ ’ਚ ਜ਼ਨਾਨੀਆਂ ਇਕ ਦੂਜੀ ਦੇ ਪਿੱਛੇ-ਪਿੱਛੇ ਆਣ ਜੁੜੀਆਂ ਸਨ, ਬੀਬੀ ਦੀਆਂ ਗੱਲਾਂ ਕਰਨ ਲਈ। ਮੈਂ ਚਾਹੁੰਦਾ ਸਾਂ, ਬੀਬੀ ਦੀ ਕੋਈ ਗੱਲ ਮੇਰੇ ਕੰਨੀਂ ਨਾ ਪਏ। ਬਾਹਰ ਹੁੰਦੀ ਗੱਲਬਾਤ ’ਚੋਂ ਮੈਂ ਆਪਣੇ ਆਪ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਫਿਰ ਵੀ ਜ਼ਨਾਨੀਆਂ ਵਾਰੋ ਵਾਰੀ ਕਮਰੇ ਦੀ ਦਹਿਲੀਜ਼ ’ਤੇ ਆਉਂਦੀਆਂ। ਧੌਣ ਅਗਾਂਹ ਕਰਕੇ ਮੈਨੂੰ ਬੈਠੇ ਨੂੰ ਵਿਚਾਰਗੀ ਨਾਲ ਵੇਖਦੀਆਂ। ਥੋੜ੍ਹਾ ਰੁਕਦੀਆਂ ਤੇ ਫਿਰ ਬਾਹਰ ਵਿਹੜੇ ਵਿਚ ਜਾ ਖਲੋਂਦੀਆਂ ਸਨ। ਮੇਰੇ ਲੱਖ ਯਤਨ ਕਰਨ ’ਤੇ ਵੀ ਉਨ੍ਹਾਂ ਦੀਆਂ ਗੱਲਾਂ ਮੇਰਾ ਪਿੱਛਾ ਨਹੀਂ ਸੀ ਛੱਡ ਰਹੀਆਂ।
ਇਕ ਕਹਿੰਦੀ, ‘‘ਠੰਢੇ ਦੁੱਧ ਨੂੰ ਫੂਕਾਂ ਮਾਰਦੀ ਗਈ ਐ। ਹੋਰ ਚਹੁੰ ਵਰ੍ਹਿਆਂ ਨੂੰ ਨਿਆਣਾ ਮੰਗਣ ਵਿਆਉਣ ਵਾਲਾ ਸੀ ਇਹਦਾ…।’’
‘‘ਹੀਰੇ ਵਰਗੇ ਪੁੱਤ ਨੂੰ ਇੰਜ ਲੱਤ ਮਾਰ ਕੇ ਜਾਣਾ ਕਿਧਰ ਦਾ ਚੱਜ ਐ।’’
ਇਕ ਹੋਰ ਬੋਲੀ ਸੀ, ‘‘ਇੰਜ ਨਿਆਣੇ ਦੀਆਂ ਆਂਦਰਾਂ ਨੂੰ ਤਾਅ ਕੇ ਪਤਾ ਨਹੀਂ ਕਿਹੜਾ ਸੁਖ ਭਾਲਿਆ ਹੋਊ ਉਹਨੇ।’’
‘‘ਇਹੋ ਜਿਹੀਆਂ ਨੂੰ ਨਿਆਣੇ ਦਾ ਕਾਹਦਾ ਮੋਹ! ਸਾਰਿਆਂ ਨੂੰ ਪਤੈ, ਸੰਗ ਸ਼ਰਮ ਤਾਂ ਕਦੋਂ ਦੀ ਲਹਿ ਗਈ ਸੀ ਉਹਦੀ।’’
ਮੈਨੂੰ ਲੱਗਿਆ ਜਿਵੇਂ ਇਹ ਬੀਬੀ ਦੇ ਨਾਲ ਨਾਲ ਮੇਰਾ ਵੀ ਮਖੌਲ ਉਡਾਉਣ ਅਤੇ ਜ਼ਲੀਲ ਕਰਨ ਲਈ ਹੀ ਗੱਲ ਛੱਡ ਨਹੀਂ ਸੀ ਰਹੀਆਂ। ਇਸੇ ਲਈ ਮੈਂ ਕਈ ਵਾਰੀ ਆਪਣੀਆਂ ਉਂਗਲਾਂ ਕੰਨਾਂ ’ਚ ਲਈਆਂ। ਰਾਤ ਭਰ ਇਨ੍ਹਾਂ ਗੱਲਾਂ ਨੇ ਮੇਰਾ ਪਿੱਛਾ ਨਹੀਂ ਸੀ ਛੱਡਿਆ।
ਦਿਨ ਚੜ੍ਹੇ ਚਾਚੇ ਨੇ ਆਵਾਜ਼ ਮਾਰ ਕੇ ਜਗਾਇਆ ਸੀ। ਮੇਰਾ ਕੰਮ ’ਤੇ ਜਾਣ ਦਾ ਮਨ ਨਹੀਂ ਸੀ। ਸਿਰ ਗੱਡੇ ਵਾਂਗ ਭਾਰਾ ਸੀ। ਇਸੇ ਲਈ ਮੂੰਹ ਹੱਥ ਧੋਂਦਿਆਂ ਮੈਂ ਆਪਣਾ ਸਿਰ ਪਾਣੀ ਦੀ ਧਾਰ ਹੇਠ ਕਰਕੇ ਥੋੜ੍ਹੀ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਤੇ ਸੁੱਜੀਆਂ ਅੱਖਾਂ ’ਤੇ ਪਾਣੀ ਦੇ ਛਿੱਟੇ ਵੀ ਮਾਰੇ। ਇਧਰ ਉਧਰ ਫਿਰਦਿਆਂ ਮੈਂ ਸਹਿਜ-ਸਹਿਜ ਛੱਤ ’ਤੇ ਜਾ ਚੜ੍ਹਿਆ। ਬੰਦ ਪਏ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਖਲੋਤਾ। ਮੇਰੀ ਨਜ਼ਰ ਸਾਹਮਣੇ ਅੰਗੀਠੀ ’ਤੇ ਪਈ ਭਾਪੇ ਦੀ ਫੋਟੋ ’ਤੇ ਜਾ ਟਿਕੀ ਸੀ। ਅਮਨ-ਅਮਾਨ ਨਾਲ ਬੈਠਾ ਸੀ ਉਹ, ਬਿਲਕੁਲ ਸ਼ਾਂਤ। ਮੈਂ ਭਾਪੇ ਦੀਆਂ ਅੱਖਾਂ ਵੱਲ ਵਿੰਹਦਾ ਰਿਹਾ ਤੇ ਵਿੰਹਦਿਆਂ-ਵਿੰਹਦਿਆਂ ਹੀ ਮੇਰੀ ਸੁਰਤੀ ਰਾਤੀਂ ਵਿਹੜੇ ’ਚ ਗੱਲਾਂ ਕਰਦੀਆਂ ਜ਼ਨਾਨੀਆਂ ਨਾਲ ਜਾ ਜੁੜੀ ਸੀ, ਉਨ੍ਹਾਂ ਵਿਚੋਂ ਹੀ ਕਿਸੇ ਕਿਹਾ ਸੀ ਕਿ ‘‘ਪਿਉ ਮਰੇ ਦਾ ਤਾਂ ਨਿਆਣੇ ਨੇ ਰੋ-ਧੋ ਕੇ ਸਬਰ ਕਰ ਲਿਆ, ਪਰ ਇੰਜ ਚੁੱਪ-ਚੁਪੀਤੇ ਘਰੋਂ ਚਲੀ ਗਈ ਮਾਂ ਦਾ ਸੱਲ ਪਤਾ ਨਹੀਂ ਕਿੰਝ ਜਰੂ।’’
ਫਿਰ ਪਤਾ ਨਹੀਂ ਕੀ ਸੋਚ ਕੇ ਅਲਮਾਰੀ ਦੇ ਉਪਰ ਧੂੜ ਜੰਮੀ ਬੀਬੀ ਦੀ ਫੋਟੋ ਮੈਂ ਅੱਡੀਆਂ ਚੁੱਕ ਕੇ ਜਾ ਲਾਹੀ ਸੀ ਤੇ ਭਾਪੇ ਦੀ ਫੋਟੋ ਲਾਗੇ ਆਣ ਧਰਿਆ ਸੀ। ਤੌਲੀਏ ਨਾਲ ਮੈਂ ਦੋਹਾਂ ਫੋਟੋਆਂ ਨੂੰ ਵਾਰੋ ਵਾਰੀ ਸਾਫ਼ ਕੀਤਾ ਤੇ ਦੀਵਾਲੀ ’ਤੇ ਪੂਜਾ ਲਈ ਲਿਆਂਦਾ ਹਾਰ ਮੈਂ ਝਾੜ ਪੂੰਝ ਕੇ ਦੋਹਾਂ ’ਤੇ ਸਾਂਝਾ ਪਾ ਦਿੱਤਾ ਸੀ।
ਮੈਂ ਬੀਬੀ ਦੀ ਫੋਟੋ ਵੱਲ ਨਿਗ੍ਹਾ ਭਰ ਕੇ ਵਿੰਹਦਾ ਹਾਂ, ਉਹ ਸਿੱਧਾ ਮੇਰੀਆਂ ਅੱਖਾਂ ’ਚ ਝਾਕ ਰਹੀ ਐ। ਉਹਦਾ ਲੀੜਾ ਸਿਰ ਤੋਂ ਖਿਸਕ ਕੇ ਮੋਢਿਆਂ ’ਤੇ ਆਣ ਪਿਆ ਹੈ ਤੇ ਉਹਦੇ ਦੰਦਾਂ ਵਿਚਲੀ ਵਿਰਲ ਸਾਫ਼ ਵਿਖਾਈ ਦੇਂਦੀ ਹੈ ਜਿਵੇਂ ਉਹ ਮੁਸਕਰਾਉਣ ਦਾ ਯਤਨ ਕਰ ਰਹੀ ਹੋਵੇ।
ਰਾਤ ਵਾਲਾ ਸੀਨ ਮੁੜ ਮੇਰੇ ਜ਼ਿਹਨ ਵਿਚ ਉੱਭਰਦਾ ਹੈ। ਜਦੋਂ ਗੋਰੇ ਦੀ ਝਾਈ ਮੇਰੇ ਵਾਲਾਂ ’ਚ ਹੱਥ ਫੇਰ ਰਹੀ ਸੀ ਤਾਂ ਮੈਥੋਂ ਫਿਰ ਪੁੱਛ ਹੋਇਆ ਸੀ ਕਿ ‘‘ਆਂਟੀ, ਬੀਬੀ ਜਾਣ ਲੱਗਿਆਂ ਸੱਚੀਂ ਕੁਝ ਦੱਸ ਕੇ ਨਹੀਂ ਗਈ?’’ ਸੁਣਦਿਆਂ ਆਂਟੀ ਦੀ ਆਵਾਜ਼ ਭਾਰੀ ਹੋ ਗਈ ਸੀ। ਉਸ ਨੇ ਆਪਣੀ ਨਜ਼ਰ ਮੇਰੀਆਂ ਅੱਖਾਂ ਤੋਂ ਹਟਾ ਲਈ ਸੀ ਤੇ ਗਲਾ ਸਾਫ਼ ਕਰਦਿਆਂ ਹੌਲੀ ਜਿਹੀ ਕਿਹਾ, ‘‘ਰਾਜਿਆ, ਪੁੱਤ ਤੂੰ ਇਹ ਨਾ ਸਮਝੀਂ ਕਿ ਤੇਰੀ ਬੀਬੀ ਨੂੰ ਤੇਰੀ ਪਰਵਾਹ ਨਹੀਂ ਸੀ। ਉਹ ਤੁਰੀ ਜਾਂਦੀ ਖਲੋਤੀ ਸੀ ਮੇਰੇ ਕੋਲ। ਘੜੀ ਦੀ ਘੜੀ। ਉਸ ਨੇ ਕਿਹਾ ਵੀ ਸੀ ਮੈਨੂੰ ਕਿ ਦਿਲਾਸਾ ਦੇਵੀਂ ਰਾਜੇ ਨੂੰ। ਨਿਆਣਾ ਸਿਆਣੈ, ਮੇਰੇ ਬਾਰੇ ਕੁਝ ਹੋਰ ਸੋਚੇ। ਉਸ ਇਹ ਵੀ ਕਿਹਾ ਸੀ ਕਿ ‘ਦੱਸਣਾ ਤਾਂ ਮੈਂ ਆਪ ਵੀ ਚਾਹੁੰਦੀ ਸਾਂ, ਪਰ ਝਿਜਕਦੀ ਰਹੀ। ਆਪ ਹਵਾਣੀ ਪੁੱਤ ਐ, ਕਹਿ ਨਹੀਂ ਹੋਇਆ। ਬੀਬੀ ਭੈਣ, ਤੂੰ ਦੱਸੀਂ ਉਹਨੂੰ ਮੇਰੇ ਵੱਲੋਂ ਕਿ ਮੈਂ ਘਰੋਂ ਭੱਜ ਕੇ ਨਹੀਂ ਚੱਲੀ, ਘਰ ਵਸਾਉਣ ਚੱਲੀ ਹਾਂ’।’’
ਕੰਧ ਨਾਲ ਟੰਗੀ ਭਾਪੇ ਦੀ ਫੋਟੋ ਨਾਲ ਅੱਧੀ-ਅੱਧੀ ਰਾਤ ਗੱਲਾਂ ਕਰਦੀ ਤੇ ਕਿਸੇ ਖੂਹ ਟੋਭੇ ਨੂੰ ਤਲਾਸ਼ਦੀ ਬੀਬੀ ਮੁੜ ਮੇਰੀਆਂ ਸੋਚਾਂ ਦਾ ਹਿੱਸਾ ਬਣਦੀ ਹੈ। ਘਰ ਪਰਿਵਾਰ ਚਲਾਉਣ ਲਈ ਬੇਵੱਸ ਅਤੇ ਲਾਚਾਰ ਹੋਈ ਮੇਰੇ ਅੱਗਿਓਂ ਦੀ ਗੁਜ਼ਰਦੀ ਹੈ ਜਿਹੜੀ ਰੇਹੜੀ ’ਤੇ ਖਲੋਤੀ ਜਣੇ-ਖਣੇ ਦੀਆਂ ਭੈੜੀਆਂ ਨਜ਼ਰਾਂ ਤੇ ਬੋਲ-ਕੁਬੋਲ ਸਹਿੰਦੀ; ਕਦੇ ਵਿਆਹ ਸ਼ਾਦੀਆਂ ’ਚ ਲੋਕਾਂ ਦੀ ਜੂਠ ਮਾਂਜ-ਮਾਂਜ ਕੇ ਗੁਜ਼ਾਰਾ ਕਰਦੀ; ਫਿਰ ਚਾਚੀ ਵੱਲੋਂ ਚਾਚੇ ਨਾਲ ਜੋੜ ਜੋੜ ਕੇ ਪਾਏ ਰੌਲੇ ਨੂੰ ਗੁੰਮ-ਸੁੰਮ ਸਹਿੰਦਿਆਂ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੁਰਚਦੀ ਨਮੋਸ਼ੀ ਅਤੇ ਜ਼ਲਾਲਤ ਦੇ ਮਣਾਂ-ਮੂੰਹੀਂ ਬੋਝ ਹੇਠ ਨੱਪੀ ਮੈਨੂੰ ਧੁਰ ਅੰਦਰ ਤੀਕ ਹਲੂਣਦੀ ਹੈ। ਸੋਚਦਿਆਂ ਮੇਰਾ ਮਨ ਭਰ ਆਉਂਦਾ ਹੈ ਤੇ ਅੱਖਾਂ ਮੁੜ ਨਮ ਹੋਣ ਲੱਗਦੀਆਂ ਹਨ।
ਮੈਂ ਅੱਖਾਂ ਪੁੱਟ ਕੇ ਫੋਟੋ ਦੇ ਫਰੇਮ ਅੰਦਰ ਬੈਠੀ ਬੀਬੀ ਨੂੰ ਮੁੜ ਤੋਂ ਝਾਕਣ ਲੱਗਦਾ ਹਾਂ। ਉਹਦਾ ਚਿਹਰਾ ਸ਼ਾਂਤ ਹੈ। ਬੁੱਲ੍ਹਾਂ ਉੱਤੇ ਖਿੰਡਰੀ ਹਲਕੀ-ਹਲਕੀ ਮੁਸਕਾਨ ਤੇ ਅੱਖਾਂ ਅੰਦਰਲੀ ਲਿਸ਼ਕ ਕੋਈ ਨਵਾਂ ਸੰਦੇਸ਼ ਦੇਂਦੀ ਪ੍ਰਤੀਤ ਹੁੰਦੀ ਹੈ।
ਮੈਂ ਉਹਦੀ ਫੋਟੋ ਉਪਰਲਾ ਹਾਰ ਲਾਹ ਕੇ ਪਰ੍ਹਾਂ ਵਗਾਹ ਮਾਰਦਾ ਹਾਂ। ਰੋਸ਼ਨਦਾਨ ਦੀਆਂ ਝੀਥਾਂ ਰਾਹੀਂ ਸੂਰਜ ਦੀਆਂ ਕਿਰਨਾਂ ਦੀ ਲੋਅ ਕਮਰੇ ਅੰਦਰ ਦਾਖ਼ਲ ਹੋਣ ਲੱਗੀ ਹੈ। ਆਲੇ-ਦੁਆਲੇ ਫੈਲਦੇ, ਇਸ ਚਿੱਟੇ ਦਿਨ ਦੇ ਚਾਨਣ ’ਚ ਮੈਨੂੰ ਬੀਬੀ ਦਾ ਚਿਹਰਾ ਹੋਰ ਵੀ ਨਿਖਰਿਆ ਨਿਖਰਿਆ ਦਿਖਾਈ ਦੇਂਦਾ ਹੈ।

ਸੰਪਰਕ: 098721-65707


Comments Off on ਪਰਿਕਰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.