ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਪਰਾਲੀ ਫੂਕਣ ਵਾਲਿਆਂ ਦੀ ਸ਼ਨਾਖਤ ਕਰਨ ਪੁੱਜੇ ਅਧਿਕਾਰੀ ਘੇਰੇ

Posted On November - 8 - 2019

ਨਥਾਣਾ ਵਿੱਚ ਅਧਿਕਾਰੀਆਂ ਦਾ ਘਿਰਾਓ ਕਰਦੇ ਹੋਏ ਕਿਸਾਨ ਜਥੇਬੰਦੀ ਦੇ ਵਰਕਰ।

ਭਗਵਾਨ ਦਾਸ ਗਰਗ
ਨਥਾਣਾ, 7 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਨਥਾਣਾ ਦੇ ਆਗੂਆਂ ਅਤੇ ਵਰਕਰਾਂ ਨੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਅਤੇ ਪਟਵਾਰੀ ਦਾ ਪਿੰਡ ਬੱਜੋਆਣਾ ਵਿੱਚ ਘਿਰਾਓ ਕੀਤਾ। ਪਰਾਲੀ ਨੂੰ ਅੱਗ ਲਾਉਣ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਭਰੋਸਾ ਮਗਰੋਂ ਘਿਰਾਓ ਖ਼ਤਮ ਕੀਤਾ ਗਿਆ। ਯੂਨੀਅਨ ਦੇ ਬਲਾਕ ਆਗੂ ਜਸਵੀਰ ਸਿੰਘ ਨੇ ਇਥੇ ਦੱਸਿਆ ਕਿ ਉਨ੍ਹਾਂ ਦੇ ਵਰਕਰਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੱਜੋਆਣਾ ਅਤੇ ਕਲਿਆਣ ਦੇ ਖੇਤਾਂ ਵਿੱਚ ਪਟਵਾਰੀ ਅਤੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵਰਕਰਾਂ ਨੇ ਇੱਕਠੇ ਹੋ ਕੇ ਪਿੰਡ ਬੱਜੋਆਣਾ ਦੇ ਖੇਤਾਂ ਵਿੱਚ ਇਨ੍ਹਾਂ ਅਧਿਕਾਰੀਆਂ ਦਾ ਘਿਰਾਓ ਕਰ ਲਿਆ। ਇਨ੍ਹਾਂ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਭਵਿੱਖ ਵਿੱਚ ਨਾ ਤਾ ਪਰਾਲੀ ਨੂੰ ਅੱਗ ਲਾਉਣ ਸਬੰਧੀ ਕੋਈ ਸਰਵੇਖਣ ਕਰਨਗੇ ਅਤੇ ਨਾ ਹੀ ਇਸ ਸਬੰਧੀ ਕੋਈ ਰਿਪੋਰਟ ਭੇਜਣਗੇ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਸ਼ਨਾਖਤ ਕਰਨ ਪਹੁੰਚੀ ਟੀਮ ਦੇ ਪਟਵਾਰੀ ਦਿਨੇਸ਼ ਕੁਮਾਰ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਬੀਕੇਯੂ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਪਿੰਡ ਢਪਾਲੀ ਦੀ ਨਹਿਰ ਲਾਗੇ ਖੇਤਾਂ ਵਿੱਚ ਘਿਰਾਓ ਕਰ ਲਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੀਕੇਯੂ ਡਕੌਂਦਾ ਦੇ ਬਲਾਕ ਸਕੱਤਰ ਸਵਰਨ ਸਿੰਘ ਭਾਈਰੂਪਾ, ਹਰਦੀਪ ਸਿੰਘ ਫੂਲੇਵਾਲਾ ਤੇ ਗੁਰਮੀਤ ਸਿੰਘ ਬਿੱਲੂ ਢਪਾਲੀ ਨੇ ਕਿਹਾ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ ਹੈ। ਪ੍ਰਸ਼ਾਸਨ ਵੱਲੋਂ ਘਿਰਾਓ ਵਾਲੇ ਸਥਾਨ ’ਤੇ ਪੁੱਜੇ ਕਾਨੂੰਗੋ ਬਲਜੀਤ ਸਿੰਘ ਦੇ ਪਰਾਲੀ ਸਾੜਨ ਵਾਲੇ ਕਿਸਾਨਾਂ ਉਪਰ ਅੱਜ ਦੀ ਕਾਰਵਾਈ ਨਾ ਕਰਨ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਘਿਰਾਓ ਖਤਮ ਕਰ ਦਿੱਤਾ।
ਬਠਿੰਡਾ (ਮਨੋਜ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕੀਤੇ ਜਾ ਰਹੇ ਕੇਸਾਂ ਦੀ ਨਿੰਦਾ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਗੇਟ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਬਲਦੇਵ ਸਿੰਘ ਸੰਦੋਹਾ ਤੇ ਰੇਸ਼ਮ ਸਿੰਘ ਯਾਤਰੀ ਨੇ ਕਿਸਾਨਾਂ ’ਤੇ ਪਾਏ ਪਰਚੇ ਰੱਦ ਕਰਨ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਨੂੰ ਝੋਨੇ ’ਤੇ ਬੋਨਸ ਦੀ ਮੰਗ ਕੀਤੀ। ਇਸ ਮੌਕੇ ਕੁਲਵੰਤ ਸਿੰਘ ਨੇਹੀਆਂ ਵਾਲਾ, ਰਣਜੀਤ ਸਿੰਘ ਜੀਦਾ , ਗੁਰਦੀਪ ਸਿੰਘ ਮਹਿਮਾ ਸਰਜਾ ਆਦਿ ਨੇ ਸੰਬੋਧਨ ਕੀਤਾ।
ਕੋਟਫੱਤਾ (ਜਸਵੀਰ ਸਿੱਧੂ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਠਿੰਡਾ ਦੇ ਆਗੂ ਸੋਹਣ ਸਿੰਘ ਕੋਟਫੱਤਾ ਦੀ ਅਗਵਾਈ ਵਿੱਚ ਬਿਨਾਂ ਐਸ. ਐਮ. ਐਸ ਤੋਂ ਕਟਾਈ ਕਰ ਰਹੀ ਕੰਬਾਈਨ ਦਾ ਚਾਲਾਨ ਕੱਟਣ ਆਏ ਖੇਤੀਬਾੜੀ ਵਿਭਾਗ ਮੌੜ ਦੇ ਅੀਧਕਾਰੀਆਂ ਦਾ ਘਿਰਾਓ ਕੀਤਾ ਅਤੇ ਬੇਰੰਗ ਮੋੜ ਦਿੱਤਾ।
ਕਿਸਾਨ ਆਗੂ ਬੇਅੰਤ ਸਿੰਘ ਮਹਿਮਾਂ ਸਰਜਾ ਨੇ ਦੱਸਿਆ ਕਿ ਪਿੰਡ ਕੋਟਫੱਤਾ ਦੀ ਕੰਬਾਈਨ ਜੋ ਬਿਨਾਂ ਐੱਸ.ਐੱਮ.ਐੱਸ. ਤੋਂ ਝੋਨੇ ਦੀ ਕਟਾਈ ਕਰ ਰਹੀ ਸੀ। ਉਸ ਦਾ ਚਾਲਾਨ ਕੱਟਣ ਵਾਸਤੇ ਖੇਤੀਬਾੜੀ ਵਿਭਾਗ ਮੌੜ ਦੇ ਨਿਗਰਾਨ ਅਧਿਕਾਰੀ ਰਣਜੋਤ ਸਿੰਘ, ਜਗਸੀਰ ਸਿੰਘ ਅਤੇ ਟੈਕਨੀਸੀਅਨ ਸੁਖਦੀਪ ਸਿੰਘ ਮੌਕੇ ’ਤੇ ਆ ਗਏ ਜਿਨ੍ਹਾਂ ਨੂੰ ਕਿਸਾਨਾਂ ਨੇ ਘੇਰ ਲਿਆ। ਥਾਣਾ ਕੋਟਫੱਤਾ ਦੇ ਥਾਣੇਦਾਰ ਮਨਜੀਤ ਸਿੰਘ ਵੀ ਪੁਲੀਸ ਪਾਰਟੀ ਸਮੇਂ ਆ ਗਏ ਅਤੇ ਕਿਹਾ ਕਿ ਉਹ ਸਬੰਧਿਤ ਕਿਸਾਨ ਦਾ ਚਾਲਾਨ ਨਹੀਂ ਕੱਟਣਗੇ। ਅਧਿਕਾਰੀਆਂ ਦੇ ਵਾਅਦਾ ਕਰਨ ’ਤੇ ਹੀ ਕਿਸਾਨਾਂ ਨੇ ਆਪਣਾ ਘਿਰਾਓ ਖਤਮ ਕੀਤਾ।


Comments Off on ਪਰਾਲੀ ਫੂਕਣ ਵਾਲਿਆਂ ਦੀ ਸ਼ਨਾਖਤ ਕਰਨ ਪੁੱਜੇ ਅਧਿਕਾਰੀ ਘੇਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.