ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

Posted On November - 14 - 2019

ਗੀਤ ਸੁਣਨ ਦੀ ਚੋਣ ਵਿਚ ਸੁਧਾਰ ਕਰਨਾ ਜ਼ਰੂਰੀ

ਪੰਜਾਬੀ ਗਾਇਕੀ ਬੇਸ਼ਕ ਲੱਚਰਤਾ ਫੈਲਾ ਰਹੀ ਹੈ ਪਰ ਇਸ ਦੇ ਨਾਲ ਹੀ ਗਾਇਕੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਜਿਨ੍ਹਾਂ ਨੂੰ ਗੀਤ ਸੁਣਨ ਦੀ ਸਹੀ ਚੋਣ ਕਰਨੀ ਚਾਹੀਦੀ ਹੈ। ਇਕੱਲੇ ਗਾਇਕਾਂ ਨੂੰ ਲੱਚਰਤਾ ਦਾ ਦੋਸ਼ ਦੇਣਾ ਗਲਤ ਹੋਵੇਗਾ ਕਿਉਂਕਿ ਗਾਇਕ ਉਹੀ ਕੁਝ ਸਰੋਤਿਆਂ ਅੱਗੇ ਲੈ ਕੇ ਆਉਂਦੇ ਹਨ, ਜੋ ਸਰੋਤੇ ਸੁਣਨਾ ਚਾਹੁੰਦੇ ਹਨ। ਇਸ ਲਈ ਪੰਜਾਬੀ ਗਾਇਕੀ ਵਿਚ ਲੱਚਰਤਾ ਲਈ ਗਾਇਕਾਂ ਤੇ ਗੀਤਕਾਰਾਂ ਜਿੰਨੇ ਹੀ ਸਰੋਤੇ ਵੀ ਕਸੂਰਵਾਰ ਹਨ। ਸੋ ਲੋੜ ਹੈ ਗੀਤ ਸੁਣਨ ਦੀ ਸਹੀ ਚੋਣ ਕਰਨ ਦੀ ਤਾਂ ਹੀ ਲੱਚਰਤਾ ਤੇ ਕੁਝ ਰੋਕ ਲੱਗੇਗੀ।

ਸੁਖਦੇਵ ਸਿੰਘ ਨਿੱਕੂਵਾਲ, ਅਨੰਦਪੁਰ ਸਾਹਿਬ, ਰੂਪਨਗਰ। ਸੰਪਰਕ: 90412-96518

ਲੱਚਰ ਗੀਤਾਂ ਨੂੰ ਸਖ਼ਤੀ ਨਾਲ ਬੰਦ ਕਰਨ ਦੀ ਲੋੜ

ਅੱਜ-ਕੱਲ੍ਹ ਦੇ ਗੀਤ ਪੁਰਾਣੇ ਸਮੇਂ ਦੇ ਗੀਤਾਂ ਦੇ ਮੁਕਾਬਲੇ ਬਹੁਤ ਹੇਠਲੇ ਦਰਜੇ ਦੇ ਹਨ, ਜੋ ਨੌਜਵਾਨ ਪੀੜੀ ਨੂੰ ਸੇਧ ਦੇਣ ਦੀ ਬਜਾਏ ਲੱਚਰਤਾ ਵੱਲ ਧੱਕ ਰਹੇ ਹਨ। ਪੁਰਾਣੇ ਸਮਿਆਂ ਦੇ ਗੀਤਾਂ ਵਿਚ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਦੀ ਝਲਕ ਮਿਲਦੀ ਸੀ ਪਰ ਅਜੋਕੇ ਸਮੇਂ ਦੇ ਗੀਤ ਪੰਜਾਬ ਦੀ ਅਜਿਹੀ ਝਲਕ ਪੇਸ਼ ਕਰਨ ਵਿਚ ਜੁਟੇ ਹੋਏ ਹਨ ਜਿਸ ਦੀ ਕਿਧਰੇ ਹੋਂਦ ਨਹੀਂ ਜਾਪਦੀ। ਅਜੋਕੇ ਕਲਾਕਾਰ ਜੱਟ ਨੂੰ ਸਿਰਫ਼ ਮੌਜ ਮਸਤੀ ਤੇ ਲੜਾਈਆਂ ਕਰਨ ਵਾਲਾ ਬਣਾ ਕੇ ਪੇਸ਼ ਕਰ ਰਹੇ ਹਨ ਤੇ ਇਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਆਸ਼ਕੀ ਦੇ ਅੱਡਿਆਂ ਦਾ ਰੂਪ ਦੇ ਦਿੱਤਾ ਹੈ। ਅਜਿਹੇ ਗੀਤ ਬੰਦ ਹੋਣੇ ਚਾਹੀਦੇ ਹਨ।

ਮਨੀਸ਼ਾ ਮਿੱਤਲ, ਪਿੰਡ ਕੋਟ ਬਖਤੂ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ।
ਸੰਪਰਕ: 62399-62350

ਨੌਜਵਾਨਾਂ ਦੀ ਮਾਨਸਿਕਤਾ ਨਾਲ ਖੇਡਦੀ ਪੰਜਾਬੀ ਗੀਤਕਾਰੀ

ਪੰਜਾਬ ਦੇ ਨੌਜਵਾਨ ਵਰਗ ਵਿਚ ਲੱਚਰਤਾ ਫੈਲਣ ਦਾ ਇੱਕ ਕਾਰਨ ਗੀਤਕਾਰਾਂ ਦੇ ਲਿਖੇ ਲੱਚਰ ਬੋਲ ਹਨ। ਪੰਜਾਬੀ ਗੀਤਾਂ ਦੇ ਫਿਲਮਾਂਕਣ ਵਿਚ ਹਥਿਆਰ, ਨਸ਼ੇ, ਮਹਿੰਗੇ ਸ਼ੌਕ ਅਤੇ ਨੰਗੇਜ਼ ਅਧਾਰ ਹੁੰਦੇ ਹਨ। ਗੀਤਾਂ ਦਾ ਫਿਲਮਾਂਕਣ ਕਿਸੇ ਪੱਖ ਤੋਂ ਗੀਤ ਦੇ ਬੋਲਾਂ ਨਾਲ ਮੇਲ ਨਹੀਂ ਖਾਂਦਾ। ਜਦੋਂ ਬੱਚੇ ਜਾਂ ਨੌਜਵਾਨ ਇਸਨੂੰ ਦੇਖਦੇ ਹਨ ਤਾਂ ਉਨ੍ਹਾਂ ਦੀ ਮਾਨਸਿਕਤਾ ਇਨ੍ਹਾਂ ਨਾਲ ਜੁੜਨ ਲੱਗਦੀ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਸਾਨੂੰ ਮਿਲ ਕੇ ਇਸ ਨੂੰ ਰੋਕਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਚੱਜਾ ਤੇ ਸੱਭਿਆਚਾਰਕ ਪੰਜਾਬ ਉੱਸਰ ਸਕੇ।

ਸਾਹਿਲ ਬੜ੍ਹਗੁੱਜਰ, ਪਿੰਡ ਭੀਖੀ, ਮਾਨਸਾ।

ਅਸ਼ਲੀਲ ਗਾਇਕੀ ਨੂੰ ਰੱਦ ਕਰਨਾ ਜ਼ਰੂਰੀ

ਜਦੋਂ ਤੱਕ ਅਸੀਂ ਕਿਸੇ ਨੂੰ ਆਪਣੇ ਨਿੱਜ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੰਦੇ, ਕੋਈ ਤੁਹਾਡੀ ਜ਼ਿੰਦਗੀ ’ਚ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਅਸੀਂ ਤਾਂ ਰੂਹ ਦੀ ਖ਼ੁਰਾਕ ਸੰਗੀਤ ਵਿਚ ਕਿੰਨੇ ਹੀ ਅਸ਼ਲੀਲ ਅਲਫ਼ਾਜ਼ ਦਾਖ਼ਲ ਕਰਵਾ ਲਏ ਹਨ। ਕਦੇ ਸੰਗੀਤ ਇੰਨਾ ਪਾਕੀਜ਼ ਸੀ, ਕਿ ਮਹਾਨ ਸੰਗੀਤਕਾਰ ਤਾਨਸੇਨ ਨੇ ਆਪਣੀ ਕਲਾ ਦੇ ਜ਼ਰੀਏ ਬੁਝੇ ਚਿਰਾਗ਼ ਵੀ ਰੁਸ਼ਨਾ ਦਿੱਤੇ ਸਨ। ਅੱਜ ਅਸੀਂ ਪਤਾ ਨਹੀਂ ਕਿਹੋ ਜਿਹਾ ਸੰਗੀਤ ਸੁਣ ਰਹੇ ਹਾਂ, ਜਿਹੜਾ ਸਾਨੂੰ ਧੱਕੇਸ਼ਾਹੀ, ਹਫਲਾਂ ਦੀ ਛਾਂ, ਗੁੰਡਾਗਰਦੀ ਤੇ ਨਸ਼ਾਖ਼ੋਰੀ ਹੀ ਸਿਖਾਉਂਦਾ ਹੈ। ਅਸੀਂ ਇਨ੍ਹਾਂ ਗੀਤਾਂ ਨੂੰ ਚਾਅ ਨਾਲ ਸੁਣਦੇ ਹਾਂ, ਇਸ ਲਈ ਅਸੀਂ ਵੀ ਇਸ ਵਰਤਾਰੇ ਲਈ ਬਰਾਬਰ ਦੇ ਕਸੂਰਵਾਰ ਹਾਂ।

ਅਮੀਨਾ, ਪਿੰਡ ਵਾ ਡਾਕ. ਬਹਿਰਾਮਪੁਰ ਜ਼ਿੰਮੀਦਾਰੀ, ਤਹਿਸੀਲ ਵਾ ਜ਼ਿਲ੍ਹਾ ਰੂਪਨਗਰ।

ਲੱਚਰਤਾ ਦੇ ਵਿਰੋਧ ਦੀ ਸ਼ੁਰੂਆਤ ਖ਼ੁਦ ਤੋਂ ਕਰਨੀ ਪਵੇਗੀ

ਗੀਤਾਂ ਵਿੱਚ ਵਧ ਰਹੀ ਲੱਚਰਤਾ ਦਾ ਭਾਵੇਂ ਅਸੀਂ ਵਿਰੋਧ ਕਰ ਰਹੇ ਹਾਂ, ਪਰ ਸ਼ਾਇਦ ਇਸ ਲਈ ਜ਼ਿੰਮੇਵਾਰ ਵੀ ਅਸੀਂ ਆਪ ਹੀ ਹਾਂ ਤੇ ਇਸ ਨੂੰ ਉਤਸ਼ਾਹਤ ਵੀ ਅਸੀਂ ਹੀ ਕਰ ਹਾਂ। ਜੇ ਅਸੀ ਏਨ੍ਹਾ ਗੀਤਾਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਸ਼ੁਰੂਆਤ ਅਪਣੇ ਆਪ ਤੋਂ ਹੀ ਕਰਨੀ ਪਵੇਗੀ। ਅਸੀਂ ਆਪ ਹੀ ਇਨ੍ਹਾਂ ਲੱਚਰ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਹਾਂ। ਜੇ ਅਸੀਂ ਏਨ੍ਹਾ ’ਤੇ ਲਗਾਮ ਕੱਸਣੀ ਹੈ ਤਾਂ ਇਨ੍ਹਾਂ ਗੀਤਾਂ ਨੂੰ ਆਪਣੀ ਰੁਚੀ ਵਿੱਚੋਂ ਬਾਹਰ ਕੱਢਣਾ ਪਵੇਗਾ ਕਿਉਂਕਿ ਅਸੀਂ ਅਜਿਹੇ ਗੀਤ ਅਕਸਰ ਬਿਨਾਂ ਵਿਰੋਧ ਦੇ ਸੁਣਦੇ ਰਹਿੰਦੇ ਹਾਂ। ਇਨ੍ਹਾਂ ਗੀਤਾਂ ਰਾਹੀਂ ਸਾਡੀ ਸੱਭਿਅਤਾ ਤੇ ਅਮੀਰ ਵਿਰਾਸਤ ਨੂੰ ਲਤਾੜਿਆ ਜਾਂਦਾ ਹੈ ਤੇ ਸਾਡੀ ਮਾਂ ਬੋਲੀ ਨੂੰ ਅਪਮਾਨਿਆ ਜਾਂਦਾ ਹੈ, ਜਿਸ ਦਾ ਵਿਰੋਧ ਕਰਨ ਦੀ ਲੋੜ ਹੈ।

ਬਖਸ਼ੀਸ਼ ਸਿੰਘ, ਬਨੂੜ, ਜ਼ਿਲ੍ਹਾ ਪਟਿਆਲਾ।
ਸੰਪਰਕ: 75087-13695

ਲੱਚਰ ਗਾਇਕੀ ਦਾ ਡਟ ਕੇ ਵਿਰੋਧ ਕੀਤਾ ਜਾਵੇ

ਪੁਰਾਣੇ ਸਮੇਂ ਅਤੇ ਅਜੋਕੇ ਯੁੱਗ ਦੀ ਗਾਇਕੀ ‘ਚ ਕਾਫ਼ੀ ਫ਼ਰਕ ਆ ਗਿਆ ਹੈ। ਪਹਿਲਾਂ ਗੀਤ ਕੇਵਲ ਸੁਣੇ ਜਾਂਦੇ ਸਨ ਜਾਂ ਮੇਲਿਆਂ ਅਤੇ ਖੁੱਲ੍ਹੇ ਅਖਾੜਿਆਂ ਵਿਚ ਗਾਇਕੀ ਦਾ ਲੋਕ ਆਨੰਦ ਮਾਣਦੇ ਸਨ। ਟੀਵੀ ਦੇ ਆਉਣ ਨਾਲ ਗਾਇਕੀ ਵੇਖਣ ਵਾਲੀ ਚੀਜ਼ ਬਣ ਗਈ। ਵੇਖ ਕੇ ਸੁਣੀ ਜਾਂਦੀ ਗਾਇਕੀ ‘ਚ ਹੌਲੀ-ਹੌਲੀ ਲੱਚਰਤਾ ਦਾ ਖ਼ਤਰਨਾਕ ਰੁਝਾਨ ਪੈਦਾ ਹੋ ਗਿਆ। ਮਨੋਵਿਗਿਆਨੀਆਂ ਮੁਤਾਬਕ ਵੇਖਣ ਤੇ ਸੁਣਨ ਵਾਲੀ ਗਾਇਕੀ ਦਾ ਅਸਰ ਸਾਡੇ ਮਨਾਂ ’ਤੇ ਸਿੱਧਾ ਅਤੇ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਦੀ ਗਾਇਕੀ ਨੇ ਨੌਜਵਾਨ ਪੀੜ੍ਹੀ ਨੂੰ ਵਿਗਾੜਨ ‘ਚ ਕੋਈ ਕਸਰ ਨਹੀਂ ਛੱਡੀ। ਗੀਤਾਂ ਦੇ ਫ਼ਿਲਮਾਂਕਣ ਸਮੇਂ ਲੱਚਰਤਾ ਭਾਰੂ ਹੋ ਗਈ, ਜਿਸ ਨੇ ਸਾਡੇ ਸਮਾਜ ਦਾ ਨੁਕਸਾਨ ਕੀਤਾ ਹੈ। ਲੋੜ ਹੈ ਕਿ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇ।

ਮੋਹਰ ਗਿੱਲ ਸਿਰਸੜੀ, ਪਿੰਡ ਸਿਰਸੜੀ, ਫ਼ਰੀਦਕੋਟ। ਸੰਪਰਕ: 98156-59110

ਗਾਇਕੀ ਦੇ ਨਾਂ ’ਤੇ ਖੌਰੂ ਪਾਉਣ ਵਾਲੇ ਨਕਾਰੇ ਜਾਣ

ਵੀਹਵੀਂ ਸਦੀ ਦੇ ਮੁੱਢਲੇ ਦੌਰ ’ਚ ਅਮਰੀਕਾ ’ਚ ‘ਬੀਟ ਜਨਰੇਸ਼ਨ’ ਨਾਂ ਦੀ ਮੂਵਮੈਂਟ ਹੋਂਦ ’ਚ, ਆਈ ਜਦੋਂ ਜੈਜ਼ ਮਿਊਜ਼ਿਕ ਦਾ ਪ੍ਰਭਾਵ ਵਧਿਆ। ਗਾਇਕੀ ਨਾਲ ਲੱਚਰ ਸ਼ਬਦ ਉਂਝ ਵੀ ਸੋਭਾ ਨਹੀਂ ਦਿੰਦਾ ਪਰ ਸਮਕਾਲੀ ਦਰਪਣ ’ਚ ਪੂੰਜੀਵਾਦ ਦੀ ਭੇਟ ਚੜ੍ਹਿਆ ਅਤੇ ਬੌਧਕਿਤਾ ਤੋਂ ਸੱਖਣਾ ਸਮਾਜ ਦਾ ਸਿਰਫ਼ ਕੁਝ ਹਿੱਸਾ ਗਾਇਕੀ ਨੂੰ ਗੁੰਡਾਗਰਦੀ, ਵਿਹਲੜ, ਨਸ਼ੇੜੀ ਅਤੇ ਅਸਹਿਣਸ਼ੀਲ ਬਣਾ ਰਿਹਾ ਹੈ। ਅਜੋਕੀ ਗਾਇਕੀ ’ਚੋਂ ਵਿਰਾਸਤੀ ਸੁਰ ਅਤੇ ਸਾਜ਼ ਅਲੋਪ ਹਨ ਅਤੇ ਹਰ ਕੋਈ ਆਪਣੇ ਹਿਸਾਬ ਨਾਲ ਤੂਤੀ ਵਜਾ ਰਿਹਾ ਹੈ। ਚਾਹੀਦਾ ਸਾਡੇ ਸਮਾਜ ਨੂੰ ਵੀ ਹੈ ਕਿ ਚੰਗੇ ਲਿਖਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਗਾਇਕੀ ਦੇ ਨਾਂ ਤੇ ਖੌਰੂ ਪਾਉਣ ਵਾਲਿਆਂ ਨੂੰ ਨਕਾਰਿਆ ਜਾਵੇ।

ਰਮਨਦੀਪ ਸਿੰਘ, ਸਰਕਾਰੀ ਅਧਿਆਪਕ, ਪਿੰਡ ਖੀਵਾ ਮੀਹਾਂ ਸਿੰਘ ਵਾਲਾ, ਜ਼ਿਲ੍ਹਾ ਮਾਨਸਾ।
ਸੰਪਰਕ: 84378-13558

ਲੱਚਰਤਾ ’ਤੇ ਰੋਕ ਲਾਵੇ ਸਰਕਾਰ

ਕੋਈ ਸ਼ੱਕ ਨਹੀਂ ਕਿ ਫਿਲਮਾਂ ਅਤੇ ਗੀਤ ਮਨੋਰੰਜਨ ਦੇ ਅਹਿਮ ਸਰੋਤ ਹਨ, ਖ਼ਾਸਕਰ ਨੌਜਵਾਨਾਂ ਲਈ। ਅਜੋਕੇ ਨੌਜਵਾਨ ਸ਼ੈਰੀ ਮਾਨ, ਗਿੱਪੀ, ਦਿਲਜੀਤ, ਮਧੂ ਸਿੰਘ ਆਦਿ ਦੇ ਰੌਕ ਗੀਤਾਂ ਨੂੰ ਪਸੰਦ ਕਰਦੇ ਹਨ ਤੇ ਯਕੀਨਨ ਇਹ ਵਧੀਆ ਗਾਇਕ ਹਨ। ਪਰ ਬਹੁਤੇ ਗੀਤਾਂ ਵਿੱਚ ਸਹੀ ਸ਼ਬਦਾਂ ਦੀ ਵਰਤੋਂ ਨਹੀ ਕਿੱਤੀ ਜਾਂਦੀ ਅਤੇ ਗੀਤਾਂ ਦੀ ਸ਼ਬਦਾਵਲੀ ਨੌਜਵਾਨਾਂ ਨੂੰ ਉਤੇਜਿਤ ਕਰਨ ਅਤੇ ਗ਼ਲਤ ਰਾਹ ’ਤੇ ਪਾਉਣ ਵਾਲੀ ਹੁੰਦੀ ਹੈ। ਅੱਜ ਇਨ੍ਹਾਂ ਗੀਤਾਂ ਨਾਲ ਨੌਜਵਾਨਾਂ ਹੀ ਨਹੀਂ, ਛੋਟੇ-ਛੋਟੇ ਬੱਚਿਆਂ ਨੂੰ ਵੋਦਕਾ-ਵਿਸਕੀ ਪੀਣ ਤੇ ਗਾਲ੍ਹਾਂ ਕੱਢਣ ਦਾ ਪਾਠ ਪੜ੍ਹਾਇਆ ਜਾਂਦਾ ਹੈ। ਸਰਕਾਰ ਨੂੰ ਅਜਿਹੀ ਲੱਚਰ ਤੇ ਭੜਕਾਊ ਸ਼ਬਦਾਵਲੀ ’ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਹੋ ਸਕਦਾ ਹੈ।

ਨੇਹਾ ਜਮਾਲ, ਮੁਹਾਲੀ| ਸੰਪਰਕ: 70874-73286

ਗਾਇਕਾਂ-ਗੀਤਕਾਰਾਂ ਨੂੰ ਸਿਰਫ਼ ਮੁਨਾਫ਼ੇ ਦਾ ਫ਼ਿਕਰ

ਅੱਜ ਸਿਰਫ਼ ਮੁਨਾਫੇ ਲਈ ਗੀਤ ਗਾਏ ਜਾ ਰਿਹੇ ਹਨ। ਇਸ ਲਈ ਬਹੁਤੇ ਗੀਤਾਂ ਦਾ ਕੋਈ ਅਰਥ ਨਹੀਂ ਹੁੰਦਾ। ਅਜਿਹੇ ਗੀਤ ਤੇ ਗਾਇਕੀ ਸਾਡੇ ਨੌਜਵਾਨਾਂ ਨੂੰ ਸਾਰਥਕ ਸੋਚ ਦੇਣ ਦੀ ਬਜਾਏ ਨਸ਼ਿਆਂ, ਲੜਾਈ, ਫੋਕੀ ਸ਼ੋਹਰਤ ਤੇ ਹੁੱਲੜਬਾਜ਼ੀ ਵੱਲ ਪ੍ਰੇਰਿਤ ਕਰਦੇ ਹਨ। ਨੌਜਵਾਨ ਜੋ ਦੇਖਦੇ ਹਨ, ਉਹੋ ਜਿਹਾ ਹੀ ਬਣਨ ਦੀ ਕੋਸ਼ਿਸ਼ ਕਰਦੇ ਹਨ। ਸਰਕਾਰਾਂ ਵੀ ਅਜਿਹੇ ਗੀਤਾਂ ’ਤੇ ਕੋਈ ਰੋਕ ਨਹੀਂ ਲਗਾ ਰਹੀਆਂ, ਕਿਉਂਕਿ ਸਰਕਾਰਾਂ ਜਾਣਦੀਆਂ ਹਨ ਕਿ ਜੇ ਨੌਜਵਾਨ ਪੀੜ੍ਹੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਈ ਤਾਂ ਉਹ ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਆਦਿ ਦੀ ਮੰਗ ਕਰੇਗੀ। ਸਾਨੂੰ ਅਜਿਹੀ ਗਾਇਕੀ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਤੱਥ ਭਰਪੂਰ ਤੇ ਅਰਥ ਦਸਾਉਂਦੀ ਗਾਇਕੀ ਨੂੰ ਹੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ।

ਗੁਰਬਖਸ਼ੀਸ਼ ਸਿੰਘ ਗੋਪੀ ਕੌਲ, ਪਿੰਡ ਕੌਲ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ। ਸੰਪਰਕ: 99146-68047

ਪੰਜਾਬੀ ਗਾਇਕ-ਗੀਤਕਾਰੀ ਨੂੰ ਲੱਚਰਤਾ ਘੁਣ ਵਾਂਗ ਖਾ ਰਹੀ

ਗੀਤ ਰੂਹ ਨੂੰ ਖੁਸ਼ੀ ਦੇਣ ਲਈ ਹੁੰਦੇ ਹਨ ਪਰ ਅੱਜ ਦੀ ਗਾਇਕੀ ਰੂਹ ਨੂੰ ਜ਼ਖ਼ਮੀ ਕਰਦੀ ਹੈ। ਗੀਤਕਾਰੀ ਵਿੱਚ ਆਈ ਲੱਚਰਤਾ ਸ਼ਰਮਸਾਰ ਕਰਦੀ ਹੈ ਕਿ ਅਜੋਕੇ ਗੀਤਕਾਰ ਆਪਣੀ ਪ੍ਰਸਿੱਧੀ ਲਈ ਕਿਵੇਂ ਔਰਤ ਦੇ ਕਿਰਦਾਰ ਦੀ ਪੇਸ਼ਕਾਰੀ ਕਰਦੇ ਹਨ। ਸਕੂਲਾਂ ਤੇ ਕਾਲਜਾਂ ਦੇ ਬੱਚੇ ਆਪਣੇ ਆਪ ਨੂੰ ਗੀਤਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਨ ਤੇ ਇਸ ਚੱਕਰ ਆਪਣੀ ਜ਼ਿੰਦਗੀ ਪ੍ਰਤੀ ਗਲਤ ਫੈਸਲੇ ਲੈ ਲੈਂਦੇ ਹਨ। ਲੋੜ ਹੈ ਪੰਜਾਬੀ ਗੀਤਕਾਰਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜ ਕੇ ਲਿਖਣ ਤੇ ਸਾਨੂੰ ਅਜਿਹੇ ਲੱਚਰਤਾ ਵਾਲੇ ਗੀਤ ਸੁਣਨ ਤੋ ਪਰਹੇਜ਼ ਕਰਨ ਦੀ। ਨੌਜਵਾਨ ਪੀੜ੍ਹੀ ਜੇ ਜਾਗਰੂਕ ਹੋਵੇਗੀ, ਤਾਂ ਹੀ ਸਮਾਜ ਦਾ ਭਲਾ ਹੋਵੇਗਾ।

ਜਸਦੀਪ ਕੌਰ, ਸਹਾਇਕ ਪ੍ਰੋਫ਼ੈਸਰ, ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਸੰਪਰਕ: 98886-63422

 


Comments Off on ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.