ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

Posted On November - 7 - 2019

ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ

ਕਿਸੇ ਸਮੇਂ ਗੀਤਾਂ ਤੋਂ ਕਦਰਾਂ-ਕੀਮਤਾਂ ਤੇ ਸੱਭਿਆਚਾਰਕ ਦੀ ਝਲਕ ਮਿਲਦੀ ਸੀ, ਪਰ ਹੁਣ ਦੇ ਗੀਤਾਂ ਵਿਚਲੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਹੁਣ ਗੀਤਾਂ ਵਿਚ ਭੱਦੀ ਸ਼ਬਦਾਵਲੀ ਹੀ ਸੁਣਨ ਨੂੰ ਮਿਲਦੀ ਹੈ। ਗ਼ਲਤੀ ਸਾਡੀ ਵੀ ਹੈ, ਸਾਡੀ ਮਾਨਸਿਕਤਾ ਕਿਤੇ ਨਾ ਕਿਤੇ ਇਸ ਨੂੰ ਪਸੰਦ ਤੇ ਮਨਜ਼ੂਰ ਕਰ ਰਹੀ ਹੈ। ਅਜੋਕੀ ਗੀਤਕਾਰੀ-ਗਾਇਕੀ ਵਿਚੋਂ ਕੁਝ ਵੀ ਚੰਗਾ ਸਿੱਖਣ ਨੂੰ ਨਹੀਂ ਮਿਲਦਾ, ਸਿਰਫ਼ ਫ਼ੁਕਰਪੁਣਾ, ਲੱਚਰਤਾ, ਨਸ਼ੇ ਤੇ ਹਿੰਸਾ ਹੀ ਮਿਲ ਰਹੀ ਹੈ। ਇਨ੍ਹਾਂ ਗੀਤਾਂ ਵਿਚ ਕੁੜੀ ਨੂੰ ਹੀ ਕੇਂਦਰ ਬਣਾ ਕੇ ਉਸ ਖ਼ਿਲਾਫ਼ ਘਟੀਆ ਸ਼ਬਦਾਂ ਤੇ ਪ੍ਰਤੀਕਾਂ ਦਾ ਇਸਤੇਮਾਲ ਕਰ ਕੇ ਔਰਤ ਦਾ ਮਾਣ ਘਟਾਇਆ ਜਾਂਦਾ ਹੈ, ਜੋ ਬਹੁਤ ਹੀ ਨਿੰਦਣਯੋਗ ਹੈ।

ਰਮਨਦੀਪ ਕੌਰ, ਪੰਜਾਬੀ ਲੈਕਚਰਾਰ, ਗਿਆਨ ਸਾਗਰ ਕਾਲਜ, ਕਲਾਨੌਰ। ਸੰਪਰਕ: 97799-46334

ਲੋਕ ਗੀਤਾਂ ਵੱਲ ਮੋੜੀ ਜਾਵੇ ਨੌਜਵਾਨ ਪੀੜ੍ਹੀ

ਪੰਜਾਬੀ ਗਾਇਕੀ ਅਤੇ ਗੀਤਕਾਰੀ ਵਿਚ ਲਗਾਤਾਰ ਗਿਰਾਵਟ ਜਾਰੀ ਹੈ ਤੇ ਇਸ ਵਿਚ ਲੱਚਰਤਾ ਬਹੁਤ ਭਾਰੀ ਹੈ। ਲਗਾਤਾਰ ਨੌਜਵਾਨ ਪੀੜ੍ਹੀ ਦੀ ਸੋਚ ਉੱਪਰ ਇਹ ਅਖੌਤੀ ਕਲਾਕਾਰ ਭਾਰੂ ਹੋ ਰਹੇ ਹਨ ਤੇ ਉਨ੍ਹਾਂ ਸਾਡੇ ਸੱਭਿਆਚਾਰਕ ਲੋਕ ਗੀਤਾਂ ਤੋਂ ਨੌਜਵਾਨ ਪੀੜ੍ਹੀ ਨੂੰ ਕੋਹਾਂ ਦੂਰ ਕਰ ਦਿੱਤਾ ਹੈ। ਜਿਹੜੇ ਲੋਕ ਗੀਤ ਸਾਡੇ ਸੱਭਿਆਚਾਰਕ, ਸਮਾਜਿਕ, ਧਾਰਮਿਕ, ਨੈਤਿਕ ਕਦਰਾਂ-ਕੀਮਤਾਂ, ਪਵਿੱਤਰ ਰਿਸ਼ਤਿਆ ਅਤੇ ਰਸਮ-ਰਿਵਾਜ਼ਾਂ ਦੀਆਂ ਤਸਵੀਰਾਂ ਪੇਸ਼ ਕਰਦੇ ਸਨ, ਓਹ ਤਸਵੀਰਾਂ ਧੁੰਦਲੀਆ ਕਰ ਦਿੱਤੀਆਂ ਹਨ। ਪਰ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਲੋਕ ਗੀਤ-ਸੰਗੀਤ ਦੀ ਮਹੱਤਤਾ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਭੁੱਕਲ, ਪੰਜਾਬੀ ਮਾਸਟਰ, ਸਸਸ ਸਕੂਲ ਬੱਲਰਾਂ, ਸੰਗਰੂਰ। ਸੰਪਰਕ: 97818-23988

ਬੇਰੁਜ਼ਗਾਰੀ ਵੀ ਲੱਚਰਤਾ ਲਈ ਜ਼ਿੰਮੇਵਾਰ

ਅੱਜ ਦੇ ਪੰਜਾਬੀ ਗੀਤਾਂ ਵਿਚ ਲੱਚਰਤਾ ਬਹੁਤ ਖਤਰਨਾਕ ਰੂਪ ਧਾਰ ਰਹੀ ਹੈ। ਇਹ ਲੱਚਰਤਾ ਫੈਲਾਉਣਾ ਅਮੀਰਾਂ ਦਾ ਸ਼ੌਕ ਅਤੇ ਗਰੀਬਾਂ ਲਈ ਮਜਬੂਰੀ ਹੈ। ਲੱਚਰਤਾ ਵਿਚ ਬੇਰੁਜ਼ਗਾਰੀ ਦਾ ਵੀ ਵੱਡਾ ਹੱਥ ਹੈ। ਸਰਕਾਰਾਂ ਵੱਲੋਂ ਨੌਜਵਾਨਾਂ ਲਈ ਰੁਜ਼ਗਾਰ ਦੀ ਵਿਵਸਥਾ ਨਾ ਹੋਣ ਕਾਰਨ ਉਹ ਇਸ ਗਲਤ ਪਾਸੇ ਕਦਮ ਪੁੱਟ ਲੈਦੇ ਹਨ। ਬੇਰੁਜ਼ਗਾਰੀ ਕਾਰਨ ਲੜਕੀਆਂ ਦਾ ਸਟੇਜਾਂ ’ਤੇ ਸ਼ਰੇਆਮ ਧਨਾਢਾਂ ਵੱਲੋ ਸ਼ੋਸ਼ਣ ਕੀਤਾ ਜਾਦਾ ਹੈ। ਪੈਸੇ ਅਤੇ ਮਸ਼ਹੂਰੀ ਲਈ ਗੀਤਕਾਰ, ਗਾਇਕ ਤੇ ਡੀਜੇ ਆਦਿ ਵਾਲੇ ਉਨ੍ਹਾਂ ਦੀ ਇਸ ਸਥਿਤੀ ਦਾ ਗ਼ਲਤ ਫ਼ਾਇਦਾ ਉਠਾਉਂਦੇ ਹਨ। ਇਸ ਬਾਰੇ ਸਾਰੇ ਸਮਾਜ ਨੂੰ ਸੁਚੇਤ ਹੋਣ ਤੇ ਕੁਝ ਕਰਨ ਦੀ ਲੋੜ ਹੈ।

ਗੁਰਪ੍ਰੀਤ ਸਿੰਘ ਸੰਧੂ, ਪਿੰਡ ਗਹਿਲੇ ਵਾਲਾ,
ਜ਼ਿਲ੍ਹਾ ਫਾਜ਼ਿਲਕਾ। ਸੰਪਰਕ: 99887-66013

ਸ਼ੋਰ ਬਣ ਕੇ ਰਹਿ ਗਿਆ ਪੰਜਾਬੀ ਗੀਤ-ਸੰਗੀਤ

ਗੀਤਾਂ ’ਚ ਲੱਚਰਤਾ ਦਾ ਸਾਡੇ ਸਮਾਜ ’ਤੇ ਬੁਰਾ ਅਸਰ ਪੈ ਰਿਹਾ ਹੈ। ਸੰਗੀਤ ਰੂਹ ਦੀ ਖੁਰਾਕ ਹੋਣ ਦੀ ਬਜਾਏ ਸ਼ੋਰ ਬਣ ਗਿਆ। ਗੀਤ ਦੇ ਬੋਲਾਂ ਵਿਚ ਫੁਲਕਾਰੀ ਤੇ ਦੁਪੱਟੇ ਦੀ ਗੱਲ ਹੋ ਰਹੀ ਹੁੰਦੀ ਹੈ ਪਰ ਪੂਰੀ ਵੀਡੀਓ ਵਿਚਲੀ ਕੁੜੀ ਦੇ ਤਨ ਉੱਪਰ ਪੂਰੇ ਦੁਪੱਟੇ ਜਿੰਨੇ ਕੱਪੜੇ ਨਹੀਂ ਹੁੰਦੇ। ਅਰਥਾਂ ਵਿਹੂਣੇ, ਬੀਟ ਭਰਪੂਰ ਗੀਤਾਂ ਨੂੰ ਸੁਣ-ਸੁਣ ਅਜੋਕੇ ਜ਼ਮਾਨੇ ਦੇ ਗੱਭਰੂ ਆਪਣੇ ਵਾਨ੍ਹਾਂ ਉੱਪਰ ਅਪਰਾਧੀ, ਲਫੰਡਰ, ਪੱਕੇ ਵੈਲੀ, ਕਾਲੀ ਨਾਗਣੀ ਅਤੇ ਡਿਫਾਲਟਰ ਵਰਗੇ ਸ਼ਬਦ ਲਿਖਾਉਣ ਨੂੰ ਮਾਣ ਸਮਝ ਰਹੇ ਹਨ। ਹਥਿਆਰਾਂ, ਫੁਕਰਾਪੰਥੀ ਅਤੇ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਗੀਤ ਜਿੱਥੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।

ਸੁਖਵਿੰਦਰ ਸਿੰਘ ਅਟਵਾਲ, ਪਿੰਡ ਬਾਠਾਂ, ਅਮਰਗੜ੍ਹ, ਸੰਗਰੂਰ। ਸੰਪਰਕ: 99156-29076

ਲੱਚਰਤਾ ਨੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ

ਲੱਚਰ ਅਤੇ ਘਟੀਆ ਕਿਸਮ ਦੀ ਗਾਇਕੀ ਨੇ ਪੰਜਾਬੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਜੇ ਅੱਜ ਦੁਨੀਆਂ ਭਰ ਵਿਚ ਪੰਜਾਬੀ ਗਾਇਕੀ ਦਾ ਜਲੂਸ ਨਿਕਲ ਰਿਹਾ ਹੈ, ਤਾਂ ਉਸ ਦੇ ਜ਼ਿੰਮੇਵਾਰ ਵੀ ਪੰਜਾਬੀ ਗਾਇਕ ਹੀ ਹਨ। ਪੈਸੇ ਅਤੇ ਫ਼ੋਕੀ ਸ਼ੋਹਰਤ ਪਿੱਛੇ ਕੁਝ ਗਾਇਕਾਂ ਨੇ ਲੱਚਰਤਾ ਦੀ ਅਜਿਹੀ ਮਾਰਕੀਟ ਪੈਦਾ ਕਰ ਲਈ ਹੈ, ਜੋ ਸਾਡੇ ਸਮਾਜਿਕ ਤਾਣੇ-ਬਾਣੇ ਦਾ ਘਾਣ ਤਾਂ ਕਰ ਹੀ ਰਹੀ ਹੈ, ਚੰਗੇ ਗਾਇਕਾਂ ਨੂੰ ਫ਼ਾਕੇ ਕੱਟਣ ਲਈ ਮਜਬੂਰ ਵੀ ਕਰ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਅਜਿਹੇ ਗਾਣੇ ਹੀ ਪਸੰਦ ਆ ਰਹੇ ਹਨ, ਜਿਨ੍ਹਾਂ ਵਿਚ ਬੰਦੂਕਾਂ, ਨਸ਼ਿਆਂ, ਹੁੱਲੜਬਾਜ਼ੀ, ਜਿਸਮਾਨੀ ਰਿਸ਼ਤਿਆਂ ਅਤੇ ਬਦਮਾਸ਼ੀ ਦਾ ਜ਼ਿਕਰ ਹੋਵੇ।

ਪੰਕਜ ਕੁਮਾਰ ਸ਼ਰਮਾ, ਨੇੜੇ ਵੀਵੀ ਮਾਡਰਨ ਸਕੂਲ, ਜੱਜ ਨਗਰ, ਅੰਮ੍ਰਿਤਸਰ। ਸੰਪਰਕ: 99152-31591

ਲੱਚਰਤਾ ਲਈ ਸਮਾਜ ਦਾ ਸੁੱਤੇ ਹੋਣਾ ਜ਼ਿੰਮੇਵਾਰ

ਗਾਇਕੀ ਵਿਚ ਲੱਚਰਤਾ ਸਾਡੇ ਸਮਾਜ ਦੇ ਸੁੱਤੇ ਹੋਣ ਦੀ ਪੁਸ਼ਟੀ ਕਰਦੀ ਹੈ। ਅਸੀਂ ਆਪਣੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਮੂੰਹ ਮੋੜੀ ਬੈਠੇ ਹਾਂ। ਸਾਡੇ ਬੂਹੇ ਅੱਗੇ ਕੋਈ ਕੂੜਾ ਸੁੱਟਦਾ ਹੈ ਤਾਂ ਅਸੀਂ ਉਸ ਦਾ ਗਲ਼ ਫੜਨ ਤੱਕ ਜਾਂਦੇ ਹਾਂ, ਪਰ ਜਦੋਂ ਕੋਈ ਸਾਡਿਆਂ ਦਿਮਾਗਾਂ, ਖਿਆਲਾਂ ਵਿਚ ਕੂੜ ਭਰ ਰਿਹਾ ਹੈ, ਅਸੀਂ ਚੁੱਪ ਬੈਠੇ ਹਾਂ। ਅਜੋਕੀ ਦਿਸ਼ਾਹੀਣ ਗਾਇਕੀ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਪੁੱਠੇ ਰਾਹ ਪਾ ਦਿੱਤੀਆਂ ਹਨ। ਸਾਡੇ ਬੱਚੇ ਅਤੇ ਬੱਚੀਆਂ ਆਪਸੀ ਮੋਹ, ਪਿਆਰ, ਰਿਸ਼ਤਿਆਂ-ਨਾਤਿਆਂ ਨੂੰ ਦਿਲੋਂ ਵਿਸਾਰ, ਆਪਣੇ ਆਪ ਵਿਚ ਹੀ ਰਾਜ਼ੀ ਰਹਿਣ ਲੱਗ ਪਏ ਹਨ।

ਜੀਤ ਹਰਜੀਤ, ਪ੍ਰੀਤ ਨਗਰ, ਹਰੇੜੀ ਰੋਡ, ਸੰਗਰੂਰ। ਸੰਪਰਕ: 97816-77772


Comments Off on ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.