ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ

Posted On November - 17 - 2019

60ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼

ਅਮੋਲਕ ਸਿੰਘ

ਗ਼ੁਲਾਮੀ ਦੇ ਸੰਗਲ ਚੂਰ ਚੂਰ ਕਰਕੇ ਵਤਨ ਨੂੰ ਆਜ਼ਾਦ, ਜਮਹੂਰੀ, ਖੁਸ਼ਹਾਲ, ਸਮਾਜਿਕ ਬਰਾਬਰੀ ਅਤੇ ਨਿਆਂ ਦੀ ਬੁਨਿਆਦ ਉਪਰ ਨਵੇਂ ਨਰੋਏ ਸਰੂਪ ’ਚ ਸਿਰਜਣ ਲਈ 8500 ਤੋਂ ਵੀ ਵੱਧ ਗ਼ਦਰੀ ਸੰਗਰਾਮੀਏ ਆਪਣਾ ਤਨ, ਮਨ, ਧਨ ਨਿਛਾਵਰ ਕਰਨ ਲਈ ਦ੍ਰਿੜ੍ਹ ਸੰਕਲਪ ਹੋ ਕੇ 1913 ਵਿਚ ਆਪਣੀ ਮਾਂ-ਭੂਮੀ ਵੱਲ ਧਾਅ ਪਏ।
ਬਰਤਾਨਵੀ ਹਾਕਮਾਂ ਨੇ ਇਨ੍ਹਾਂ ਇਨਕਲਾਬੀ ਸੂਰਮਿਆਂ ਨੂੰ ਕਹਿਰ ਦਾ ਨਿਸ਼ਾਨਾ ਬਣਾਇਆ। ਰਵਾਇਤੀ ਲੀਡਰਸ਼ਿਪ ਨੇ ਇਨ੍ਹਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨਾ ਤਾਂ ਦੂਰ ਦੀ ਗੱਲ, ਉਲਟਾ ਕਈ ਨਾਜ਼ੁਕ ਮੋੜਾਂ ਉਪਰ ਬਰਤਾਨਵੀ ਹੁਕਮਰਾਨਾਂ ਦੀਆਂ ਇੱਛਾਵਾਂ ਉਪਰ ਫੁੱਲ ਚੜ੍ਹਾਏ। ਗ਼ਦਰੀ ਸੂਰਬੀਰ ਫਾਂਸੀਆਂ ’ਤੇ ਲਟਕਾਏ ਗਏ। ਕਾਲੇਪਾਣੀ, ਜੇਲ੍ਹਾਂ, ਜੂਹਬੰਦੀਆਂ, ਉਮਰ ਕੈਦਾਂ ਵਿਚ ਧੱਕੇ ਗਏ। ਉਨ੍ਹਾਂ ਦੇ ਪਰਿਵਾਰ ਬੁਰੀ ਤਰ੍ਹਾਂ ਉਜਾੜੇ, ਭੁੱਖਮਰੀ ਅਤੇ ਆਰਥਿਕ ਤੰਗੀਆਂ ਨੇ ਭੰਨ ਸੁੱਟੇ। ਉਨ੍ਹਾਂ ਦੀ ਬਾਂਹ ਫੜਨ ਲਈ ਕੌਮੀ ਆਗੂ ਕਹਾਉਂਦਿਆਂ ’ਚੋਂ ਕੋਈ ਨਾ ਬਹੁੜਿਆ।
ਪੀੜਤ ਪਰਿਵਾਰਾਂ ਦੇ ਮੰਦੜੇ ਹਾਲ ਨਾ ਸਹਾਰਦਿਆਂ 1920 ਵਿਚ ਲਾਹੌਰ ਵਿਚ ਹੋਏ ਸਿੱਖ ਲੀਗ ਦੇ ਇਜਲਾਸ ਵਿਚ ‘ਸਿੱਖ ਰਾਜਸੀ ਕੈਦੀ ਪਰਿਵਾਰ ਸਹਾਇਕ ਕਮੇਟੀ’ ਬਣਾਈ ਗਈ। ਇਸ ਕਮੇਟੀ ਦੇ ਪ੍ਰਧਾਨ ਗ਼ਦਰੀ ਬਾਬਾ ਸੰਤ ਵਸਾਖਾ ਸਿੰਘ ਨੂੰ ਬਣਾਇਆ ਗਿਆ। ਇਹ ਕਮੇਟੀ ਰਾਜਸੀ ਕੈਦੀਆਂ ਲਈ ਜੇਲ੍ਹਾਂ ਵਿਚ ਲੋੜੀਂਦੀਆਂ ਵਸਤਾਂ ਪਹੁੰਚਦੀਆਂ ਕਰਦੀ। ਜੇਲ੍ਹਾਂ ਵਿਚ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦੀ ਗਿਣਤੀ ਵਧਣ ਲੱਗੀ। ਸਾਂ ਫਰਾਂਸਿਸਕੋ ਅਤੇ ਕਾਬਲ ਅੱਡੇ ਦੇ ਗ਼ਦਰੀ ਮਹਿਸੂਸ ਕਰਨ ਲੱਗੇ ਕਿ ਕਮੇਟੀ ਦਾ ਨਾਂ ਬਦਲ ਕੇ ਸਮੂਹ ਪੀੜਤ ਪਰਿਵਾਰਾਂ ਦੀ ਤਰਜ਼ਮਾਨੀ ਕਰਦਾ ਰੱਖਿਆ ਜਾਣਾ ਚਾਹੀਦਾ ਹੈ। ਸੋਚ-ਵਿਚਾਰ ਉਪਰੰਤ ਇਸ ਦਾ ਨਾਂ ਬਦਲ ਕੇ ‘ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ’ ਰੱਖਿਆ ਗਿਆ। ਸੰਤ ਬਾਬਾ ਵਸਾਖਾ ਸਿੰਘ ਦੀ ਪ੍ਰਧਾਨਗੀ ਹੇਠ ਚਾਰ ਵਰ੍ਹੇ ਇਹ ਕਮੇਟੀ ਬਾਖ਼ੂਬੀ ਆਪਣੀ ਭੂਮਿਕਾ ਅਦਾ ਕਰਦੀ ਰਹੀ।
ਜਦੋਂ 1924 ਵਿਚ ਗ਼ਦਰੀ ਸੰਤ ਬਾਬਾ ਵਸਾਖਾ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ ਤਾਂ ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਭਾਈ ਸੰਤੋਖ ਸਿੰਘ ਦੇ ਘਰ ਧਰਦਿਓ ਵਿਖੇ ਗੁਪਤ ਮੀਟਿੰਗ ਹੋਈ। ਇਸ ਮੀਟਿੰਗ ਵਿਚ ਭਾਈ ਸੰਤੋਖ ਸਿੰਘ, ਕਰਮ ਸਿੰਘ ਚੀਮਾ, ਮਾਸਟਰ ਊਧਮ ਸਿੰਘ ਕਸੇਲ ਅਤੇ ਇੰਦਰ ਸਿੰਘ ਸੁਰ ਸਿੰਘ ਸ਼ਾਮਲ ਹੋਏ। ਸੰਤ ਵਸਾਖਾ ਸਿੰਘ ਨੂੰ ਗ਼ੈਰਹਾਜ਼ਰੀ ਵਿਚ ਵੀ ਪ੍ਰਧਾਨ ਬਣਾਇਆ ਗਿਆ।
ਗ਼ਦਰੀਆਂ ਖ਼ਿਲਾਫ਼ ਅੰਗਰੇਜ਼ ਹੁਕਮਰਾਨਾਂ ਅਤੇ ਉਨ੍ਹਾਂ ਦੇ ਸੇਵਾਦਾਰ ਭਾਰਤੀ ਝੋਲੀ ਚੁੱਕਾਂ ਨੇ ਕੂੜ ਪ੍ਰਚਾਰ ਦੇ ਝੱਖੜ ਝੁਲਾਏ। ਇਨ੍ਹਾਂ ਕੌਮੀ ਪਰਵਾਨਿਆਂ ਨੇ ਜਾਨ ਦੀ ਬਾਜ਼ੀ ਲਗਾ ਕੇ ਸਭਨਾਂ ਦੋਸ਼ਾਂ ਨੂੰ ਕਾਫੂਰ ਵਾਂਗ ਉਡਾ ਦਿੱਤਾ। ‘ਕਿਰਤੀ’, ਦੇਸ਼ ਸੇਵਕ’, ‘ਅਕਾਲੀ’ ਤੇ ’ਪਰਦੇਸੀ’ ਵਿਚ ਛਪਦੀਆਂ ਰਹੀਆਂ ਰਿਪੋਰਟਾਂ ਮੂੰਹੋਂ ਬੋਲਦੀਆਂ ਹਨ ਕਿ ਕਿਵੇਂ ਗ਼ਦਰੀ ਜੂਝਦੇ ਰਹੇ। ਜਿਨ੍ਹਾਂ ਦਾ ਨਿਸ਼ਾਨਾ ਸੀ ਮੁਲਕ ਵਿਚੋਂ ਸਾਮਰਾਜਵਾਦ ਦਾ ਬੋਰੀਆ ਬਿਸਤਰਾ ਗੋਲ ਕਰਨਾ। ਦੇਸ਼ੀ ਵਿਦੇਸ਼ੀ ਹਰ ਵੰਨਗੀ ਦੀ ਲੁੱਟ ਅਤੇ ਦਾਬੇ ਤੋਂ ਮੁਕੰਮਲ ਮੁਕਤੀ ਹਾਸਲ ਕਰਨਾ। ਜਾਤ-ਪਾਤ, ਫ਼ਿਰਕਾਪ੍ਰਸਤੀ, ਧਾਰਮਿਕ ਕੱਟੜਤਾ, ਰੰਗ, ਬੋਲੀ, ਨਸਲ ਆਦਿ ਤੋਂ ਉਪਰ ਉੱਠ ਕੇ ਤੇ ਮਿਹਨਤਕਸ਼ਾਂ ਦੀ ਪੁੱਗਤ ਸਥਾਪਤ ਕਰਨ ਵਾਲਾ ਰਾਜ ਅਤੇ ਸਮਾਜ ਸਿਰਜਣਾ। ਇਸ ਪ੍ਰੋਗਰਾਮ ਅਤੇ ਆਜ਼ਾਦੀ ਲਈ ਜਦੋਜਹਿਦ ਕਰਕੇ ਗ਼ਦਰੀ ਦੇਸ਼ ਭਗਤ, ਅੰਗਰੇਜ਼ੀ ਹੁਕਮਰਾਨਾਂ ਦੀ ਅੱਖ ਦਾ ਰੋੜ ਬਣੇ ਰਹੇ।

ਅਮੋਲਕ ਸਿੰਘ

ਗ਼ਦਰੀ ਦੇਸ਼ ਭਗਤਾਂ ਨੂੰ ਹੋਸ਼-ਵਿਹੂਣੇ ਅਤੇ ਸਿਰਫ਼ ਜੋਸ਼ੀਲੇ ਜਾਂਬਾਜ਼ ਆਖਣਾ ਉਨ੍ਹਾਂ ਦੀ ਸੋਚ, ਪ੍ਰਤੀਬੱਧਤਾ, ਆਦਰਸ਼ਾਂ ਅਤੇ ਅਮਲ ਨਾਲ ਇਨਸਾਫ਼ ਨਹੀਂ। ਇਕ ਨਿੱਕੀ ਜਿਹੀ ਝਲਕ ਹੀ ਗ਼ਦਰੀਆਂ ਦੀ ਰਾਜਨੀਤਕ ਸੂਝ-ਬੂਝ ਅਤੇ ਇਤਿਹਾਸ ਪ੍ਰਤੀ ਦ੍ਰਿਸ਼ਟੀ ਦੇ ਦੀਦਾਰ ਕਰਵਾ ਦਿੰਦੀ ਹੈ। ਇਹ ਝਲਕ ਆਪਣੇ ਮੂੰਹੋਂ ਆਪ ਬੋਲਦੀ ਹੈ:
‘‘ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਮਹਿਸੂਸ ਕਰਦੀ ਹੈ ਕਿ ਬੱਬਰ ਅਕਾਲੀ ਹੁਣੇ ਹੁਣੇ ਹੀ ਫਾਂਸੀ ਦੇ ਤਖ਼ਤਿਆਂ ’ਤੇ ਝੂਟੇ ਹਨ। ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨਾ ਸਾਡਾ ਫਰਜ਼ ਹੈ। ਹੋਰ ਵੀ ਕਿੰਨੇ ਹੀ ਕੌਮੀ ਸੇਵਕਾਂ ਅਤੇ ਦੇਸ਼ ਭਗਤਾਂ ਦੇ ਘਰ ਬਾਰ ਬਰਬਾਦ ਹੋ ਗਏ ਹਨ। ਉਨ੍ਹਾਂ ਦੇ ਬਾਲ-ਬੱਚਿਆਂ ਦਾ ਭਾਰ ਸਾਡੇ ਮੋਢਿਆਂ ’ਤੇ ਹੈ। ਜੇ ਇਨ੍ਹਾਂ ਦੇਸ਼ ਭਗਤਾਂ ਅਤੇ ਕੌਮੀ ਸੇਵਕਾਂ ਦੀ ਸਾਰ ਨਾ ਲਈ ਤਾਂ ਅੱਗੋਂ ਕੌਮੀ ਲਹਿਰਾਂ ਚੱਲਣੀਆਂ ਅਸੰਭਵ ਹੋ ਜਾਣਗੀਆਂ। (‘ਕਿਰਤੀ’, ਸਫ਼ਾ 130, ਅਪ੍ਰੈਲ 1926)
ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੀ ਜਮਹੂਰੀ ਅਤੇ ਪਾਰਦਰਸ਼ੀ ਕਾਰਜ ਸ਼ੈਲੀ ਦਾ ਪ੍ਰਮਾਣ ਇਤਿਹਾਸਕ ਦਸਤਾਵੇਜ਼ਾਂ ਵਿਚ ਆਪਣੇ ਮੂੰਹੋਂ ਬੋਲਦਾ ਹੈ:
ਪੰਡਤ ਕਾਸ਼ੀ ਰਾਮ ਸ਼ਹੀਦ (ਗ਼ਦਰ ਪਾਰਟੀ ਦੇ ਬਾਨੀ ਅਹੁਦੇਦਾਰਾਂ ਵਿਚ ਖਜ਼ਾਨਚੀ-ਲੇਖਕ) ਦੇ ਪਿਤਾ ਨੂੰ ਉਨ੍ਹਾਂ ਦੀ ਅਰਥੀ ’ਤੇ 10 ਰੁਪਏ, ਸ਼ਹੀਦ ਕਿਸ਼ਨ ਸਿੰਘ ਗੜਗੱਜ ਬੱਬਰ ਅਕਾਲੀ ਦੀ ਸਿੰਘਣੀ ਨੂੰ ਲੜਕੀ ਦੇ ਵਿਆਹ ਲਈ 51 ਰੁਪਏ, ਸ਼ਹੀਦ ਢੁੱਡੀਕੇ ਦੇ ਲੜਕੇ ਦੀਆਂ ਪੁਸਤਕਾਂ ਲਈ 13 ਰੁਪਏ, ਬੱਬਰ ਅਕਾਲੀ ਬਚਿੰਤ ਸਿੰਘ ਰੁੜਕਾ ਕਲਾਂ ਦੇ ਸਪੁੱਤਰ ਗਿਆਨੀ ਜਸਵੰਤ ਸਿੰਘ ਨੂੰ 15 ਰੁਪਏ ਸਹਾਇਤਾ ਦੇਣ ਲਈ ਮਤੇ ਪਾਸ ਕੀਤੇ ਗਏ।
‘ਕਿਰਤੀ’, 4 ਅਕਤੂਰ, 1931, ਸਫ਼ਾ 14
ਹਰਨਾਮ ਸਿੰਘ (ਟੁੰਡੀਲਾਟ), ਸਕੱਤਰ
ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ, ਅੰਮ੍ਰਿਤਸਰ ਕਮੇਟੀ ਨੇ ਇਕ-ਇਕ ਆਨਾ ਫੰਡ ਦੇਣ ਦੀ ਅਪੀਲ ਕੀਤੀ। ਅਪੀਲ ’ਚ ਦੱਸਿਆ ਕਿ ‘‘ਸੰਤ ਬਾਬਾ ਵਸਾਖਾ ਸਿੰਘ, ਬਾਬਾ ਸੋਹਣ ਸਿੰਘ ਭਕਨਾ ਸਭ ਨੂੰ ਪਿੰਡਾਂ ਅੰਦਰ ਨਜ਼ਰਬੰਦ ਕਰ ਦਿੱਤਾ ਹੈ ਤਾਂ ਜੋ ਉਹ ਸਹਾਇਤਾ ਲਹਿਰ ਨਾ ਚਲਾ ਸਕਣ। ਇਸ ਲਈ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੁਝ ਖਿਲਾਣ ਪਿਲਾਣ ਅਤੇ ਪਹਿਨਣ ਤੋਂ ਪਹਿਲਾਂ ਉਨ੍ਹਾਂ ਬਾਲਾਂ ਦਾ ਫ਼ਿਕਰ ਕਰੀਏ ਜਿਨ੍ਹਾਂ ਦੇ ਮਾਪੇ ਆਪਣੇ ਪਿਆਰੇ ਵਤਨ ਲਈ ਸਭ ਕੁਝ ਕੁਰਬਾਨ ਕਰ ਗਏ:
ਲਓ ਸਾਰ ਦੁਖਿਆਰਿਆਂ ਟੱਬਰਾਂ ਦੀ
ਬੱਚੇ ਜਿਨ੍ਹਾਂ ਦੇ ਵਿਲਕਦੇ ਟੁੱਕ ਨੂੰ ਜੀ
ਰੋਟੀ, ਕੱਪੜੇ ਤੋਂ ਜਿਹੜੇ ਤੰਗ ਫਿਰਦੇ,
ਕਰੋ ਦੂਰ ਯਤੀਮਾਂ ਦੀ ਭੁੱਖ ਨੂੰ ਜੀ
ਪੈਦਾ ਦਰਦ ਹੋਣਾ ਚਾਹੀਏ ਦਿਲਾਂ ਅੰਦਰ
ਦੁਖੀ ਦੇਖ ਕੇ ਦੂਏ ਮਨੁੱਖ ਨੂੰ ਜੀ
ਸਫ਼ਲ ਜੀਣਾ ਉਹਨਾਂ ਜੱਗ ਅੰਦਰ
ਜਿਹੜੇ ਵੰਡਦੇ ਦੁਖੀਆਂ ਦੇ ਦੁੱਖ ਨੂੰ ਜੀ
‘ਕਿਰਤੀ’, 20 ਦਸੰਬਰ 1933
ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਸਹਾਇਤਾ ਤੱਕ ਹੀ ਸੀਮਤ ਨਾ ਰਹਿ ਕੇ ਗੱਲ ਅੱਗੇ ਤੁਰੀ। ਗ਼ਦਰੀ ਦੇਸ਼ ਭਗਤਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਬਾਰੇ ਵਿਚਾਰਾਂ ਹੋਣ ਲੱਗੀਆਂ। ਯਾਦਗਾਰ ਮਹਿਜ਼ ਇਮਾਰਤ ਨਾ ਹੋਵੇ। ਯਾਦਗਾਰ ਗ਼ਦਰੀ ਸੰਗਰਾਮੀਆਂ ਦੀ ਸੋਚ ਅਤੇ ਆਦਰਸ਼ਾਂ ਦਾ ਪ੍ਰਤੀਕ ਹੋਵੇ। ਉਨ੍ਹਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਨਾ ਸਰੋਤ ਹੋਵੇ। ਇਨ੍ਹਾਂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਕਾਰਜ ਭਾਵੇਂ ਕਿਸੇ ਇਕ ਮੀਟਿੰਗ ਜਾਂ ਮਤੇ ਦਾ ਮਾਮਲਾ ਨਹੀਂ ਸੀ, ਪਰ ਬੀਜ ਰੂਪ ਵਿਚ ਇਹ ਗੱਲ ਗ਼ਦਰੀ ਬਾਬਿਆਂ ਦੇ ਜ਼ਿਹਨ ’ਚ ਗਹਿਰੀ ਤਰ੍ਹਾਂ ਕੰਮ ਕਰਦੀ ਸੀ ਕਿਉਂਕਿ ਉਹ ਆਪਣੇ ਮਿਸ਼ਨ ਦੀ ਪੂਰਤੀ ਲਈ ਨਿਰੰਤਰ ਸੰਗਰਾਮ ਦੀ ਸੋਚ ਨੂੰ ਬਾਖ਼ੂਬੀ ਸਮਝਦੇ ਸਨ।
ਮੁਲਕ ਦੀ ਵੰਡ ਤੋਂ ਪਹਿਲਾਂ ਲਾਹੌਰ ਜਾਂ ਅੰਮ੍ਰਿਤਸਰ ਇਹ ਯਾਦਗਾਰ ਬਣਾਉਣ ਦੀ ਤਜਵੀਜ਼ ਸੀ। ਸੰਤ ਬਾਬਾ ਵਸਾਖਾ ਸਿੰਘ ਨੇ ਇਸ ਕਾਰਜ ਨੂੰ ਹੱਥ ਲਿਆ। ਫੰਡ ਇਕੱਠਾ ਕਰਨ ਲਈ ਕਲਕੱਤੇ ਤੋਂ ਮੁਹਿੰਮ ਸ਼ੁਰੂ ਕਰਨ ਮੌਕੇ ਗ਼ਦਰ ਲਹਿਰ ਅਤੇ ਕਲਕੱਤਾ ਵਿਖੇ ਵਾਪਰੇ ਬਜਬਜ ਘਾਟ ਦੇ ਖ਼ੂਨੀ ਸਾਕੇ ਦੀ ਕਹਾਣੀ ਦੱਸੀ। ਰੋਜ਼ੀ ਰੋਟੀ ਲਈ ਕਲਕੱਤੇ ਆਏ ਪੰਜਾਬੀਆਂ ਨੂੰ ਆਪਣੇ ਇਤਿਹਾਸਕ ਫ਼ਰਜ਼ ਪਛਾਣਨ ਦੀ ਸੋਝੀ ਵੀ ਜਗਾਈ। ਭਰਵਾਂ ਹੁੰਗਾਰਾ ਮਿਲਿਆ। ਦਿਲ ਖੋਲ੍ਹ ਕੇ ਫੰਡ ਦੇਣ ਲਈ ਲੋਕ ਅੱਗੇ ਆਏ।
ਮੁਲਕ ਦੀ ਵੰਡ ਕਾਰਨ ਲਾਹੌਰ ਤਾਂ ਕੀ, ਅੰਮ੍ਰਿਤਸਰ ਵੀ ਸਰਹੱਦੀ ਸ਼ਹਿਰ ਬਣ ਜਾਣ ਕਾਰਨ ਇਸ ਦੀ ਬਜਾਏ ਜਲੰਧਰ ਸ਼ਹਿਰ ’ਚ ਯਾਦਗਾਰ ਬਣਾਉਣ ਦਾ ਫ਼ੈਸਲਾ ਕੀਤਾ। ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਨੇ ‘ਦੇਸ਼ ਭਗਤ ਯਾਦਗਾਰ ਕਮੇਟੀ’ ਰਜਿਸਟਰਡ ਕਰਵਾਈ। ਦੇਸ਼ ਭਗਤ ਯਾਦਗਾਰ ਹਾਲ ਬਣਾਉਣ ਲਈ ਰਾਏ ਬਹਾਦਰ ਬਦਰੀ ਨਾਥ ਦੀ ਕੋਠੀ ਅਤੇ ਹੋਰ ਜ਼ਮੀਨ ਮੁੱਲ ਲਈ। ਰਜਿਸਟਰੀ ਦੀ ਸਾਰੀ ਰਕਮ ਗ਼ਦਰੀ ਬਾਬਾ ਅਮਰ ਸਿੰਘ ਸੰਧਵਾਂ ਅਤੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਜ਼ਮੀਨ ਵੇਚ ਕੇ ਅਦਾ ਕੀਤੀ। ਇਮਾਰਤ ਦੀ ਉਸਾਰੀ ਦਾ ਮੁੱਖ ਜਿੰਮਾ ਬਾਬਾ ਗੁਰਮੁਖ ਸਿੰਘ ਲਲਤੋਂ ਨੇ ਓਟਿਆ। ਉਜਾਗਰ ਸਿੰਘ ਚੀਮਾ ਅਤੇ ਬਾਬਾ ਭਗਤ ਸਿੰਘ ਬਿਲਗਾ ਨੇ ਸਹਾਇਕ ਵਾਲਾ ਮੋਢਾ ਲਾਇਆ। ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਆਨਾ ਆਨਾ ਇਕੱਠਾ ਕਰਕੇ ਜੇਲ੍ਹਾਂ ਅੰਦਰ ਸੜਦੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ’ਤੇ ਵੀ ਖਰਚ ਕਰਦੀ ਆ ਰਹੀ ਸੀ ਅਤੇ ਸੰਜਮ ਨਾਲ ਹੰਗਾਮੀ ਹਾਲਤ ਵਿਚ ਲੋੜ ਲਈ ਬੱਚਤ ਵੀ ਕਰਕੇ ਰੱਖਦੀ ਸੀ। ਉਸ ਕਮੇਟੀ ਨੇ 25,000 ਰੁਪਏ ਯਾਦਗਾਰ ਦੀ ਉਸਾਰੀ ਲਈ ਮੁੱਢ ਵਿਚ ਹੀ ਅਦਾ ਕਰਕੇ ਫੰਡ ਇਕੱਤਰ ਕਰਨ ਦੀ ਯੋਜਨਾ ਨੂੰ ਭਰਵਾਂ ਹੁੰਗਾਰਾ ਭਰਿਆ। ਜਲੰਧਰ ਵਿਚ ਬੀ.ਐੱਮ.ਸੀ. ਚੌਂਕ ਲਾਗੇ ਉਸਾਰੇ ਦੇਸ਼ ਭਗਤ ਯਾਦਗਾਰ ਹਾਲ ਦੀ ਨੀਂਹ 17 ਨਵੰਬਰ 1959 ਨੂੰ ਦੇਸ਼ ਭਗਤ ਬਾਬਾ ਅਮਰ ਸਿੰਘ ਸੰਧਾਵਾਂ ਨੇ ਰੱਖੀ। ਉਨ੍ਹਾਂ ਨੇ ਇਕ ਲੱਖ ਰੁਪਿਆ ਉਸਾਰੀ ਲਈ ਯੋਗਦਾਨ ਵੀ ਦਿੱਤਾ।
ਬਾਬਾ ਗੁਰਮੁਖ ਸਿੰਘ ਲਲਤੋਂ ਲੁਧਿਆਣਾ ਛੱਡ ਕੇ ਇੱਥੇ ਆ ਕੇ ਆਪਣੀ ਨਿਗਰਾਨੀ ’ਚ ਇਮਾਰਤ ਦੀ ਉਸਾਰੀ ਹੋਰਨਾਂ ਦੇਸ਼ ਭਗਤਾਂ ਨਾਲ ਮਿਲ ਕੇ ਕਰਨ ਲੱਗੇ। ‘ਪੀਪਲਜ਼ ਪਾਥ’ (ਅੰਗਰੇਜ਼ੀ) ਅਤੇ ‘ਦੇਸ਼ ਭਗਤ ਯਾਦਾਂ’ (ਪੰਜਾਬੀ) ਦੋ ਪਰਚੇ ਛਾਪਣ ਲੱਗੇ। ਦੇਸ਼ ਭਗਤ ਯਾਦਗਾਰ ਦੀ ਇਕ ਨਹੀਂ, ਦੋ ਨੀਹਾਂ ਰੱਖੀਆਂ ਗਈਆਂ। ਇਕ ਯਾਦਗਾਰੀ ਕੰਪਲੈਕਸ/ਹਾਲ ਦੀ ਨੀਂਹ ਅਤੇ ਦੂਜੀ ਗ਼ਦਰ ਲਹਿਰ ਦੇ ਵਿਚਾਰਾਂ ਨੂੰ ਅੱਗੇ ਤੋਰਨ ਦੀ ਆਧਾਰਸ਼ਿਲਾ। ਬਾਬਾ ਭਗਤ ਸਿੰਘ ਬਿਲਗਾ, ਬਾਬਾ ਬੂਝਾ ਸਿੰਘ, ਬਾਬਾ ਦੁੱਲਾ ਸਿੰਘ ਜਲਾਲਦੀਵਾਲ, ਕਾਮਰੇਡ ਗੰਧਰਵ ਸੈਨ ਕੋਛੜ, ਦੇਸ਼-ਵਿਦੇਸ਼ ਵਸਦੇ ਅਣਗਿਣਤ ਸਾਥੀਆਂ ਅਤੇ ਸੰਸਥਾਵਾਂ ਨੇ ਆਰਥਿਕ ਸਹਾਇਤਾ ਇਕੱਠੀ ਕੀਤੀ।
ਅੱਜ ਬਾਬਾ ਸੋਹਣ ਸਿੰਘ ਭਕਨਾ ਅਜਾਇਬ ਘਰ, ਭਾਈ ਸੰਤੋਖ ਸਿੰਘ ‘ਕਿਰਤੀ’ ਲਾਇਬਰੇਰੀ, ਬਾਬਾ ਜਵਾਲਾ ਸਿੰਘ ਆਡੀਟੋਰੀਅਮ, ਬਾਬਾ ਗੁਰਮੁਖ ਸਿੰਘ ਹਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ, ਸ਼ਹੀਦ ਭਗਤ ਸਿੰਘ ਰੰਗਮੰਚ, ਪ੍ਰੋ. ਬਰਕਤ ਉੱਲਾ ਹਾਲ, ਵਿਸ਼ਨੂੰ ਗਣੇਸ਼ ਪਿੰਗਲੇ ਹਾਲ, ਗ਼ਦਰੀ ਗੁਲਾਬ ਕੌਰ ਹਾਲ ਆਦਿ ਨੂੰ ਆਪਣੀ ਬੁੱਕਲ ਵਿਚ ਸਮੇਟਣ ਵਾਲੇ ਦੇਸ਼ ਭਗਤ ਯਾਦਗਾਰ ਹਾਲ ਦੀ ਨੀਂਹ ਰੱਖਣ ਵਾਲਿਆਂ ਨੇ ਰੌਸ਼ਨ ਮਿਨਾਰ ਖੜ੍ਹਾ ਕਰ ਦਿੱਤਾ ਹੈ।
ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਕਿਸੇ ਇਮਾਰਤ ਜਾਂ ਯਾਦਗਾਰ ਦਾ ਬਣਨਾ ਨਹੀਂ ਸਗੋਂ ਸੋਚ ਸਮਝ ਕੇ ਅਣਗੌਲੇ ਅਤੇ ਅਣਫ਼ੋਲੇ ਰੱਖੇ ਜਾ ਰਹੇ ਮਹਾਨ ਇਤਿਹਾਸ ਨੂੰ ਸੰਭਾਲਣਾ ਅਤੇ ਅੱਗੇ ਤੋਰਨਾ ਹੈ।
ਬੀਤੇ 28 ਵਰ੍ਹਿਆਂ ਤੋਂ ਲੱਗ ਰਹੇ ਇੱਥੇ ਲੱਗ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਨੇ ਦੇਸ਼-ਵਿਦੇਸ਼ ਤੱਕ ਅਮਿੱਟ ਮੋਹਰ ਛਾਪ ਛੱਡੀ ਹੈ। ਇਸ ਇਨਕਲਾਬੀ ਸਭਿਆਚਾਰਕ ਮੇਲੇ ਦੀ ਬੁਨਿਆਦ ਵੀ ਦੇਸ਼ ਭਗਤ ਯਾਦਗਾਰ ਹਾਲ ਦੀ ਨੀਂਹ ਉਪਰ ਟਿਕੀ ਹੈ।

ਸੰਪਰਕ: 94170-76735


Comments Off on ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.