ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਤੇਰੇ ਇਸ਼ਕ ਨਚਾਇਆ…

Posted On November - 23 - 2019

ਡਾ. ਸਾਹਿਬ ਸਿੰਘ

ਜੁਗਨੀ ਉਹਦੇ ਮੂੰਹੋਂ ਫੱਬੇ
ਜਿਹਨੂੰ ਸੱਟ ਇਸ਼ਕ ਦੀ ਲੱਗੇ
ਅੱਜ ਮੈਂ ਜੁਗਨੀ ਦੀ ਬਾਤ ਪਾਉਣ ਲੱਗਾ ਹਾਂ। ਸਬੱਬ ਬਣੀ ਪਿਛਲੇ ਦਿਨੀਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਈ ਪੇਸ਼ਕਾਰੀ ‘ਓ ਜੁਗਨੀ ਪੰਜਾਬ ਦੀ।’ ਸੂਫੀ ਕੱਥਕ ਫਾਊਂਡੇਸ਼ਨ ਦੀ ਸੰਸਥਾਪਕ ਮੰਜਰੀ ਚਤੁਰਵੇਦੀ ਇਕ ਨਾਮਚੀਨ ਕੱਥਕ ਨਾਚੀ ਹੈ ਜੋ ਭੁੱਲੇ ਵਿਸਰੇ ਰਵਾਇਤੀ ਕਿਰਦਾਰ ਮੰਚ ਤੋਂ ਸਾਕਾਰ ਕਰਨ ਲਈ ਤਤਪਰ ਰਹਿੰਦੀ ਹੈ। ਗੰਗਾ ਯਮੁਨਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤੀ ਗਈ ਇਹ ਪੇਸ਼ਕਾਰੀ ਨ੍ਰਿਤ, ਕੱਵਾਲੀ, ਕਿੱਸਾਗੋਈ ਦਾ ਖ਼ੂਬਸੂਰਤ ਸੁਮੇਲ ਸੀ। ਪ੍ਰਸਿੱਧ ਸੰਗੀਤਕਾਰ ਮਦਨ ਗੋਪਾਲ ਸਿੰਘ ਦੀ ਸੁਚੱਜੀ ਅਗਵਾਈ ਹੇਠ ਮੰਜਰੀ ਚਤੁਰਵੇਦੀ ਨੇ ਜੁਗਨੀ ਦਾ ਸੰਕਲਪ ਘੜਿਆ ਅਤੇ ਜਸਦੀਪ ਸਿੰਘ ਨੇ ਫਿਰ ਵੱਖ ਵੱਖ ਲੋਕ ਗਾਥਾਵਾਂ ਨੂੰ ਪਰੋ ਕੇ ਇਕ ਕਹਾਣੀ ਬਣਾਈ। ਇਸ ਕਹਾਣੀ ਵਿਚ ਜੁਗਨੀ ਇਕ ਆਜ਼ਾਦ ਰੂਹ ਦੇ ਰੂਪ ’ਚ ਵਿਚਰਦੀ ਦਿਖਾਈ ਦਿੰਦੀ ਹੈ ਜੋ ਬਾਗੀ ਵੀ ਹੈ ਤੇ ਇਸ਼ਕ ’ਚ ਭਿੱਜਿਆ ਇਕ ਜਜ਼ਬਾਤੀ ਜਿਓੜਾ ਵੀ ਹੈ। ਜੁਗਨੀ ਪੰਜਾਬੀ ਲੋਕ ਗਾਇਕੀ ਵਿਚ ਵੱਖੋ ਵੱਖਰੇ ਰੰਗਾਂ ’ਚ ਪਰਿਭਾਸ਼ਤ ਹੁੰਦੀ ਆਈ ਹੈ। ਇਸ ਪੇਸ਼ਕਾਰੀ ਦਾ ਰੰਗ ਤੇ ਮਿਜਾਜ਼ ਵੱਖਰਾ ਸੀ। ਇੱਥੇ ਜੁਗਨੀ ਸਿਆਲਾਂ ਦੀ ਹੀਰ ਦੇ ਵੇਗਮੱਤੇ ਇਸ਼ਕ ਦੀ ਜ਼ਾਮਨ ਵੀ ਹੈ ਤੇ ਰਾਂਝੇ ਚਾਕ ਦੀ ਵੰਝਲੀ ਦੀ ਹੂਕ ਵੀ ਹੈ, ਜੁਗਨੀ ਸੋਹਣੀ ਦੇ ਕੱਚੇ ਘੜੇ ’ਚੋਂ ਡੁੱਲ੍ਹ ਡੁੱਲ੍ਹ ਪੈਂਦੇ ਪੱਕੇ ਕੌਲ ਕਰਾਰਾਂ ਨਾਲ ਸਾਂਝ ਵੀ ਪਾਉਂਦੀ ਹੈ ਤੇ ਮਹੀਂਵਾਲ ਦੇ ਪੱਟ ’ਚੋਂ ਚੀਰੇ ਮਾਸ ਦਾ ਜਨੂੰਨ ਵੀ ਦਰਸ਼ਕ ਦੇ ਸਨਮੁੱਖ ਕਰਦੀ ਹੈ। ਇਹ ਜੁਗਨੀ ਮੁਰਸ਼ਦ ਸ਼ਾਹ ਇਨਾਇਤ ਕਾਦਰੀ ਦੀ ਰੁਸਵਾਈ ਨੂੰ ਤਰਲ ਕਰਨ ਲਈ ਬੁੱਲ੍ਹੇ ਸ਼ਾਹ ਵੱਲੋਂ ਕੰਜਰੀ ਬਣ ਨੱਚੇ ਨਾਚ ਅੰਦਰ ਘੁੰਗਰੂ ਬਣ ਛਣਕਦੀ ਵੀ ਹੈ ਤੇ ਬਾਬਾ ਨਾਨਕ ਵੱਲੋਂ ਸਰਬੱਤ ਦੇ ਭਲੇ ਲਈ ਕੀਤੀਆਂ ਦੁਆਵਾਂ ’ਚੋਂ ਆਸੀਸ ਲੈਣ ਲਈ ਝੋਲੀ ਅੱਡ ਵੀ ਆ ਖੜ੍ਹਦੀ ਹੈ। ਇਹ ਜੁਗਨੀ ਨੱਚਦੀ ਹੈ, ਗਾਉਂਦੀ ਹੈ, ਗੁਦਗੁਦਾਉਂਦੀ ਹੈ, ਹਸਾਉਂਦੀ ਹੈ, ਰੁਲਾਉਂਦੀ ਹੈ ਤੇ ਵਜਦ ’ਚ ਆ ਕੇ ਦਰਸ਼ਕ ਨੂੰ ਝੂਮਣ ਲਾ ਦਿੰਦੀ ਹੈ।
ਪੇਸ਼ਕਾਰੀ ਦੀ ਰੰਗਤ ਰੰਗਮੰਚੀ ਹੈ। ਸੁਆਦਲੀ ਗੱਲ ਇਹ ਕਿ ਸ਼ੁਰੂਆਤ ਬਿਨਾਂ ਕਿਸੇ ਰਸਮੀ ਉਦਘਾਟਨ ਜਾਂ ਐਲਾਨ ਤੋਂ ਹੁੰਦੀ ਹੈ। ਮੰਚ ਉੱਤੇ ਛੋਟੀਆਂ ਵੱਡੀਆਂ ਐੱਲ.ਈ.ਡੀ. ਸਕਰੀਨਾਂ ਸਜਾਈਆਂ ਹੋਈਆਂ ਹਨ ਜਿਨ੍ਹਾਂ ਦਾ ਸਥਾਨ ਤੈਅ ਹੈ, ਪਰ ਉਹ ਕਿਸੇ ਕਿਰਦਾਰ ਵਾਂਗ ਪਲ ਪਲ ਰੰਗ ਰੂਪ ਤੇ ਭਾਵ ਬਦਲਦੀਆਂ ਹਨ। ਇੱਥੋਂ ਤਕ ਕਿ ਮੰਜਰੀ ਚਤੁਰਵੇਦੀ ਦੀ ਜਾਣ ਪਛਾਣ ਵੀ ਦਿਲਚਸਪ ਹੋ ਨਿਬੜਦੀ ਹੈ ਜਦੋਂ ਇਕ ਖ਼ੂਬਸੂਰਤ ਗੀਤ ਨਾਲ ਬੜੇ ਸਲੀਕੇ ਨਾਲ ਪਰੋਇਆ ਉਸਦਾ ਜੀਵਨ ਵੇਰਵਾ ਨਮੂਦਾਰ ਹੁੰਦਾ ਹੈ। ਇਸ ਉਪਰੰਤ ਕਿੱਸਾ ਗੋ ਰੰਗਮੰਚੀ ਅੰਦਾਜ਼ ਵਿਚ ਜੁਗਨੀ ਦੇ ਕੱਚੇ ਪੱਕੇ ਧਾਗੇ ਉਧੇੜਨੇ ਸ਼ੁਰੂ ਕਰਦਾ ਹੈ। ਵਿਕਰਮਜੀਤ ਸਿੰਘ ਰੂਪਰਾਇ ਦੀ ਸੁਸਤ ਕਿੱਸਾ ਬਿਆਨੀ ਜਿਵੇਂ ਹੀ ਦਰਸ਼ਕ ਨੂੰ ਉਕਤਾਉਣ ਲੱਗਦੀ ਹੈ, ਕੱਵਾਲ ਰਾਂਝਣ ਅਲੀ ਦੇ ਅਲਾਪ ਫਿਜ਼ਾ ’ਚ ਗੂੰਜਦੇ ਹਨ ਤੇ ਸੁਰ ਕੀਤੇ ਗਲੇ ਰਾਹੀਂ ਪੇਸ਼ ਹੋ ਰਹੀ ਰੂਹ ਦੀ ਗਾਇਕੀ ਪੂਰੇ ਮਾਹੌਲ ਨੂੰ ਰਹੱਸਮਈ ਬਣਾ ਦਿੰਦੀ ਹੈ। ਮੰਜਰੀ ਆਪਣੀਆਂ ਅਦਾਵਾਂ ਸੰਗ ਲਰਜ਼ਦੀ ਮੰਚ ’ਤੇ ਪ੍ਰਵੇਸ਼ ਕਰਦੀ ਹੈ। ਦਰਸ਼ਕ ਮੰਜਰੀ ਨੂੰ ਦੇਖ ਰਿਹਾ ਹੈ, ਰਾਂਝਣ ਅਲੀ ਤੇ ਸਾਥੀ ਕੱਵਾਲਾਂ ਨੂੰ ਸੁਣ ਰਿਹਾ ਹੈ, ਸਕਰੀਨਾਂ ਤੇ ਰੌਸ਼ਨੀ ਪ੍ਰਭਾਵ ਆਪਣਾ ਜਾਦੂ ਵਿਖਾ ਰਹੇ ਹਨ, ਹਾਲ ਅੰਦਰ ਬੈਠਾ ਦਰਸ਼ਕ ਆਪਣੇ ਆਪ ਨੂੰ ਦਰਿਆ ਦੀਆਂ ਲਹਿਰਾਂ ’ਤੇ ਝੂਟੇ ਲੈਂਦੀ ਬੇੜੀ ’ਚ ਬੈਠਾ ਮਹਿਸੂਸ ਕਰਦਾ ਹੈ ਜਿੱਥੇ ਠੰਢੀ ਹਵਾ ਦੇ ਬੁੱਲੇ ਵੀ ਆ ਰਹੇ ਹਨ ਤੇ ਪਵਣ ਗੁਰੂ ਪਾਣੀ ਪਿਤਾ ਦਾ ਸੰਗੀਤ ਵੀ ਉਸਨੂੰ ਸਰਸ਼ਾਰ ਕਰ ਰਿਹਾ ਹੈ। ਰਾਂਝਣ ਅਲੀ ਦੀ ਗਾਇਕੀ ਉਚੇਚ ਰਹਿਤ ਹੈ, ਉਚਾਰਣ ਕਮਾਲ ਦਾ ਹੈ। ਜਦੋਂ ਤਬਲੇ ਤੇ ਢੋਲਕ ਦੀ ਥਾਪ ਸੰਗ ਉੱਚਾ ਸੁਰ ਪਕੜਦਾ ਤਾਂ ਲੱਗਦਾ ਪੱਬ ਹੁਣੇ ਧਰਤੀ ਤੋਂ ਉੱਠ ਜਾਣਗੇ ਤੇ ਜਦੋਂ ਰਿਦਮ ਨੂੰ ਲਗਪਗ ਸਿਫਰ ’ਤੇ ਪਹੁੰਚਾ ਕੇ ਇਕਦਮ ਨੀਵੀਂ ਆਵਾਜ਼ ਕਰਕੇ ਕਿਸੇ ਪੰਕਤੀ ਦਾ ਦੁਹਰਾਉ ਪੇਸ਼ ਕਰਦਾ ਤਾਂ ਲੱਗਦਾ ਕਿ ਰਾਂਝਣ ਮੰਚ ’ਤੇ ਨਹੀਂ ਬੈਠਾ, ਤੁਹਾਡੀ ਬਗਲ ’ਚ ਬੈਠਾ ਕੰਨਾਂ ਵਿਚ ਮਿਸ਼ਰੀ ਘੋਲ ਰਿਹਾ ਹੈ।
ਮੰਜਰੀ ਕੱਥਕ ਨਾਚੀ ਹੈ, ਪਰ ਅੱਜ ਇਉਂ ਲੱਗਦਾ ਸੀ ਜਿਵੇਂ ਉਹ ਦਰਸ਼ਕਾਂ ਦੀ ਹਾਜ਼ਰੀ ਤੋਂ ਬੇਖ਼ਬਰ ਹੋ ਕੇ ਮੈਡੀਟੇਸ਼ਨ ਕਰ ਰਹੀ ਹੋਵੇ। ਉਸ ਦੀਆਂ ਨ੍ਰਿਤ ਮੁਦਰਾਵਾਂ ’ਚ ਰਵਾਨੀ ਏਨੀ ਕਿ ਇਕ ਵਾਰ ਨਜ਼ਰ ਟਿਕ ਗਈ ਤਾਂ ਜਿੱਧਰ ਜਿੱਧਰ ਉਸਦੇ ਹੱਥ ਜਾਂਦੇ, ਦਰਸ਼ਕ ਦੀ ਨਜ਼ਰ ਪਿੱਛਾ ਕਰਦੀ। ਕਿਸੇ ਵੀ ਕਲਾ ’ਚ ਸੁਭਾਵਿਕਤਾ ਆ ਜਾਵੇ ਤਾਂ ਸਮਝੋ ਉੱਚ ਦੁਆਰ ਖੁੱਲ੍ਹ ਗਿਆ।

ਡਾ. ਸਾਹਿਬ ਸਿੰਘ

ਵਾਰਸ ਸ਼ਾਹ, ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਬਾਬਾ ਫ਼ਰੀਦ, ਬਾਬਾ ਨਾਨਕ…ਕਿੱਸਾ ਦਰ ਕਿੱਸਾ ਜੁਗਨੀ ਰਾਹੀਂ ਪੇਸ਼ ਹੋ ਰਿਹਾ ਹੈ। ਬਲਕਾਰ ਸਿੱਧੂ ਦੀ ਆਮਦ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੰਦੀ ਹੈ। ਉਸਦੀ ਸਾਫ਼ ਕਿੱਸਾ ਗੋਈ, ਉਰਦੂ ਲਫਜ਼ਾਂ ਦਾ ਪਰਿਪੱਕ ਉਚਾਰਣ, ਢੁਕਵੇਂ ਹਾਵ ਭਾਵ, ਸੰਵਾਦ ਅਦਾਇਗੀ ਖਿੱਚ ਪਾਉਂਦੀ ਹੈ। ਬਾਬਾ ਫ਼ਰੀਦ ਦਾ ਕਿੱਸਾ ਪੇਸ਼ ਕਰਦਾ ਬਲਕਾਰ ਸਿੱਧੂ ਜਦੋਂ ਇਕੋ ਥਾਂ ’ਤੇ ਬੈਠੇ ਬੈਠੇ ਕੱਵਾਲਾਂ ਦੀ ਗਾਇਕੀ ਨਾਲ ਇਕਸੁਰ ਹੋ ਕੇ ਸਿਰਫ਼ ਉਪਰਲੇ ਧੜ ਦੀਆਂ ਨਾਚ ਮੁਦਰਾਵਾਂ ਰਾਹੀਂ ਰੰਗ ਬੰਨ੍ਹਦਾ ਹੈ ਤਾਂ ਖ਼ੁਸ਼ੀ ਹੁੰਦੀ ਹੈ ਕਿ ਮੰਜਰੀ ਨੂੰ ਬਰਾਬਰ ਦੀ ਟੱਕਰ ਦੇਣ ਵਾਲਾ ਸਾਡਾ ਆਪਣਾ ਪੰਜਾਬੀ ‘ਗੱਭਰੂ’ ਵੀ ਘੱਟ ਨਹੀਂ।
ਇਹ ਪੇਸ਼ਕਾਰੀ ਜੁਗਨੀ ਦੇ ਕਿਰਦਾਰ ਦੀਆਂ ਤਹਿਆਂ ਫਰੋਲਣ ਦੀ ਕੋਸ਼ਿਸ਼ ਕਰਦੀ ਹੈ, ਜਿਵੇਂ ਅਰਥ ਤਲਾਸ਼ਣ ਦਾ ਇਕ ਅਭਿਆਸ! ਜਾਪਿਆ ਕਿ ਜੁਗਨੀ ਜੁਗਨੂੰ ਬਣ ਹਨੇਰੀਆਂ ਨੁੱਕਰਾਂ ਨੂੰ ਰੁਸ਼ਨਾ ਰਹੀ ਹੈ, ਪਰ ਫੇਰ ਖ਼ੁਦ ਹੀ ਕਿਸੇ ਹਨੇਰੇ ਵਿਚ ਗੁੰਮ ਗੁਆਚ ਜਾਂਦੀ ਹੈ। ਕਦੇ ਲੱਗਦਾ ਹੈ ਕਿ ਜੁਗਨੀ ਕਿਸੇ ਫ਼ਕੀਰ ਦੀ ਦੁਆ ਦਾ ਨਾਮ ਹੈ, ਕਿਸੇ ਰਹਿਮਤ ਦਾ ਖ਼ਜ਼ਾਨਾ ਹੈ। ਜੁਗਨੀ ਹਾਣ ਪਰਵਾਣ ਲੱਭਦੀ ਕੋਈ ਐਸੀ ਰੂਹ ਹੈ ਜੋ ਕਦੇ ਵੀ ਕਿਤੇ ਵੀ ਪਹੁੰਚ ਜਾਂਦੀ ਹੈ ਤੇ ਇਸ਼ਕ ਦੀ ਅਲਖ ਜਗਾ ਦਿੰਦੀ ਹੈ। ਉਹ ਨਾ ਕਿਸੇ ਸਮਾਜਿਕ ਨੇਮ ਜਾਂ ਵਲਗਣਾਂ ਤੇ ਨਾ ਕਿਸੇ ਹਾਕਮ ਦੀਆਂ ਬੰਦਿਸ਼ਾਂ ਤੋਂ ਖੌਫ ਖਾਂਦੀ ਹੈ। ਉਹ ਅਲਬੇਲੀ ਰੂਹ ਹੈ। ਜੁਗਨੀ ਸਾਡੇ ਅੰਦਰ ਦੱਬੀਆਂ ਅਧੂਰੀਆਂ ਖਾਹਿਸ਼ਾਂ ਦਾ ਬਿੰਬ ਹੈ, ਸਾਡੇ ਅੰਦਰ ਕੈਦ ਆਜ਼ਾਦ ਹਸਤੀ ਦਾ ਝਉਲਾ ਹੈ। ਜੁਗਨੀ ਸਾਡਾ ਅਕਸ ਹੈ ਜਿਸਨੂੰ ਅਸੀਂ ਸਾਰੀ ਉਮਰ ਦਬਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਾਂ ਤਾਂ ਕਿ ਸਾਨੂੰ ਸਮਾਜਿਕ ਪ੍ਰਵਾਨਗੀ ਮਿਲਣੋਂ ਕਿਤੇ ਖੁੰਝ ਨਾ ਜਾਵੇ।
ਜੁਗਨੀ ਪੇਸ਼ ਕਰਕੇ ਮੰਜਰੀ ਚਤੁਰਵੇਦੀ, ਰਾਂਝਣ ਅਲੀ ਤੇ ਉਸਦੇ ਸਾਥੀ ਕੱਵਾਲ, ਮੰਚ ਵਿਉਂਤਣ ਵਾਲੀ ਟੀਮ, ਰੌਸ਼ਨੀ ਪ੍ਰਭਾਵ ਡਿਜ਼ਾਈਨ ਕਰਨ ਵਾਲੇ ਤਕਨੀਸ਼ੀਨ, ਕਿੱਸਾ ਗੋ ਬਲਕਾਰ ਸਿੱਧੂ ਤੇ ਵਿਕਰਮਜੀਤ ਸਿੰਘ ਨੇ ਸਾਡੇ ਪੋਲੀ ਜਿਹੀ ਚੂੰਢੀ ਵੱਢੀ ਹੈ ਤਾਂ ਕਿ ਸਾਨੂੰ ਯਾਦ ਰਹੇ ਕਿ ਜੁਗਨੀ ਅੱਜ ਵੀ ਜ਼ਿੰਦਾ ਹੈ ਤੇ ਆਜ਼ਾਦ ਫਿਜ਼ਾ ’ਚ ਸਾਹ ਲੈਣ ਲਈ ਤਰਲੋਮੱਛੀ ਹੋ ਰਹੀ ਹੈ। ਜੁਗਨੀ ਸਾਡੇ ਦਿਲਾਂ ਦੀਆਂ ਤਾਰਾਂ ਨੂੰ ਤੁਣਕਾ ਦੇ ਕੇ ਗਈ ਹੈ ਕਿ ਜ਼ੁਬਾਨੀ ਕਲਮਾ ਤਾਂ ਹਰ ਕੋਈ ਪੜ੍ਹਦਾ ਹੈ, ਪਰ ਦਿਲ ਦਾ ਕਲਮਾ ਕੋਈ ਹੋਵੇ! ‘ਓ ਜੁਗਨੀ ਪੰਜਾਬ ਦੀ’ ਪੇਸ਼ ਕਰਨ ਵਾਲੀ ਸਮੁੱਚੀ ਟੀਮ ਬਕੌਲ ਬਾਬਾ ਬੁੱਲ੍ਹੇ ਸ਼ਾਹ ਸਾਨੂੰ ਝੰਜੋੜਦੀ ਹੈ ਕਿ ਇਸਤੋਂ ਪਹਿਲਾਂ ਕਿ ‘ਜ਼ਿੰਦਗੀ ਰੂਪੀ ਮਹਿਬੂਬ’ ਹਮੇਸ਼ਾਂ ਲਈ ਰੁੱਸ ਜਾਵੇ, ਆਓ ਉਸਨੂੰ ਮਨਾਉਣ ਲਈ ਹੰਭਲਾ ਮਾਰੀਏ:
ਛੇਤੀ ਬਹੁੜੀਂ ਵੇ ਤਬੀਬਾ
ਨਹੀਂ ਤੇ ਮੈਂ ਮਰ ਗਈ ਆਂ
ਤੇਰੇ ਇਸ਼ਕ ਨਚਾਇਆ
ਕਰ ਥਈਆ ਥਈਆ!

ਸੰਪਰਕ: 98880-11096


Comments Off on ਤੇਰੇ ਇਸ਼ਕ ਨਚਾਇਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.