ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਤਿਲ੍ਹਕਣ ਅਤੇ ਫਿਸਲਣ

Posted On November - 17 - 2019

ਨਰਿੰਦਰ ਸਿੰਘ ਕਪੂਰ
ਮਨੁੱਖੀ ਵਿਹਾਰ

ਸੰਸਾਰ ਬਦਲ ਰਿਹਾ ਹੈ। ਯੂਰੋਪ ਵਿਚ ਦੂਜੇ ਵਿਸ਼ਵ ਯੁੱਧ ਉਪਰੰਤ ਅਤੇ ਭਾਰਤ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਪਰਿਵਰਤਨ ਤੇਜ਼ੀ ਨਾਲ ਵਾਪਰ ਰਿਹਾ ਹੈ ਜਿਸ ਨਾਲ ਇਨ੍ਹਾਂ ਦੇਸ਼ਾਂ ਵਿਚ ਜੀਵਨ ਦੀਆਂ ਤਰਜੀਹਾਂ ਬਦਲ ਰਹੀਆਂ ਹਨ। ਤਰਜੀਹਾਂ ਬਦਲਣ ਦਾ ਕਾਰਨ ਬਾਜ਼ਾਰ ਵਿਚ ਭਾਂਤ-ਭਾਂਤ ਦੀਆਂ ਨਵੀਆਂ ਵਸਤਾਂ ਦੀ ਆਮਦ ਅਤੇ ਹਰ ਖੇਤਰ ਵਿਚ ਯੰਤਰਾਂ ਦੀ ਵਰਤੋਂ ਕਾਰਨ ਜੀਵਨ ਦੀ ਰਫ਼ਤਾਰ ਦਾ ਤੇਜ਼ ਹੋਣਾ ਹੈ। ਸਿੱਖਿਆ, ਸ਼ਹਿਰੀਕਰਨ, ਪਰਿਵਾਰ ਨਿਯੋਜਨ ਅਤੇ ਬਿਜਲੀ ਦੀ ਸਹੂਲਤ ਕਾਰਨ ਮਨੁੱਖ ਦਾ ਪਰਿਵਾਰਕ ਜੀਵਨ ਪ੍ਰਭਾਵਿਤ ਹੋਇਆ ਹੈ। ਰਸੋਈ ਦੀ ਗੈਸ, ਫਰਿੱਜ, ਵਾਸ਼ਿੰਗ ਮਸ਼ੀਨ, ਮਿਕਸੀ ਅਤੇ ਗੀਅਰਾਂ ਤੋਂ ਬਿਨਾਂ ਸਕੂਟਰ-ਕਾਰਾਂ ਨੇ ਇਸਤਰੀ ਦੀ ਜੀਵਨ ਸ਼ੈਲੀ ਬਦਲ ਦਿੱਤੀ ਹੈ। ਹਰੇਕ ਖੇਤਰ ਵਿਚ ਵੰਨ-ਸੁਵੰਨਤਾ ਕਾਰਨ ਮਨੁੱਖੀ ਰਿਸ਼ਤਿਆਂ ਅਤੇ ਸਬੰਧਾਂ ਵਿਚ ਵੀ ਵੰਨ-ਸੁਵੰਨਤਾ ਪਸਰ ਰਹੀ ਹੈ। ਪਿਛਲੇ ਕੁਝ ਦਹਾਕਿਆਂ ਵਿਚ ਪਹਿਲਾਂ ਟੈਲੀਵਿਜ਼ਨ, ਫਿਰ ਮੋਬਾਈਲ ਫੋਨਾਂ, ਮਗਰੋਂ ਵਾਹਨਾਂ ਅਤੇ ਹੁਣ ਇੰਟਰਨੈੱਟ ਨੇ ਹਰ ਕਿਸੇ ਦੇ ਜੀਵਨ ਦੀ ਨੁਹਾਰ ਬਦਲ ਦਿੱਤੀ ਹੈ। ਜੀਵਨ ਵਿਚ ਤਕਨਾਲੋਜੀ ਦੀ ਵਿਸ਼ਾਲ ਪੱਧਰ ’ਤੇ ਵਰਤੋਂ ਕਾਰਨ ਜਵਾਨੀ ਮੁੱਕਣ ਦੀ ਪ੍ਰਕਿਰਿਆ ਹੌਲੀ ਹੋਈ ਹੈ ਜਿਸ ਦੇ ਫਲਸਰੂਪ ਇਸਤਰੀਆਂ-ਪੁਰਸ਼ ਹੁਣ ਅੱਧਖੜ ਉਮਰ ਤਕ ਅਤੇ ਕਈ ਇਸ ਤੋਂ ਮਗਰੋਂ ਵੀ ਨਵੇਂ ਸਬੰਧ ਉਸਾਰਦੇ ਰਹਿੰਦੇ ਹਨ। ਸੰਚਾਰ ਸਹੂਲਤਾਂ ਦੇ ਵਿਆਪਕ ਫੈਲਾਓ ਨਾਲ ਇਸਤਰੀਆਂ-ਪੁਰਸ਼ ਇਕ ਦੂਜੇ ਦੇ ਸੰਪਰਕ ਵਿਚ ਆ ਅਤੇ ਰਹਿ ਰਹੇ ਹਨ।
ਰੁਜ਼ਗਾਰ ’ਤੇ ਲੱਗਣ, ਆਉਣ-ਜਾਣ ਦੇ ਪੱਖੋਂ ਸੁਤੰਤਰ ਹੋਣ, ਕਮਾਉਣ, ਖਰਚਣ ਦੇ ਪੱਖੋਂ ਸੌਖੀਆਂ ਹੋਣ, ਸਜ-ਸਜਾਵਟ ਦੇ ਸਾਮਾਨ ਅਤੇ ਲਿਬਾਸ ਵਿਚ ਪ੍ਰਯੋਗ ਕਾਰਨ, ਆਤਮ-ਵਿਸ਼ਵਾਸ ਦੇ ਵਧਣ ਕਰਕੇ, ਇਸਤਰੀਆਂ ਦੇ ਵਿਹਾਰ ਵਿਚ ਪਰਿਵਰਤਨ ਪ੍ਰਤੱਖ ਦਿੱਸਣ ਲੱਗ ਪਿਆ ਹੈ ਜਿਸ ਕਾਰਨ ਇਸਤਰੀ ਦੇ ਜੀਵਨ ਦੀ ਪਹਿਲ-ਦੂਜ ਬਦਲ ਗਈ ਹੈ। ਪਰਿਵਾਰ ਨਿਯੋਜਨ ਦੀਆਂ ਵਿਧੀਆਂ ਕਾਰਨ ਇਸਤਰੀ ਦੇ ਡਰ ਘਟੇ ਹਨ ਅਤੇ ਸਵੈ-ਵਿਸ਼ਵਾਸ ਵਧਿਆ ਹੈ। ਇਸਤਰੀ ਦੀ ਸੁੰਦਰਤਾ ਦਾ ਆਧਾਰ ਹੁਣ ਨੈਣ-ਨਕਸ਼ਾਂ ਦੀ ਥਾਂ, ਉਸ ਦਾ ਆਤਮ-ਵਿਸ਼ਵਾਸ ਹੋ ਗਿਆ ਹੈ। ਉਪਰੋਕਤ ਕਾਰਨਾਂ ਕਰਕੇ ਇਸਤਰੀ ਪੁਰਸ਼ ਦੇ ਪਤੀ-ਪਤਨੀ ਵਜੋਂ ਰਿਸ਼ਤੇ ਵਿਚ ਵਫ਼ਾਦਾਰੀ ਦੇ ਅਰਥ ਬਦਲ ਰਹੇ ਹਨ ਜਿਸ ਕਾਰਨ ਵਿਆਹ ਦੀ ਪਵਿੱਤਰਤਾ ਪ੍ਰਭਾਵਿਤ ਹੋਈ ਹੈ। ਹੁਣ ਲਗਪਗ ਤਿੰਨ ਚੌਥਾਈ ਇਸਤਰੀਆਂ-ਪੁਰਸ਼ਾਂ ਨੇ ਵਿਆਹ ਤੋਂ ਪਹਿਲਾਂ ਹੀ ਸਰੀਰਕ ਸਬੰਧਾਂ ਦੀ ਬੁਝਾਰਤ ਬੁੱਝ ਲਈ ਹੁੰਦੀ ਹੈ। ਸ਼ਰਮ ਦੀ ਪਕੜ ਢਿੱਲੀ ਹੋਣ ਕਾਰਨ ਹੁਣ ਪਤੀ-ਪਤਨੀ ਦੇ ਰਿਸ਼ਤੇ ’ਚ ਪਵਿੱਤਰਤਾ ਪਹਿਲਾਂ ਵਾਂਗੂੰ ਨਹੀਂ ਰਹੀ। ਹੁਣ ਜਦੋਂ ਕੋਈ ਪਰੰਪਰਕ ਵਫ਼ਾਦਾਰੀ ਦੀ ਗੱਲ ਕਰਦਾ ਹੈ ਤਾਂ ਉਹ ਕਿਸੇ ਹੋਰ ਜ਼ਮਾਨੇ ਦਾ ਪ੍ਰਤੀਤ ਹੁੰਦਾ ਹੈ। ਮਨੁੱਖ ਪ੍ਰਯੋਗ ਕਰ ਰਿਹਾ ਹੈ ਕਿਉਂਕਿ ਵਿਆਹ ਦੇ ਰਿਸ਼ਤੇ ਦੀ ਨਵੀਨਤਾ ਥੋੜ੍ਹੇ ਜਿਹੇ ਅਰਸੇ ਵਿਚ ਹੀ ਅਕੇਵੇਂ ਅਤੇ ਥਕਾਵਟ ਦੀ ਸ਼ਿਕਾਰ ਹੋਣ ਲੱਗ ਪੈਂਦੀ ਹੈ। ਵਧ ਰਹੇ ਤਲਾਕ ਅਤੇ ਕਿਸੇ ਦਾ ਦੂਜਾ-ਤੀਜਾ ਵਿਆਹ ਹੁਣ ਹੈਰਾਨ ਨਹੀਂ ਕਰਦੇ।

ਨਰਿੰਦਰ ਸਿੰਘ ਕਪੂਰ

ਜਦੋਂ ਮਨੁੱਖ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਉਸ ਦੀਆਂ ਇੱਛਾਵਾਂ ਜਾਗ ਪੈਂਦੀਆਂ ਹਨ। ਨਵੇਂ ਪ੍ਰਯੋਗ ਕਾਰਨ, ਨਵੀਆਂ ਥਾਵਾਂ ’ਤੇ ਜਾਣ ਅਤੇ ਨਵੇਂ ਅਨੁਭਵ ਪ੍ਰਾਪਤ ਕਾਰਨ ਦੀ ਬਿਰਤੀ ਬਲਵਾਨ ਹੁੰਦੀ ਹੈ। ਸਮਾਜ ਦਾ ਪਤਵੰਤਾ, ਸਾਧਨ-ਸੰਪੰਨ ਵਰਗ, ਨਵੀਂ ਜੀਵਨ-ਜਾਚ ਉਸਾਰਨ ਵੱਲ ਰੁਚਿਤ ਹੈ। ਇਸ ਵਰਗ ਦੇ ਵਿਹਾਰ ਦੀ, ਫਿਲਮਾਂ ਵਿਚ ਅਤੇ ਟੈਲੀਵਿਜ਼ਨ ’ਤੇ ਦੇਖਾ-ਦੇਖੀ ਨਾਲ, ਬਾਕੀ ਸਮਾਜ ਵੀ ਉਵੇਂ ਕਰਨ ਲੱਗ ਪੈਂਦਾ ਹੈ। ਹੁਣ ਟੈਲੀਵਿਜ਼ਨ ਜਾਂ ਫਿਲਮਾਂ ਵਿਚ ਗ਼ਰੀਬੀ ਜਾਂ ਗ਼ਰੀਬੀ ਤੋਂ ਉਪਜੀਆਂ ਸਮੱਸਿਆਵਾਂ ਨਹੀਂ ਵਿਖਾਈਆਂ ਜਾਂਦੀਆਂ। ਇਨ੍ਹਾਂ ਦੀ ਥਾਂ ਹੁਣ ਸ਼ਾਹਾਨਾ ਜੀਵਨ ਅਤੇ ਮੌਜ-ਮੇਲੇ ਦੇ ਦ੍ਰਿਸ਼ਾਂ ਨੇ ਲੈ ਲਈ ਹੈ। ਪਰੰਪਰਕ ਸਮਾਜਾਂ ਵਿਚ ਪਤੀ ਹੀ ਬੇਵਫ਼ਾਈ ਕਰਦੇ ਰਹੇ ਹਨ ਅਤੇ ਪਤਨੀ ਤੋਂ ਹਰ ਹਾਲ ਵਫ਼ਾਦਾਰੀ ਦੀ ਹੀ ਆਸ ਕੀਤੀ ਜਾਂਦੀ ਸੀ, ਪਰ ਹੁਣ ਆਰਥਿਕ, ਸਰੀਰਕ ਅਤੇ ਮਾਨਸਿਕ ਪੱਖੋਂ ਸੁਤੰਤਰ ਹੋਣ ਕਾਰਨ ਇਸਤਰੀਆਂ ਆਪ ਫ਼ੈਸਲੇ ਕਰਨ ਲੱਗ ਪਈਆਂ ਹਨ ਅਤੇ ਇਸਤਰੀਆਂ ਦੇ ਫ਼ੈਸਲੇ, ਪੁਰਸ਼ਾਂ ਦੇ ਫ਼ੈਸਲਿਆਂ ਤੋਂ ਵੱਖਰੀ ਭਾਂਤ ਦੇ ਹੁੰਦੇ ਹਨ। ਔਰਤ ਨਾਲ ਵਿਆਹ ਤੋਂ ਬਾਹਰ ਕੋਈ ਵੀ ਰਿਸ਼ਤਾ, ਔਰਤ ਦਾ ਸ਼ੋਸ਼ਣ ਹੁੰਦਾ ਹੈ ਪਰ ਭਾਰਤ ਵਿਚ ਤਾਂ ਔਰਤ ਦੇ ਸ਼ੋਸ਼ਣ ਦਾ ਪੱਕਾ ਸਬੂਤ ਹੀ ਵਿਆਹ ਦਾ ਰਿਸ਼ਤਾ ਹੈ। ਹੁਣ ਸ਼ਹਿਰ ਕਿਸੇ ਨੂੰ ਨਿਰਾਸ਼ ਨਹੀਂ ਕਰਦੇ। ਹੁਣ ਵੇਖਣ, ਸੁਣਨ, ਜਾਣਨ, ਜਿਉਣ ਦੀ ਕਿਸੇ ਵਿਚ ਜਿਤਨੀ ਹਿੰਮਤ ਅਤੇ ਸਮਰੱਥਾ ਹੁੰਦੀ ਹੈ, ਸ਼ਹਿਰ ਉਹੋ ਜਿਹਾ ਹੋ ਜਾਂਦਾ ਹੈ। ਜੇ ਉਚੇਰੀ ਅਤੇ ਚੰਗੇਰੀ ਸਿੱਖਿਆ ਵਾਲੇ ਆਪਣੇ ਇਰਾਦਿਆਂ ਨੂੰ ਵਧੇਰੇ ਯੋਗਤਾ ਨਾਲ ਪ੍ਰਗਟਾ ਸਕਦੇ ਹਨ ਤਾਂ ਇਹ ਆਪਣੇ ਮੰਤਵਾਂ ਨੂੰ ਵਧੇਰੇ ਯੋਗਤਾ ਨਾਲ ਛੁਪਾਉਣ ਵਿਚ ਵੀ ਨਿਪੁੰਨ ਹੁੰਦੇ ਹਨ। ਇਹ ਚੁਸਤ ਹੁੰਦੇ ਹਨ। ਇਹ ਮਿੱਠੀ ਗੱਲਬਾਤ ਕਰਨੀ ਅਤੇ ਭਰਮਾਉਣਾ ਜਾਣਦੇ ਹਨ। ਇਹ ਮੌਕਿਆਂ ਦਾ ਲਾਭ ਉਠਾਉਂਦੇ ਹਨ। ਇਹ ਉੱਥੇ ਜਾਂਦੇ ਹਨ ਜਿੱਥੇ ਰੌਣਕ ਅਤੇ ਮਿਲਣ-ਮਿਲਾਉਣ ਦੇ ਅਵਸਰ ਹੁੰਦੇ ਹਨ। ਇਹ ਉੱਥੇ ਪਹੁੰਚ ਜਾਂਦੇ ਹਨ, ਜਿੱਥੇ ਇਸਤਰੀਆਂ ਵੀ ਇਨ੍ਹਾਂ ਵਰਗਿਆਂ ਨੂੰ ਲੱਭ ਰਹੀਆਂ ਹੁੰਦੀਆਂ ਹਨ। ਇਹ ਗੱਲ ਬਣਾਉਣ, ਢੁੱਕਵਾਂ ਮਾਹੌਲ ਉਸਾਰਨ ਅਤੇ ਜਚਵਾਂ ਬਹਾਨਾ ਲਾਉਣ ਵਿਚ ਮਾਹਿਰ ਹੁੰਦੇ ਹਨ। ਰਿਸ਼ਤਿਆਂ ਦੀ ਰਾਜਨੀਤੀ ਵਿਚ ਇਹ ਵਧੇਰੇ ਸਫ਼ਲ ਹੁੰਦੇ ਹਨ। ਸੋਹਣੀਆਂ ਇਸਤਰੀਆਂ ਵਿਚ ਸ਼ਕਤੀਸ਼ਾਲੀ ਪੁਰਸ਼ ਅਤੇ ਸਫ਼ਲ ਪੁਰਸ਼ਾਂ ਵਿਚ ਸੋਹਣੀਆਂ ਇਸਤਰੀਆਂ ਸੁਭਾਵਿਕ ਹੀ ਦਿਲਚਸਪੀ ਲੈਂਦੀਆਂ ਹਨ। ਇਨ੍ਹਾਂ ਦਾ ਲਿਬਾਸ ਖਿੱਚ-ਪਾਊ ਅਤੇ ਵਿਹਾਰ ਭਰਮਾਉਣ ਵਾਲਾ ਹੁੰਦਾ ਹੈ। ਅਜਿਹੇ ਪੁਰਸ਼ ਨਾ ਕੇਵਲ ਆਪਣੀ ਮਰਜ਼ੀ ਕਰਨ ਦੀ ਦਲੇਰੀ ਕਰਦੇ ਹਨ, ਇਹ ਖਰਚਣ ਵਿਚ ਵੀ ਦਲੇਰ ਹੁੰਦੇ ਹਨ। ਇਨ੍ਹਾਂ ਦੀ ਪਹੁੰਚ ਵਿਹਾਰਕ ਹੁੰਦੀ ਹੈ। ਇਹ ਦੂਜੇ ਦੀ ਪਤਨੀ ਨੂੰ ਆਪਣੀ ਬਣਾਉਣ ਵਿਚ ਵੀ ਸੰਕੋਚ ਨਹੀਂ ਕਰਦੇ। ਹੁਣ ਅਜੀਬ ਨਹੀਂ ਲੱਗਦਾ ਕਿ ਲੰਮੇ ਵਿਆਹੇ ਰਿਸ਼ਤੇ ਦੇ ਬਾਵਜੂਦ, ਤਲਾਕ ਵਾਪਰ ਰਹੇ ਹਨ। ਇਕ ਪਚਵੰਜਾ ਸਾਲ ਦੇ ਪੁਰਸ਼ ਨੇ ਪੰਝੀ ਸਾਲ ਰਹੀ ਆਪਣੀ ਪਤਨੀ ਨੂੰ ਇਸ ਲਈ ਛੱਡ ਦਿੱਤਾ ਕਿ ਉਹ ਵਪਾਰ ਵਿਚ ਭਾਈਵਾਲ ਦੀ ਪੰਜਤਾਲੀ ਸਾਲਾਂ ਦੀ ਪਤਨੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਕੀ ਇਹ ਬੇਵਫ਼ਾਈ ਕਹਾਏਗੀ?
ਬੇਵਫ਼ਾਈ ਸ਼ਬਦ ਹੁਣ ਪਰੰਪਰਾਗਤ ਸਮਾਜ ਵਿਚ ਹੀ ਵਰਤਿਆ ਸਮਝਿਆ ਜਾਂਦਾ ਹੈ। ਹੁਣ ਜਿਹੜੀ ਇਸਤਰੀ ਅੱਧੀ-ਅਧੂਰੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੀ, ਉਸ ਕੋਲ ਬੇਵਫ਼ਾਈ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਵਿਕਸਿਤ ਦੇਸ਼ਾਂ ਵਿਚ ਤਲਾਕ ਲੈਣ-ਦੇਣ ਦੀ ਪ੍ਰਕਿਰਿਆ ਬੜੀ ਸਰਲ ਹੋਣ ਕਾਰਨ ਬੇਵਫ਼ਾਈ ਕਿਸੇ ਦੇ ਕਤਲ ਦਾ ਕਾਰਨ ਨਹੀਂ ਬਣਦੀ। ਹੁਣ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਮਨੋਵਿਗਿਆਨਕ ਪੱਖੋਂ ਵਿਆਹ ਸੁਭਾਵਿਕ ਰਿਸ਼ਤਾ ਨਹੀਂ, ਇਸੇ ਕਰਕੇ ਨਾਜਾਇਜ਼ ਰਿਸ਼ਤੇ ਦੀ ਖਿੱਚ ਹੈ। ਵਿਆਹੇ ਰਿਸ਼ਤੇ ਦੀ ਤੁਲਨਾ ਵਿਚ ਨਾਜਾਇਜ਼ ਰਿਸ਼ਤੇ ਦੀ ਖਿੱਚ ਅਤੇ ਤਾਂਘ ਵਧੇਰੇ ਹੁੰਦੀ ਹੈ। ਭਾਵੇਂ ਇਹ ਖਿੱਚ ਵੀ ਵਕਤ ਪਾ ਕੇ ਫਿੱਕੀ ਹੋ ਜਾਂਦੀ ਹੈ। ਇਸਤਰੀ-ਪੁਰਸ਼ ਦਾ ਕੋਈ ਰਿਸ਼ਤਾ ਹੋਵੇ ਉਸ ਵਿਚ ਕਿਸੇ ਤੀਜੇ ਦਾ ਆ ਜਾਣਾ ਸੁਭਾਵਿਕ ਹੁੰਦਾ ਹੈ। ਸਾਡਾ ਅੱਜ ਤਕ ਦਾ ਸਹਿਤ ਅਤੇ ਫਿਲਮਾਂ, ਰਿਸ਼ਤਿਆਂ ਦੀ ਇਸ ਤਿਕੋਣ ਨੂੰ ਪੇਸ਼ ਕਰਦੇ ਰਹੇ ਹਨ। ਹੁਣ ਰਿਸ਼ਤੇ ਬਹੁ-ਕੋਣੀ ਹੋ ਰਹੇ ਹਨ। ਹੁਣ ਕਿਸੇ ਕਾਰਨ ਜਦੋਂ ਕਿਸੇ ਦਾ ਫ਼ੋਨ ਫਰੋਲਿਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦੇ ਕਿਤਨਿਆਂ ਨਾਲ ਸਬੰਧ ਹਨ। ਹੁਣ ਸਭਿਅਕ ਵਿਹਾਰ ਇਹੀ ਹੈ ਕਿ ਦੋਵੇਂ ਇਕ-ਦੂਜੇ ਦਾ ਫ਼ੋਨ ਫਰੋਲਣ ਤੋਂ ਸੰਕੋਚ ਕਰਦੇ ਹਨ। ਉਂਝ ਤਾਂ ਹਰੇਕ ਵਿਅਕਤੀ ਭਰੋਸੇਮੰਦ ਅਖਵਾਉਣਾ ਚਾਹੁੰਦਾ ਹੈ, ਪਰ ਹੁਣ ਹਰੇਕ ਵਿਅਕਤੀ ਬਹੁ-ਪਰਤੀ ਜ਼ਿੰਦਗੀ ਜਿਉਂ ਰਿਹਾ ਹੁੰਦਾ ਹੈ। ਹਰੇਕ ਵਿਅਕਤੀ ਦੀ ਬੇਵਫ਼ਾਈ ਦੀ ਪਰਿਭਾਸ਼ਾ ਵੱਖਰੀ ਹੈ। ਬੇਵਫ਼ਾਈ ਵਿਚ ਮੁੱਖ ਪੱਖ ਸੰਭੋਗ ਨਹੀਂ ਹੁੰਦਾ, ਬੇਵਫ਼ਾਈ ਹੁੰਦੀ ਹੈ। ਬੇਵਫ਼ਾਈ ਦੇ ਰਿਸ਼ਤੇ ਵਿਚ ਜੇ ਲਾਭ-ਹਾਨੀ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਹਾਨੀ ਵਧੇਰੇ ਹੁੰਦੀ ਹੈ। ਪੁਰਸ਼ ਦੀ ਬੇਵਫ਼ਾਈ ਨੂੰ ਤਿਲ੍ਹਕਣਾ ਕਿਹਾ ਜਾ ਸਕਦਾ ਹੈ ਜਦੋਂਕਿ ਇਸਤਰੀ ਵੱਲੋਂ ਵਫ਼ਾਦਾਰੀ ਦੀ ਉਲੰਘਣਾ ਦਾ ਸੁਭਾਓ ਫਿਸਲਣ ਵਾਲ ਹੁੰਦਾ ਹੈ। ਪੁਰਸ਼ ਸੁਭਾਅ ਵੱਲੋਂ ਲਾਲਚੀ ਅਤੇ ਸ਼ਿਕਾਰੀ ਹੁੰਦੇ ਹਨ ਜਦੋਂਕਿ ਇਸਤਰੀਆਂ ਸੁਭਾਅ ਵਜੋਂ ਰੋਮਾਂਟਿਕ ਹੁੰਦੀਆਂ ਹਨ। ਉਨ੍ਹਾਂ ਵਿਚ ਕਿਸੇ ਦੀ ਇੱਛਾ ਬਣੇ ਰਹਿਣ ਦੀ ਤਾਂਘ ਬੜੀ ਸ਼ਕਤੀਸ਼ਾਲੀ ਹੁੰਦੀ ਹੈ। ਇਸਤਰੀਆਂ ਰੋਮਾਂਟਿਕ ਦ੍ਰਿਸ਼ਾਂ ਵਾਲੀਆਂ ਫਿਲਮਾਂ ਅਤੇ ਪ੍ਰਕਿਰਤਕ ਨਜ਼ਾਰਿਆਂ ਦੇ ਪ੍ਰਭਾਵ ਅਧੀਨ ਵਧੇਰੇ ਰਹਿੰਦੀਆਂ ਹਨ। ਫਿਲਮਾਂ ਦੇ ਗੀਤ ਚਾਹਤ ਦੇ ਗੀਤ ਹੁੰਦੇ ਹਨ। ਉਮਰ ਕੋਈ ਹੋਵੇ, ਇਸਤਰੀ ਲੱਗਣਾ ਤੀਹਾਂ ਦੀ ਚਾਹੁੰਦੀ ਹੈ। ਇਸਤਰੀ ਵਿਚ ਆਪਣੀ ਸਮਾਜਿਕ ਇੱਜ਼ਤ-ਆਬਰੂ ਵਧੇਰੇ ਮਹੱਤਵਪੂਰਨ ਹੋਣ ਕਾਰਨ, ਉਹ ਦੋ ਤਿੰਨ ਵਾਰੀ ਫਿਸਲ ਕੇ ਸੰਭਲ ਜਾਂਦੀ ਹੈ ਅਤੇ ਜਾਣ ਜਾਂਦੀ ਹੈ ਕਿ ਇਹ ਵਿਹਾਰ ਘਾਟੇ ਵਾਲਾ ਹੈ। ਇਸਤਰੀ ਨੂੰ ਵਾਪਸ ਮੋੜ ਲਿਆਉਣ ਦਾ ਕਾਰਨ ਉਸ ਦੇ ਜਵਾਨ ਬੱਚਿਆਂ ਦੀ ਹੋਂਦ ਹੁੰਦੀ ਹੈ। ਪੁਰਸ਼ ਜੇ ਇਕ ਵਾਰੀ ਤਿਲ੍ਹਕੇ ਤਾਂ ਉਹ ਤਿਲ੍ਹਕਦਾ ਹੀ ਰਹਿੰਦਾ ਹੈ। ਪੁਰਸ਼ ਪਿੱਛੇ ਹਟਣ ਜਾਂ ਹਾਰ ਮੰਨਣ ਲਈ ਤਿਆਰ ਨਹੀਂ ਹੁੰਦੇ ਜਿਸ ਕਾਰਨ ਉਹ ਬਰਬਾਦ ਹੋਣ ਤੱਕ ਨਹੀਂ ਸੰਭਲਦੇ। ਪੁਰਸ਼ ਕੋਲ ਵਸੀਲੇ ਹੁੰਦੇ ਹਨ, ਆਉਣ-ਜਾਣ ਦੀ ਸੁਤੰਤਰਤਾ ਹੁੰਦੀ ਹੈ, ਸ਼ਕਤੀਸ਼ਾਲੀ ਹਉਮੈਂ ਹੁੰਦੀ ਹੈ ਜਿਸ ਕਾਰਨ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਸਥਿਤੀ ਨੂੰ ਸੰਭਾਲ ਲਵੇਗਾ।
ਹਰੇਕ ਧਰਮ ਨੇ ਨਾਜਾਇਜ਼ ਰਿਸ਼ਤੇ ਉਸਾਰਨ ਦੀ ਮਨੁੱਖ ਦੀ ਪ੍ਰਵਿਰਤੀ ਅਤੇ ਇਸਤਰੀ ਵੱਲੋਂ ਬੇਵਫ਼ਾਈ ਦੀ ਸਮੱਸਿਆ ਨੂੰ ਪਛਾਣਿਆ ਹੈ ਅਤੇ ਇਸ ਵਿਹਾਰ ਦੀ ਭਰਪੂਰ ਨਿੰਦਾ ਕੀਤੀ ਹੈ ਤੇ ਇਸ ਨੂੰ ਪਾਪ ਕਿਹਾ ਹੈ। ਕਈ ਸਮਾਜਾਂ ਵਿਚ ਬੇਵਫ਼ਾਈ ਜੁਰਮ ਹੈ, ਪਰ ਕੋਈ ਵੀ ਸਮਾਜ ਇਸ ਵਰਤਾਰੇ ਤੋਂ ਮੁਕਤ ਨਹੀਂ। ਮਨੋਵਿਗਿਆਨਕ ਪੱਖੋਂ ਬੇਵਫ਼ਾਈ ਮਨੁੱਖੀ ਵਿਹਾਰ ਦਾ ਇਕ ਮਹੱਤਵਪੂਰਨ ਲੱਛਣ ਹੈ ਜਿਸ ਤੋਂ ਅਨੇਕਾਂ ਮਾਨਸਿਕ ਉਲਝਣਾਂ ਉਪਜਦੀਆਂ ਹਨ। ਇਹ ਕੇਵਲ ਮਨੁੱਖੀ ਨਸਲ ਵਿਚ ਹੈ ਕਿ ਮਾਦਾ ਦੇ ਲਗਭਗ ਸਾਰੇ ਬੱਚੇ ਇਕ ਹੀ ਨਰ ਤੋਂ ਪੈਦਾ ਹੁੰਦੇ ਹਨ। ਇਕ ਵਾਰੀ ਇਕ ਇਸਤਰੀ ਨੇ ਇਕ ਪੁਰਸ਼ ਤੋਂ ਲਿਫਟ ਮੰਗੀ ਅਤੇ ਰਾਹ ਵਿਚ ਉਹ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ। ਜਦੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਬੇਹੋਸ਼ ਇਸਤਰੀ ਦਾ ਮੁਆਇਆ ਕਰਨ ਉਪਰੰਤ ਪੁਰਸ਼ ਨੂੰ ਕਿਹਾ ਕਿ ਇਸਤਰੀ ਗਰਭਵਤੀ ਹੈ। ਪੁਰਸ਼ ਨੇ ਕਿਹਾ ਕਿ ਉਹ ਇਸਤਰੀ ਉਸ ਦੀ ਪਤਨੀ ਨਹੀਂ ਹੈ। ਪੁਲੀਸ ਨੇ ਬਲਾਤਕਾਰ ਦੀ ਧਾਰਾ ਅਧੀਨ ਪੁਰਸ਼ ਦਾ ਵੀ ਮੁਆਇਨਾ ਕਰਵਾਇਆ, ਪਰ ਡਾਕਟਰ ਨੇ ਉਸ ਨੂੰ ਦੋਸ਼-ਮੁਕਤ ਕਰਦਿਆਂ ਕਿਹਾ ਕਿ ਇਸ ਪੁਰਸ਼ ਵਿਚ ਪਿਤਾ ਬਣਨ ਦੇ ਲੱਛਣ ਹੀ ਨਹੀਂ ਹਨ। ਉਹ ਬਲਾਤਕਾਰ ਦੇ ਦੋਸ਼ ਤੋਂ ਮੁਕਤ ਹੋਣ ਕਾਰਨ ਪ੍ਰਸੰਨ ਸੀ, ਪਰ ਉਸ ਨੂੰ ਚਿੰਤਾ ਇਹ ਲੱਗ ਗਈ ਕਿ ਉਸ ਦੇ ਘਰ ਵਿਚ ਉਸ ਦੇ ਦੱਸੇ ਜਾਂਦੇ ਦੋ ਬੱਚੇ ਕਿਸ ਦੇ ਹਨ? ਇਵੇਂ ਬੇਵਫ਼ਾਈ ਦਿਸਣ ਵਾਲਾ ਵਰਤਾਰਾ ਨਹੀਂ ਹੈ, ਪਰ ਲੁਕਵੇਂ ਰੂਪ ਵਿਚ ਇਹ ਵਰਤਾਰਾ ਬੜਾ ਵਿਆਪਕ ਹੈ। ਕਈ ਵਾਰੀ ਇਕ ਸਾਧਾਰਨ ਸਥਿਤੀ ਦੀਆਂ ਜਦੋਂ ਪਰਤਾਂ ਖੁੱਲ੍ਹਦੀਆਂ ਹਨ ਤਾਂ ਸਥਿਤੀ ਬੜੀ ਅਜੀਬ ਹੋ ਜਾਂਦੀ ਹੈ। ਡੀ.ਐੱਨ.ਏ. ਦੀ ਪਰਖ ਇਹ ਦੱਸ ਸਕਦੀ ਹੈ ਕਿ ਇਹ ਬੱਚਾ ਇਸ ਪੁਰਸ਼ ਦਾ ਨਹੀਂ ਹੈ, ਪਰ ਇਹ ਨਹੀਂ ਦੱਸ ਸਕਦੀ ਕਿ ਇਹ ਕਿਸ ਦਾ ਹੈ? ਡੀ.ਐੱਨ.ਏ. ਦੀ ਵਿਵਸਥਾ ਕਈ ਤਲਾਕਾਂ ਦਾ ਕਾਰਨ ਬਣ ਰਹੀ ਹੈ।
ਭਾਰਤ ਸਮੇਤ ਸੰਸਾਰ ਦੇ ਕਈ ਦੇਸ਼ਾਂ ਵਿਚ ਹੁਣ ਬੇਵਫ਼ਾਈ ਨੂੰ ਜੁਰਮ ਨਹੀਂ ਮੰਨਿਆ ਜਾਂਦਾ। ਬੇਵਫ਼ਾਈ ਸਮਾਜਿਕ ਪੱਖੋਂ ਹੀ ਅਪ੍ਰਵਾਨ ਹੈ ਜਦੋਂਕਿ ਮਨੁੱਖ ਦੇ ਕਾਮਿਕ ਵਿਹਾਰ ਦਾ ਇਹ ਇਕ ਸਾਧਾਰਨ ਲੱਛਣ ਹੈ। ਉਂਝ ਇਸਤਰੀਆਂ-ਪੁਰਸ਼ਾਂ ਵਿਚ ਚੋਹਲ-ਮੋਹਲ ਚਲਦਾ ਰਹਿੰਦਾ ਹੈ, ਪਰ ਸਮੇਂ ਅਤੇ ਸਥਾਨ ਦੀਆਂ ਮੁਸ਼ਕਿਲਾਂ ਕਾਰਨ ਮੇਲ-ਮਿਲਾਪ ਦੇ ਅਵਸਰ ਸੌਖਿਆਂ ਪ੍ਰਾਪਤ ਨਹੀਂ ਹੁੰਦੇ। ਪਹਿਲਾਂ ਇਸ ਉਦੇਸ਼ ਲਈ ਹੋਟਲ ਵਰਤੇ ਜਾਂਦੇ ਸਨ, ਪਰ ਜੁਰਮਾਂ ਦੇ ਵਧਣ ਕਾਰਨ ਹੋਟਲ ਵਿਚ ਹੁਣ ਜੋੜੇ ਦੀ ਫੋਟੋ ਖਿੱਚੀ ਜਾਂਦੀ ਹੈ। ਬੇਵਫ਼ਾਈ ਦਾ ਰਿਸ਼ਤਾ ਅਕਸਰ ਚੁਸਤ ਅਤੇ ਨਵੇਂ ਅਨੁਭਵਾਂ ਦੇ ਚਾਹਵਾਨ ਇਸਤਰੀਆਂ-ਪੁਰਸ਼ਾਂ ਵਿਚ ਵਧੇਰੇ ਹੁੰਦਾ ਹੈ। ਕਈ ਵਾਰੀ ਵਿਆਹ ਤੋਂ ਪਹਿਲੇ ਸਬੰਧ ਵਿਆਹ ਤੋਂ ਮਗਰੋਂ ਵੀ ਜਾਰੀ ਰੱਖੇ ਜਾਂਦੇ ਹਨ। ਨਾਜਾਇਜ਼ ਰਿਸ਼ਤਾ ਦੋਵੇਂ ਸਾਧਾਰਨ ਧਿਰਾਂ ਨੂੰ ਵੀ ਚੁਸਤ ਅਤੇ ਵਿਉਂਤਬੰਦੀ ਵਿਚ ਮਾਹਿਰ ਬਣਾ ਦਿੰਦਾ ਹੈ। ਬੇਵਫ਼ਾਈ ਦਾ ਇਕ ਕਾਰਨ ਇਹ ਵੀ ਹੈ ਕਿ ਹੁਣ ਪਤੀ-ਪਤਨੀ ਇਕ-ਦੂਜੇ ਲਈ ਸਭ ਕੁਝ ਨਹੀਂ ਹੁੰਦੇ ਕਿਉਂਕਿ ਕਿਸੇ ਇਕ ਕੋਲ ਸਾਰੇ ਪ੍ਰਸ਼ਨਾਂ ਦੇ ਉੱਤਰ ਅਤੇ ਸਾਰੀਆਂ ਸਮੱਸਿਆਵਾਂ ਦੇ ਹੱਲ ਨਹੀਂ ਹੁੰਦੇ, ਇਸ ਲਈ ਕਿਸੇ ਉਸ ਦੀ ਲੋੜ ਹੁੰਦੀ ਹੈ ਜਿਸ ਨਾਲ ਸਾਰੀਆਂ ਗੱਲਾਂ ਅਤੇ ਸਭ ਕੁਝ ਕੀਤਾ ਜਾ ਸਕੇ। ਵਸੀਲਿਆਂ ਵਾਲਾ ਕੋਈ ਵੀ ਪੁਰਸ਼ ਇਕ ਇਸਤਰੀ ਤਕ ਸੀਮਤ ਨਹੀਂ ਰਹਿੰਦਾ ਅਤੇ ਕੋਈ ਵੀ ਸੁੰਦਰ ਇਸਤਰੀ ਆਪਣੀ ਸਾਰੀ ਸੁੰਦਰਤਾ ਕਿਸੇ ਇਕ ਪੁਰਸ਼ ’ਤੇ ਖਰਚ ਨਹੀਂ ਕਰਦੀ। ਬੇਵਫ਼ਾਈ ਵਾਲੇ ਰਿਸ਼ਤੇ ਵਿਚ ਦੋਵੇਂ ਸਮਾਨਾਂਤਰ ਰਿਸ਼ਤਾ ਉਸਾਰਦੇ ਹਨ। ਕਈ ਵਾਰ ਇਸਤਰੀ ਪਤੀ ਦੀ ਬੇਵਫ਼ਾਈ ਦਾ ਬਦਲਾ ਲੈਣ ਲਈ ਹੀ ਕਿਸੇ ਨਾਲ ਸਬੰਧ ਉਸਾਰਦੀ ਹੈ। ਅਜਿਹਾ ਰਿਸ਼ਤਾ ਢੇਰ ਪਛਤਾਵਾ ਸਿਰਜਦਾ ਹੈ। ਵਾਸਤਵ ਵਿਚ ਬੇਵਫ਼ਾਈ ਵਾਲ ਰਿਸ਼ਤਾ ਆਰਜ਼ੀ ਹੋਣ ਕਾਰਨ ਰਿਸ਼ਤਾ ਬਣਦਾ ਹੀ ਨਹੀਂ, ਸੋ ਇਸ ਦੇ ਟੁੱਟਣ ਦਾ ਸਦਮਾ ਵੀ ਨਹੀਂ ਹੁੰਦਾ। ਰਿਸ਼ਤੇ ਦੇ ਪ੍ਰਗਟ ਹੋ ਜਾਣ ਦੇ ਖ਼ਤਰੇ ਕਾਰਨ ਇਸ ਦੀ ਉਮਰ ਲੰਮੀ ਨਹੀਂ ਹੁੰਦੀ। ਅਕਸਰ ਕਈ ਪਰਿਵਾਰਾਂ ਵੱਲੋਂ ਰਲ ਕੇ ਛੁੱਟੀਆਂ ਮਨਾਉਣ, ਕਿਸੇ ਪਤੀ-ਪਤਨੀ ਦੇ ਦੂਰ ਜਾਂ ਵਿਦੇਸ਼ ਗਏ ਹੋਣ ਕਾਰਨ, ਕਿਸੇ ਵਿਆਹ, ਸਮਾਗਮ, ਸੈਮੀਨਾਰ, ਕਾਨਫਰੰਸ ਆਦਿ ਵਿਚ ਮਿਲਣ ਕਾਰਨ ਇਹ ਸਬੰਧ ਇਕ-ਦੂਜੇ ਨੂੰ ਤੋਹਫ਼ੇ ਤੋਂ ਅੱਗੇ ਨਹੀਂ ਜਾਂਦੇ।
ਪੁਰਸ਼ਾਂ ਅਤੇ ਇਸਤਰੀਆਂ ਵਿਚ ਬੇਵਫ਼ਾਈ ਵਾਲੇ ਵਿਹਾਰ ਤੋਂ ਲੱਗਦਾ ਹੈ ਕਿ ਵਧੇਰੇ ਪੁਰਸ਼ਾਂ ਦੇ ਹੋਰ ਇਸਤਰੀਆਂ ਨਾਲ ਸਬੰਧ ਹੁੰਦੇ ਹਨ, ਪਰ ਵਾਸਤਵ ਵਿਚ ਵਧੇਰੇ ਇਸਤਰੀਆਂ ਦੇ ਹੋਰ ਪੁਰਸ਼ਾਂ ਨਾਲ ਸਬੰਧ ਹੁੰਦੇ ਹਨ। ਜਦੋਂ ਪਤੀ ਅਧੂਰਾ ਹੋਵੇ ਤਾਂ ਇਸਤਰੀ ਉਸ ਦਾ ਬਦਲ ਲੱਭਣ ਦਾ ਯਤਨ ਕਰਦੀ ਹੈ। ਔਰਤਾਂ, ਪੁਰਸ਼ਾਂ ਦੀ ਚੋਣ ਕਰਨ ਵਿਚ ਅਕਸਰ ਵਧੇਰੇ ਨਘੋਚੀ ਹੁੰਦੀਆਂ ਹਨ। ਲੰਮੇ ਨਾਜਾਇਜ਼ ਰਿਸ਼ਤੇ ਲਈ ਉਹ ਅਕਸਰ ਚਰਿੱਤਰ ਵਾਲੇ ਪੁਰਸ਼ਾਂ ਨੂੰ ਚੁਣਦੀਆਂ ਹਨ। ਜੇ ਉਦੇਸ਼ ਸੰਤਾਨ ਪ੍ਰਾਪਤੀ ਹੋਵੇ ਤਾਂ ਉਹ ਚੰਗੀ ਸ਼ਕਲ-ਸੂਰਤ ਵਾਲੇ ਪੁਰਸ਼ ਚੁਣਦੀਆਂ ਹਨ, ਪਰ ਅਜਿਹੇ ਪੁਰਸ਼ਾਂ ’ਤੇ ਉਹ ਵਿਸ਼ਵਾਸ ਨਹੀਂ ਕਰਦੀਆਂ ਕਿਉਂਕਿ ਅਜਿਹਾ ਪੁਰਸ਼ ਹੱਥੋਂ ਜਲਦੀ ਨਿਕਲ ਜਾਂਦਾ ਹੈ। ਸੋਹਣੀਆਂ ਇਸਤਰੀਆਂ ਵਾਂਗ ਹੀ, ਸੋਹਣੇ ਪੁਰਸ਼ ਵੀ ਵਫ਼ਾਦਾਰ ਨਹੀਂ ਹੁੰਦੇ। ਸੋਹਣੇ ਪੁਰਸ਼ ਸੰਖੇਪ ਰਿਸ਼ਤੇ ਵਿਚ ਵਿਸ਼ਵਾਸ ਕਰਦੇ ਹਨ। ਇਸਤਰੀ ਕੋਲ ਪੁਰਸ਼ ਦੇ ਵਿਹਾਰ ਅਤੇ ਆਪਣੇ ਰੂਪ ਸਬੰਧੀ ਇਲਹਾਮੀ ਗਿਆਨ ਹੁੰਦਾ ਹੈ। ਕਈ ਪੁਰਸ਼, ਇਸਤਰੀਆਂ ਦੇ ਚਹੇਤੇ ਹੁੰਦੇ ਹਨ, ਕਈ ਪੁਰਸ਼ ਵੀ ਨਵੇਂ ਬਿਸਤਰਿਆਂ ਦੀ ਤਲਾਸ਼ ਵਿਚ ਭਟਕਦੇ ਹਨ। ਕੁਝ ਦੇਰ ਮਗਰੋਂ ਦੋਵੇਂ ਧਿਰਾਂ ਕੀ ਮਿਲਿਆ, ਕੀ ਗੁਆਇਆ ਦਾ ਮੁਲਾਂਕਣ ਜ਼ਰੂਰ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲਦੀ ਹੈ। ਇਸ ਨਿਰਾਸ਼ਾ ਕਾਰਨ ਸਬੰਧ ਠੰਢੇ ਪੈਣ ਲੱਗਦੇ ਹਨ। ਬੇਵਫ਼ਾਈ ਦਾ ਰਿਸ਼ਤਾ ਬੜੀ ਚਿੰਤਾ ਉਪਜਾਉਂਦਾ ਹੈ। ਇਸ ਰਿਸ਼ਤੇ ਕਾਰਨ ਕੋਈ ਸਾਰਥਕ ਕੰਮ-ਕਾਜ ਨਹੀਂ ਕੀਤਾ ਜਾ ਸਕਦਾ। ਬਹੁਤੇ ਅਜਿਹੇ ਰਿਸ਼ਤੇ ਦੀ ਘਬਰਾਹਟ ਕਾਰਨ ਤੌਬਾ ਕਰ ਲੈਂਦੇ ਹਨ। ਕੀ ਬੇਵਫ਼ਾਈ ਦਾ ਇਲਾਜ ਕੀਤਾ ਜਾ ਸਕਦਾ ਹੈ? ਇਹ ਭਾਵਕ ਸਮੱਸਿਆ ਹੈ ਜਿਸ ਕਾਰਨ ਇਲਾਜ ਸੰਭਵ ਨਹੀਂ, ਪਰ ਥਾਂ ਦੀ ਬਦਲੀ ਜਾਂ ਨਵੀਆਂ ਜ਼ਿੰਮੇਵਾਰੀਆਂ ਅਤੇ ਪਤਾ ਲੱਗ ਜਾਣ ਨਾਲ ਹੋਣ ਵਾਲੀ ਬਦਨਾਮੀ ਕਾਰਨ ਅਜਿਹੇ ਰਿਸ਼ਤੇ ਦੀ ਖਿੱਚ ਜਾਂਦੀ ਰਹਿੰਦੀ ਹੈ।
ਜਦੋਂ ਕੋਈ ਬੇਵਫ਼ਾਈ ਕਰਦਾ ਹੈ ਅਤੇ ਕਿਸੇ ਹੋਰ ਨਾਲ ਸਬੰਧ ਉਸਾਰਦਾ ਹੈ ਤਾਂ ਮੁੱਢ ਵਿਚ ਦੋਹਾਂ ਨੂੰ ਪ੍ਰਾਪਤੀ ਦਾ ਅਹਿਸਾਸ ਹੁੰਦਾ ਹੈ, ਪਰ ਝੱਟ ਮਗਰੋਂ ਹੀ ਚਿੰਤਾਵਾਂ ਉਭਰਨ ਲੱਗ ਪੈਂਦੀਆਂ ਹਨ। ਅਜਿਹਾ ਰਿਸ਼ਤਾ ਜਦੋਂ ਆਰੰਭ ਹੁੰਦਾ ਹੈ ਤਾਂ ਵਿਅਕਤੀ ਆਪਣੀ ਸ਼ਕਲ-ਸੂਰਤ ਵੱਲ ਅਚਾਨਕ ਅਧਿਕ ਧਿਆਨ ਦੇਣ ਲੱਗ ਪੈਂਦਾ ਹੈ। ਇਸਤਰੀਆਂ ਆਪਣੇ ਵਾਲ ਸੰਵਾਰਨ ਲੱਗ ਪੈਂਦੀਆਂ ਹਨ, ਪੁਰਸ਼ ਨਵੇਂ ਕੱਪੜੇ ਖਰੀਦਣ ਲੱਗ ਪੈਂਦਾ ਹੈ ਅਤੇ ਦੇਣ ਯੋਗ ਤੋਹਫ਼ਿਆਂ ਬਾਰੇ ਸੋਚਣ ਲੱਗ ਪੈਂਦਾ ਹੈ। ਉਸ ਦੇ ਕੰਮ ਕਰਨ ਦਾ ਢੰਗ ਅਤੇ ਕੰਮ ’ਤੇ ਜਾਣ ਦਾ ਸਮਾਂ ਬਦਲ ਜਾਂਦਾ ਹੈ। ਦੋਵੇਂ ਆਪਣੇ ਮੋਬਾਈਲ ਸਾਂਭ-ਸਾਂਭ ਰੱਖਦੇ ਹਨ। ਉਨ੍ਹਾਂ ਦੀਆਂ ਸਰੀਰਕ ਹਰਕਤਾਂ ਅਤੇ ਤੌਰ-ਤਰੀਕੇ ਵਧੇਰੇ ਚੁਸਤ ਹੋ ਜਾਂਦਾ ਹੈ। ਆਲਸੀ ਅਤੇ ਸੁਸਤ, ਫੁਰਤੀਲੇ ਹੋ ਜਾਂਦੇ ਹਨ। ਜੀਵਨ ਸਾਥੀ ਨਾਲ ਮੇਲ-ਮਿਲਾਪ ਅਤੇ ਮੇਲ-ਮਿਲਾਪ ਦੀਆਂ ਗੱਲਾਂ ਵਧ ਜਾਂਦੀਆਂ ਹਨ। ਇਸਤਰੀ ਦਾ ਵਿਹਾਰ ਵਧੇਰੇ ਬੁਝਾਰਤੀ ਅਤੇ ਪੁਰਸ਼ ਦੇ ਵਿਹਾਰ ਵਿਚ ਸਬੰਧਾਂ ਨੂੰ ਗੁਪਤ ਰੱਖਣ ਦੀ ਬਿਰਤੀ ਵਧਦੀ ਹੈ। ਇਨ੍ਹਾਂ ਸਾਰੇ ਲੱਛਣਾਂ ਦੇ ਬਾਵਜੂਦ ਜ਼ਰੂਰੀ ਨਹੀਂ ਕਿ ਉਹ ਧੋਖਾ ਦੇ ਰਿਹਾ ਹੋਵੇ। ਜੇ ਪਤੀ-ਪਤਨੀ ਨੂੰ ਇਕ-ਦੂਜੇ ਦੀ ਬੇਵਫ਼ਾਈ ਦਾ ਪਤਾ ਲੱਗੇ ਤਾਂ ਇਸ ਨਾਲ ਵਿਆਹ ਦਾ ਰਿਸ਼ਤਾ ਝਟਪਟ ਤੋੜਨ ਦੀ ਕਾਹਲ ਨਹੀਂ ਕਰਨੀ ਚਾਹੀਦੀ, ਕਿਉਂਕਿ ਅਜਿਹੀ ਗ਼ਲਤੀ ਕੀਤੀ ਨਹੀਂ ਜਾਂਦੀ, ਅਕਸਰ ਹੋ ਜਾਂਦੀ ਹੈ। ਇਸੇ ਲਈ ਇਸ ਨੂੰ ਤਿਲ੍ਹਕਣ ਜਾਂ ਫਿਸਲਣ ਕਿਹਾ ਗਿਆ ਹੈ। ਕੋਈ ਮਿੱਥ ਕੇ ਤਿਲ੍ਹਕਦਾ, ਫਿਸਲਦਾ ਨਹੀਂ। ਬੇਵਫ਼ਾ ਵੱਲੋਂ ਮੁਆਫ਼ੀ ਮੰਗੇ ਜਾਣ ਦੇ ਢੰਗ ਤੋਂ ਪਤਾ ਲੱਗ ਜਾਂਦਾ ਹੈ ਕਿ ਗ਼ਲਤੀ ਕੀਤੀ ਗਈ ਹੈ ਜਾਂ ਹੋ ਗਈ ਹੈ। ਇਕ ਵਾਰ ਮੁਆਫ਼ ਕਰਕੇ ਸੁਧਰਨ ਅਤੇ ਸੁਚੇਤ ਰਹਿਣ ਦਾ ਅਵਸਰ ਜ਼ਰੂਰ ਦੇਣਾ ਚਾਹੀਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਭਾਵੇਂ ਮੁਆਫ਼ ਕਰ ਦਿੱਤਾ ਜਾਵੇ, ਪਰ ਮਨ ਵਿਚੋਂ ਸ਼ੱਕ ਨਿਕਲਣ ਵਿਚ ਦਸ ਵਰ੍ਹੇ ਲੱਗਦੇ ਹਨ।


Comments Off on ਤਿਲ੍ਹਕਣ ਅਤੇ ਫਿਸਲਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.