ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਢੋਲੋਵਾਲ ਵਿੱਚ ਸੜੀ ਪਰਾਲੀ,ਔਰਤ ਸਰਪੰਚ ਮੁਅੱਤਲ

Posted On November - 8 - 2019

ਅਧਿਕਾਰੀ ਗੌਰਵ ਤੂਰਾ ਅਤੇ ਸੁਰਿੰਦਰ ਸਿੰਘ ਤਰਨਤਾਰਨ ਦੇ ਖੇਤਾਂ ਦਾ ਨਿਰੀਖਣ ਕਰਦੇ ਹੋਏ|

ਐਨ.ਪੀ.ਧਵਨ
ਪਠਾਨਕੋਟ ,7 ਨਵੰਬਰ
ਘਰੋਟਾ ਖੇਤਰ ਦੇ ਪਿੰਡ ਢੋਲੋਵਾਲ ਦੀ ਸਰਪੰਚ ਰਜਨੀ ਨੂੰ ਪਿੰਡ ਵਿੱਚ ਵਾਪਰੀ ਪਰਾਲੀ ਸਾੜਨ ਦੀ ਘਟਨਾ ਨੂੰ ਲੈ ਕੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਸਰਪੰਚ ਰਜਨੀ ਖਿਲਾਫ ਪੰਚਾਇਤੀ ਰਾਜ ਐਕਟ 1984 ਦੀ ਧਾਰਾ 20 ਦੀ ਉਪਧਾਰਾ 1 (ਹ) ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਪਰਾਲੀ ਸਾੜਨ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਪਿੰਡ ਢੋਲੋਵਾਲ ਵਿੱਚ ਪਰਾਲੀ ਨੂੰ ਸਾੜੇ ਜਾਣ ਦਾ ਪਿਛਲੇ ਦਿਨ 6 ਨਵੰਬਰ ਨੂੰ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ। ਪੰਚਾਇਤੀ ਸੂਬਾ ਐਕਟ ਦੇ ਅਧੀਨ ਮੁਅੱਤਲ ਕੀਤੀ ਗਈ ਸਰਪੰਚ ਰਜਨੀ ਬਾਲਾ ਹੁਣ ਕਿਸੇ ਵੀ ਪਿੰਡ ਪੰਚਾਇਤ ਦੀ ਗਤੀਵਿਧੀ ਵਿੱਚ ਭਾਗ ਨਹੀਂ ਲੈ ਸਕੇਗੀ। ਡਿਪਟੀ ਕਮਿਸ਼ਨਰ ਨੇ ਘਰੋਟਾ ਬਲਾਕ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਪਿੰਡ ਪੰਚਾਇਤ ਦੀ ਚਲ/ਅਚਲ ਸੰਪਤੀ ਦਾ ਚਾਰਜ ਸੰਬੰਧਿਤ ਪੰਚਾਇਤ ਸਕੱਤਰ/ਚੁਣੇ ਗਏ ਪੰਚ ਨੂੰ ਸੌਂਪ ਦੇਵੇ। ਬੈਂਕ ਖਾਤਾ ਜੋ ਸਰਪੰਚ ਰਜਨੀ ਦੇ ਨਾਂ ’ਤੇ ਚਲਦਾ ਹੈ, ਨੂੰ ਤੁਰੰਤ ਸੀਲ ਕੀਤਾ ਜਾਵੇ। ਜ਼ਿਲ੍ਹੇ ਵਿੱਚ ਸਰਪੰਚ ਨੂੰ ਮੁਅੱਤਲ ਕਰਨ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਤਰਨ ਤਾਰਨ ( ਗੁਰਬਖਸ਼ਪੁਰੀ):ਦੇਸ਼ ਦੀ ਸੁਪਰੀਮ ਕੋਰਟ ਵਲੋਂ ਪਰਾਲੀ ਅਤੇ ਕੂੜੇ ਨੂੰ ਅੱਗ ਲਗਾਉਣ ਕਰਕੇ ਵਾਤਾਵਰਨ ਦੇ ਗੰਧਲਾ ਹੋਈ ਜਾਣ ਬਾਰੇ ਕੀਤੀਆਂ ਤਿੱਖਿਆਂ ਟਿਪਣੀਆਂ ਦੇ ਬਾਅਦ ਖੇਤਾਂ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁਧ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੀ ਕਾਰਵਾਈ ਦੇ ਅੱਜ ਤੀਸਰੇ ਦਿਨ ਅਧਿਕਾਰੀਆਂ ਨੇ ਖੇਤਾਂ ਵਿਚ ਜਾ ਕੇ ਅਜਿਹਾ ਕਰਨ ਵਾਲੇ ਕਿਸਾਨਾਂ ਵਿਰੁਧ ਫੌਜਦਾਰੀ ਦਫ਼ਾ 188 ਅਧੀਨ ਕਰੀਬ 30 ਕੇਸ ਦਰਜ ਕੀਤੇ| ਐਸ ਪੀ (ਹੈੱਡ ਕੁਆਰਟਰ) ਗੌਰਵ ਤੂਰਾ ਨੇ ਦੱਸਿਆ ਕਿ ਇਸ ਦੌਰਾਨ ਕੁਲ 74 ਕੇਸ ਦਰਜ ਕਰਕੇ 62 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ| ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਇਹ ਕਾਰਵਾਈ ਜਾਰੀ ਰੱਖੀ ਜਾਵੇਗੀ| ਪ੍ਰਸ਼ਾਸ਼ਨ ਨੇ ਕਲ ਜਿਹੜੇ ਕਿਸਾਨਾਂ ਖਿਲਾਫ਼ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਖਿਲਾਫ਼ ਕੇਸ ਦਰਜ ਕੀਤੇ ਹਨ ਉਨ੍ਹਾਂ ਵਿਚ ਕਾਂਗਰਸ ਪਾਰਟੀ ਦੇ ਬਲਾਕ ਸਮਿਤੀ ਮੈਂਬਰ ਰਾਜ ਕਰਨ ਸੂਦ ਵਾਸੀ ਨੌਸ਼ਿਹਰਾ ਪੰਨੂਆਂ ਦਾ ਨਾਮ ਵੀ ਸ਼ਾਮਲ ਹੈ|
ਰਾਜ ਕਰਨ ਸੂਦ ਖਿਲਾਫ਼ ਬੀਤੇ ਛੇ ਮਹੀਨਿਆਂ ਦੌਰਾਨ ਇਹ ਤੀਸਰਾ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ| ਜਿਹੜੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਵਿਚ ਝਬਾਲ ਵਾਸੀ ਅਰਸ਼ਪ੍ਰੀਤ ਸਿੰਘ, ਦੋਬਲੀਆਂ ਵਾਸੀ ਗੁਰਲਾਲ ਸਿੰਘ, ਜੀਓਬਾਲਾ ਵਾਸੀ ਸਵਰਨ ਸਿੰਘ, ਗੋਰਖਾ ਵਾਸੀ ਕਾਰਜ ਸਿੰਘ, ਦਿਲਬਾਗ ਸਿੰਘ, ਚਮਕੌਰ ਸਿੰਘ, ਭੂਰੇਗਿੱਲ ਵਾਸੀ ਜੋਗਿੰਦਰ ਸਿੰਘ, ਪਰਮਜੀਤ ਸਿੰਘ, ਸੰਤਾ ਸਿੰਘ, ਦਿਲਬਾਗ ਸਿੰਘ, ਰੁੜੇਆਸਲ ਵਾਸੀ ਜਸਵੰਤ ਸਿੰਘ, ਬੁੱਗਾ ਵਾਸੀ ਬਲਦੇਵ ਸਿੰਘ, ਮੁਖਤਾਰ ਸਿੰਘ, ਚਰਨ ਸਿੰਘ, ਰਾਜੋਕੇ ਵਾਸੀ ਕੁਲਵੰਤ ਸਿੰਘ, ਗੁਰਵਿੰਦਰ ਸਿੰਘ ਮਾਨਕਪੁਰ, ਗੁਰਬੀਰ ਸਿੰਘ ਗਹਿਰੀ, ਭੂਸੇ ਵਾਸੀ ਰੇਸ਼ਮ ਸਿੰਘ, ਆਸਲ ਵਾਸੀ ਮੋਹਨ ਸਿੰਘ , ਵਲਟੋਹਾ ਵਾਸੀ ਮੇਜਰ ਸਿੰਘ, ਪੰਡੋਰੀ ਮਹਿਮਾ ਵਾਸੀ ਜਸਵਿੰਦਰ ਸਿੰਘ ਆਦਿ ਦਾ ਨਾਮ ਸ਼ਾਮਲ ਹੈ|
ਗੁਰਦਾਸਪੁਰ(ਕੇ.ਪੀ ਸਿੰਘ):ਝੋਨੇ ਦੀ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਦੀ ਕਾਰਵਾਈ ਜਾਰੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕਲਾਨੌਰ ,ਬਹਿਰਾਮਪੁਰ, ਦੋਰਾਂਗਲਾ ਅੰਦਰ ਸੱਤ ਕਿਸਾਨਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਕਲਾਨੌਰ ਥਾਣੇ ਵਿੱਚ ਸੁਖਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕਲਾਨੌਰ, ਗੁਰਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਨਾਹਰ ਪੁਰ, ਸੁਖਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਬਰੀਲਾ ਖ਼ੁਰਦ, ਦੋਰਾਂਗਲਾ ਥਾਣੇ ਵਿੱਚ ਜਨਕ ਰਾਜ ਪੁੱਤਰ ਹੰਸ ਰਾਜ ਵਾਸੀ ਪਿੰਡ ਧੂਤ, ਸੁਖਦੇਵ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਤਾਜ ਪੁਰ , ਬਹਿਰਾਮਪੁਰ ਥਾਣੇ ਵਿੱਚ ਤਰਸੇਮ ਕੁਮਾਰ ਪੁੱਤਰ ਕਾਸ਼ੀ ਰਾਮ ਵਾਸੀ ਬਹਿਰਾਮਪੁਰ ਅਤੇ ਮੋਹਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਬਹਿਰਾਮਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਨਡਾਲਾ (ਸਰਬੱਤ ਸਿੰਘ ਕੰਗ): ਸੁਪਰੀਮ ਕੋਰਟ ਦੀ ਘੁਰਕੀ ਦੇ ਬਾਅਦ ਪ੍ਰਸ਼ਾਸਨ ਨੇ ਭਾਵੇਂ ਪੰਜਾਬ ਭਰ ਵਿਚ ਕਿਸਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਸਬ ਡਿਵੀਜ਼ਨ ਭੁਲੱਥ ਦੀ ਰਿਪੋਰਟ ਜ਼ੀਰੋ ਹੈ। ਕਪੂਰਥਲਾ ਜ਼ਿਲੇ ’ਚ ਇਕ ਕੇਸ ਦਰਜ ਕੀਤਾ ਗਿਆ ਹੈ। ਪਿੰਡ ਚੁਗਾਵਾਂ ਨੇੜੇ ਨਡਾਲਾ ਰੋਡ ’ਤੇ ਕਿਸਾਨਾਂ ਵੱਲੋਂ ਲਾਈ ਅੱਗ ਕਾਰਨ ਪੰਚਾਇਤ ਵੱਲੋਂ ਮਗਨਰੇਗਾ ਅਧੀਨ ਲਗਾਏ 150 ਬੂਟੇ ਸੜ ਗਏ। ਨਡਾਲਾ ਸੁਭਾਨਪੁਰ ਸੜਕ ’ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਨੇੜੇ ਅੱਗ ਲਗਾ ਰਹੇ ਕਿਸਾਨ ਦੇ ਕਰਿੰਦਿਆਂ ਦੀਆਂ ਫੋਟੋਆਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀਆਂ ਪਰੰਤੂ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਐਸਡੀਐਮ ਭੁਲੱਥ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਪਿੰਡਾਂ ’ਚ ਤਾਇਨਾਤ ਅਧਿਕਾਰੀਆਂ ਵੱਲੋਂ ਆਈਆਂ ਰਿਪੋਰਟਾਂ ਦੀ ਘੋਖ ਕੀਤੀ ਜਾ ਰਹੀ ਹੈ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਸਥਾਨਕ ਥਾਣੇ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ। ਏ ਐਸ ਆਈ ਰਮਨ ਕੁਮਾਰ ਅਤੇ ਪ੍ਰਭਦਿਆਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਇਤਲਾਹ ਮਿਲੀ ਕੇ ਬਲਜਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਕਾਹਨੂੰਵਾਨ ਅਤੇ ਮਲਕੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੋਟ ਧੰਦਲ ਨੇ ਆਪਣੀ ਜ਼ਮੀਨ ਵਿੱਚ ਝੋਨੇ ਦੀ ਵਾਧੂ ਪਈ ਪਰਾਲੀ ਅੱਗ ਲਗਾ ਕੇ ਸਾੜ ਰਹੇ ਹਨ। ਜਦੋਂ ਛਾਪਾ ਮਾਰਿਆ ਗਿਆ ਤਾਂ ਬਲਜਿੰਦਰ ਸਿੰਘ ਨੂੰ ਅੱਗ ਲਗਾਉਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਮਲਕੀਤ ਸਿੰਘ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜ ਗਿਆ। ਇਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

ਡੀਸੀ ਵੱਲੋਂ ਕਿਸਾਨਾਂ ਨੂੰ ਅਪੀਲ

ਅੰਮ੍ਰਿਤਸਰ(ਜਗਤਾਰ ਲਾਂਬਾ): ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਣ ਬਚਾਉਣ ਲਈ ਅੱਗੇ ਆਉਣ ਅਤੇ ਪਰਾਲੀ ਨੂੰ ਅੱਗ ਨਾ ਲਾਉਣ। ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਮ੍ਰਿਤਸਰ ਵਿੱਚ ਜਿਹੜੇ ਕਿਸਾਨਾਂ ਵੱਲੋਂ ਖੇਤਾਂ ਨੂੰ ਅੱਗ ਲਾਈ ਗਈ ਸੀ,ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਜੁਰਮਾਨਾ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 9 ਕਿਸਾਨਾਂ ਖਿਲਾਫ ਐਫ:ਆਈ:ਆਰ ਦਰਜ ਕੀਤੀ ਗਈ ਹੈ।ਉਪਰਾਲੀ ਸਾੜਨ ਵਾਲੇ 296 ਕਿਸਾਨਾਂ ਨੂੰ 7 ਲੱਖ 45 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 491 ਕੇਸਾਂ ਵਿੱਚ ਰੈੱਡ ਐਂਟਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਬਿਨਾ ਸੁਪਰ ਐੱਸ.ਐੱਮ. ਐੱਸ. ਕੰਬਾਈਨ ਚਲਾਉਣ ਦੇ 6 ਕੇਸਾਂ ਵਿੱਚ ਸਖਤ ਕਾਰਵਾਈ ਕਰਦਿਆਂ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।


Comments Off on ਢੋਲੋਵਾਲ ਵਿੱਚ ਸੜੀ ਪਰਾਲੀ,ਔਰਤ ਸਰਪੰਚ ਮੁਅੱਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.