ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਜਿਨ੍ਹਾਂ ਹਿੰਮਤ ਯਾਰ ਬਣਾਈ……

Posted On November - 16 - 2019

ਹਰਨੰਦ ਸਿੰਘ ਭੁੱਲਰ

ਅਮਰੀਕਾ ਦੇ ਮਸ਼ਹੂਰ ਲੇਖਕ ਨੈਪੋਲੀਅਨ ਹਿੱਲ ਕਹਿੰਦੇ ਹਨ, ‘ਜੀਵਨ-ਰਾਹ ਹਮੇਸ਼ਾਂ ਸਿੱਧੇ ਤੇ ਪੱਧਰੇ ਨਹੀਂ ਹੁੰਦੇ। ਇਨ੍ਹਾਂ ਵਿਚ ਔਖੀਆਂ ਘਾਟੀਆਂ ਤੇ ਦੁੱਖ ਭਰੀਆਂ ਮੰਜ਼ਲਾਂ ਵੀ ਆਉਂਦੀਆਂ ਹਨ। ਜਿਸ ਢੰਗ ਨਾਲ ਅਸੀਂ ਇਨ੍ਹਾਂ ਦਾ ਟਾਕਰਾ ਕਰਦੇ ਹਾਂ, ਉਹ ਸਾਡੇ ਇਖ਼ਲਾਕ ਅਤੇ ਜੀਵਨ-ਸੁੱਖ ’ਤੇ ਆਪਣਾ ਪ੍ਰਭਾਵ ਪਾਉਂਦਾ ਹੈ।’
ਉਪਰੋਕਤ ਵਿਚਾਰ ਜ਼ਿੰਦਗੀ ਦੇ ਮੁਸ਼ਕਿਲਾਂ ਭਰੇ ਸਮੇਂ ਵਿਚ ਸਾਡਾ ਰਾਹ ਦਸੇਰਾ ਹਨ। ਸਾਨੂੰ ਜ਼ਿੰਦਗੀ ਕੇਵਲ ਇਕ ਵਾਰ ਮਿਲਦੀ ਹੈ ਤੇ ਮੌਤ ਤੋਂ ਬਾਅਦ ਸਭ ਕੁਝ ਮਿੱਟੀ ਹੋ ਜਾਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਖੂਬ ਜੀਵੀਏ, ਭਾਵੇਂ ਸਾਡਾ ਜੀਵਨ ਕਸ਼ਟਾਂ ਭਰਿਆ ਹੀ ਕਿਉਂ ਨਾ ਹੋਵੇ। ਸੁੱਖ-ਦੁੱਖ ਜ਼ਿੰਦਗੀ ਦੇ ਨਾਲ ਚੱਲਦੇ ਹਨ, ਇਸ ਲਈ ਸੰਪੂਰਨ ਇਨਸਾਨ ਉਹੀ ਹੁੰਦਾ ਹੈ ਜੋ ਮੁਸ਼ਕਿਲਾਂ ਭਰੇ ਸਮੇਂ ਵਿਚ ਵੀ ਨਾ ਹਾਰੇ।
ਅੱਜ ਸਾਡੇ ਸਮਾਜ ਵਿਚ ਕਈ ਕਾਰਨਾਂ ਕਰਕੇ ਖ਼ੁਦਕੁਸ਼ੀ ਦੀਆਂ ਬਹੁਤ ਘਟਨਾਵਾਂ ਵਪਾਰ ਰਹੀਆਂ ਹਨ। ਇਹ ਸਮਾਜ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਨ ਵਾਲੇ ਇਨਸਾਨ ਕਮਜ਼ੋਰ ਦਿਲ ਹੁੰਦੇ ਹਨ। ਉਹ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਅਸਲੀਅਤ ਤਾਂ ਇਹ ਹੈ ਕਿ ਜ਼ਿੰਦਗੀ ਸੰਘਰਸ਼ ਦਾ ਨਾਂ ਹੈ ਅਤੇ ਇਸਨੂੰ ਬਿਨਾਂ ਕਿਸੇ ਚਿੰਤਾ ਦੇ ਖੂਬ ਜਿਊਣਾ ਚਾਹੀਦਾ ਹੈ।
ਇਸ ਸਬੰਧੀ ਅਸੀਂ ਦੋ ਅਜਿਹੇ ਮਹਾਨ ਲੋਕਾਂ ਦੀਆਂ ਉਦਾਹਰਨਾਂ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਆਪਣੇ ਅਧੂਰੇ ਅੰਗਾਂ ਕਾਰਨ ਵੀ ਸੰਘਰਸ਼ ਰਾਹੀਂ ਆਪਣੀ ਮੰਜ਼ਿਲ ਪ੍ਰਾਪਤ ਕੀਤੀ ਅਤੇ ਜ਼ਿੰਦਗੀ ਨੂੰ ਜ਼ਿੰਦਾਦਲੀ ਨਾਲ ਜੀਵਿਆ। ਪਹਿਲੀ ਉਦਾਹਰਨ ਉੱਤਰ-ਪ੍ਰਦੇਸ਼ ਵਿਚ ਲਖਨਊ ਵਿਖੇ ਰਹਿਣ ਵਾਲੀ ਅਰੁਨਿਮਾ ਦੀ ਹੈ। ਉਹ ਇਕ ਰੇਲ ਹਾਦਸੇ ਵਿਚ ਆਪਣੀ ਇਕ ਲੱਤ ਗੁਆ ਚੁੱਕੀ ਹੈ। ਇਸਦੇ ਬਾਵਜੂਦ ਉਸਨੇ ਜ਼ਿੰਦਗੀ ਤੋਂ ਹੌਸਲਾ ਨਹੀਂ ਹਾਰਿਆ ਅਤੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰਸਟ ਫਤਹਿ ਕਰਨ ਦਾ ਸੁਪਨਾ ਲਿਆ। ਆਪਣੇ ਦ੍ਰਿੜ ਇਰਾਦੇ ਨਾਲ ਉਸਨੇ ਮਾਊਂਟ ਐਵਰਸਟ ’ਤੇ ਜਿੱਤ ਦਾ ਝੰਢਾ ਗੱਡ ਕੇ ਦੁਨੀਆਂ ਦੀਆਂ ਸੱਤ ਉੱਚੀਆਂ ਚੋਟੀਆਂ ਵੀ ਫਤਹਿ ਕਰ ਲਈਆਂ। ਇਸ ਕਾਰਨ ਉਸਨੂੰ ਪਦਮ ਸ੍ਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ।
ਦੂਸਰੀ ਮਿਸਾਲ ਰੂਸ ਦੇ ਬਹਾਦਰ ਫ਼ੌਜੀ ਪਾਇਲਟ ਮਾਰੇਸੇਯੇਵ ਅਲੈਕਸੇਈ ਪਿਤਰੋਵਿਚ ਦੀ ਹੈ। ਇਸ ਦਾ ਜ਼ਿਕਰ ਬੋਰਿਸ ਪੋਲੇਵੋਈ ਨੇ ਆਪਣੇ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਵਿਚ ਕੀਤਾ ਹੈ। ਦਰਅਸਲ, ਅਲੈਕਸੇਈ ਇਸ ਨਾਵਲ ਦਾ ਮੁੱਖ ਪਾਤਰ ਹੈ ਅਤੇ ਬੋਰਿਸ ਪੋਲੇਵੋਈ ਨੇ ਇਹ ਨਾਵਲ ਅਲੈਕਸੇਈ ’ਤੇ ਹੀ ਲਿਖਿਆ ਹੈ।
ਇਹ ਘਟਨਾ ਦੂਸਰੇ ਵਿਸ਼ਵ ਯੁੱਧ ਦੀ ਹੈ ਜਦੋਂ ਅਲੈਕਸੇਈ 1941 ਦੌਰਾਨ ਇਕ ਸੋਵੀਅਤ ਪਾਇਲਟ ਸੀ। ਉਸਨੇ ਲੜਾਈ ਦੌਰਾਨ ਕਈ ਜਹਾਜ਼ ਤਬਾਹ ਕੀਤੇ ਸਨ। ਜਹਾਜ਼ ਦਾ ਤੇਲ ਖ਼ਤਮ ਹੋਣ ਅਤੇ ਇੰਜਣ ਬੰਦ ਹੋਣ ਕਾਰਨ ਉਸਦਾ ਜਹਾਜ਼ ਜੰਗਲ ਵਿਚ ਜਾ ਡਿੱਗਾ। ਇਸ ਹਾਦਸੇ ਕਾਰਨ ਉਸਦੇ ਦੋਵੇਂ ਪੈਰ ਟੁੱਟ ਗਏ ਸਨ। ਟੁੱਟੇ ਪੈਰਾਂ ਦੇ ਬਾਵਜੂਦ ਉਹ ਦੁੱਖ ਸਹਿੰਦਾ ਹੋਇਆ 18 ਦਿਨ ਜੰਗਲ ਵਿਚ ਕੂਹਣੀਆਂ ਭਾਰ ਚੱਲਦਾ ਰਿਹਾ। ਇਸ ਸਫ਼ਰ ਦੌਰਾਨ ਖਾਣ ਨੂੰ ਕੁਝ ਵੀ ਨਾ ਹੋਣ ਕਾਰਨ ਉਹ ਰੁੱਖਾਂ ਦੇ ਪੱਤੇ ਤੇ ਜੜਾਂ ਖਾਂਦਾ ਰਿਹਾ ਤੇ ਬਰਫ਼ ਨੂੰ ਲਾਈਟਰ ਨਾਲ ਪਿਘਲਾ ਕੇ ਪਾਣੀ ਪੀਂਦਾ ਰਿਹਾ।
ਕੁਝ ਸਥਾਨਾਂ ਤੋਂ ਉਸਨੂੰ ਮਰੇ ਹੋਏ ਫ਼ੌਜੀਆਂ ਦੇ ਬਕਸਿਆਂ ਵਿਚੋਂ ਕੁਝ ਮਾਸ ਵੀ ਮਿਲਿਆ। 18 ਦਿਨਾਂ ਬਾਅਦ ਜਦੋਂ ਉਹ ਆਪਣੇ ਲੋਕਾਂ ਕੋਲ ਪਹੁੰਚਿਆ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੈਰਾਂ ਦੀ ਹਾਲਤ ਵਿਗੜਨ ਕਾਰਨ ਉਸਦੇ ਦੋਵੇਂ ਪੈਰ ਕੱਟਣੇ ਪਏ। ਠੀਕ ਹੋਣ ਤੋਂ ਬਾਅਦ ਉਸਨੇ ਬਿਨਾਂ ਪੈਰਾਂ ਦੇ ਹੀ ਜਹਾਜ਼ ਚਲਾਉਣ ਦਾ ਦ੍ਰਿੜ ਇਰਾਦਾ ਕੀਤਾ। ਅੰਤ ਕਾਫ਼ੀ ਸਖ਼ਤ ਟਰੇਨਿੰਗ ਅਤੇ ਨਕਲੀ ਪੈਰਾਂ ਰਾਹੀਂ ਉਸਨੇ ਜੰਗ ਵਿਚ ਦੁਬਾਰਾ ਹਿੱਸਾ ਲਿਆ ਅਤੇ ਫਿਰ ਕਈ ਜਰਮਨ ਜਹਾਜ਼ਾਂ ਨੂੰ ਤਬਾਹ ਕੀਤਾ। ਇਸ ਤਰ੍ਹਾਂ ਉਸਨੇ ਆਪਣਾ ਦੁਬਾਰਾ ਜਹਾਜ਼ ਉਡਾਉਣ ਦਾ ਸੁਪਨਾ ਪੂਰਾ ਕੀਤਾ ਅਤੇ ਵਿਸ਼ਵ ਵਿਚ ਬਿਨਾਂ ਪੈਰਾਂ ਵਾਲੇ ਪਾਇਲਟ ਵਜੋਂ ਇਕ ਮਿਸਾਲ ਕਾਇਮ ਕੀਤੀ।
ਜੇਕਰ ਇਹ ਲੋਕ ਅਧੂਰੇ ਅੰਗਾਂ ਕਾਰਨ ਹਿੰਮਤ ਹਾਰ ਕੇ ਬੈਠ ਜਾਂਦੇ ਤਾਂ ਉਹ ਆਪਣੇ ਜੀਵਨ ਦਾ ਆਨੰਦ ਕਦੇ ਵੀ ਨਾ ਮਾਣ ਸਕਦੇ ਅਤੇ ਆਪਣੀ ਮੰਜ਼ਿਲ ’ਤੇ ਕਦੇ ਵੀ ਨਾ ਪਹੁੰਚ ਸਕਦੇ। ਉਪਰੋਕਤ ਉਦਾਹਰਨਾਂ ਅਜਿਹੇ ਲੋਕਾਂ ਲਈ ਮਿਸਾਲ ਹਨ ਜੋ ਆਪਣੀ ਜ਼ਿੰਦਗੀ ਤੋਂ ਹਾਰ ਜਾਂਦੇ ਹਨ। ਇਹ ਉਨ੍ਹਾਂ ਲੋਕਾਂ ਲਈ ਵੀ ਸ਼ੀਸ਼ਾ ਹਨ ਜੋ ਆਪਣੇ ਸਾਰੇ ਅੰਗਾਂ ਦੇ ਸਹੀ ਸਲਾਮਤ ਹੋਣ ਦੇ ਬਾਵਜੂਦ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਸੱਚਾਈ ਇਹ ਹੈ ਕਿ ਜੇਕਰ ਅਸੀਂ ਜ਼ਿੰਦਗੀ ਨੂੰ ਖੂਬ ਜਿਊਣਾ ਤੇ ਉੱਚੀ ਮੰਜ਼ਿਲ ਪ੍ਰਾਪਤ ਕਰਨੀ ਹੈ ਤਾਂ ਸਾਡੇ ਵਿਚਾਰ ਵੀ ਉੱਚੇ ਹੀ ਹੋਣੇ ਚਾਹੀਦੇ ਹਨ। ਆਪਣੀ ਜ਼ਿੰਦਗੀ ਨੂੰ ਸੰਘਰਸ਼ਪੂਰਨ ਬਣਾਉਣ ਲਈ ਚਿੰਤਾ ਰਹਿਤ ਅਤੇ ਖ਼ੁਸ਼ੀਆਂ ਭਰੇ ਵਿਚਾਰਾਂ ਦਾ ਹੋਣਾ ਲਾਜ਼ਮੀ ਹੈ। ਹਰ ਵਕਤ ਆਪਣੀ ਸੋਚ ਸਾਕਾਰਾਤਮਕ ਰੱਖੋ ਅਤੇ ਨਿਡਰ ਹੋ ਕੇ ਸੰਘਰਸ਼ ਕਰਦੇ ਰਹੋ।
ਜੋ ਇਨਸਾਨ ਜੀਵਨ ਯੁੱਧ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਜਾਂਦੇ ਹਨ ਜਾਂ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ, ਅਸੀਂ ਉਨ੍ਹਾਂ ਨੂੰ ਅਸਲੀ ਇਨਸਾਨ ਕਦੇ ਵੀ ਨਹੀਂ ਕਹਿ ਸਕਦੇ। ਜ਼ਿੰਦਗੀ ਵਿਚ ਰੁਪਏ ਪੈਸੇ ਤੋਂ ਇਲਾਵਾ ਹੋਰ ਕੁਝ ਵੀ ਹੈ ਜਿਵੇਂ ਇਹ ਕੁਦਰਤ। ਕੁਦਰਤ ਦੀ ਰੰਗਤ ਵਿਚ ਅਸੀਂ ਆਪਣੇ ਆਪ ਨੂੰ ਖ਼ੁਸ਼ ਰੱਖ ਸਕਦੇ ਹਾਂ, ਪਰ ਇਸ ਨੂੰ ਤੱਕਣ ਦਾ ਨਜ਼ਰੀਆ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਚੰਗੀਆਂ ਪੁਸਤਕਾਂ ਨਾਲ ਜੁੜ ਕੇ ਵੀ ਆਪਣੇ ਵਿਚਾਰਾਂ ਤੇ ਜ਼ਿੰਦਗੀ ਨੂੰ ਸੇਧ ਦੇ ਸਕਦੇ ਹਾਂ।
ਆਪਣੇ ਪਰਿਵਾਰ ਵਿਚ ਇਕੱਠੇ ਮਿਲ-ਬੈਠ ਕੇ ਦੁੱਖ-ਸੁੱਖ ਸਾਂਝਾ ਕਰਨਾ ਤੇ ਚੰਗੇ ਦੋਸਤਾਂ ਦਾ ਸਾਥ ਵੀ ਸੰਪੂਰਨ ਜੀਵਨ ਵਿਚ ਸਹਾਈ ਹੁੰਦਾ ਹੈ। ਜੋ ਜ਼ਿੰਦਗੀ ਦੀ ਜੰਗ ਹਾਰ ਕੇ ਆਤਮਹੱਤਿਆ ਜਾਂ ਨਿਰਾਸ਼ ਹੋ ਕੇ ਘਰ ਬੈਠਦੇ ਹਨ, ਉਨ੍ਹਾਂ ਲਈ ਸਲਾਹ ਹੈ ਕਿ ਆਪਣੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਊਣ। ਸੰਘਰਸ਼ ਦੇ ਰਸਤੇ ’ਤੇ ਚੱਲੋ ਅਤੇ ਆਪਣਾ ਇਕ-ਇਕ ਕਦਮ ਆਪਣੀ ਮੰਜ਼ਿਲ ਵੱਲ ਵਧਾਉਂਦੇ ਜਾਵੋ। ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ।

ਸੰਪਰਕ: 70870-70050


Comments Off on ਜਿਨ੍ਹਾਂ ਹਿੰਮਤ ਯਾਰ ਬਣਾਈ……
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.