ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ

Posted On November - 7 - 2019

ਵਿਰਸਾ ਲੇਖ ਲੜੀ: 12

ਜਸਪ੍ਰੀਤ ਕੌਰ

ਕੇਂਦਰੀ ਕੈਬਨਿਟ ਦੀ 22 ਨਵੰਬਰ, 2018 ਨੂੰ ਹੋਈ ਮੀਟਿੰਗ ਵਿਚ ਨਵੰਬਰ 2018 ਤੋਂ ਨਵੰਬਰ 2019 ਤੱਕ ਪੂਰਾ ਇੱਕ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਨਾਉਣ ਲਈ ਕੇਂਦਰੀ ਬਜਟ ਵਿੱਚ 100 ਕਰੋੜ ਅਤੇ ਪੰਜਾਬ ਸਰਕਾਰ ਨੇ ਇਸ ਉਤਸਵ ਨੂੰ ਮਨਾਉਣ ਲਈ 200 ਕਰੋੜ ਦਾ ਬਜਟ ਰੱਖਿਆ ਹੈ। ਇਸ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਵਿਖੇ 23 ਨਵੰਬਰ, 2018 ਨੂੰ ਸਮਾਗਮ ਕਰਕੇ ਕੀਤੀ ਗਈ। ਇਸ ਤੋਂ ਬਾਅਦ ਦੇਸ਼ ਅੰਦਰ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਈ ਸਮਾਗਮ, ਕਾਨਫ਼ਰੰਸਾਂ, ਸੈਮੀਨਾਰ, ਧਾਰਮਿਕ ਪ੍ਰੋਗਰਾਮ, ਢਾਡੀ ਮੁਕਾਬਲੇ, ਕਵੀ ਦਰਬਾਰ ਆਦਿ ਸਰਕਾਰ ਦੀ ‘ਦੇਖ ਰੇਖ’ ਹੇਠ ਲਗਾਤਾਰ ਹੋ ਰਹੇ ਹਨ। ਬਾਬੇ ਨਾਨਕ ਦੀ ਜਨਮ ਸ਼ਤਾਬਦੀ ਮੌਕੇ ਦੇਸ਼ ਦੀਆਂ ਹਾਕਮ ਧਿਰਾਂ ਤੇ ਪੁਜਾਰੀ ਵਰਗ ਦਾ ਇਹ ਉਤਸ਼ਾਹ ਸੋਚਣ ਲਈ ਉਤਸੁਕ ਕਰਦਾ ਹੈ ਕਿ ਬਾਬੇ ਨਾਨਕ ਦੇ ਫ਼ਲਸਫ਼ੇ ਅਤੇ ਮੌਜੂਦਾ ਰਾਜ ਪ੍ਰਬੰਧ ਵਿਚਕਾਰ ਆਪਸੀ ਸਬੰਧ ਕੀ ਬਣਦਾ ਹੈ?
ਇਹ ਸਵਾਲ ਉੱਠਦਿਆਂ ਹੀ ਸੋਚ ਮੱਧਕਾਲ ਦੀ ਉਸ ਪੰਦਰਵੀਂ ਸਦੀ ਵਿੱਚ ਪਹੁੰਚ ਜਾਂਦੀ ਹੈ, ਜਦੋਂ ਝੂਠ ਤੇ ਫਰੇਬ ਮੱਸਿਆ ਦੀ ਕਾਲੀ ਰਾਤ ਵਾਂਗ ਗਹਿਰਾ ਫੈਲਿਆ ਸੀ ਤੇ ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਸੀ ਆ ਰਿਹਾ। ਬਾਬੇ ਨਾਨਕ ਨੂੰ ਇਨ੍ਹਾਂ ਹਾਲਤਾਂ ਨੇ ਬੇਚੈਨ ਅਤੇ ਬੇਆਰਾਮ ਕੀਤਾ। ਉਨ੍ਹਾਂ ਆਪਣੇ ਸਾਥੀ ਮਰਦਾਨੇ ਨੂੰ ਲੈ ਕੇ ਸਮਾਜਿਕ ਛਾਣਬੀਣ ਕਰਦੇ ਹੋਏ ਲਗਭਗ 24 ਹਜ਼ਾਰ ਕਿਲੋਮੀਟਰ ਦਾ ਪੈਦਲ ਪੈਂਡਾ ਤੈਅ ਕੀਤਾ। ਉਨ੍ਹਾਂ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਜਾ ਕੇ ਆਮ ਲੋਕਾਂ, ਨਾਥਾਂ ਜੋਗੀਆਂ, ਪੀਰਾਂ-ਫਕੀਰਾਂ, ਹਰ ਆਮ ਅਤੇ ਖਾਸ ਨਾਲ ਵਿਚਰ ਕੇ ਲੋਕਾਈ ਅਤੇ ਸਮਾਜਿਕ ਵਰਤਾਰਿਆਂ ਨੂੰ ਸਮਝਣ ਦਾ ਯਤਨ ਕੀਤਾ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਾਰ ਅੰਸ਼ ਹੈ ਕਿ ਸਾਰੇ ਮਨੁੱਖ ਇੱਕੋ ਰੱਬ ਦੀ ਜੋਤ ਹਨ, ਇਸ ਲਈ ਸਾਰੇ ਲੋਕ ਬਰਾਬਰ ਹਨ। ਕੋਈ ਵੀ ਧਰਮ, ਜਾਤ, ਲਿੰਗ, ਨਸਲ ਆਦਿ ਕਰਕੇ ਉੱਚਾ ਨੀਵਾਂ ਨਹੀਂ। ਉਨ੍ਹਾਂ ਸਾਰਿਆਂ ਦੀ ਹੋਂਦ ਦਾ ਸਤਿਕਾਰ ਕੀਤਾ ਅਤੇ ‘ਸ਼ਬਦ’ ਗੁਰੂ ਰਾਹੀਂ ਸਵੈ ਦੀ ਪਹਿਚਾਣ ਕਰਕੇ ਮਾਨਵਤਾ ਦਾ ਭਲਾ ਕਰਨ ਦਾ ਉਪਦੇਸ਼ ਦਿੱਤਾ।
ਵਿਹਾਰਕ ਤੌਰ ’ਤੇ ਦੇਖੀਏ ਤਾਂ ਭਾਰਤੀ ਸੱਤਾ ਦੀ ਏਜੰਡਾ ਤੇ ਬਾਬੇ ਨਾਨਕ ਦਾ ਫਲਸਫਾ ਇੱਕ-ਦੂਜੇ ਤੋਂ ਵੱਖਰੇ ਹੀ ਨਹੀਂ ਬਲਕਿ ਐਨ ਉਲਟ ਹਨ। ਬਾਬਾ ਨਾਨਕ ‘ਇੱਕ’ ਦਾ ਮੁਦਈ ਹੈ, ਉਸਨੂੰ ਬਹੁਰੰਗੀ ਖ਼ਲਕਤ ਨਿਆਰੀ ਲੱਗਦੀ ਹੈ। ਉਹ ਹਰ ਮਨੁੱਖ ਇਕੋ ਨੂਰ ਵੇਖਦੇ ਹੋਏ ਸਭ ਨੂੰ ਆਪਣੇ ਆਪਣੇ ਵਿਸ਼ੇਸ਼ ਰੰਗ ਵਿੱਚ ‘ਸ਼ੁਭ ਕੰਮ’ ਕਰਨ ਦੀ ਸਲਾਹ ਦਿੰਦੇ ਹਨ। ਦੂਜੇ ਪਾਸੇ ਹਕੂਮਤ ਉੱਪਰ ‘ਇੱਕਰੂਪਤਾ’ ਦਾ ਭੂਤ ਸਵਾਰ ਹੈ। ਉਹ ਸਾਰੀ ਖ਼ਲਕਤ ਨੂੰ ‘ਇੱਕੋ ਰੰਗ’ ਵਿੱਚ ਰੰਗ ਦੇਣਾ ਚਾਹੁੰਦੀ ਹੈ ਅਤੇ ਕਿਸੇ ਵੀ ਮਜ਼ਹਬੀ, ਭਾਸ਼ਾਈ ਅਤੇ ਕੌਮੀ ਵਿਸ਼ੇਸ਼ਤਾ ਨੂੰ ਹਜ਼ਮ ਨਹੀਂ ਕਰਨਾ ਚਾਹੁੰਦੀ। ਜਦੋਂ ਬਾਬਰ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਫੌਜਾਂ ਵੱਲੋਂ ਕੀਤੇ ਜਾ ਰਹੇ ਮਨੁੱਖੀ ਘਾਣ ਤੋਂ ਤੜਪ ਕੇ ਬਾਬੇ ਨਾਨਕ ਨੇ ਰੱਬ ਨੂੰ ਨਿਹੋਰਾ ਮਾਰਿਆ। ਉਸੇ ਗੁਰੂ ਨਾਨਕ ਦੀ ਜਨਮ ਸ਼ਤਾਬਦੀ ਮਨਾਉਂਦੀ ਭਾਰਤ ਸਰਕਾਰ ਦੀ ਕਸ਼ਮੀਰ ਸਬੰਧੀ ਨੀਤੀ ਤੇ ਵਰਤਾਰੇ ਸਬੰਧੀ ਗੰਭੀਰ ਸਵਾਲ ਉਠਾਏ ਜਾ ਰਹੇ ਹਨ। ਕਈ ਵਿਦਵਾਨ ਇਸ ਨੂੰ ‘ਜੋਰੀ ਮੰਗੈ ਦਾਨੁ ਵੇ ਲਾਲੋ’ ਦੇ ਹਵਾਲੇ ਨਾਲ ਜੋੜ ਕੇ ਵੇਖ ਰਹੇ ਹਨ।
ਬਾਬਾ ਨਾਨਕ ਆਪਣੇ ਜੀਵਨ ਕਾਲ ਦੌਰਾਨ ਆਪਣੀਆਂ ਯਾਤਰਾਵਾਂ ਦੌਰਾਨ ਬਹੁਤਾ ਸਮਾਂ ਉਨ੍ਹਾਂ ਲੋਕਾਂ ਨਾਲ ਸੰਵਾਦ ਰਚਾਉਂਦੇ ਰਹੇ ਜੋ ਬਾਬਾ ਨਾਨਕ ਤੋਂ ਵਿਚਾਰਧਾਰਕ ਤੌਰ ’ਤੇ ਬਿਲਕੁਲ ਵੱਖਰੇ ਸਨ, ਪਰ ਉਨ੍ਹਾਂ ਕਦੇ ਵੀ ਆਪਣੇ ਵਿਚਾਰ ਕਿਸੇ ਉੱਪਰ ਥੋਪੇ ਨਹੀਂ, ਸਗੋਂ ਇੱਕ ਸਿਰਜਣਾਤਮਕ ਸੰਵਾਦ ਨੂੰ ਪਹਿਲ ਦਿੱਤੀ, ਦੂਜੇ ਦੇ ਵਿਚਾਰਾਂ ਦਾ ਆਦਰ ਕੀਤਾ। ਪਰ ਅਸੀਂ ਜਿਸ ਦੌਰ ਵਿੱਚ ਗੁਜ਼ਰ ਰਹੇ ਹਾਂ ਉੱਥੇ ਹਾਕਮ ਧਿਰਾਂ ਨੂੰ ਕੁਝ ਵੀ ‘ਵੱਖਰਾਪਣ’ ਮਨਜ਼ੂਰ ਨਹੀਂ। ਉਹ ‘ਸਹਿਮਤ ਹੋਵੋ ਜਾਂ ਮਾਰੇ ਜਾਓ’ ਦੀ ਨੀਤੀ ਤੇ ਚੱਲ ਰਹੀਆਂ ਹਨ। ਗੁਰੂ ਨਾਨਕ ਫ਼ਲਸਫ਼ਾ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਹਾਮੀ ਹੈ, ਪਰ ਭਾਰਤ ਦੇ ਮੌਜੂਦਾ ਹਾਲਾਤ ਅੰਦਰ ਸੱਚ ਕਹਿਣ ਵਾਲੇ ਪੱਤਰਕਾਰ, ਲੇਖਕ, ਕਲਾਕਾਰ, ਬੁੱਧੀਜੀਵੀ, ਰਾਜਨੀਤਿਕ ਕਾਰਕੁੰਨ ਲਗਾਤਾਰ ਹਕੂਮਤ ਦੇ ਜਬਰ ਦਾ ਸ਼ਿਕਾਰ ਹੋ ਰਹੇ ਹਨ। ‘ਪਾਬੰਦੀਸ਼ੁਦਾ’ ਸਾਹਿਤ ਪੜ੍ਹਨ ਦੇ ਹਵਾਲੇ ਨਾਲ ਲੋਕਾਂ ਨੂੰ ‘ਖਾਲਿਸਤਾਨੀ’, ‘ਵੱਖਵਾਦੀ’, ‘ਅਰਬਨ ਨਕਸਲ’ ਕਹਿ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਮ ‘ਵਿਦਿਆ ਵਿਚਾਰੀ ਤਾਂ ਪਰੁ ਉਪਕਾਰੀ’ ਦੇ ਫਲਸਫੇ ਨੂੰ ਦਰਕਿਨਾਰ ਕਰਕੇ ਸਿੱਖਿਆ ਨੀਤੀ ਵਿੱਚ ਲਗਾਤਾਰ ਸੁਧਾਰ ਰਾਹੀਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕੀਤੀ ਜਾ ਰਹੀ ਹੈ। ਔਰਤਾਂ ਉਪਰ ਜ਼ੁਲਮ ਪਹਿਲਾਂ ਨਾਲੋਂ ਵੀ ਤੇਜ਼ ਹੋ ਗਏ ਹਨ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਨਾਅਰਾ ਦੇਣ ਵਾਲੀਆਂ ਹਾਕਮ ਧਿਰਾਂ ਬਲਾਤਕਾਰੀਆਂ ਨੂੰ ਬਚਾਉਣ ਲਈ ‘ਝੰਡਾ ਮਾਰਚ’ ਰਾਹੀਂ ‘ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ’ ਦੇ ਵਿਚਾਰ ਨੂੰ ਤਹਿਸ ਨਹਿਸ ਕਰਦੀਆਂ ਹਨ। ਦਲਿਤਾਂ ਉੱਪਰ ਜ਼ੁਲਮ, ਹਜੂਮੀ ਕਤਲ, ਮੁਸਲਿਮ ਭਾਈਚਾਰੇ ਪ੍ਰਤੀ ਨਫਰਤ, ਸਥਾਨਕ ਭਾਸ਼ਾਵਾਂ ਨੂੰ ਦਬਾਉਣਾ, ਘੱਟਗਿਣਤੀਆਂ ਤੇ ਦਬਾਈਆਂ ਗਈਆਂ ਕੌਮਾਂ ਉਪਰ ਜ਼ੁਲਮ, ਕਾਰਪੋਰੇਟ ਘਰਾਣਿਆਂ ਦੇ ਮੁਫਾਦਾਂ ਲਈ ਕੁਦਰਤੀ ਸਾਧਨਾਂ ਦੀ ਲੁੱਟ ਅਤੇ ਵਾਤਾਵਰਨ ਦੀ ਬਰਬਾਦੀ ਆਦਿ ਵਰਤਾਰੇ ਭਾਰਤੀ ਹਾਕਮਾਂ ਨੂੰ ਬਾਬੇ ਨਾਨਕ ਦੇ ਸਾਹਮਣੇ ਕਟਿਹਰੇ ਵਿਚ ਖੜ੍ਹਾ ਕਰਦੇ ਹਨ।
ਸਵਾਲ ਇਹ ਹੈ ਕਿ ਜੇ ਬਾਬੇ ਨਾਨਕ ਦਾ ਫਲਸਫਾ, ਬਾਬੇ ਨਾਨਕ ਨੂੰ ‘ਮਨਾਉਣ’ ਵਾਲੀਆਂ ਹਾਕਮ ਧਿਰਾਂ ਅਤੇ ਪੁਜਾਰੀ ਵਰਗ ਦੀ ਵਿਹਾਰਕਤਾ ਦੇ ਬਿਲਕੁਲ ਉਲਟ ਹੈ ਤਾਂ ਫਿਰ ਉਨ੍ਹਾਂ ਦੇ ਬਾਬੇ ਪ੍ਰਤੀ ‘ਉਲਾਰ’ ਨੂੰ ਕਿਸ ਸੰਦਰਭ ਵਿੱਚ ਸਮਝੀਏ? ਇਤਿਹਾਸ ਦੇ ਇੱਕ ਪੜਾਅ ’ਤੇ ਜਿਹੜੀ ਸ਼ਖ਼ਸੀਅਤ ਉਸ ਸਮੇਂ ਦੇ ਲੁੱਟ ਤੇ ਜਬਰ ਦੇ ਖਿਲਾਫ ਖੜ੍ਹਦੀ ਹੈ, ਉਹੀ ਸ਼ਖ਼ਸੀਅਤ ਇੱਕ ਖਾਸ ਸਮੇਂ ਉਸੇ ਤਰ੍ਹਾਂ ਦੇ ਲੁੱਟ ਤੇ ਜਬਰ ਉਪਰ ਟਿੱਕੀ ਹੋਈ ਰਾਜ ਸੱਤਾ ਲਈ ‘ਪੂਜਣਯੋਗ’ ਜਾਂ ‘ਯਾਦ ਰੱਖਣ ਯੋਗ’ ਕਿਵੇਂ ਬਣ ਜਾਂਦੀ ਹੈ? ਦਲਿਤਾਂ, ਔਰਤਾਂ, ਧਾਰਮਿਕ ਘੱਟਗਿਣਤੀਆਂ, ਕੌਮਾਂ ਤੇ ਹਾਸ਼ੀਏ ਤੇ ਧੱਕੇ ਹੋਏ ਲੋਕਾਂ ਉੱਪਰ ਜਬਰ ਢਾਹ ਰਹੀ ਹਾਕਮ ਧਿਰ ਕੋਲ ਬਾਬੇ ਨਾਨਕ ਨੂੰ ‘ਆਪਣਾ’ ਕਹਿਣ ਦਾ ਹੌਸਲਾ ਕਿੱਥੋਂ ਪੈ ਰਿਹਾ ਹੈ?
ਸਾਂਝੀਵਾਲਤਾ ਤੇ ਮਨੁੱਖਤਾ ਦੇ ਇਸ਼ਕ ਨਾਲ ਲਬਰੇਜ਼ ਬਾਬੇ ਨਾਨਕ ਦੇ ਵਿਚਾਰਾਂ ਨੂੰ ਲੋਕ ਮਨਾਂ ਤੋਂ ਮਿਟਾਉਣਾ ਸੌਖਾ ਨਹੀਂ। ਅਜਹੇ ਵਿਚਾਰ ਆਪਣੇ ਇਤਿਹਾਸਿਕ ਕਾਲ ਤੋਂ ਪਾਰ ਜਾ ਕੇ ਲੋਕਾਂ ਦੀ ਵਰਤਮਾਨ ਤੇ ਭਵਿਖੀ ਰਹਿਤਲ ਵਿੱਚ ਸਮਾ ਜਾਂਦੇ ਹਨ। ਇਹੀ ਵਿਚਾਰ ਹਰ ਦੌਰ ਵਿੱਚ ਗਾਲਬ ਤਾਕਤਾਂ ਲਈ ਚੁਣੌਤੀ ਬਣਦੇ ਹਨ। ਗਾਲਬ ਧਿਰਾਂ ਲੋਕ ਮਨਾਂ ਵਿਚੋਂ ਇਨ੍ਹਾਂ ਵਿਚਾਰਾਂ ਦੀ ਪੈਰਵਾਈ ਕਰਨ ਵਾਲੇ ਲੋਕ ਨਾਇਕਾਂ ਦੀ ਅਸਲੀ ਭੂਮਿਕਾ ਹਮੇਸ਼ਾ ਮਿਟਾਉਣ ਦੀ ਤਾਕ ਵਿੱਚ ਰਹਿੰਦੀਆਂ ਹਨ ਜਾਂ ਫਿਰ ਇਨ੍ਹਾਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਆਪਣੀ ਅਜਾਰੇਦਾਰੀ ਵਾਲੇ ਪ੍ਰਚਾਰ ਸਾਧਨਾਂ ਨੂੰ ਵਰਤ ਕੇ ਆਪਣੀ ਸਹੂਲਤ ਦੇ ਮੁਤਾਬਕ ਢਾਲ ਲੈਣ ਜਾ ਆਪਣੇ ਗਾਲਬ ਸੱਭਿਆਚਾਰ ਅੰਦਰ ਹੀ ਜਜ਼ਬ ਕਰ ਲੈਣ ਦੀ ਕੋਸਿਸ਼ ਕਰਦੀਆਂ ਹਨ। ਇਨ੍ਹਾਂ ਲੋਕ ਨਾਇਕਾਂ ਦੀ ਉਸਾਰੂ ਭੂਮਿਕਾ ਅਤੇ ਸਥਾਪਤੀ ਵਿਰੋਧੀ ਨਾਬਰੀ ਦੀ ਮਹਿਕ ਹੌਲ਼ੀ ਹੌਲ਼ੀ ਲੋਕ ਮਨਾਂ ਵਿੱਚੋਂ ਮਨਫ਼ੀ ਹੁੰਦੀ ਜਾਂਦੀ ਹੈ ਅਤੇ ਇਸ ਦੀ ਥਾਂ ਸਿਰਫ ਸ਼ਰਧਾ ਲੈ ਲੈਂਦੀ ਹੈ। ਲੋਕਾਂ ਨੂੰ ਭੁੱਲਾ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਨਾਇਕਾਂ ਨੂੰ ਅਸੀਂ ਇਤਿਹਾਸਕ ਤੌਰ ’ਤੇ ਯਾਦ ਕਿਵੇਂ ਰੱਖਣਾ ਹੈ।
ਕੀ ਇਹ ਵੀ ਬਾਬੇ ਨਾਨਕ ਨੂੰ ਮੌਜੂਦਾ ਸਿਆਸੀ, ਧਾਰਮਿਕ ਅਤੇ ਪੁਜਾਰੀ ਵਰਗ ਦੇ ਸਾਂਚੇ ਵਿੱਚ ਢਾਲਣ ਦਾ ਯਤਨ ਤਾਂ ਨਹੀਂ? ਇਨ੍ਹਾਂ ਸਮਾਰੋਹਾਂ ਵਿੱਚੋਂ ਲੋਕਾਈ ਪ੍ਰਤੀ ਦਰਦ ਅਤੇ ਚਿੰਤਾ ਕਰਨ, ਜਾਬਰ ਨੂੰ ਜਾਬਰ ਕਹਿਣ ਦਾ ਹੀਆ ਕਰਨ ਅਤੇ ਧਾਰਮਿਕ ਅਡੰਬਰਾਂ ਵਿੱਚ ਤਰਕ ਨੂੰ ਸਾਹਮਣੇ ਰੱਖ ਕੇ ਸੰਵਾਦ ਕਰਨ ਦੀ ਜਾਚ ਰੱਖਣ ਵਾਲੇ ਬਾਬੇ ਨਾਨਕ ਨੂੰ ਬਹੁਤ ਚਲਾਕੀ ਨਾਲ ਪਾਸੇ ਕਰਨ ਦੀ ਕੋਸਿਸ਼ ਹੋ ਰਹੀ ਹੈ ਅਤੇ ਕਰਾਮਾਤਾਂ ਕਰਨ ਵਾਲੇ, ਮਖਮਲੀ ਚੋਲੇ ਪਾਈ, ਅੱਖਾਂ ਬੰਦ ਕਰਕੇ ਸ਼ਕਤੀ ਵਰਤਾਉਣ ਵਾਲੇ ਬਾਬੇ ਨਾਨਕ ਨੂੰ ਸਾਡੇ ਸਾਹਮਣੇ ਲਿਆ ਕੇ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਲਈ ਬਾਬੇ ਨਾਨਕ ਨੂੰ ਯਾਦ ਕਰਨ ਜਾਂ ਮਨਾਉਣ ਦੇ ਇਨ੍ਹਾਂ ਹਾਕਮੀ ਨੁਕਤਿਆਂ ਪਿਛਲਾ ਸੱਚ ਜਾਨਣਾ ਬਹੁਤ ਜ਼ਰੂਰੀ ਹੈ। ਇਸ ਸਮੇਂ ਸਾਡੇ ਬੁੱਧੀਜੀਵੀ ਤਬਕੇ ਦਾ ਫਰਜ਼ ਹੈ ਕਿ ਉਹ ਇਸ ਦੀ ਪੜਤਾਲ ਕਰੇ ਅਤੇ ਬਾਬੇ ਨਾਨਕ ਵਰਗੇ ਧਾਰਮਿਕ ਅਤੇ ਸਮਾਜਿਕ ਚਿੰਤਕਾਂ ਦੀ ਇਤਿਹਾਸਕ ਭੂਮਿਕਾ ਅਤੇ ਫਲਸਫੇ ਨੂੰ ਲੋਕ ਮਨਾਂ ਤੱਕ ਪਹੁੰਚਾਉਣ ਦਾ ਯਤਨ ਕਰੇ।

*ਖੋਜਾਰਥਣ, ਰਾਜਨੀਤੀ ਸ਼ਾਸਤਰ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ: 98763-71856


Comments Off on ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.