ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ

Posted On November - 7 - 2019

ਵਿਰਸਾ ਲੇਖ ਲੜੀ: 11

ਡਾ. ਅਮਨਦੀਪ ਸਿੰਘ ਟੱਲੇਵਾਲੀਆ

ਚਿੱਤਰ: ਅਰਪਨਾ ਕੌਰ

ਗੁਰੂ ਨਾਨਕ ਦੁਨੀਆਂ ਦੇ ਮਹਾਨ ਚਿੰਤਕਾਂ ਵਿਚੋਂ ਇੱਕ ਹਨ। ਜਦੋਂ ਕੋਈ ਮਹਾਂਪੁਰਖ ਅਦਭੁੱਤ ਕੰਮ ਕਰਦਾ ਹੈ ਤਾਂ ਉਸ ਸਬੰਧੀ ਰਵਾਇਤਾਂ ਪ੍ਰਚੱਲਿਤ ਹੋ ਜਾਂਦੀਆਂ ਹਨ। ਉਸ ਦੇ ਸਮਕਾਲੀ ਇਨ੍ਹਾਂ ਰਵਾਇਤਾਂ ਨੂੰ ਅਸਚਰਜਤਾ ਅਤੇ ਕਰਾਮਾਤਾਂ ਦੇ ਰੂਪ ਵਿਚ ਵੇਖਦੇ ਹਨ। ਇਹ ਅਸਪੱਸ਼ਟ, ਅਸਚਰਜ ਅਤੇ ਕਰਾਮਾਤੀ ਵਾਤਾਵਰਨ ਹਰ ਕੌਮ ਅਤੇ ਹਰ ਧਰਮ ਦੇ ਇਤਿਹਾਸ ਦਾ ਮੁੱਢਲਾ ਪੜਾਅ ਹੁੰਦਾ ਹੈ।
ਅਜਿਹੀਆਂ ਕਰਾਮਾਤਾਂ ਹੀ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਜੋੜੀਆਂ ਗਈਆਂ ਹਨ। ਬੇਸ਼ੱਕ ਹੋਰਨਾਂ ਧਰਮਾਂ ਵਿਚ ਵੀ ਕਰਾਮਾਤਾਂ ਦਾ ਜ਼ਿਕਰ ਪੜ੍ਹਨ ਸੁਣਨ ਨੂੰ ਮਿਲਦਾ ਹੈ ਪਰ ‘ਗੁਰੂ ਨਾਨਕ’ ਜਿਨ੍ਹਾਂ ਨੇ ਖੁਦ ਆਪਣੀ ਬਾਣੀ ਵਿਚ ਅਜਿਹੀਆਂ ਕਰਾਮਾਤਾਂ ਦਾ ਖੰਡਨ ਕੀਤਾ, ਉਨ੍ਹਾਂ ਨਾਲ ਹੀ ਕਰਾਮਾਤਾਂ ਦਾ ਜੁੜ ਜਾਣਾ ਗੁਰੂ ਨਾਨਕ ਵਿਚਾਰਧਾਰਾ ਦਾ ਵਿਰੋਧ ਕਰਨਾ ਹੈ। ਇਹ ਕਰਾਮਾਤਾਂ ਗੁਰੂ ਜੀ ਨਾਲ ਕਿਵੇਂ ਜੁੜੀਆਂ ਤੇ ਲੋਕ ਮਨਾਂ ਵਿਚ ਕਿਵੇਂ ਘਰ ਕਰ ਗਈਆਂ, ਇਹ ਵੀ ਇਕ ਸਵਾਲ ਹੈ।
ਸਿੱਖ ਕੌਮ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਨ੍ਹਾਂ ਨੇ ਇਤਿਹਾਸ ਸਿਰਜਿਆ ਜ਼ਰੂਰ ਹੈ ਪਰ ਨਾ ਇਨ੍ਹਾਂ ਇਤਿਹਾਸ ਲਿਖਿਆ ਤੇ ਨਾ ਹੀ ਸਾਂਭਿਆ। ਇਤਿਹਾਸ ਦੀ ਅਣਹੋਂਦ ਵਿਚ ਜਨਮ ਸਾਖੀਆਂ ਹੋਂਦ ਵਿਚ ਆਈਆਂ। ਇਹ ਜਨਮ ਸਾਖੀਆਂ ਸੰਗਤ ਵਿਚ ਐਨੀ ਵਾਰ ਦੁਹਰਾਈਆਂ ਗਈਆਂ ਕਿ ਇਨ੍ਹਾਂ ਨੂੰ ਹੀ ਇਤਿਹਾਸ ਮੰਨ ਲਿਆ ਗਿਆ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ ਸੰਤ-ਮਹੰਤ ਜਿਨ੍ਹਾਂ ਵਿਰੁੱਧ ਗੁਰੂ ਨਾਨਕ ਜੀ ਲਿਖਦੇ ਰਹੇ, ਉਨ੍ਹਾਂ ਨੇ ਆਪਣੇ ਡੇਰੇ ਚਲਾਉਣ ਲਈ ਇਨ੍ਹਾਂ ਸਾਖੀਆਂ ਦਾ ਸਹਾਰਾ ਲਿਆ, ਨਾ ਕਿ ਗੁਰਬਾਣੀ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ। ਜੇ ਉਹ ਗੁਰਬਾਣੀ ਦੀ ਉਪਮਾ ਕਰਦੇ ਤਾਂ ਉਨ੍ਹਾਂ ਦਾ ਤੋਰੀ-ਫੁਲਕਾ ਬੰਦ ਹੁੰਦਾ ਸੀ। ਇਸੇ ਕਰਕੇ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਦੇ ਜੀਵਨ ਸਬੰਧੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ, ਜੋ ਗੁਰਬਾਣੀ ਦੀ ਕਸਵੱਟੀ ’ਤੇ ਖਰੀਆਂ ਨਹੀਂ ਉੱਤਰਦੀਆਂ, ਦਾ ਜ਼ਿਕਰ ਹੈ। ਜਿਨ੍ਹਾਂ ਬਾਰੇ ਆਮ ਪਾਠਕ ਜਾਂ ਸੰਗਤ ਅੱਖਾਂ ਬੰਦ ਕਰਕੇ ਮੰਤਰ ਮੁਗਧ ਹੋ ਕੇ ਵਾਹ-ਵਾਹ ਜਾਂ ‘ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ’ ਆਖੀ ਜਾ ਰਹੀ ਹੈ, ਪਰ ਗੁਰੂ ਨਾਨਕ ਦੀ ਵਿਸ਼ਾਲ ਸੋਚ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਅਸੀਂ ਕਿਨਾਰਾ ਕਰੀ ਬੈਠੇ ਹਾਂ। ਬੇਸ਼ੱਕ ਜਨਮ ਸਾਖੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹਨ, ਜੋ ਵਿਗਿਆਨਕ ਨਜ਼ਰੀਏ ਤੋਂ ਪੜਚੋਲਣ ਲੱਗਿਆਂ ਇਉਂ ਲੱਗਦਾ ਹੈ ਜਿਵੇਂ ਕੋਈ ਕਾਲਪਨਿਕ ਕਹਾਣੀ ਹੋਵੇ। ਉਨ੍ਹਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਤਾਂ ਨਹੀਂ ਹੋ ਸਕਦਾ ਪਰ ਕੁਝ ਮੁੱਖ ਘਟਨਾਵਾਂ ਜੋ ਸਾਡੇ ਮਨਾਂ ਵਿੱਚ ਉਤਾਰੀਆਂ ਗਈਆਂ, ਦਾ ਜ਼ਿਕਰ ਕਰਨਾ ਜ਼ਰੂਰੀ ਹੈ।
ਗੁਰੂ ਨਾਨਕ ਦੇ ਜੀਵਨ ਸਬੰਧੀ ਪਹਿਲੀ ਲਿਖਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ। ਇਸ ਤੋਂ ਇਲਾਵਾ ਵਿਲਾਇਤ ਵਾਲੀ ਜਨਮ ਸਾਖੀ (ਪੁਰਾਤਨ ਜਨਮ ਸਾਖੀ), ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਹੈ। ਇਨ੍ਹਾਂ ਚਾਰਾਂ ਜਨਮ ਸਾਖੀਆਂ ਵਿਚੋਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਅਜਿਹੀਆਂ ਕਰਾਮਾਤਾਂ ਜੋੜੀਆਂ ਗਈਆਂ ਹਨ, ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਸ ਜਨਮ ਸਾਖੀ ਵਿੱਚ ਬਾਲਾ ਨਾਂ ਦਾ ਪਾਤਰ ਨਾਟਕੀ ਰੂਪ ਵਿਚ ਪੇਸ਼ ਹੁੰਦਾ ਹੈ। ਬਾਲੇ ਦਾ ਦਾਅਵਾ ਬਚਪਨ ਤੋਂ ਗੁਰੂ ਨਾਨਕ ਦਾ ਸਾਥੀ ਹੋਣ ਦਾ ਹੈ। ਜਿਸ ਬਾਲੇ ਨੇ ਗੁਰੂ ਨਾਨਕ ਦਾ ਉਦਾਸੀਆਂ ਵੇਲੇ ਹਰ ਔਕੜ ਵਿੱਚ ਸੰਗ ਕੀਤਾ, ਉਹ ਬਾਲਾ ਗੁਰੂ ਨਾਨਕ ਦੇ ਅੰਤਲੇ ਸਾਲਾਂ ਵਿੱਚ ਸ਼ਰਧਾਲੂ ਹੁੰਦਾ ਹੋਇਆ ਵੀ ਉਨ੍ਹਾਂ ਦਾ ਸਾਥ ਛੱਡ ਗਿਆ। ਗੁਰੂ ਅੰਗਦ ਦੇਵ ਜੀ ਨੇ ਕਈ ਸਾਲ ਦਿਲ ਲਾ ਕੇ ਗੁਰੂ ਨਾਨਕ ਦੀ ਸੇਵਾ ਤੇ ਉਨ੍ਹਾਂ ਦੇ ਮਿਸ਼ਨ ਦੀ ਮਾਨਤਾ ਅਤੇ ਸਤਿਕਾਰ ਕੀਤਾ। ਉਨ੍ਹਾਂ ਦਾ ਆਤਮ ਸਮਰਪਣ ਇਸ ਹੱਦ ਤੱਕ ਪਹੁੰਚ ਗਿਆ ਕਿ ਗੁਰੂ ਨਾਨਕ ਨੇ ਆਪਣੇ ਬੱਚਿਆਂ ਅਤੇ ਹੋਰ ਸ਼ਰਧਾਲੂਆਂ ਨੂੰ ਛੱਡ ਕੇ ਗੁਰੂ ਅੰਗਦ ਨੂੰ ਆਪਣਾ ਗੱਦੀਨਸ਼ੀਨ ਬਣਾਇਆ। ਸਾਧਾਰਨ ਸਿੱਖ ਗੁਰੂ ਨਾਨਕ ਦੇ ਜੀਵਨ ਸੰਗੀ ਬਾਲੇ ਬਾਰੇ ਜਾਣਕਾਰੀ ਰੱਖਦੇ ਸਨ ਪਰ ਗੁਰੂ ਅੰਗਦ ਇਸ ਨਾਂ ਤੋਂ ਅਣਜਾਣ ਰਹੇ? ਗੁਰੂ ਅੰਗਦ ਦਾ ਬਾਲੇ ਨੂੰ ਕੀਤਾ ਇਹ ਸਵਾਲ, ‘ਕੀ ਉਸ ਨਾਨਕ ਨੂੰ ਦੇਖਿਆ ਹੈ?’ ਸਪੱਸ਼ਟ ਕਰਦਾ ਹੈ ਕਿ ਇਹ ਵਾਰਤਾਲਾਪ ਗੁਰੂ ਅੰਗਦ ਤੇ ਅਸਲੀ ਬਾਲੇ ਵਿੱਚ ਨਹੀਂ ਹੋ ਸਕਦੀ ਕਿਉਂਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇ ਜੀਵਨ ਸੰਗੀ ਬਾਲੇ ਦੇ ਨਾਂ ਤੋਂ ਅਤੇ ਉਸ ਦੇ ਗੁਰੂ ਨਾਨਕ ਨਾਲ ਸਬੰਧਾਂ ਤੋਂ ਅਣਜਾਣ ਨਹੀਂ ਹੋ ਸਕਦੇ। (ਡਾ. ਐਸ.ਐਸ. ਦੁਸਾਂਝ, ਗੁਰੂ ਨਾਨਕ ਬਾਰੇ ਸੱਚ ਦੀ ਖੋਜ ’ਚੋਂ)।
ਸੱਚੇ ਸੌਦੇ ਵਾਲੀ ਸਾਖੀ: ਗੁਰੂ ਨਾਨਕ ਨੇ ਤਾਂ ਆਪਣੀ ਬਾਣੀ ਵਿਚ ਥਾਂ-ਥਾਂ ਪਾਖੰਡੀ ਸਾਧੂਆਂ ਨੂੰ ਨਿੰਦਿਆ ਹੈ। ਘਰ ਤਿਆਗ ਜੋਗੀ ਬਣ ਜਾਣ ਵਾਲਿਆਂ ਨੂੰ ਗੁਰੂ ਨਾਨਕ ਟਿੱਚਰ ਕਰਦੇ ਹਨ ਕਿ ਗ੍ਰਹਿਸਥ ਨੂੰ ਬੁਰਾ ਸਮਝਣ ਵਾਲੇ ਰੋਟੀ ਖਾਣ ਲਈ ਫੇਰ ਗ੍ਰਹਿਸਥੀਆਂ ਦੇ ਘਰ ਹੀ ਜਾਂਦੇ ਹਨ। ਗੁਰੂ ਨਾਨਕ ਨੇ ਸਪੱਸ਼ਟ ਚਿਤਾਵਨੀ ਦਿੱਤੀ:
ਗੁਰੁ ਪੀਰੁ ਸਦਾਏ ਮੰਗਣ ਜਾਇ।।
ਤਾ ਕੈ ਮੂਲਿ ਨ ਲਗੀਐ ਪਾਇ।।
ਘਾਲਿ ਖਾਇ ਕਿਛੁ ਹਥਹੁ ਦੇਇ।।
ਨਾਨਕ ਰਾਹੁ ਪਛਾਣਹਿ ਸੇਇ।।
ਅਜਿਹੀ ਸਥਿਤੀ ਵਿੱਚ ਗੁਰੂ ਨਾਨਕ ਦੇ ਚੇਲੇ ਜਾਂ ਸਿੱਖ ਪਾਖੰਡੀਆਂ ਤੋਂ ਚੇਤੰਨ ਹੁੰਦੇ ਜਾ ਰਹੇ ਸਨ ਅਤੇ ਡੇਰੇ ਦੇ ਸਾਧਾਂ ਦੀ ਰੋਜ਼ੀ ਖ਼ਤਰੇ ਵਿੱਚ ਪੈਂਦੀ ਜਾ ਰਹੀ ਸੀ। ਨਾਨਕ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਂਭੀ ਜਾ ਚੁੱਕੀ ਸੀ। ਉਸ ਨੂੰ ਵਿਗਾੜਨ ਲਈ ਡੇਰੇ ਦੇ ਸਾਧਾਂ ਦੀ ਪਹੁੰਚ ਨਹੀਂ ਸੀ ਪਰ ਉਸ ਦੇ ਚੇਤੰਨ ਅਸਰ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਕਥਾਵਾਂ ਘੜੀਆਂ ਗਈਆਂ। ਇਹ ਕਥਾਵਾਂ ਗੁਰੂ ਨਾਨਕ ਦੇ ਜੀਵਨ ਨਾਲ ਜੋੜ ਦਿੱਤੀਆਂ ਗਈਆਂ।
ਸੈਦਪੁਰ ਵਾਲੀ ਸਾਖੀ: ਇਹ ਸਾਖੀ ਬਾਬਰ ਦੇ ਸੈਦਪੁਰ ਵਿੱਚ ਕੀਤੇ ਕਤਲੇਆਮ ਨਾਲ ਸਬੰਧ ਰੱਖਦੀ ਹੈ। ਗੁਰਬਾਣੀ ਦਾ ਨਾਨਕ ਇਸ ਜ਼ੁਲਮ ਨੂੰ ਵੇਖ ਕੇ ਬਾਬਰ ਨੂੰ ਜਮਰੂਪ ਰਹਿੰਦਾ ਹੈ ਅਤੇ ਉਸ ਦੀ ਫ਼ੌਜ ਨੂੰ ਪਾਪ ਦੀ ਜੰਞ ਆਖਦਾ ਹੈ। ਇਸ ਸਾਕੇ ਨੂੰ ਵੇਖ ਕੇ ਰੱਬ ਨੂੰ ਵੀ ਇਨ੍ਹਾਂ ਸ਼ਬਦਾਂ ਵਿੱਚ ਸੰਬੋਧਨ ਕਰਦਾ ਹੈ:
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ।।
ਪਰ ਡੇਰੇ ਵਾਲੇ ਸਾਧਾਂ ਦਾ ਨਾਨਕ ਸੈਦਪੁਰ ਦੇ ਲੋਕਾਂ ਨੂੰ ਕ੍ਰੋਧ ਵਿੱਚ ਆ ਕੇ ਸਰਾਪ ਦਿੰਦਾ ਹੈ, ਜਿਸ ਤੋਂ ਡੇਰੇ ਵਾਲੇ ਸਾਧਾਂ ਨੇ ਇਹ ਸਪੱਸ਼ਟ ਕੀਤਾ ਕਿ ਫ਼ਕੀਰ ਨੂੰ ਕਦੇ ਦਰ ਤੋਂ ਖ਼ਾਲੀ ਨਹੀਂ ਮੋੜਨਾ ਚਾਹੀਦਾ।
ਸਾਖੀਆਂ ਵਿੱਚ ਭਾਈ ਮਰਦਾਨੇ ਦੀ ਪੇਸ਼ਕਾਰੀ: ਸਾਖੀਆਂ ਵਿਚ ਭਾਈ ਮਰਦਾਨੇ ਨੂੰ ਨਿਮਾਣਾ, ਨਿਤਾਣਾ, ਭੁੱਖਾ, ਪਿਆਸਾ, ਮੰਗ ਖਾਣੀ ਜਾਤ, ਲਾਲਚੀ, ਡਰਪੋਕ, ਮੰਗਤਾ ਅਤੇ ਨੀਚ ਜਾਤ ਦਾ ਮਰਾਸੀ ਪੇਸ਼ ਕੀਤਾ ਗਿਆ ਹੈ। ਕਦੇ ਉਹ ਕੌਡੇ ਰਾਖਸ਼ ਦੇ ਮੂੰਹ ਵਿਚ ਪੈ ਜਾਂਦਾ ਹੈ, ਕਦੇ ਮੇਂਢਕਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸ਼ਾਇਦ ਸਾਖੀਕਾਰ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਨੂੰ ਕਰਾਮਾਤੀ ਪੁਰਸ਼ ਸਿੱਧ ਕਰਨਾ ਚਾਹੁੰਦੇ ਸਨ ਪਰ ਗੁਰੂ ਨਾਨਕ ਤਾਂ ਕਰਾਮਾਤਾਂ ਦੇ ਵਿਰੁੱਧ ਸਨ। ਨਾਲੇ ਉਨ੍ਹਾਂ ਕਦੇ ਮਰਦਾਨੇ ਨੂੰ ਭਾਈ ਮਰਦਾਨੇ ਤੋਂ ਬਿਨਾਂ ਸੰਬੋਧਨ ਨਹੀਂ ਕੀਤਾ। ਉਹ ਤਾਂ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।
ਦੇ ਮਹਾਂਵਾਕ ਦੇ ਧਾਰਨੀ ਸਨ, ਜਿਨ੍ਹਾਂ ਨੇ ਇਸ ਨੂੰ ਪ੍ਰਤੱਖ ਕਰ ਦਿਖਾਇਆ। ਨੀਵੀਂ ਜਾਤ ਦੇ ਡੂਮ ਨੂੰ ਸਾਥੀ ਬਣਾ ਕੇ ਵੱਡੀਆਂ ਜਾਤਾਂ ਵਾਲਿਆਂ ਦਾ ਘਮੰਡ ਤੋੜਿਆ।
ਮੱਕਾ ਫੇਰਨ ਵਾਲੀ ਸਾਖੀ: ਮੱਕੇ ਰਹਿੰਦਿਆਂ ਗੁਰੂ ਨਾਨਕ ਸਾਹਿਬ ਇਕ ਦਿਨ ਕਾਬੇ ਵੱਲ ਪੈਰ ਕਰ ਕੇ ਸੌਂ ਗਏ। ਸਵੇਰੇ ਜਦੋਂ ਸਾਰੇ ਹਾਜੀ ਉੱਠੇ ਤਾਂ ਉਨ੍ਹਾਂ ਨੇ ਵੇਖਿਆ ਕਿ ਗੁਰੂ ਜੀ ਦੇ ਪੈਰ ਕਾਬੇ ਵੱਲ ਹਨ। ਉਨ੍ਹਾਂ ਵਿਚੋਂ ਜੀਵਨ ਨਾਂ ਦੇ ਹਾਜੀ ਨੇ ਗੁਰੂ ਸਾਹਿਬ ਕੋਲ ਜਾ ਕੇ ਪੈਰ ਹਿਲਾਇਆ ਤੇ ਕਿਹਾ ਕਿ ਤੂੰ ਖ਼ੁਦਾ ਦੇ ਘਰ ਵੱਲ ਪੈਰ ਕੀਤੇ ਹਨ। ਅੱਗੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੇਰੇ ਪੈਰ ਉਸ ਪਾਸੇ ਵੱਲ ਕਰ ਦੇ ਜਿਸ ਪਾਸੇ ਖ਼ੁਦਾ ਦਾ ਘਰ ਨਹੀਂ, ਭਾਵ ਇਹ ਸੀ ਕਿ ਜੇਕਰ ਮੁਸਲਮਾਨੀ ਅਕੀਦੇ ਅਨੁਸਾਰ ਖ਼ੁਦਾ ਰੱਬ ਉਲ-ਆਲਮੀਨ ਹੈ ਤਾਂ ਉਹ ਸਾਰੇ ਪਾਸੇ ਮੌਜੂਦ ਹੈ। ਇੱਥੇ ਇਹ ਕਹਿਣਾ ਹਰਗਿਜ਼ ਵਾਜਬ ਨਹੀਂ ਕਿ ਗੁਰੂ ਸਾਹਿਬ ਜਿੱਧਰ ਪੈਰ ਕਰਦੇ ਗਏ, ਮੱਕਾ ਉਧਰ ਘੁੰਮਦਾ ਗਿਆ। ਮੱਕੇ ਦਾ ਘੁੰਮਣਾ ਸਿਰਫ਼ ਪ੍ਰਤੀਕਾਤਮਿਕ ਚਿੰਨ੍ਹ ਹੈ, ਜਿਸ ਦਾ ਮਤਲਬ ਹੈ ਕਿ ਖ਼ੁਦਾ ਹਰ ਪਾਸੇ ਮੌਜੂਦ ਹੈ ਪਰ ਸਾਖੀਕਾਰਾਂ ਨੇ ਗੁਰੂ ਨਾਨਕ ਨਾਲ ਇਸ ਤਰ੍ਹਾਂ ਜੋੜ ਕੇ ਗੁਰੂ ਨਾਨਕ ਨੂੰ ਕਰਾਮਾਤੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। (ਡਾ. ਐਸ.ਐਸ. ਦੁਸਾਂਝ, ਗੁਰੂ ਨਾਨਕ ਬਾਰੇ ਸੱਚ ਦੀ ਖੋਜ ’ਚੋਂ)।
ਜਨਮ ਸਾਖੀਆਂ ਬਾਰੇ ਹਰ ਲੇਖਕ ਦੀਆਂ ਵੱਖੋ-ਵੱਖਰੀਆਂ ਰਾਅਵਾਂ ਹਨ। ਕੋਈ ਜਨਮ ਸਾਖੀਆਂ ਨੂੰ ਸਿਰਫ਼ ਕਾਲਪਨਿਕ ਕਹਿ ਕੇ ਨਕਾਰਦਾ ਹੈ, ਕੋਈ ਜਨਮ ਸਾਖੀਆਂ ਨੂੰ ਦ੍ਰਿਸ਼ਾਂਟਤਕ ਜਾਂ ਪ੍ਰਤੀਕਾਤਮਿਕ ਚਿੰਨ੍ਹਾਂ ਵਜੋਂ ਸਮਝਦਾ ਹੈ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਅਤੇ ਪ੍ਰਿਥੀਪਾਲ ਸਿੰਘ ਕਪੂਰ ਦੁਆਰਾ ਸੰਪਾਦਿਤ ਪੁਸਤਕ ‘ਗੁਰੂ ਨਾਨਕ ਅਤੇ ਸਿੱਖ ਧਰਮ ਦੀ ਉਤਪਤੀ’ ਵਿੱਚ ਲਿਖਿਆ ਹੈ, ‘‘ਜਨਮ ਸਾਖੀਆਂ ਕੁਝ ਕੁਦਰਤ ਦੀਆਂ ਕਰਾਮਾਤਾਂ ਦਾ ਬਿਆਨ ਵੀ ਕਰਦੀਆਂ ਹਨ, ਜਿਵੇਂ ਆਮ ਤੌਰ ’ਤੇ ਵਿਨਾਸ਼ਕਾਰੀ ਤੱਤਾਂ ਦੁਆਰਾ ਗੁਰੂ ਨਾਨਕ ਦੇਵ ਦੀ ਸੁਰੱਖਿਆ – ਜਿਵੇਂ ਸੱਪ ਦਾ ਛਾਂ ਕਰਨਾ ਜਾਂ ਉਨ੍ਹਾਂ ਦੀ ਕੁਦਰਤੀ ਸ਼ਕਤੀਆਂ ’ਤੇ ਕਾਬੂ ਪਾਉਣ ਦੀ ਸਮਰੱਥਾ ਜਾਂ ਤਪਦਾ ਤੇਲ ਕੜਾਹਾ ਠੰਢਾ ਕਰਨਾ। ਇਸ ਤਰ੍ਹਾਂ ਦੀਆਂ ਕਹਾਣੀਆਂ ਸਾਰੀਆਂ ਕੌਮਾਂ ਦੇ ਧਾਰਮਿਕ ਰਹਿਬਰਾਂ ਬਾਰੇ ਮਿਲਦੀਆਂ ਹਨ। ਇਨ੍ਹਾਂ ਨੂੰ ਸ਼ਰਧਾਮਈ, ਪਰ ਤੀਬਰ, ਕਲਪਨਾ ਦੀ ਪੈਦਾਵਾਰ ਸਮਝ ਕੇ ਨਕਾਰ ਦੇਣਾ ਆਸਾਨ ਹੈ, ਪਰ ਇਨ੍ਹਾਂ ਨੂੰ ਇਹ ਕਹਿ ਕੇ ਛੱਡ ਦੇਣਾ ਕਿ ਇਨ੍ਹਾਂ ਦਾ ਕੋਈ ਮਹੱਤਵ ਹੈ ਹੀ ਨਹੀਂ, ਇਨ੍ਹਾਂ ਦੇ ਵਾਸਤਵਿਕ ਅਰਥਾਂ ਤੋਂ ਮੂੰਹ ਮੋੜਨਾ ਹੋਵੇਗਾ। ਉਜੜੇ ਖੇਤ ਲਹਿਰਾਉਂਦੇ ਹੋਣ ਵਰਗੀਆਂ ਸਾਖੀਆਂ ਦੇ ਅਰਥ ਗੁਰੂ ਨਾਨਕ ਦੇਵ ਦੁਆਰਾ ਪ੍ਰਚਾਰੇ ਧਾਰਮਿਕ ਵਿਚਾਰਾਂ ਦੀ ਰੌਸ਼ਨੀ ਵਿਚ ਪ੍ਰਗਟ ਹੁੰਦੇ ਹਨ। ਇਹ ਉਨ੍ਹਾਂ ਦੇ ਇਸ ਵਿਸ਼ਵਾਸ ਦਾ ਚਿੱਤਰਮਈ ਪ੍ਰਗਟਾਵਾ ਹੈ ਕਿ ਭੌਤਿਕ ਪ੍ਰਕਿਰਤੀ ਆਤਮਾ ਦੇ ਅਧੀਨ ਹੈ ਅਤੇ ਰੱਬੀ ਮਿਹਰ ਦਾ ਪੁਨਰ ਸੁਰਜੀਤ ਕਰਨ ਵਾਲਾ ਗੁਣ ਪਰਲੋ ਦੇ ਸੁੱਖ ਦੀ ਆਸ ਲਈ ਹੀ ਨਹੀਂ, ਇਸ ਜੀਵਨ ਦੇ ਕਾਰ-ਵਿਹਾਰ ਵਿਚ ਵੀ ਕਾਰਜਸ਼ੀਲ ਰਹਿੰਦਾ ਹੈ। ਗੁਰੂ ਸਾਹਿਬ ਦੁਆਰਾ ਪੰਜੇ ਨਾਲ ਭਾਰੀ ਚਟਾਨ ਰੋਕ ਲੈਣ ਵਾਲੀ ਸਾਖੀ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਨਿਰਭੈ ਹੋ ਕੇ ਬਦੀ ਦਾ ਸਾਹਮਣਾ ਕਰਨ ਦਾ ਪ੍ਰਤੀਕ ਹੈ। ਧਰਮ ਲੋਕ-ਭਲਾਈ ਖ਼ਾਤਰ ਆਪਣੇ ਆਪ ’ਤੇ ਕਾਬੂ ਪਾ ਕੇ ਦੁਨੀਆਂ ’ਤੇ ਕਾਬੂ ਪਾਉਣ ‘ਮਨੁ ਜੀਤੇ ਜਗੁ ਜੀਤੁ’ ਵਿਚ ਹੈ, ਇਨ੍ਹਾਂ ਤੋਂ ਭੱਜ ਜਾਣ ਵਿਚ ਨਹੀਂ।
ਜਨਮ ਸਾਖੀਆਂ ਵਿਚ ਅੰਕਿਤ ਕੁਝ ਕਰਾਮਾਤ ਵਾਲੀਆਂ ਕਹਾਣੀਆਂ ਨੀਤੀ-ਕਥਾ ਜਾਂ ਦ੍ਰਿਸ਼ਟਾਂਤ ਦੇ ਰੂਪ ਵਿਚ ਹਨ। ਮਲਿਕ ਭਾਗੋ ਦੇ ਪਕਵਾਨ ਵਿਚੋਂ ਲਹੂ ਅਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਚੋਣ ਦੀ ਸਾਖੀ ਗੁਰੂ ਸਾਹਿਬ ਦੇ ਘਾਲ-ਕਮਾਈ ਅਤੇ ਲੁੱਟ-ਖਸੁੱਟ ਦੀ ਕਮਾਈ ਦੇ ਅੰਤਰ ਦੀ ਨੈਤਿਕ ਸਿੱਖਿਆ ਨੂੰ ਉਜਾਗਰ ਕਰਦੀ ਹੈ। ਜਦੋਂ ਗ਼ਰੀਬ ਦੀ ਰੋਟੀ ਦੀ ਬੁਰਕੀ ਨਾਲ ਅਮੀਰ ਦੇ ਪੁੱਤਰ ਨੂੰ ਸਿਹਤਯਾਬ ਕਰਦੇ ਦੱਸੇ ਜਾਂਦੇ ਹਨ ਤਾਂ ਉਹ ਸਾਧ ਮੰਡਲੀ ਰਾਹੀਂ ਅਮੀਰ ਦੀ ਪ੍ਰਮਾਤਮਾ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਨੂੰ ਨਕਾਰਦੇ ਵਿਖਾਏ ਜਾਂਦੇ ਹਨ।
ਕੁਝ ਵੀ ਹੋਵੇ, ਜਿੰਨਾ ਚਿਰ ਇਹ ਸਾਖੀਆਂ ਗੁਰਬਾਣੀ ਦੀ ਕਸਵੱਟੀ ’ਤੇ ਅਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਨਹੀਂ ਕਰਦੀਆਂ, ਓਨਾ ਚਿਰ ਇਹ ਸਾਖੀਆਂ ਮਹਿਜ਼ ਕਾਲਪਿਨਕ, ਦ੍ਰਿਸ਼ਟਾਂਤਿਕ ਜਾਂ ਪ੍ਰਤੀਕਾਤਮਿਕ ਹੀ ਹਨ। ਇਸ ਲਈ ਸਾਖੀਆਂ ਨੂੰ ਸੱਚ ਮੰਨ ਲੈਣਾ ਹੀ ਕਾਫ਼ੀ ਨਹੀਂ। ਇਹ ਸਾਖੀਆਂ ਤਾਂ ਗੁਰੂ ਨਾਨਕ ਨੂੰ ਸਿਰਫ਼ ਕਰਾਮਾਤੀ ਹੀ ਸਿੱਧ ਕਰਦੀਆਂ ਹਨ ਜਦੋਂਕਿ ਗੁਰੂ ਨਾਨਕ ਸਾਹਿਬ ਮਹਾਨ ਚਿੰਤਕ ਸਨ, ਜਿਨ੍ਹਾਂ ਨੇ ਗੁਰਬਾਣੀ ਰਾਹੀਂ ਲੋਕਾਈ ਨੂੰ ਜੀਵਨ ਜਾਚ ਸਿਖਾਈ ਅਤੇ ਕਰਾਮਾਤਾਂ, ਵਹਿਮਾਂ-ਭਰਮਾਂ, ਪਾਖੰਡਾਂ ਦਾ ਖੰਡਨ ਕੀਤਾ ਹੈ।

ਸੰਪਰਕ: 98146-99446


Comments Off on ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.