ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਗੁਰੂ ਨਾਨਕ ਬਾਣੀ : ਰੰਗ ਚਿੰਤਨ

Posted On November - 9 - 2019

ਚਿੱਤਰ: ਸਵਰਨਜੀਤ ਸਵੀ

ਵਿਰਸਾ ਲੇਖ ਲੜੀ: 14

ਜਤਿੰਦਰ ਸਿੰਘ

ਰੰਗਾਂ ਦਾ ਆਪਣਾ ਸੰਸਾਰ ਹੈ। ਇਨ੍ਹਾਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਅਤੇ ਆਪਣੀ ਹੀ ਜੜ੍ਹਤਾ ਅਤੇ ਅਜੜ੍ਹਤਾ। ਰੰਗ ਬੰਦੇ ਦੇ ਚੇਤਨ ਤੇ ਅਵਚੇਤਨ ਵਿਚ ਪਏ ਵੱਖ-ਵੱਖ ਭਾਵਾਂ, ਭਾਵਨਾਵਾਂ, ਜਜ਼ਬਿਆਂ, ਮੁਸ਼ਕਿਲਾਂ, ਅੜਚਣਾਂ, ਦੁੱਖਾਂ-ਸੁੱਖਾਂ ਤੇ ਦੁਸ਼ਵਾਰੀਆਂ ਨੂੰ ਪ੍ਰਗਟਾਉਣ ਦਾ ਮਾਧਿਅਮ ਬਣਦੇ ਹਨ।
ਨਾਨਕ ਬਾਣੀ ਨੂੰ ਪੜ੍ਹਦਿਆਂ ਤੇ ਸਮਝਦਿਆਂ ਰੰਗਾਂ ਦਾ ਮਹੱਤਵ ਉੱਭਰ ਕੇ ਸਾਹਮਣੇ ਆਉਂਦਾ ਹੈ; ਉਨ੍ਹਾਂ ਦਾ ਸੱਭਿਆਚਾਰਕ, ਸਿਆਸੀ ਅਤੇ ਇਤਿਹਾਸਕ ਹਕੀਕਤਾਂ ਨਾਲ ਕੀ ਸਬੰਧ ਹੈ? ਨਾਨਕ ਬਾਣੀ ਵਿਚ ਬਹੁਤ ਸਾਰੇ ਰੰਗਾਂ ਦਾ ਜ਼ਿਕਰ ਆਉਂਦਾ ਹੈ। ਇਕ ਪਾਸੇ ਭੌਤਿਕ ਸੰਸਾਰ ਹੈ ਜਿਸ ਵਿਚ ਵੱਖਰੇ ਵੱਖਰੇ ਰੰਗ ਅਤੇ ਉਪਰੰਗ ਹਨ। ਬਾਬਾ ਨਾਨਕ ‘ਰੰਗ ਤੇ ਰੰਗਣ’ ਸ਼ਬਦਾਂ ਨੂੰ ਕਈ ਹੋਰ ਸ਼ਬਦਾਂ ਨਾਲ ਅਰਥਾਂ ਨੂੰ ਭਾਵਪੂਰਕ ਰੂਪਕ ਵਜੋਂ ਲਿਖਦੇ ਹਨ ਜਿਵੇਂ ਰਤਾ, ਰੰਗਿਆ, ਰੰਙਣ, ਰੰਗੇ, ਰੰਗਿ, ਰੰਗੁ, ਰਾਤਾ ਆਦਿ। ਨਾਨਕ ਬਾਣੀ ਵਿਚ ਸਮੁੱਚੇ ਬ੍ਰਹਿਮੰਡ ਦੀ ਤਸਵੀਰ ਨੂੰ ਰੰਗਾਂ ਰਾਹੀਂ ਉਘਾੜਿਆ ਗਿਆ ਅਤੇ ਨਾਲ ਹੀ ਅਕਾਲ ਪੁਰਖ ਦੀ ਮਹਿਮਾ ਵੀ ਰੰਗਾਂ ਰਾਹੀਂ ਕੀਤੀ ਗਈ ਜਿਸ ਨੇ ਇਸ ਬ੍ਰਹਿਮੰਡ ਨੂੰ ਅੱਡੋ-ਅੱਡਰੇ ਜੀਵ ਜੰਤੂਆਂ ਤੇ ਪ੍ਰਾਣੀਆਂ ਦੇ ਰੰਗਾਂ ਰਾਹੀਂ ਸ੍ਰਿਸ਼ਟੀ ਦੀ ਸਿਰਜਣਾ ਦਾ ਕਾਰਜ ਕੀਤਾ ਹੈ:
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
ਅਕਾਲ ਪੁਰਖ ਬ੍ਰਹਿਮੰਡ ਦੀ ਸਿਰਜਣਾ ਕੀਤੀ ਜਿਸ ਵਿਚ ਉਸ ਨੇ ਹਰੇਕ ਪ੍ਰਾਣੀ, ਜਾਤੀ, ਬਨਸਪਤੀ ਅਤੇ ਪਦਾਰਥ ਦੀ ਹੋਂਦ ਨੂੰ ਵੀ ਰੰਗਾਂ ਰਾਹੀਂ ਪ੍ਰਗਟਾਇਆ।
ਗੁਰੂ ਸਾਹਿਬ ਅਨੁਸਾਰ ਬੰਦੇ ਨੂੰ ਆਪਣਾ ਜੀਵਨ ਉਸ ਪ੍ਰਭੂ ਦੇ ਰੰਗ ਵਿਚ ਰੰਗ ਲੈਣਾ ਚਾਹੀਦਾ ਹੈ। ਇੱਥੇ ਗੁਰੂ ਸਾਹਿਬ ਮੌਤ ਦੀ ਅਟੱਲ ਸੱਚਾਈ ਦਾ ਹਵਾਲਾ ਦੇ ਕੇ ਬੰਦੇ ਨੂੰ ਸੁਚੇਤ ਵੀ ਕਰ ਰਹੇ ਹਨ। ਦੂਜੇ ਪਾਸੇ ਮਾਇਆ, ਫਰੇਬ, ਭੈਅ, ਮੈਲ, ਭਸਮ, ਕਰਮ-ਕਾਂਡ ਨੂੰ ਵੀ ਰੰਗਾਂ ਦੇ ਮਾਧਿਅਮ ਰਾਹੀਂ ਪਛਾਣਿਆ ਜਾ ਸਕਦਾ ਹੈ। ਨਾਨਕ ਬਾਣੀ ਵਿਚ ਮਾਇਆ ਦੇ ਰੰਗਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਵਿਸਾਰਨ ਅਤੇ ਪ੍ਰਭੂ ਦੇ ਰੰਗ ਵਿਚ ਰੰਗਣ ਦੀ ਗੱਲ ਕੀਤੀ ਹੈ ਕਿਉਂਕਿ ਮਾਇਆ ਤੇ ਭਰਮ ਦੇ ਰੰਗ ਕੱਚੇ ਹਨ ਜੋ ਥੋੜ੍ਹ ਚਿਰੇ ਹਨ। ਅਕਾਲ ਪੁਰਖ ਨਾਲ ਸਾਂਝ ਬਣਾਉਣ ਲਈ ਉਸ ਦੇ ਰੰਗ ਵਿਚ ਰੰਗੇ ਜਾਣ ਦੀ ਗੱਲ ਗ੍ਰਹਿਸਥੀ ਵਿਚ ਰਹਿ ਕੇ ਹੀ ਹੋ ਸਕਦੀ ਹੈ ਅਤੇ ਉਹੇ ਪੱਕੇ ਰੰਗ ਹਨ।
ਮੱਧਕਾਲੀ ਪੰਜਾਬੀ ਕਾਵਿ ਪਰੰਪਰਾ ਵਿਚ ਬਾਬਾ ਫ਼ਰੀਦ ਬਾਣੀ ਵਿਚ ਬੰਦੇ ਦੇ ਦੁੱਖ, ਤਕਲੀਫ਼ਾਂ, ਬੇਗਾਨਗੀ ਤੇ ਉਦਾਸੀਨਤਾ ਨੂੰ ਪ੍ਰਗਟਾਉਣ ਲਈ ਕਾਲੇ ਰੰਗ ਦੇ ਮੈਟਾਫਰ ਨੂੰ ਬਹੁਤ ਭਾਵਪੂਰਕ ਢੰਗ ਨਾਲ ਵਰਤਿਆ ਗਿਆ। ਫ਼ਰੀਦ ਬਾਣੀ ਵਿਚ ਬਾਰ-ਬਾਰ ਕਾਲੇ ਰੰਗ ਨੂੰ ਬਿਰਹਾ, ਨਾਸ਼ ਮਾਨਤਾ ਤੇ ਮੌਤ ਦੇ ਸੰਦਰਭ ਵਿਚ ਵਾਚਿਆ ਗਿਆ ਹੈ ਜਿਵੇਂ ਕਾਲੀ ਕੋਇਲ, ਕਾਲੇ ਮੈਂਡੇ ਕੱਪੜੇ, ਕਾਲਾ ਵੇਸ, ਕਾਲੇ ਲੇਖ ਆਦਿ। ਫ਼ਰੀਦ ਆਪਣੇ ਆਪ ਨੂੰ ਕਾਲੇ ਕੱਪੜਿਆਂ ਵਾਲਾ ਗੁਨਾਹ ਨਾਲ ਭਰਿਆ ਦੱਸਦੇ ਹਨ। ਮਾੜੇ ਕਰਮਾਂ ਲਈ ਕਾਲੇ ਅੱਖਰਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਨਾਨਕ ਬਾਣੀ ਵਿਚ ਕਾਲੇ ਰੰਗ ਦਾ ਉਲੇਖ ਇਸ ਤਰ੍ਹਾਂ ਹੈ:
ਜੇਤਾ ਮੋਹੁ ਪਰੀਤਿ ਸੁਆਦ॥
ਸਭਾ ਕਾਲਖ ਦਾਗਾ ਦਾਗ॥
ਦਾਗ ਦੋਸ ਮੁਹਿ ਚਲਿਆ ਲਾਇ।।
ਦਰਗਹ ਬੈਸਣ ਨਾਹੀ ਜਾਇ॥
ਭਾਵ ਜਿਸਦੇ ਮੂੰਹ ’ਤੇ ਕਾਲੇ ਰੰਗ, ਭਾਵ ਕੂੜ ਦੇ ਧੱਬੇ ਲੱਗ ਜਾਣ ਉਸ ਨੂੰ ਪ੍ਰੀਤਮ ਆਪਣੇ ਦਰਬਾਰ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੰਦਾ। ਜਿੱਥੇ ਫ਼ਰੀਦ ਬਾਣੀ ਵਿਚ ਬਿਰਹਾ ਦੀ ਅੱਗ ਵਿਚ ਕੋਇਲ ਰੂਪੀ ਜੀਵ ਆਪਣੇ ਪ੍ਰੀਤਮ ਤੋਂ ਬਗੈਰ ਤੜਪਦੀ ਹੋਰ ਕਾਲੀ ਹੋਈ ਜਾ ਰਹੀ ਹੈ। ਉੱਥੇ ਬਾਬਾ ਨਾਨਕ ਹਿਰਨ ਨੂੰ ਵੀ ਕਾਲੇ ਰੰਗ ਵਾਲਾ ਲਿਖਦੇ ਹਨ ਜੋ ਦੁਨਿਆਵੀ ਤ੍ਰਿਸ਼ਨਾ ਵਿਚ ਮਸਤ ਹੋ ਕੇ ਭਟਕ ਰਿਹਾ ਹੈ:
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ॥
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ॥
ਕਾਲੇ ਰੰਗ ਨੂੰ ਮਾਇਆ, ਕੂੜ, ਅੰਧੇਰੇ, ਅਗਿਆਨਤਾ ਦੇ ਸਮਾਨਾਂਤਰ ਰੱਖਿਆ ਗਿਆ ਹੈ। ਉੱਥੇ ਸਫ਼ੈਦ ਭਾਵ ਚਿੱਟੇ ਬਾਰੇ ਵੀ ਵਿਚਾਰ ਪੇਸ਼ ਕੀਤੇ ਗਏ ਹਨ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਇਸ ਵਿਚ ਕਾਲੇ ਤੇ ਚਿੱਟੇ ਦਾ ਕੋਈ ਵਿਰੋਧੀ ਜੁੱਟ ਨਹੀਂ ਪੇਸ਼ ਕਰ ਰਹੇ। ਭਾਵ ਜੇ ਕਾਲਾ ਰੰਗ ਨਾਕਾਰਾਤਮਕ ਵਰਤਾਰੇ ਲਈ ਵਰਤਿਆ ਗਿਆ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਸ ਦੇ ਵਿਰੋਧ ਵਿਚ ਚਿੱਟਾ ਜਾ ਸਫ਼ੈਦ ਸਾਕਾਰਾਤਮਕ ਹੈ। ਨਾਨਕ ਬਾਣੀ ਵਿਚ ਕਈ ਥਾਵਾਂ ’ਤੇ ਚਿੱਟੇ ਰੰਗ ਨੂੰ ਵੀ ਭਰਮ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਭਾਵੇਂ ਪ੍ਰਚੱਲਿਤ ਸਮਾਜਿਕ ਵਰਤਾਰੇ ਅਨੁਸਾਰ ਚਿੱਟੇ ਰੰਗ ਨੂੰ ਚੰਗੇ ਕਰਮਾਂ ਦੇ ਬਿੰਬ ਵਜੋਂ ਸਿਰਜਿਆ ਜਾਂਦਾ ਹੈ, ਪਰ ਨਾਨਕ ਬਾਣੀ ਵਿਚ ਚਿੱਟੇ ਰੰਗ ਦੇ ਕੋਈ ਸਥਾਪਿਤ ਅਰਥ ਨਹੀਂ ਹਨ। ਉਸ ਦੇ ਕਈ ਅਰਥ ਹਨ। ਇਕ ਪਾਸੇ ਬਗਲਾ ਹੈ ਜਿਸ ਦਾ ਰੰਗ ਹਲਕਾ ਚਿੱਟਾ ਹੈ। ਉਸ ਦੀ ਤੁਲਨਾ ਧਾਰਮਿਕ ਅਸਥਾਨਾਂ ’ਤੇ ਬੈਠੇ ਪਾਖੰਡੀਆਂ ਨਾਲ ਕੀਤੀ ਗਈ ਹੈ:
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ॥
ਉਪਰੋਕਤ ਸਤਰਾਂ ਵਿਚ ਬਗੇ ਕਪੜੇ ਦੇ ਸ਼ਾਬਦਿਕ ਅਰਥ ਬਗਲਿਆਂ ਤਕ ਸੀਮਤ ਨਹੀਂ ਹਨ, ਇਹ ਉਨ੍ਹਾਂ ਪੰਡਿਤਾਂ, ਸਾਧਾਂ, ਪਾਖੰਡੀਆਂ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ ਜਿਹੜੇ ਬਗਲਿਆਂ ਵਾਂਗ ਲੋਕਾਂ ਨੂੰ ਭਟਕਾਉਂਦੇ ਤੇ ਉਨ੍ਹਾਂ ਤੋਂ ਪੈਸੇ ਠੱਗਦੇ ਤੇ ਸ਼ੋਸ਼ਣ ਕਰਦੇ ਹਨ। ਗੁਰੂ ਨਾਨਕ ਦੇ ਸਮੇਂ ਧਾਰਮਿਕ ਅਸਥਾਨਾਂ ’ਤੇ ਹੁੰਦੀ ਠੱਗੀ ਨੂੰ ਦਰਸਾਇਆ ਗਿਆ ਹੈ ਜੋ ਬਾਹਰੋਂ ਤਾਂ ਦਿੱਸਦੇ ਕੁਝ ਹੋਰ ਹਨ ਤੇ ਅੰਦਰੋਂ ਕੁਝ ਹੋਰ:
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉੁ॥
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥
ਇਹ ਲੋਕ ਸਫ਼ੈਦ ਕੱਪੜੇ ਪਹਿਨਦੇ ਹਨ, ਪਰ ਉਨ੍ਹਾਂ ਦਾ ਦਿਲ ਪਲੀਤ ਤੇ ਨਿਰਦਈ ਹੈ। ਉਹ ਆਪਣੇ ਮੂੰਹ ਨਾਲ ਨਾਮ ਉਚਾਰਨ ਕਰਦੇ ਅਤੇ ਦਵੈਤ ਭਾਵ ਵਿਚ ਗ਼ਲਤਾਨ ਹੋਏ ਹਨ। ਨਾਨਕ ਬਾਣੀ ਵਿਚ ਰੰਗਾਂ ਦੇ ਅਰਥ ਸਥੂਲ ਰੂਪ ਵਿਚ ਨਹੀਂ ਪਏ, ਸਗੋਂ ਉਹ ਨਵੇਂ ਅਰਥਾਂ ਦੇ ਧਾਰਨੀ ਵੀ ਬਣਦੇ ਹਨ:
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥
ਨਾਨਕ ਬਾਣੀ ਵਿਚ ਦੁਨਿਆਵੀ ਮਾਇਆ ਨੂੰ ਵੀ ਰੰਗਾਂ ਰਾਹੀਂ ਬਿਆਨ ਕੀਤਾ ਗਿਆ ਹੈ। ਮਾਇਆ ਜੋ ਬੰਦੇ ਦੇ ਮਨ ਅੰਦਰ ਯਥਾਰਥ ਤੇ ਭਰਮ ਵਿਚਲਾ ਸੰਸਾਰ ਸਿਰਜਦੀ ਹੈ। ਉਸ ਦੀ ਪਛਾਣ ਰੰਗਾਂ ਰਾਹੀਂ ਕਿਵੇਂ ਕੀਤੀ ਜਾ ਸਕਦੀ ਹੈ:
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ॥
ਬੰਦੇ ਦੀ ਕਾਇਆ ਦੁਨੀਆਦਾਰੀ ਦੀ ਲਾਗ ਅੰਦਰ ਭਿੱਜੀ ਹੋਈ ਹੈ, ਲਾਲਚ ਦੇ ਰੰਗ ਵਿਚ ਰੰਗੀ ਹੋਈ ਹੈ। ਪ੍ਰੀਤਮ ਨੂੰ ਮਾਇਆ ਦਾ ਰੰਗ ਚੰਗਾ ਨਹੀਂ ਲੱਗਦਾ। ਜਿਸ ਕਰਕੇ ਜੀਵ ਰੂਪੀ ਇਸਤਰੀ ਨੂੰ ਉੁਸ ਦਾ ਕੰਤ ਆਪਣੀ ਸੇਜ ’ਤੇ ਨਹੀਂ ਬੈਠਣ ਦਿੰਦਾ, ਜਿੰਨਾ ਚਿਰ ਜੀਵ ਇਸਤਰੀ ਉਸ ਦੇ ਰੰਗ ਵਿਚ ਰੰਗੀ ਨਾ ਜਾਵੇ। ਇਸ ਕਰਕੇ ਗੁਰੂ ਸਾਹਿਬ ਅਕਾਲ ਪੁਰਖ ਦਾ ਰੰਗ ਮਜੀਠ ਨੂੰ ਮੰਨਦੇ ਹਨ:
ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ॥
ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ॥
ਇਸੇ ਤਰ੍ਹਾਂ ਜਦੋਂ ਬੰਦਾ ਵਿਖਾਏ ਲਈ ਗੇਰੂ ਰੰਗ ਘੋਲ ਕੇ ਕੱਪੜਿਆਂ ’ਤੇ ਚੜ੍ਹਾ ਲੈਂਦਾ ਹੈ ਤਾਂ ਉਹ ਵੀ ਮਾਇਆ ਦੇ ਰੰਗ ਦਾ ਪੈਰੋਕਾਰ ਬਣ ਜਾਂਦਾ ਹੈ ਜੋ ਸਿਰਫ਼ ਵਿਖਾਵੇ ਲਈ ਪਾਉਂਦਾ ਹੈ:
ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ।।
ਗੁਰੂ ਸਾਹਿਬ ਮੈਲ, ਭਸਮ ਨੂੰ ਵੀ ਮਾਇਆ ਦੇ ਰੂਪਕ ਵਜੋਂ ਲੈਂਦੇ ਹਨ। ਭਸਮ ਵੀ ਭੁਲੇਖੇ ਅਤੇ ਭਰਮ ਦੀ ਧਾਰਨੀ ਹੈ ਜਿਸ ਨਾਲ ਬੰਦੇ ਦੇ ਮਨ ਅੰਦਰ ਭਰਮ ਭੁਲੇਖੇ ਪੈਦਾ ਹੁੰਦੇ ਹਨ। ਦੂਸਰੇ ਸ਼ਬਦਾਂ ਵਿਚ ਇਹ ਰੰਗ ਤੇ ਉਪਰੰਗ ਵੱਖ-ਵੱਖ ਸਮਾਜਿਕ ਤੇ ਸੱਭਿਆਚਾਰਕ ਵਰਤਾਰਿਆਂ ਨੂੰ ਪੇਸ਼ ਕਰਨ ਲਈ ਵਰਤੇ ਗਏ ਹਨ। ਗੁਰੂ ਨਾਨਕ ਬਾਣੀ ਵਿਚ ਮੈਲ, ਮੈਲਾ ਤੇ ਮਲੀਣ ਨੂੰ ਵੀ ਮਾਇਆ ਦੀ ਰੰਗਤ ਵਾਲਾ ਦੱਸਿਆ ਗਿਆ। ਆਪਣੇ ਉਸ ਸਮਾਜਿਕ ਪ੍ਰਸੰਗ ਜਿਸ ਵਿਚ ਬੰਦੇ ਦਾ ਮਨ ਵਕਾਰਾਂ ਭਾਵ ਤ੍ਰਿਸ਼ਨਾਵਾਂ ਨਾਲ ਭਰਿਆ ਹੋਇਆ ਹੈ। ਉਸ ਨੂੰ ਗੁਰੂ ਦੇ ਸ਼ਬਦ ਰੰਗ ਨਾਲ ਧੋਤਾ ਜਾ ਸਕਦਾ ਹੈ:
ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੇ ਕੇ ਰੰਗਿ॥
ਨਾਨਕ ਬਾਣੀ ਤਤਕਾਲੀ ਸਮਾਜਿਕ ਵਰਤਾਰਿਆਂ ਨਾਲ ਸੰਵਾਦ ਰਚਾਉਂਦੀ ਹੈ। ਨਾਨਕ ਸਾਹਿਬ ਉਸ ਸਮੇਂ ਦੇ ਯੋਗ, ਸੰਨਿਆਸੀ ਮੱਤ ਦੇ ਪਾਖੰਡ ਨੂੰ ਵੀ ਰੰਗਾਂ ਦੇ ਸੰਦਰਭ ਵਿਚ ਵਿਚਾਰਦੇ ਹਨ:
ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ॥
ਗੁਰੂ ਸਾਹਿਬ ਮੁਤਾਬਿਕ ਸਿਰਫ਼ ਭਗਵੇ ਰੰਗ ਦੇ ਕੱਪੜੇ ਪਾਉਣ ਨਾਲ ਮੁਕਤੀ ਨਹੀਂ ਪਾਈ ਜਾ ਸਕਦੀ। ਇਸ ਤਰ੍ਹਾਂ ਰੰਗ ਚਿੰਤਨ ਨੂੰ ਹੋਰ ਵੀ ਪਰਿਪੱਕਤਾ ਮਿਲ ਜਾਂਦੀ ਹੈ ਕਿ ਕਿਵੇਂ ਨਾਨਕ ਬਾਣੀ ਸਮਾਜਿਕ ਸਰੋਕਾਰਾਂ ਨਾਲ ਵਾਹ-ਵਾਸਤਾ ਰੱਖਦੀ ਹੈ ਅਤੇ ਨਾਲ ਹੀ ਸੰਸਾਰ ਦੀ ਅਸਥਿਰਤਾ ਨੂੰ ਕੱਚੇ ਰੰਗਾਂ ਦੇ ਤੁਲ ਦਰਸਾਇਆ ਗਿਆ ਹੈ। ਗੁਰੂ ਸਾਹਿਬ ਨੇ ਕੂੜ ਦੇ ਵਰਤਾਰੇ ਅਤੇ ਮਾਇਆ ਵਿਚ ਮਸਤ ਹੋਣ ਨੂੰ ਕਸੁੰਭ ਦੇ ਰੰਗ ਰਾਹੀਂ ਚਿਤਰਿਆ ਹੈ। ਕਸੁੰਭੜੇ ਦੇ ਰੰਗ ਦਾ ਭਾਅ ਵੀ ਲਾਲ ਰੰਗ ਵਰਗਾ ਹੈ, ਪਰ ਇਹ ਭੁਲੇਖੇ ਦਾ ਸੂਚਕ ਹੈ:
ਕੱਚਾ ਰੰਗੁ ਕਸੁੰਭ ਕਾ ਥੋੜਤਿਆ ਦਿਨ ਚਾਰਿ ਜੀਉ॥
ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ।।
ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ॥੧॥
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ॥
ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ॥
ਨਾਨਕ ਬਾਣੀ ਰੰਗਾਂ ਦੇ ਹਵਾਲੇ ਨਾਲ ਪੂਰੀ ਕਾਇਨਾਤ ਤੇ ਸਮਾਜਿਕ ਵਰਤਾਰੇ ਨੂੰ ਸਮਝਣ, ਸਮਝਾਉਣ ਦਾ ਉਪਰਾਲਾ ਕਰਦੀ ਹੈ। ਰੰਗਾਂ ਦੀ ਦ੍ਰਿਸ਼ਟੀ ਤੋਂ ਇਹ ਬੋਧ ਹੁੰਦਾ ਹੈ ਕਿ ਰੰਗ ਦ੍ਰਿਸ਼ਟੀਮੂਲਕ ਹੋਣ ਕਰਕੇ ਸੰਸਾਰਕ ਜਗਤ ਦੇ ਸੰਕੇਤਕ ਬਣਦੇ ਹਨ। ਇਸ ਚਿੰਤਨ ਦਾ ਇਕ ਧੁਰਾ ਨਾਨਕ ਦੀ ਜਗਤ ਤੇ ਬ੍ਰਹਮ ਪ੍ਰਤੀ ਦ੍ਰਿਸ਼ਟੀ ਨੂੰ ਵਧੇਰੇ ਸਥੂਲਤਾ ਨਾਲ ਪ੍ਰਗਟ ਕਰਦਾ ਹੈ। ਨਾਨਕ ਬਾਣੀ ਵਿਚ ਅਕਾਲ ਪੁਰਖ ਦੇ ਰੰਗ ਲਈ ਜੋ ਸਪੱਸ਼ਟਤਾ ਦਿਖਾਈ ਦਿੰਦੀ ਹੈ, ਉਹ ਸਮੇਂ ਦੇ ਹਾਲਾਤ ’ਤੇ ਵੀ ਨਿਰਭਰ ਕਰਦਾ ਹੈ। ਧਾਰਮਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਦੀ ਵੀ ਇਸ ਵਿਚ ਹਿੱਸੇਦਾਰੀ ਬਣਦੀ ਹੈ। ਜਦੋਂ ਬਾਬਾ ਨਾਨਕ ਜੋਗ ਮੱਤ ਨਾਲ ਸੰਵਾਦ ਰਚਾਉਂਦੇ ਹਨ ਤਾਂ ਉਹ ਜੋਗ ਮੱਤ ਦੀਆਂ ਘੁਣਤਰਾਂ ਨੂੰ ਨਕਾਰਨ ਦੇ ਨਾਲ-ਨਾਲ ਗ੍ਰਹਿਸਥ ਜੀਵਨ ਨੂੰ ਉਤਸ਼ਾਹ ਦਿੰਦੇ ਹਨ। ਨਾਲ ਹੀ ਧਾਰਮਿਕ ਆਗੂਆਂ ਵੱਲੋਂ ਧਰਮ ਦੀ ਕੱਟੜਤਾ ਨੂੰ ਲੈ ਕੇ ਵਿਰੋਧ ਦਾਇਰ ਕਰਦੇ ਹਨ:
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ॥
ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ॥
ਤੁਰਕ ਤੇ ਪਠਾਣ ਉਸ ਸਮੇਂ ਖੁਦਾ ਦੀ ਇਬਾਦਤ ਕਰਨ ਲਈ ਨੀਲੇ ਵਸਤਰ ਧਾਰਨ ਕਰਦੇ ਸਨ। ਉਹ ਵੀ ਸੰਨਿਆਸੀਆਂ ਵਾਂਗ ਇਕ ਰੰਗ ਦੇ ਕੱਪੜੇ ਪਹਿਨ ਕੇ ਖ਼ੁਦਾ ਨੂੰ ਰਾਜ਼ੀ ਕਰਨ ਵਿਚ ਰੁੱਝੇ ਹੋਏ ਸਨ। ਮੁਸਲਿਮ ਧਰਮ ਵਿਚ ਮੱਕੇ ਜਾਣ ਲਈ ਹਾਜ਼ੀਆਂ ਵੱਲੋਂ ਨੀਲ ਵਸਤਰ ਪਹਿਨ ਕੇ ਹੀ ਹੱਜ ਕੀਤਾ ਜਾ ਸਕਦਾ ਹੈ। ਇਸ ਸਾਰੇ ਵਰਤਾਰੇ ਦਾ ਗੁਰੂ ਸਾਹਿਬ ਖੰਡਨ ਕਰਦੇ ਹਨ।
ਇਸ ਤਰ੍ਹਾਂ ਨਾਨਕ ਬਾਣੀ ਪਾਖੰਡ, ਮਾਇਆ, ਮੈਲ, ਭਸਮ ਦੇ ਰੰਗਾਂ ਤੋਂ ਮੁਕਤ ਹੋ ਕੇ ਪ੍ਰਭੂ ਦੇ ਰੰਗ ਵਿਚ ਰੰਗੇ ਜਾਣ ਦੀ ਗੱਲ ਕਰਦੀ ਹੈ। ਜੋ ਜ਼ਿੰਦਗੀ ਵਿਚ ਉਤਸ਼ਾਹ, ਊਰਜਾ ਭਰਦੇ ਹਨ। ਉਹ ਹੀ ਰੰਗ ਅਕਾਲ ਪੁਰਖ ਅਤੇ ਜ਼ਿੰਦਗੀ ਦਾ ਰੰਗ ਹੈ:
ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲ ਬਣਾਇਆ॥
ਲਾਲ ਰੰਗ ਦੀਆਂ ਕਈ ਹੋਰ ਭਾਅ ਦਿਖਾਈ ਦਿੰਦੀਆਂ ਹਨ। ਮਜੀਠ, ਪੱਕਾ ਤੇ ਗੂੜ੍ਹਾ ਲਾਲ ਰੰਗ ਹੈ ਜਿਸ ਦੇ ਚੜ੍ਹਨ ਨਾਲ ਹੋਰ ਰੰਗ ਉਸ ’ਤੇ ਨਹੀਂ ਚੜ੍ਹ ਸਕਦਾ ਅਤੇ ਬਾਕੀ ਰੰਗ ਫਿੱਕੇ ਲੱਗਦੇ ਹਨ। ਭਾਵ ਗੁਰਬਾਣੀ ਵਿਚ ਮਾਇਆ ਦੇ ਰੰਗ ਫਿੱਕੇ ਅਤੇ ਕੱਚੇ ਹਨ :
ਤੇਰਾ ਏਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥
ਨਾਨਕ ਬਾਣੀ ਵਿਚ ਰੰਗਾਂ ਦੀ ਦ੍ਰਿਸ਼ਟੀ ਤੋਂ ਸਮਾਜਿਕ ਤਸਵੀਰ ਨੂੰ ਚਿਤਰਿਆ ਗਿਆ ਹੈ। ਰੰਗਾਂ ਨੂੰ ਨੰਗੀ ਅੱਖ ਨਾਲ ਦੇਖਿਆ ਤੇ ਸਮਝਿਆ ਜਾ ਸਕਦਾ ਹੈ ਅਤੇ ਇਸ ਦਾ ਆਧਾਰ ਵੀ ਭੌਤਿਕ ਹੈ। ਰੰਗਾਂ ਦਾ ਪ੍ਰਭਾਵ ਵੀ ਚਾਨਣ ਗਿਆਨ ਦੀ ਲੋਅ ਤੋਂ ਬਗੈਰ ਨਹੀਂ ਦਿਖਾਈ ਦੇ ਸਕਦਾ। ਇਸ ਲਈ ਨਾਨਕ ਬਾਣੀ ਦਾ ਸਾਰੰਸ਼ ਸ਼ਬਦ ਤੇ ਨਾਮ ਦੇ ਰੰਗ ’ਤੇ ਕੇਂਦਰਿਤ ਹੈ। ਸ਼ਬਦ ਦੀ ਰੰਗਤ ਵੀ ਉਸਦੇ ਹੁਕਮ ਕਰਨ ਨਾਲ ਹੀ ਹੋ ਸਕਦੀ ਹੈ। ਨਾਮ ਦੇ ਰੰਗ ਵਿਚ ਰੰਗੇ ਸ਼ਬਦ ਨਾਲ ਹੀ ਮਾਇਆ ਰੂਪੀ ਭਵਜਲ ’ਚੋਂ ਨਿਕਲਿਆ ਜਾ ਸਕਦਾ ਹੈ।
ਰੰਗਾਂ ਤੇ ਜ਼ਿੰਦਗੀ ਦਾ ਗੂੜ੍ਹਾਂ ਤੇ ਗਹਿਰਾ ਸਬੰਧ ਹੈ। ਗੁਰੂ ਨਾਨਕ ਸਾਹਿਬ ਰੰਗਾਂ ਦਾ ਵਿਵਰਣ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਸਥਿਤੀ ਅਨੁਸਾਰ ਕਰਦੇ ਹਨ, ਕਿਉਂ ਜੋ ਰੰਗ ਬੰਦੇ ਦੀ ਪਛਾਣ ਵੀ ਬਣਾਉਂਦੇ ਹਨ ਅਤੇ ਦੂਜਿਆਂ ਤੋਂ ਨਿਖੇੜਦੇ ਵੀ ਹਨ। ਜਿਸ ਤਰ੍ਹਾਂ ਸਮਾਜਿਕ ਵਰਤਾਰੇ ਵਿਚ ਰੰਗਾਂ ਦੀ ਪਛਾਣ ਦੇ ਤੌਰ ’ਤੇ ਚਿੱਟੇ ਰੰਗ ਨੂੰ ਅਹਿਮੀਅਤ ਦੇਣਾ ਅਤੇ ਕਾਲੇ ਰੰਗ ਨੂੰ ਨਕਾਰਨ ਵਿਚ ਹੋਈ ਹੈ, ਪਰ ਨਾਨਕ ਬਾਣੀ ਵਿਚ ਰੰਗ ਦੇ ਕੱਚੇ ਅਤੇ ਪੱਕੇ ਹੋਣ ਦੇ ਨਾਲ-ਨਾਲ ਸਮਾਜ ਤੇ ਧਾਰਮਿਕਤਾ ਦੇ ਬਿੰਬ ਸਿਰਜੇ ਗਏ ਹਨ। ਚਿੱਟਾ ਰੰਗ ਇਸ ਤਰ੍ਹਾਂ ਸਾਦਗੀ ਦਾ ਪ੍ਰਤੀਕ ਹੀ ਨਹੀਂ, ਭੇਖ ਦਾ ਪ੍ਰਤੀਕ ਵੀ ਹੋ ਸਕਦਾ ਹੈ। ਇਸ ਤਰ੍ਹਾਂ ਨਾਨਕ ਬਾਣੀ ਰੰਗਾਂ ਰਾਹੀਂ ਬਹੁਪਰਤੀ ਸੰਵਾਦ ਰਚਾਉਂਦੀ ਹੈ।

ਸੰਪਰਕ: 94174-78446


Comments Off on ਗੁਰੂ ਨਾਨਕ ਬਾਣੀ : ਰੰਗ ਚਿੰਤਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.