ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Posted On November - 11 - 2019

ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਨਵੰਬਰ

ਮੰਡੀ ਗੋਬਿੰਦਗੜ੍ਹ ’ਚ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। -ਫੋਟੋ: ਸੂਦ

ਸਥਾਨਕ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੋਧ ਸਿੰਘ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗ੍ਰਹਿ ਵਾਲੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਅਨਮੋਲ ਬਚਨ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਗੁਰੂ ਨਾਨਕ ਦੇਵ ਦੀ ਅਲੌਕਿਕ ਬਾਣੀ ਨਾਲ ਸਬੰਧਤ ਸੈਮੀਨਾਰ ਵੀ ਕਰਵਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਮੁੱਖ ਮਹਿਮਾਨ ਪਦਮ ਭੂਸ਼ਣ ਅਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਦਾ ਨਿੱਘਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਸਿੱਖ ਚਿੰਤਕ ਡਾ. ਅਨੁਰਾਗ ਸਿੰਘ, ਨਾਇਬ ਸ਼ਾਹੀ ਈਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਸਿੱਖਿਆ ਸ਼ਾਸਤਰੀ ਡਾ. ਪਿਆਰਾ ਲਾਲ ਗਰਗ, ਪ੍ਰਿੰਸੀਪਲ ਹਰਮੀਤ ਕੌਰ ਤੇ ਭੁਪਿੰਦਰ ਸਿੰਘ ਹੋਲੈਂਡ ਪ੍ਰਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਰਣਜੋਧ ਸਿੰਘ ਨੇ ਆਪਣੇ ਵਲੋਂ ਸੰਗ੍ਰਹਿ ਕੀਤੇ ਗਏ ਗੁਰੂ ਨਾਨਕ ਦੇਵ ਜੀ ਦੇ 550 ਬਚਨਾਂ ਨੂੰ ਪੁਸਤਕ ਰੂਪ ਵਿਚ ਇਕੱਠਾ ਕਰਕੇ “ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਅਨਮੋਲ ਬਚਨ’ ਪੁਸਤਕ ਨੂੰ ਮੁੱਖ ਮਹਿਮਾਨ ਸ੍ਰੀ ਜੌਹਲ ਵੱਲੋਂ ਰਿਲੀਜ਼ ਕਰਵਾਇਆ। ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੂਥ ਵੈੱਲਫੇਅਰ ਡਾ. ਨਿਰਮਲ ਸਿੰਘ ਜੌੜਾ ਨੇ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਿਰਕਤ ਕੀਤੀ।

ਰਾਮਗੜ੍ਹੀਆ ਕਾਲਜ ਲੁਧਿਆਣਾ ’ਚ ਗੁਰੂ ਨਾਨਕ ਦੇਵ ਦੇ 550 ਅਨਮੋਲ ਬਚਨ ਪੁਸਤਕ ਰਿਲੀਜ਼ ਕੀਤੇ ਜਾਣ ਦਾ ਦ੍ਰਿਸ਼। -ਫੋਟੋ: ਬਸਰਾ

ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ’ਚੋਂ ਸ਼ਹਿਰ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ, ਸਿੰਘ ਸਭਾਵਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ’ਚ ਸਸ਼ੋਭਿਤ ਸਨ ਜਦੋਂਕਿ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਨਗਰ ਕੀਰਤਨ ਵਿਚ ਕੀਰਤਨੀ, ਕਵੀਸ਼ਰੀ, ਢਾਡੀ ਜਥੇ, ਬੈਂਡ ਪਾਰਟੀਆਂ ਤੋਂ ਇਲਾਵਾ ਐੱਸਐੈੱਨਏਐੱਸ ਸੀਨੀਅਰ ਸੈਕੰਡਰੀ ਸਕੂਲ (ਆਰੀਆ) ਦੇ ਵਿਦਿਆਰਥੀਆਂ ਦੀ ਬੈਂਡ ਪਾਰਟੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜੇ ਦੇ ਸਿੰਘ ਗੱਤਕੇ ਦੇ ਜੌਹਰ ਦਿਖਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਹਨ। ਇਹ ਨਗਰ ਕੀਰਤਨ ਗੁਰਦੁਆਰੇ ਤੋਂ ਆਰੰਭ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ’ਚੋਂ ਲੰਘਦਾ ਹੋਇਆ ਵਾਪਸ ਗੁਰਦੁਆਰੇ ਪਹੁੰਚ ਕੇ ਸਮਾਪਤ ਹੋਇਆ।
ਅਮਲੋਹ (ਪੱਤਰ ਪ੍ਰੇਰਕ): ਗੁਰਦੁਆਰਾ ਸਿੰਘ ਸਭਾ ਸਾਹਿਬ ਅਮਲੋਹ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਵਾਰਡ ਨੰਬਰ-10 ਵਿੱਚ ਮੁਹੱਲਾ ਵਾਸੀਆਂ ਨੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਸੰਗਤ ਵਲੋਂ ਚਾਹ ਅਤੇ ਬਰੈੱਡ ਆਦਿ ਦਾ ਲੰਗਰ ਵੀ ਲਾਇਆ ਗਿਆ। ਇਸ ਮੌਕੇ ਬਾਬਾ ਗੁਰਦਿਆਲ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਸਮੁੱਚੀ ਸੰਗਤ ਵਿੱਚ ਖ਼ੁਸ਼ੀ ਹੈ ਜਿਸ ਦੀ ਉਨ੍ਹਾਂ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਪੂਨਮ ਜਿੰਦਲ, ਹਰਪ੍ਰੀਤ ਸਿੰਘ ਤੇ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।

ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦੇ ਵਿਦਿਆਰਥੀ ਕੀਰਤਨ ਕਰਦੇ ਹੋਏ। -ਫੋਟੋ: ਪੁੜੈਣ

ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸ੍ਰੀ ਜਪੁ ਜੀ ਸਾਹਿਬ ਦੇ ਜਾਪ ਕਰਵਾਏ ਗਏ। ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼ਬਦ ਗਾਇਨ ਅਤੇ ਮੂਲ ਮੰਤਰ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਸਬੰਧਤ ਵੀਡੀਓ ਵੀ ਦਿਖਾਈ ਗਈ। ਇਸੇ ਤਰ੍ਹਾਂ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੇਰਾਂ ਵਿੱਚ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਭਾ ਕਰਵਾਈ ਗਈ। ਉਪਰੰਤਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ, ਰਾਣਵਾਂ ਦੇ ਦਰਸ਼ਨਾਂ ਲਈ ਲਿਜਾਂਦਾ ਗਿਆ।
ਸਮਰਾਲਾ (ਪੱਤਰ ਪ੍ਰੇਰਕ): ਸਥਾਨਕ ਐੱਮਏਐੱਮ ਪਬਲਿਕ ਸਕੂਲ ਵਿੱਚ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਬਨਿਆਲ ਨੇ ਦੱਸਿਆ ਕਿ ਬਡਲਾ ਕੋਟਲੇ ਵਾਲੀਆਂ ਬੀਬੀਆਂ ਦੇ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਢਾਡੀ ਜਥੇ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾਵਾਂ ਦਾ ਗਾਇਨ ਕੀਤਾ ਗਿਆ। ਸਕੂਲ ਦੇ ਬੱਚਿਆਂ ਨੇ ਗੁਰੂ ਨਾਨਕ ਦੇਵ ਦੇ ਜੀਵਨ ਬਿਓਰਾ, ਉਦਾਸੀਆਂ ਤੇ ਸਿੱਖਿਆਵਾਂ ਬਾਰੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਇਸ ਮੌਕੇ ਇਨਾਮ ਵੰਡ ਸਮਾਰੋਹ ਦੌਰਾਨ ਵਿੱਦਿਅਕ ਖੇਤਰ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਪਹਿਲੀ, ਦੂਸਰੀ ਅਤੇ ਤੀਸਰੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤਰ ਹਾਊਸ ਮੁਕਾਬਲਿਆਂ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਕਿਸ਼ੋਰੀ ਲਾਲ ਜੇਠੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਕੂਲੀ ਵਿਦਿਆਰਥਣਾਂ ਨੇ ਰਸਭਿੰਨੇ ਸ਼ਬਦਾਂ ਦਾ ਗਾਇਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤੀਸ਼ ਕੁਮਾਰ ਦੂਆ ਨੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸੱਚ ਦਾ ਮਾਰਗ ਅਪਣਾਉਣ ਅਤੇ ਸਾਦਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ। ਇਸ ਮੌਕੇ ਵਿਦਿਆਰਥਣਾਂ ਨੂੰ ਗੁਰੂ ਨਾਨਕ ਦੇਵ ਦੇ ਜੀਵਨ ’ਤੇ ਅਧਾਰਿਤ ਇੱਕ ਦਸਤਾਵੇਜ਼ੀ ਵੀ ਦਿਖਾਈ ਗਈ ਅਤੇ ਨਾਲ ਹੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ): ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦਾ ਆਗਾਜ਼ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਸਬੰਧਤ ਸਾਖੀਆਂ ਅਤੇ ਕਵੀਸ਼ੀਰੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਹਰਕਿੰਦਰ ਸਿੰਘ ਇਆਲੀ ਨੇ 550ਵੇਂ ਪ੍ਰਕਾਸ਼ ਦਿਹਾੜੇ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਵਧਾਈ ਦਿੰਦਿਆ ਗੁਰੂ ਸਾਹਿਬ ਦੇ ਆਦਰਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਲਗਾਏ ਗਏ ਅੱਖਾਂ ਦੇ ਜਾਂਚ ਕੈਂਪ ਦਾ ਉਦਘਾਟਨ ਵੀ ਕੀਤਾ। ਇਸੇ ਦੌਰਾਨ ਨੇੜਲੇ ਪਿੰਡ ਅਢਿਆਣਾ ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਅਕੈਡਮੀ, ਮੁੱਲਾਂਪੁਰ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।


Comments Off on ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.