ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਗੁਰੂ ਨਾਨਕ ਦੀ ਘਰ ਵਾਪਸੀ ਦਾ ਚਿਤਰਣ

Posted On November - 9 - 2019

ਬਾਬਾ ਨਾਨਕ ਮਾਤਾ ਪਿਤਾ ਨਾਲ ਤਾ ਬਰਸੀ ਬਾਰੀ ਫਿਰ ਪੰਜਾਬ ਕੀ ਧਰਤੀ ਆਇਆ। ਮਰਦਾਨੇ ਅਰਦਾਸਿ ਕੀਤੀ ਜੁ ਜੀ ਪਾਤਿਸਾਹਿ ਮੈਨੂੰ ਹੁਕਮ ਹੋਵੈ। ਤਾ ਘਰਿ ਦੀ ਖਬਰ ਲਹਿ ਆਵਾ। ਦੇਖਾ ਅਸਾਡੇ ਆਦਮੀ ਰਹੇ ਕੇ ਸਭ ਮੁਏ ਹੈਨ। ਤਬ ਬਾਬਾ ਹਸਿਆ। ਤੇਰੇ ਆਦਮੀ ਮਰਹਿਗੇ ਤਾ ਅਸੀ ਸੰਸਾਰੁ ਕਿਉਕਰਿ ਰਖਹਿਗੇ। ਚਿੱਤਰ: ਬੀ-40 ਜਨਮ ਸਾਖੀ

ਲੇਖ ਲੜੀ – ੧੪

ਮਨਮੋਹਨ ਸਿੰਘ ਦਾਉਂ

ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਰਬਾਬੀ ਮਰਦਾਨਾ ਨਾਲ ਪੂਰਬ ਦਿਸ਼ਾ ਵੱਲ ਲੋਕਾਈ ਦਾ ਪਰਉਪਕਾਰ ਕਰਨ ਲਈ ਸਫ਼ਰ ’ਤੇ ਤੁਰੇ। ਇਹ ਪਹਿਲੀ ਉਦਾਸੀ 1497 ਤੋਂ 1509 ਤਕ ਮੰਨੀ ਜਾਂਦੀ ਹੈ। ਉਦੋਂ ਗੁਰੂ ਜੀ ਦੀ ਉਮਰ ਲਗਪਗ 29 ਵਰ੍ਹਿਆਂ ਦੀ ਸੀ। ਵੱਖ-ਵੱਖ ਥਾਵਾਂ ਦਾ ਭ੍ਰਮਣ ਕਰਨ ਉਪਰੰਤ, ਲਗਪਗ ਬਾਰਾਂ ਵਰ੍ਹਿਆਂ ਪਿੱਛੋਂ ਗੁਰੂ ਜੀ ਸੁਲਤਾਨਪੁਰ ਅਤੇ ਤਲਵੰਡੀ ਪਰਤੇ। ਉਸ ਵੇਲੇ ਦੇ ਦੋ ਦ੍ਰਿਸ਼ਾਂ ਨੂੰ ਚਿਤਰਦੀ ਹੈ, ਇਹ ਬਿਰਤਾਂਤਕ-ਰਚਨਾ:
ਨਾਨਕ ਦੀ ਸੁਲਤਾਨਪੁਰ ਵਾਪਸੀ: ਦ੍ਰਿਸ਼ ਪਹਿਲਾ
ਸਰਦ ਰੁੱਤ ਸੀ। ਸੁਲਤਾਨਪੁਰ ਨਗਰ ਉਦਾਸ ਸੀ। ਚਾਰੇ ਪਾਸੇ ਚੁੱਪ-ਚਾਪ ਸੀ। ਇੱਥੋਂ ਨਾਨਕ ਨੂੰ ਗਿਆਂ ਬਾਰਾਂ ਸਾਲ ਹੋ ਗਏ ਸਨ। ਬੇਬੇ ਨਾਨਕੀ ਵੀ ਉਡੀਕਾਂ ਕਰ ਕਰ ਥੱਕ ਗਈ ਸੀ। ਉਸ ਦਾ ਪਤੀ ਜੈ ਰਾਮ ਵੀ ਫ਼ਿਕਰਮੰਦ ਸੀ। ਨਾਨਕ ਦੀ ਘਰਵਾਲੀ ਉਦਾਸੀ ਵਿਚ ਡੁੱਬੀ ਰਹਿੰਦੀ। ਨਾਨਕ ਦੇ ਆਉਣ ਦੀ ਕੋਈ ਉੱਘ-ਸੁੱਘ ਨਹੀਂ ਸੀ। ਕਿੱਥੇ ਗਏ ਤੇ ਕੀ ਕਰਨ ਗਏ? ਇਸ ਗੱਲ ਦੀ ਕੋਈ ਖ਼ਬਰ ਨਹੀਂ ਸੀ। ਨਾਨਕ ਦਾ ਪੁੱਤਰ ਸਿਰੀ ਚੰਦ ਵੀ ਗਭਰੀਟ ਹੋ ਗਿਆ ਸੀ। ਉਸ ਨੂੰ ਤਾਂ ਆਪਣੇ ਪਿਤਾ ਦੀ ਕੋਈ ਪਿਆਰ-ਖੇਡ ਵੀ ਯਾਦ ਨਹੀਂ ਸੀ। ਉਸ ਦੀ ਉਮਰ ਤਾਂ ਉਦੋਂ ਤਿੰਨ ਕੁ ਵਰ੍ਹੇ ਸੀ। ਉਸ ਦੇ ਹਾਣੀ ਜਦੋਂ ਉਸ ਨਾਲ ਖੇਡਦੇ ਤਾਂ ਆਪਣੇ-ਆਪਣੇ ਪਿਤਾ ਦੀਆਂ ਗੱਲਾਂ ਕਰਦੇ। ਸਿਰੀ ਚੰਦ ਚੁੱਪ ਕਰ ਜਾਂਦਾ। ਕਈ ਵੇਰ ਆਪਣੀ ਮਾਤਾ ਸੁਲੱਖਣੀ ਨੂੰ ਪਿਤਾ ਬਾਰੇ ਪ੍ਰਸ਼ਨ ਕਰਦਾ। ਸੁਲੱਖਣੀ ਨਿਰ-ਉੱਤਰ ਹੋ ਜਾਂਦੀ। ਪੁੱਤਰ ਨੂੰ ਢਾਰਸ ਦੇਂਦੀ। ‘ਆਉਣਗੇ ਉਹ, ਜ਼ਰੂਰ ਆਉਣਗੇ’ ਪੁੱਤਰ ਨੂੰ ਕਹਿ ਛੱਡਦੀ। ਵਿਛੋੜੇ ਤੇ ਜੁਦਾਈ ਦਾ ਸੱਲ ਸੁਲੱਖਣੀ ਅੰਦਰੋਂ-ਅੰਦਰੀਂ ਝੱਲਦੀ ਰਹਿੰਦੀ। ਛੋਟਾ ਪੁੱਤਰ ਲਖਮੀ ਦਾਸ ਵੀ ਕਈ ਗੱਲਾਂ ਪੁੱਛਦਾ।
ਸੁਲਤਾਨਪੁਰ ’ਚ ਨਵਾਂ ਦਿਨ ਚੜ੍ਹਿਆ। ਪੌਣਾਂ ਰੁਮਕਣ ਲੱਗੀਆਂ। ਧੁੱਪਾਂ ਕੋਸੀਆਂ-ਕੋਸੀਆਂ ਹੋ ਗਈਆਂ। ਬਿਰਖ ਸੁਆਗਤੀ ਦੁਆਰ ਜਾਪਣ ਲੱਗੇ। ਅੰਬਰ ’ਚ ਪੰਛੀਆਂ ਦੀ ਡਾਰ ਸੰਗੀਤ ਅਲਾਪਣ ਲੱਗੀ। ਸੁਲਤਾਨਪੁਰ ਦੀਆਂ ਪਗਡੰਡੀਆਂ ਚਾਨਣ-ਚਾਨਣ ਹੋਣ ਲੱਗੀਆਂ। ਰਾਹ ਪ੍ਰਕਾਸ਼ ਨਾਲ ਧੋਤੇ ਗਏ। ਵੇਈਂ ਦੇ ਪਾਣੀਆਂ ਨੂੰ ਵਿਸਮਾਦੀ ਰੰਗ ਚੜ੍ਹਨ ਲੱਗਿਆ। ਖ਼ਬਰ ਫੈਲ ਗਈ ਕਿ ਨਾਨਕ ਸੁਲਤਾਨਪੁਰ ਦੀ ਜੂਹ ’ਚ ਆ ਗਿਆ ਹੈ। ਨੈਣ ਨਿਰੰਕਾਰੀ ਜਾਪਦੇ ਹਨ ਤੇ ਖ਼ੁਮਾਰੀ ਨਾ ਓਤ-ਪੋਤ ਹਨ। ਬੂਹੇ ’ਤੇ ਰੱਬੀ ਹੱਥਾਂ ਨੇ ਦਸਤਕ ਕੀਤੀ। ਝੱਬਦੇ ਹੀ ਬੇਬੇ ਨਾਨਕੀ ਨੇ ਦਰ ਖੋਲ੍ਹਿਆ। ਨਾਨਕ ਵੀਰ ਦੇ ਦਰਸ਼ਨ ਕਰ ਲਟਬੌਰੀ ਹੋ ਗਈ। ਵੀਰ ਨਾਨਕ ਦੇ ਚਰਨ ਛੂਹਣ ਲੱਗੀ। ਨਾਨਕ ਨੇ ਝੱਟ ਭੈਣ ਦੇ ਹੱਥਾਂ ਨੂੰ ਆਪਣੇ ਹੱਥਾਂ ’ਚ ਬੋਚ ਲਿਆ। ਭੈਣ ਦੀਆਂ ਅਸੀਸਾਂ ਨਾਲ ਨਾਨਕ ਦੇ ਨੈਣ ਨਮ ਹੋ ਗਏ। ਭੈਣ-ਭਰਾ ਦਾ ਪਿਆਰ ਉਛਾਲੇ ਖਾਣ ਲੱਗਿਆ। ਨਾਨਕ ਪਿੱਛੇ ਖੜ੍ਹਾ ਰਬਾਬੀ ਮਰਦਾਨਾ ਗੜੂੰਦ ਹੋ ਗਿਆ। ‘ਏਹ ਕੇਹਾ ਮਿਲਾਪ, ਕਿਸੇ ਵੀ ਸੰਗੀਤ ਦੀ ਧੁਨ ਤੋਂ ਨਿਆਰਾ, ਬੋਲ ਰਹਿਤ ਪਰ ਬੋਲਾਂ ਦੀ ਸਰਗਮ ਉਚਾਰਨ ਵਾਲਾ’ ਮਰਦਾਨੇ ਦੀ ਖ਼ਾਮੋਸ਼ੀ ਸਭ ਕੁਝ ਸਮਝ ਰਹੀ ਸੀ।
ਏਨੇ ਨੂੰ ਜੈ ਰਾਮ ਨੇ ਨਾਨਕ ਦੇ ਚਰਨ ਛੂਹ ਕੇ ਸੁਆਗਤ ਕੀਤਾ। ਨੂਰਾਨੀ ਨੈਣਾਂ ਨੇ ਸਤਿਕਾਰ ਕੀਤਾ। ਪੁੱਤਰ ਸਿਰੀ ਚੰਦ ਖੜੋਤਾ ਅਚੰਭਤ ਹੋ ਰਿਹਾ ਸੀ। ਪਿਤਾ ਦੇ ਦਰਸ਼ਨ ਅਪਣੱਤ ਦੇ ਰਿਸ਼ਤੇ ਲਈ ਤਰਸ ਰਹੇ ਸਨ। ਆਪ ਮੁਹਾਰੇ ਸਿਰੀ ਚੰਦ ਨੇ ਪਿਤਾ ਨਾਨਕ ਦੇ ਚਰਨਾਂ ’ਚ ਆਪਣਾ ਸੀਸ ਰੱਖ ਦਿੱਤਾ। ਪਿਤਾ-ਪੁੱਤਰ ਦੀ ਗਲਵੱਕੜੀ ਪੈ ਗਈ। ਸਿਰ ਪਲੋਸਿਆ, ਪਿਆਰ ਕੀਤਾ। ਮਰਦਾਨੇ ਦੀ ਮੋਢੇ ਟੰਗੀ ਰਬਾਬ ਵਾਂਗ, ਪਿਤਾ-ਪੁੱਤਰ ਕੁਝ ਪਲਾਂ ਲਈ ਇਕਮਿਕ ਹੋ ਗਏ। ਛੋਟੇ ਪੁੱਤਰ ਲਖਮੀ ਦਾਸ ਨਾਲ ਵੀ ਇੰਜ ਹੀ ਹੋਇਆ। ਕਦਮ ਪੁੱਟਦੀ ਸੁਲੱਖਣੀ ਅੱਗੇ ਵਧੀ। ਪਤੀ-ਪਰਮੇਸ਼ਰ ਦੇ ਨੈਣਾਂ ਦੀ ਰੂਹਾਨੀਅਤ ਨਾਲ ਸਰਸ਼ਾਰ ਹੋਈ। ਪਰੰਪਰਾਵਾਂ ਦੀ ਪੁੰਜ ਨੇ ਬਹੁਤ ਸਹਿਜ ਨਾਲ ਪਤੀ-ਨਾਨਕ ਦੇ ਚਰਨੀਂ ਮੱਥਾ ਟੇਕਿਆ। ‘ਪਰਮੇਸ਼ਰ ਕੀਏ, ਸੁਖੀ ਰਹੇਂ। ਕਰਤਾਰ ਭਲੀ ਕਰੇ, ਉਸ ’ਤੇ ਭਰੋਸਾ ਕਰੋ, ਉਹੀ ਸਭ ਦਾ ਪਾਲਣਹਾਰ ਹੈ’ ਨਾਨਕ ਦੇ ਪ੍ਰਵਚਨ ਸਨ। ਬਾਰਾਂ ਵਰ੍ਹਿਆਂ ਦਾ ਵਿਛੋੜਾ ਲੁਪਤ ਹੋ ਗਿਆ। ਵਿਹੜਾ ਚਾਨਣ ਨਾਲ ਭਰ ਗਿਆ।
ਸੁਲਤਾਨਪੁਰ ਦੇ ਵਾਸੀਆਂ ਨੂੰ ਪਤਾ ਲੱਗਿਆ ਕਿ ਨਾਨਕ ਆ ਗਿਆ ਹੈ। ਘਰ ਦੇ ਬਾਹਰ ਲੋਕੀਂ ਇਕੱਠੇ ਹੋਣ ਲੱਗੇ। ਕਈ ਤਰ੍ਹਾਂ ਦੀਆਂ ਗੱਲਾਂ ਕੰਨੀਂ ਪੈਣ ਲੱਗੀਆਂ। ਆਥਣ ਹੋਣ ਵਾਲੀ ਸੀ। ਸੰਗਤ ਵੇਖ, ਨਾਨਕ ਨੇ ਧਰਤ ’ਤੇ ਆਸਣ ਲਾ ਲਿਆ। ਅਦੁੱਤੀ ਰੰਗਣ ਖਿੰਡਣ ਲੱਗੀ। ਮਰਦਾਨੇ ਨੇ ਨਾਲ ਸੰਗ ਕੀਤਾ।

ਮਨਮੋਹਨ ਸਿੰਘ ਦਾਉਂ

‘ਮਰਦਾਨਿਆ, ਰਬਾਬ ਨੂੰ ਸੁਰ ਕਰ’, ਨਾਨਕ ਬੋਲਿਆ। ਸੰਗਤ ਖ਼ਾਮੋਸ਼ੀ ’ਚ ਸੋਚ ਰਹੀ ਸੀ ਕਿ ਕੀ ਹੋਣ ਵਾਲਾ ਹੈ? ਰਬਾਬ ਟੁਣਕਣ ਨਾਲ ਚੌਗਿਰਦਾ ਸੰਗੀਤਮਈ ਹੋ ਗਿਆ। ਨਾਨਕ ਨੇ ਸ਼ਬਦ ਗਾਇਨ ਸ਼ੁਰੂ ਕੀਤਾ। ਮੰਦ-ਮੰਦ ਹੋਏ ਲੋਕ ਝੂਮਣ ਲੱਗੇ। ਸ਼ਬਦ ਸ਼ਕਤੀ ਦਾ ਪ੍ਰਕਾਸ਼ ਉਦੈ ਹੋਇਆ। ਸੁਲਤਾਨਪੁਰ ਨਗਰ ਖਿੜ ਉੱਠਿਆ। ਰੱਬੀ ਰਹਿਮਤ ਹੋਈ। ਵਰੋਸਾਈ ਵੇਈਂ ਦੇ ਕੰਨੀਂ ਸ਼ਬਦ ਦੀਆਂ ਧੁਨਾਂ ਘੁਲ-ਮਿਲ ਗਈਆਂ। ਲੋਕਾਂ ਵੇਖਿਆ ਕਿ ਮੋਦੀਖਾਨੇ ਵਾਲਾ ਨਾਨਕ ਹੁਣ ਉਹ ਨਹੀਂ, ਇਹ ਤਾਂ ਸੱਤ-ਪੁਰਖ ਹੈ। ਲੋਕਾਈ ਦਾ ਪਰਉਪਕਾਰੀ ਹੈ, ਕਰਤਾਰੀ ਪੁਰਖ ਹੈ। ਧੰਨ-ਧੰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਨਾਨਕ, ਬਾਬਾ ਨਾਨਕ ਅਖਵਾਉਣ ਲੱਗਿਆ।
ਬਾਰਾਂ ਵਰ੍ਹਿਆਂ ਦਾ ਪੈਂਡਾ, ਪਹਿਲੀ ਉਦਾਸੀ ਦਾ ਲਿਬਾਸ ਬਣ ਗਿਆ। ਸਵੇਰ ਹੋਈ, ਬਾਬਾ ਨਾਨਕ ਅਗਲੇ ਪੰਧ ’ਤੇ ਹੋ ਤੁਰਿਆ।
ਜਦੋਂ ਨਾਨਕ ਤਲਵੰਡੀ ਪਰਤਿਆ: ਦ੍ਰਿਸ਼ ਦੂਜਾ
ਨਾਨਕ ਨੂੰ ਘਰੋਂ ਗਿਆਂ ਕਿੰਨੇ ਹੀ ਵਰ੍ਹੇ ਹੋ ਗਏ ਸਨ। ਨਾਨਕ ਤੇ ਮਰਦਾਨਾ ਕਿੱਥੇ ਗਏ ਨੇ, ਕੀ ਕਰਨ ਗਏ ਨੇ, ਕਿਸੇ ਨੂੰ ਕੁਝ ਨਹੀਂ ਸੀ ਪਤਾ। ਪਿੱਛੇ ਘਰ ਉਦਾਸ ਸੀ। ਮਾਪੇ ਉਦਾਸ ਸਨ। ਰਾਇ ਭੋਇ ਦੀ ਤਲਵੰਡੀ ਵੀ ਵਿਗੋਚੇ ’ਚ ਸੀ। ਸਮਾਂ ਲੰਘਦਾ ਗਿਆ। ਮਾਤਾ ਤ੍ਰਿਪਤਾ ਤੇ ਮਾਈ ਲੱਖੋ ਨਾਨਕ ਤੇ ਮਰਦਾਨੇ ਬਾਰੇ ਸੋਚਦੀਆਂ ਤੇ ਕਲਪਦੀਆਂ ਰਹਿੰਦੀਆਂ। ਪਿੰਡ ਦਾ ਨਵਾਬ ਰਾਇ ਬੁਲਾਰ, ਮਹਿਤਾ ਕਾਲੂ ਨੂੰ ਧੀਰਜ ਧਰਾਉਂਦਾ ਰਹਿੰਦਾ। ਉਸ ਨੇ ਨਾਨਕ ਦੀ ਰੂਹਾਨੀਅਤ ਦਾ ਭੇਤ ਸਮਝ ਲਿਆ ਸੀ। ਲੋਕੀਂ ਸੱਥ ’ਚ ਭਾਂਤ-ਭਾਂਤ ਦੀਆਂ ਕਿਆਸ-ਅਰਾਈਆਂ ਕਰਦੇ।
ਸਮਾਂ ਲੰਘਿਆ। ਇਕ ਦਿਨ ਤਲਵੰਡੀ ’ਚ ਸਮੇਂ ਸਿਰ ਸੂਰਜ ਚੜ੍ਹਿਆ। ਸੁਨਹਿਰੀ ਕਿਰਨਾਂ ਨਾਲ ਤਲਵੰਡੀ ਜਾਗ ਉੱਠੀ। ਤਲਵੰਡੀ ਦੀ ਜੂਹ ’ਚ ਇਕ ਖੂਹ ਕੋਲ ਇਕ ਹੋਰ ਸੂਰਜ ਪ੍ਰਕਾਸ਼ਮਾਨ ਹੋਇਆ। ਖੂਹ ਦਾ ਪਾਣੀ ਝਿਲਮਿਲਾਇਆ। ਉੱਥੇ ਨਾਨਕ ਤੇ ਮਰਦਾਨਾ ਹਾਜ਼ਰ ਸਨ। ਚੁਫ਼ੇਰੇ ਪ੍ਰਕਿਰਤੀ ਨੂੰ ਵੀ ਨਾਨਕ ਦੀ ਆਮਦ ਚੰਗੀ ਲੱਗੀ। ਰੂਹਾਨੀ ਪ੍ਰਕਾਸ਼ ਨਾਲ ਚੌਗਿਰਦਾ ਵਿਸਮਾਦੀ ਹੋ ਉੱਠਿਆ। ਲੰਮੀ ਉਦਾਸੀ ਦੀ ਸਮਾਪਤੀ ਸੀ ਤੇ ਅਗਲੀ ਉਦਾਸੀ ਦਾ ਪ੍ਰਾਰੰਭ ਹੋਣਾ ਸੀ। ਸਫ਼ਰ ਦੇ ਰਾਹਾਂ ਦੀ ਮਿੱਟੀ ਝਾੜ, ਪਾਣੀ ਨਾਲ ਗੁਫ਼ਤਗੂ ਕਰ, ਨਾਨਕ ਧਰਤ ’ਤੇ ਆਸਣ ਕਰ ਮਸਤੀ ’ਚ ਲੀਨ ਹੋ ਗਿਆ। ਨਾਨਕ ਦੀ ਆਗਿਆ ਲੈ, ਮਰਦਾਨਾ ਉੱਥੋਂ ਘਰ ਵੱਲ ਨੂੰ ਹੋ ਤੁਰਿਆ। ਨਾਨਕ ਨੇ ਆਖਿਆ, ਛੇਤੀ ਮੁੜ ਆਵੀਂ। ਮੇਰੇ ਬਾਰੇ ਕਿਸੇ ਕੋਲ ਗੱਲ ਨਾ ਕਰੀਂ। ਇਹ ਕਿਵੇਂ ਹੋ ਸਕਦਾ ਸੀ ਕਿ ਨਾਨਕ ਦੀ ਆਮਦ ਦਾ ਪਤਾ ਨਾ ਲੱਗੇ।
ਮਾਤਾ ਤ੍ਰਿਪਤਾ ਦੀ ਗੁਆਂਢਣ ਨੇ ਮਰਦਾਨੇ ਨੂੰ ਗਲੀ ’ਚੋਂ ਲੰਘਦਿਆਂ ਵੇਖ ਲਿਆ। ਗੁਆਂਢਣਾਂ ਨੂੰ ਖੋਹ ਲੱਗੀ, ਉਹ ਵੀ ਤ੍ਰਿਪਤਾ ਦੇ ਘਰ ਵੱਲ ਹੋ ਤੁਰੀਆਂ ਤੇ ਘੁਸਰ-ਮੁਸਰ ਹੋਣ ਲੱਗੀ। ਮਰਦਾਨੇ ਨੇ ਨਾਨਕ ਦੇ ਹੁਕਮ ਦੀ ਪਾਲਣਾ ਕਰਦਿਆਂ, ਬੁੱਲ੍ਹ ਸੀੜ ਰੱਖੇ ਤੇ ਛੇਤੀ ਕਰਦਿਆਂ ਮੁੜਨ ਲੱਗਾ, ਪਰ ਤ੍ਰਿਪਤਾ ਨੇ ਉਸ ਨੂੰ ਮੁੜਦਿਆਂ ਵੇਖ ਲਿਆ। ਮਮਤਾ ਦਾ ਵੇਗ ਵਹਿ ਤੁਰਿਆ। ਉਹ ਭਾਂਪ ਗਈ ਕਿ ਪੁੱਤਰ ਵੀ ਆ ਗਿਆ ਹੈ। ਅਨੂਠੀ ਖ਼ੁਸ਼ੀ ’ਚ ਵਰੋਸਾਈ ਤ੍ਰਿਪਤਾ ਪੁੱਤਰ ਨੂੰ ਮਿਲਣ ਲਈ ਕੁਝ ਖਾਣ-ਪੀਣ ਦੀਆਂ ਵਸਤਾਂ ਲੈ ਤੁਰੀ। ਮਰਦਾਨੇ ਦੀ ਪਿੱਠ ਦਾ ਪਿੱਛਾ ਕਰਦੀ ਮਾਂ ਖੂਹ ਕੋਲ ਬੈਠੇ ਨਾਨਕ ਨੂੰ ਮਿਲਣ ਲਈ ਵਿਛੁੰਨੀ ਹੋ ਗਈ।

ਸੁਲੇਖ: ਜਤਿੰਦਰ ਸਿੰਘ

ਨਾਨਕ ਨੇ ਆਉਂਦੀ ਮਾਂ ਵੱਲ ਨਜ਼ਰ ਘੁਮਾਈ। ਨੂਰੀ ਲੀਨਤਾ ’ਚੋਂ ਨਾਨਕ ਉੱਠ ਤੁਰਿਆ। ਅਦਬ ਨਾਲ ਪਰੁੱਚਾ ਮਾਂ ਦੇ ਚਰਨੀਂ ਨਤਮਸਤਕ ਹੋ ਗਿਆ। ਮਾਂ ਦੇ ਚਰਨ ਉਜਵਲ ਹੋ ਗਏ। ਮਾਂ-ਪੁੱਤਰ ਦੀ ਮਿਲਣੀ ਨਾਲ ਚੌਗਿਰਦਾ ਹੋਰ ਵੀ ਖਿੜ ਉੱਠਿਆ। ਮਾਂ ਦੇ ਨੈਣ ਅਸੀਸਾਂ ਦੇਣ ਲੱਗੇ। ਅਲੌਕਿਕ ਮਮਤਾ ਦੇ ਪਲ ਖ਼ਾਮੋਸ਼ ਸਨ। ਕਣਸੋਅ ਮਿਲਣ ’ਤੇ ਪਿਤਾ ਮਹਿਤਾ ਕਾਲੂ ਤੇਜ਼ੀ ਨਾਲ ਘੋੜੀ ’ਤੇ ਸਵਾਰ ਹੋ ਖੂਹ ਵੱਲ ਹੋ ਤੁਰਿਆ। ਮਾਂ-ਮਮਤਾ ਤੋਂ ਮੁਕਤ ਹੋ ਨਾਨਕ ਨੇ ਮੁਕੱਦਸ ਹੱਥਾਂ ਨਾਲ ਪਿਤਾ ਦੇ ਚਰਨ ਛੋਹੇ। ਪਿਤਾ-ਪੁੱਤਰ ਦੀ ਪਿਆਰ ਗਲਵੱਕੜੀ ਨੂੰ ਵੇਖ ਪਹਿਰ ਜਿਵੇਂ ਖੜੋ ਗਿਆ ਹੋਵੇ। ਬੋਲਾਂ ਦੀ ਸਾਂਝ ਹੋਣ ਲੱਗੀ। ਲੋਕੀਂ ਦਰਸ਼ਕ ਬਣ ਤੱਕਣ ਲੱਗੇ। ਅਦਭੁਤ ਮਿਲਣੀ ਅਚੰਭਾ ਸੀ। ਤ੍ਰਿਪਤਾ ਨੇ ਨਾਨਕ ਨੂੰ ਭੁੱਖਾ ਸਮਝ ਖਾਣ ਲਈ ਵਸਤਾਂ ਅੱਗੇ ਧਰ ਦਿੱਤੀਆਂ। ਮਾਂ ਨੇ ਕੁਝ ਬੋਲਣਾ ਚਾਹਿਆ। ‘ਮਾਂ, ਮੈਂ ਅਜਿਹੀ ਵਸਤ ਦਾ ਭੋਜਨ ਕਰ ਲਿਆ ਹੈ, ਜਿਸ ਨਾਲ ਭੁੱਖ ਮਿਟ ਗਈ’, ਨਾਨਕ ਦੇ ਬੋਲ ਸਨ। ਮਾਂ-ਪਿਉ ਲਈ ਇਹ ਵਾਕ ਅਚੰਭਾ ਸੀ। ਨਾਨਕ ਦੇ ਚਿਹਰੇ ’ਤੇ ਖੇੜਾ ਸੀ, ਮਾਪਿਆਂ ਅੰਦਰ ਉਦਾਸੀ ਸੀ, ਚਿੰਤਾ ਸੀ। ਤ੍ਰਿਪਤਾ ਨੇ ਲਿਆਂਦੇ ਨਵੇਂ ਵਸਤਰ ਪਹਿਨਣ ਲਈ ਨਾਨਕ ਨੂੰ ਅਰਜੋਈ ਕੀਤੀ। ‘ਮਾਂ, ਮੈਂ ਅਜਿਹੇ ਵਸਤਰ ਪਹਿਨ ਲਏ ਹਨ, ਜੋ ਨਾ ਕਦੇ ਮੈਲੇ ਹੁੰਦੇ ਹਨ ਤੇ ਨਾ ਕਦੇ ਲੱਥਦੇ ਹਨ।’ ਨਾਨਕ ਦਾ ਦੂਜਾ ਪ੍ਰਵਚਨ ਇਹ ਸੀ। ਪਿਤਾ ਦੇ ਮੂੰਹੋਂ ਨਿਕਲਿਆ ਕਿ ਸਾਨੂੰ ਤਾਂ ਇੰਜ ਨਹੀਂ ਲੱਗਦੇ। ਇਹ ਕਿਹੋ ਜਿਹਾ ਸੰਵਾਦ ਸੀ। ਸੰਸਾਰੀ ਵਸਤਾਂ ਦੀ ਨਾਸ਼ਮਾਨਤਾ ਅੱਗੇ ਪਰਮਾਰਥ-ਸੱਚ ਖ਼ਾਮੋਸ਼ ਸੀ। ਮਾਤਾ-ਪਿਤਾ ਪਸੀਜੇ ਗਏ।
‘ਪੁੱਤਰ, ਘਰ ਚੱਲ। ਤੇਰੇ ਲਈ ਘਰ ਘੋੜੇ ਹਨ, ਤੁਰਨ-ਫਿਰਨ ਲਈ। ਤੇਰੇ ਲਈ ਅਸੀਂ ਧੰਨ-ਦੌਲਤ ਕਮਾਇਆ ਹੈ। ਤੈਨੂੰ ਹੋਰ ਕਮਾਉਣ ਦੀ ਲੋੜ ਨਹੀਂ। ਸਾਂਭ-ਸੰਭਾਲ ਕਰ। ਸਭ ਕੁਝ ਤੇਰੇ ਲਈ ਹੀ ਤਾਂ ਹੈ’, ਪਿਤਾ ਦੇ ਅੰਦਰ ਤੜਪ ਤੇ ਤਰਲਾ ਸੀ। ‘ਨਹੀਂ, ਪਿਤਾ ਜੀ, ਮੈਨੂੰ ਇਨ੍ਹਾਂ ਦੀ ਲੋੜ ਨਹੀਂ ਰਹੀ। ਮੈਂ ਜੋ ਪ੍ਰਾਪਤ ਕਰਨਾ ਸੀ, ਬਹੁਤ ਹੈ।’ ਨਾਨਕ ਨੇ ਸਹਿਜ ਨਾਲ ਉੱਤਰ ਦਿੱਤਾ। ‘ਪੁੱਤਰ, ਤੇਰੇ ਲਈ ਘਰ ਵੀ ਸਜੀਲਾ ਕੀਤਾ। ਸਾਡੇ ਕੋਲ ਰਹਿ। ਕਿੰਨੇ ਵਰ੍ਹਿਆਂ ਪਿੱਛੋਂ ਤੂੰ ਆਇਆ ਐਂ। ਤੇਰੇ ਬਗ਼ੈਰ ਸੁੰਨਾ ਘਰ ਸੋਂਹਦਾ ਨਹੀਂ’, ਤ੍ਰਿਪਤਾ ਦੇ ਹਿਰਦੇ ’ਚੋਂ ਮੋਹ ਸਿੰਮ ਟੁਰਿਆ। ‘ਨਹੀਂ, ਮਾਂ ਕਰਤਾਰ ਨੇ ਜੋ ਕੁਝ ਮੈਨੂੰ ਦਿੱਤਾ ਹੈ, ਉਹ ਬਹੁਤ ਚੰਗਾ ਹੈ। ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਰਹੀ। ਪ੍ਰਭੂ ਦੇ ਹੁਕਮ ਨੂੰ ਮੈਂ ਮੋੜ ਨਹੀਂ ਸਕਦਾ। ਮੈਂ ਪ੍ਰਣ ਕੀਤਾ ਸੀ ਕਿ ਮੈਂ ਘਰ ਪਰਤਾਂਗਾ। ਸੋ ਪੂਰਾ ਹੋ ਗਿਆ ਹੈ। ਹੁਣ ਮੈਨੂੰ ਵਾਪਸ ਜਾਣਾ ਹੈ। ਰੱਬੀ ਹੁਕਮ ਹੈ’, ਨਾਨਕ ਨੇ ਮਾਂ ਤੋਂ ਖ਼ਿਮਾ ਮੰਗੀ। ਮਾਂ ਨੇ ਮੁੜ ਤਰਲਾ ਕੀਤਾ। ਪਹਿਲਾਂ ਹੀ ਲੰਮੀ ਫੇਰੀ ਤੋਂ ਮੁੜਿਆਂ। ਕੁਝ ਚਿਰ ਤਾਂ ਸਾਡੇ ਕੋਲ ਠਹਿਰ।
ਮਾਂ ਦੇ ਬੋਲਾਂ ਨੂੰ ਸੁਣ ਨਾਨਕ ਬੋਲੇ ਤੇ ਵਚਨ ਕੀਤਾ ਕਿ ਅਗਲੀ ਵਾਰੀ ਮੈਂ ਛੇਤੀ ਮੁੜ ਆਵਾਂਗਾ। ਕਰਤਾਰ ਦਾ ਹੁਕਮ ਮੰਨਣਾ ਚੰਗਾ ਹੈ। ਮਾਂ ਖ਼ਾਮੋਸ਼ ਹੋ ਗਈ। ਗੱਚ ਭਰੇ ਹਿਰਦੇ ਨਾਲ ਮਾਂ ਨੇ ਪੁੱਤਰ ਨੂੰ ਅਸੀਸ ਦਿੱਤੀ। ਉਧਰ ਰਾਇ ਬੁਲਾਰ ਨੂੰ ਵੀ ਨਾਨਕ ਦੇ ਆਉਣ ਦਾ ਪਤਾ ਲੱਗ ਗਿਆ ਸੀ। ਉਹ ਨਾਨਕ ਦੇ ਦਰਸ਼ਨਾਂ ਲਈ ਉਤਾਵਲਾ ਸੀ। ਬਿਰਧ ਹੋਣ ਕਾਰਨ ਉਹ ਤੁਰਨ ਤੋਂ ਬੇਵਸ ਸੀ। ਕਰੇ ਤਾਂ ਕੀ ਕਰੇ, ਸੋਚਾਂ ’ਚ ਸੀ। ਨਾਨਕ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਆਪ ਰਾਇ ਬੁਲਾਰ ਨੂੰ ਮਿਲਣ ਤੁਰ ਪਿਆ। ਗਲੀ ’ਚ ਨਾਨਕ ਦੀਆਂ ਪੈੜਾਂ ਦੀ ਬਿੜਕ ਨਾਲ ਰੌਣਕ ਹੋਣ ਲੱਗੀ। ਇਹ ਕਿਹੋ ਜਿਹੀ ਮੁਹੱਬਤ ਸੀ ਤੇ ਕਿਹੋ ਜਿਹਾ ਇਨਸਾਨੀ ਰਿਸ਼ਤਾ ਸੀ। ਬੂਹੇ ’ਤੇ ਨਾਨਕ ਹਾਜ਼ਰ ਸੀ। ਨਾਨਕ ਨੂੰ ਵੇਖ ਬਜ਼ੁਰਗ ਰਾਇ ਬੁਲਾਰ ਨੇ ਉਸ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਨਾਨਕ ਨੇ ਉਸ ਨੂੰ ਗਲਵੱਕੜੀ ’ਚ ਲੈ ਲਿਆ। ਅਗੰਮੀ ਮਿਲਣੀ ਨਾਲ ਬਜ਼ੁਰਗ ਆਤਮਾ ਸਰਸ਼ਾਰ ਹੋ ਗਈ। ਨਾਨਕ ਨੇ ਖ਼ਬਰਸਾਰ ਪੁੱਛੀ ਤੇ ਦਿਲਾਸਾ ਦਿੱਤਾ। ਨੂਰੀ ਨਾਨਕ ਨੂੰ ਰਾਇ ਬੁਲਾਰ ਨੇ ਆਪਣੇ ਪਲੰਘ ’ਤੇ ਬੈਠਾ ਲਿਆ। ਬੋਲ ਸਾਂਝੇ ਹੋਏ। ਲੰਮੇ ਪੈਂਡੇ ਦੀ ਗਾਥਾ ਸੁਣੀ। ਮਰਦਾਨੇ ਨੇ ਖੜ੍ਹੇ-ਖੜੋਤਿਆਂ ਸਾਰਾ ਕੁਝ ਮਾਣਿਆ।
ਇਸ ਮਿਲਣੀ ਨਾਲ ਰਾਇ ਬੁਲਾਰ ਨੂੰ ਸਕੂਨ ਮਿਲਿਆ। ਮਨ ਸ਼ਾਂਤ ਹੋਇਆ। ਦੇਹੀ ਨੂੰ ਢਾਰਸ ਮਿਲਿਆ। ਨਾਨਕ ਨੇ ਅਗਲੇ ਸਫ਼ਰ ’ਤੇ ਤੁਰਨ ਦੀ ਗੱਲ ਛੋਹੀ। ਰਾਇ ਬੁਲਾਰ ਵਿਗੋਚਿਆ ਕੁਝ ਨਾ ਕਹਿ ਸਕਿਆ। ਖ਼ੁਦਾ ਦਾ ਸ਼ੁਕਰ ਕਰਨ ਲੱਗਾ। ਰਾਇ ਬੁਲਾਰ ਨੇ ਨਾਨਕ ਅੱਗੇ ਜੋਦੜੀ ਕੀਤੀ: ‘ਹੇ ਨਾਨਕ ਪਿਆਰ, ਹੁਣ ਮੇਰੇ ਭਵਿੱਖ ਦੀ ਸੰਭਾਲ ਤੁਸੀਂ ਹੀ ਕਰਨੀ ਹੈ। ਮੇਰੀ ਆਸਥਾ ਤੁਸਾਂ ’ਤੇ ਹੀ ਹੈ। ਜੀਵਨ ਦੀ ਸੰਝ ਨੇੜੇ ਹੈ। ਤੁਸਾਂ ਰੱਬ ਨੂੰ ਪਛਾਤਾ।’ ਦੂਜਾ ਦਿਨ ਚੜ੍ਹਿਆ, ਪਹੁ-ਫੁਟਾਲਾ ਹੋਇਆ। ਤਲਵੰਡੀ ਦੀ ਜੂਹ ’ਚੋਂ ਨਾਨਕ ਤੇ ਮਰਦਾਨਾ ਅਗਲੇ ਸਫ਼ਰ ’ਤੇ ਤੁਰ ਪਏ। ਉਨ੍ਹਾਂ ਦੀਆਂ ਪਿੱਠਾਂ ਨਜ਼ਰ ਆ ਰਹੀਆਂ ਸਨ। ਪਿੱਛੇ ਸੰਗੀਤਕ ਬਾਣੀ ਦੇ ਬੋਲ ਸਨ ਤੇ ਅੱਗੇ-ਅੱਗੇ ਚਾਨਣ ਤੁਰਿਆ ਜਾ ਰਿਹਾ ਸੀ। ਰਾਇ ਬੁਲਾਰ ਨਾਨਕ ਨੂੰ ਪੀਰ ਕਹਿ ਕੇ ਅਕੀਦਤ ਭੇਟ ਕਰ ਰਿਹਾ ਸੀ। ਲੋਕੀਂ ਨਾਨਕ ਫ਼ਕੀਰ ਕਹਿ ਰਹੇ ਸਨ। ਕੋਈ ਦਰਵੇਸ਼ ਉਸ ਨੂੰ ਰੱਬ ਦਾ ਬੰਦਾ ਕਹਿ ਰਿਹਾ ਸੀ। ਕਈਆਂ ਦੀ ਸਮਝ ਤੋਂ ਬਾਹਰ ਸੀ, ਨਾਨਕ। ਮਾਪਿਆਂ ਲਈ ਨਾਨਕ ਪੁੱਤਰ ਸੀ, ਤਲਵੰਡੀ ਦਾ।

ਸੰਪਰਕ: 98151-23900


Comments Off on ਗੁਰੂ ਨਾਨਕ ਦੀ ਘਰ ਵਾਪਸੀ ਦਾ ਚਿਤਰਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.