ਆਈਸੀਐੱਮਆਰ ਦੇ ਸੀਨੀਅਰ ਵਿਗਿਆਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ !    ਸਿਰਸਾ ਵਿੱਚ ਕਰੋਨਾ ਦੇ 28 ਨਵੇਂ ਕੇਸ ਸਾਹਮਣੇ ਆਉਣ ਨਾਲ ਦਹਿਸ਼ਤ !    ਕੇਜਰੀਵਾਲ ਵੱਲੋਂ ਦਿੱਲੀ ਦੀਆਂ ਹੱਦਾਂ ਸੀਲ ਕਰਨ ਦਾ ਐਲਾਨ !    ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    

ਗੁਰੂ ਨਾਨਕ: ਜਨਮਸਾਖੀ ਬਿੰਬ

Posted On November - 9 - 2019

ਚਿੱਤਰ: ਸਿੱਖ ਮਾਨਸਿਕਤਾ ਅਤੇ ਬਾਬਾ ਅਟੱਲ ਦੇ ਕੰਧ ਚਿੱਤਰ।

ਵਿਰਸਾ ਲੇਖ ਲੜੀ: 13

ਡਾ. ਪਰਮਿੰਦਰ ਸਿੰਘ

ਪੰਜਾਬੀ ਵਾਰਤਕ ਦਾ ਜਨਮ ਗੁਰੂ ਨਾਨਕ ਦੇਵ ਜੀ ਦੇ ਜੀਵਨ ਪ੍ਰਸੰਗਾਂ ਦੇ ਪ੍ਰਗਟਾਵੇ ਨਾਲ ਹੁੰਦਾ ਹੈ। ਸਾਖੀ, ਜਨਮਸਾਖੀ ਅਤੇ ਪਰਚੀ ਸਾਹਿਤ ਜਿੱਥੇ ਸਿੱਧੇ ਤੌਰ ’ਤੇ ਗੁਰੂ ਦੀ ਦਿੱਬਤਾ ਅਤੇ ਜੀਵਨ ਮਹਿਮਾ ਨੂੰ ਉਸਾਰਦਾ ਹੈ, ਉੱਥੇ ਟੀਕੇ, ਵਚਨ ਅਤੇ ਗੋਸ਼ਟਾਂ ਗੁਰੂ ਦੀ ਬਾਣੀ ਦਾ ਵਿਸਥਾਰ ਹਨ। ਦੇਸ਼ ਕਾਲ ਅਤੇ ਇਤਿਹਾਸ ਦੇ ਬੰਧਨ ਤੋਂ ਮੁਕਤ ਇਸ ਵਾਰਤਕ ਵਿਚ ਮਿਥ, ਪੌਰਾਣ ਤੱਤ, ਕਰਾਮਾਤ ਅਤੇ ਕਲਪਨਾ ਇਕ ਦੂਜੇ ਵਿਚ ਘੁਲੇ ਮਿਲੇ ਹੋਏ ਹਨ। ਜਨਮਸਾਖੀਆਂ ਇਤਿਹਾਸਕਾਰੀ ਦੇ ਪ੍ਰਚੱਲਿਤ ਮਾਪਦੰਡਾਂ ਅਨੁਸਾਰ ਨਹੀਂ ਲਿਖੀਆਂ ਗਈਆਂ ਸਗੋਂ ਸਾਂਝਾ ਭਾਰਤੀ ਅਧਿਆਤਮ ਚਿੰਤਨ ਇਨ੍ਹਾਂ ਰਚਨਾਵਾਂ ਦੇ ਅਵਚੇਤਨ ਵਿਚ ਪਿਆ ਹੈ। ਗੁਰ-ਇਤਿਹਾਸ ਦੀ ਪੇਸ਼ਕਾਰੀ ਕਰਦਿਆਂ ਸਾਖੀਕਾਰ ਪੁਰਾਣ ਕਥਾਵਾਂ, ਮਿੱਥ ਸੰਕੇਤਾਂ ਅਤੇ ਗੁਰਬਾਣੀ-ਵਿਆਖਿਆ ਦੀ ਵਿਧੀ ਵਰਤਦਾ ਹੋਇਆ ਆਪਣੇ ਵਿਸ਼ੇ ਨੂੰ ਉਸਾਰਦਾ ਹੈ। ਸਾਖੀਕਾਰ ਦੀ ਅਖੰਡ ਭਾਰਤੀ ਅਧਿਆਤਮਕ ਬਿਰਤੀ ਅਤੇ ਸੰਯੋਗੀ ਦ੍ਰਿਸ਼ਟੀ ਜਨਮਸਾਖੀਆਂ ਦੇ ਆਰ-ਪਾਰ ਫੈਲੀ ਹੋਈ ਹੈ। ਇਸੇ ਕਰਕੇ ਜਨਮਸਾਖੀਆਂ ਵਿਚੋਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਨਹੀਂ ਸਗੋਂ ਪੌਰਾਣਿਕ ਮੁਹਾਂਦਰਾ ਅਤੇ ਚਰਿੱਤਰ ਉੱਘੜਦਾ ਹੈ। ਜਨਮਸਾਖੀਆਂ ਦਾ ਨਾਇਕ ‘ਬਾਬਾ ਨਾਨਕ’ ਹੈ। ਬਾਬਾ ਨਾਨਕ ਅਵਤਾਰ ਧਾਰਦਾ ਹੈ। ਕਾਰਜਾਂ ਦੀ ਵਡਿਆਈ ਅਤੇ ਹਸਤੀ ਦੀ ਮਾਨਤਾ ਸਹਿਜ ਸੁਭਾਅ ਬਾਬੇ ਨਾਨਕ ਨੂੰ ਦੈਵੀ ਸਰੂਪ ਪ੍ਰਦਾਨ ਕਰ ਦਿੰਦੀ ਹੈ। ਇਤਿਹਾਸਕ ਗੁਰੂ ਨਾਨਕ ਮਿੱਥ ਰਾਹੀਂ ਬਾਬਾ ਨਾਨਕ ਬਣ ਜਾਂਦਾ ਹੈ। ਬਾਬਾ ਨਾਨਕ ਦਾ ਅਵਤਾਰ ਮਿਥ ਦਾ ਸੱਚ ਹੈ। ਇਤਿਹਾਸਕ ਤੱਥ ਮਿਥ ਰਾਹੀਂ ਸੰਚਾਰਿਤ ਹੋਣ ਮਗਰੋਂ ਮਿਥ ਦਾ ਸੱਚ ਬਣ ਜਾਂਦਾ ਹੈ। ਫਿਰ ਮਿਥ ਦਾ ਸੱਚ ਇਤਿਹਾਸਕ ਤੱਥ ਨਾਲੋਂ ਵਧੇਰੇ ਪ੍ਰਮਾਣਿਕ ਮਹਿਸੂਸ ਹੁੰਦਾ ਹੈ। ਜਨਮਸਾਖੀਆਂ ਵਿਚ ਇਤਿਹਾਸਕ ਤੱਥ ਮਿਥਿਹਾਸਕ ਸੱਚ ਰਾਹੀਂ ਉਜਾਗਰ ਹੁੰਦਾ ਹੈ। ਸਾਖੀਕਾਰ ਭਾਰਤ ਦੀ ਸਮੁੱਚੀ ਦਿੱਬ-ਪਰੰਪਰਾ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਗੁਰੂ ਨਾਨਕ ਨੂੰ ਇਸ ਕੜੀ ਦਾ ਅਗਲਾ ਪੜਾਅ ਸਵੀਕਾਰ ਕਰਦਾ ਹੈ। ਇਸ ਦੈਵੀ ਰੂਪ ਦੀ ਪਛਾਣ ਦਾ ਆਧਾਰ ਭਾਰਤੀ ਦ੍ਰਿਸ਼ਟੀ ਬਣਦੀ ਹੈ।
ਗੁਰਬਾਣੀ ਸਿੱਖ ਫਲਸਫ਼ੇ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਇਸਦੀ ਪੌਰਾਣਿਕ ਪ੍ਰਕਿਰਤੀ ਵਾਲੀ ਪਹਿਲੀ ਪਰੰਪਰਾਵਾਦੀ ਵਿਆਖਿਆ ਜਨਮਸਾਖੀ ਰਾਹੀਂ ਹੁੰਦੀ ਹੈ। ਬੇਸ਼ੱਕ ਜਨਮਸਾਖੀ ਇਸ ਸਿਰਜਣ-ਪ੍ਰਵਾਹ ਵਿਚ ਬਹੁਤ ਪਿੱਛੋਂ ਦੀ ਰਚਨਾ ਹੈ, ਪਰ ਇਸਦਾ ਸੁਭਾਅ ਪੁਰਾਤਨ ਹੈ। ਜਨਮਸਾਖੀਆਂ ਵਿਚ ਜਿਹੜਾ ਨਾਨਕ ਬਿੰਬ ਸਿਰਜਿਆ ਗਿਆ ਉਸਨੂੰ ਆਧੁਨਿਕ ਯੁੱਗ ਵਿਚ ਬਦਲਣਾ ਸੰਭਵ ਨਹੀਂ ਹੈ। ਜਨਮਸਾਖੀ ਗੁਰੂ ਦੇ ਦੈਵੀ ਰੂਪ ਨੂੰ ਸਿਰਜਦੀ ਹੈ। ਇਹ ਸਿਰਜਣਾ ਗੁਰੂ ਨਾਨਕ ਨੂੰ 1469 ਤੋਂ ਪਾਰ ਫੈਲਾ ਕੇ ਦਿਬ-ਪਰੰਪਰਾ ਨਾਲ ਜਾ ਜੋੜਦੀ ਹੈ : ਬਾਬਾ ਨਾਨਕੁ ਜਨਮਿਆ…। ਅਨਹਦ ਸ਼ਬਦ ਪਰਮੇਸਰੁ ਕੇ ਦਰਬਾਰ ਵਾਜੇ। ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆ। ਚਉਸਠ ਜੋਗਣੀ, ਬਵੰਜਾਹ ਬੀਰ, ਛਿਆਂ ਜਤੀਆਂ, ਚੌਰਾਸੀ ਸਿੱਧਾਂ, ਨਵਾਂ ਨਾਥਾਂ ਨਮਸਕਾਰ ਕੀਆ, ਜੋ ਵੱਡਾ ਭਗਤ ਜਗਤ ਨਿਸਤਾਰਣ ਕਉ ਆਇਆ। ਇਸ ਕਉ ਨਮਸਕਾਰ ਕੀਜੀਐ ਜੀ।’ ਗੁਰੂ ਨਾਨਕ ਦੇ ਜਨਮ ਨਾਲ ਪਰਮੇਸ਼ਰ ਦੇ ਦਰਬਾਰੇ ਅਨਹਦ ਸ਼ਬਦ ਦਾ ਵੱਜਣਾ, ਅਵਤਾਰ ਧਾਰਨ ਨਾਲ ਅਨਹਦ ਸ਼ਬਦ ਦਾ ਵੱਜਣਾ ਗੁਰੂ ਨਾਨਕ ਦਾ ਪਰਮਾਤਮਾ ਨਾਲ ਸਬੰਧ ਜੋੜਦਾ ਹੈ। ਇਹ ਸਭ ਗੁਰੂ ਨਾਨਕ ਨੂੰ ਹਿੰਦੂ ਮਿਥਿਹਾਸ ਅਤੇ ਧਰਮ ਪਰੰਪਰਾਵਾਂ ਦੀਆਂ ਸਾਰੀਆਂ ਸ਼ਕਤੀਆਂ ਨਾਲ ਜੋੜ ਦਿੰਦਾ ਹੈ। ਗੁਰੂ ਨਾਨਕ ਦੇ ਜਨਮ ਨਾਲ ਸਾਰਾ ਬ੍ਰਹਿਮੰਡ ਪ੍ਰਭਾਵਿਤ ਹੁੰਦਾ ਹੈ। ਦੇਵਤੇ ਅਤੇ ਵੱਖ-ਵੱਖ ਸੰਪਰਦਾਵਾਂ ਦੇ ਆਦਰਸ਼ ਪੁਰਖ ਜਦੋਂ ਜਨਮ ਸਮੇਂ ਖ਼ੁਸ਼ੀਆਂ ਮਨਾਉਂਦੇ ਅਤੇ ਨਮਸਕਾਰ ਕਰਦੇ ਹਨ ਤਾਂ ਇਸ ਨਾਲ ਗੁਰੂ ਜੀ ਦੀ ਸਰਵਸ੍ਰੇਸ਼ਟਤਾ ਸਿੱਧ ਹੁੰਦੀ ਹੈ। ਸਾਖੀਕਾਰ ਗੁਰੂ ਸਾਹਿਬ ਦੀ ਵਿਲੱਖਣਤਾ ਨੂੰ ਉਭਾਰਦਾ ਹੋਇਆ ਸਮੁੱਚੀ ਭਾਰਤੀ ਮਿਥਿਹਾਸਕ ਅਤੇ ਅਧਿਆਤਮਕ ਪਰੰਪਰਾ ਦੇ ਪ੍ਰਸੰਗ ਵਿਚ ਉਨ੍ਹਾਂ ਦੇ ਅਵਤਾਰ ਧਾਰਨ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਹੈ। ਅਵਤਾਰ ਧਾਰਨ ਦਾ ਮਕਸਦ ਜਗਤ ਨਿਸਤਾਰਨ ਹੈ- ‘ਸ੍ਰੀ ਸਤਿਗੁਰ ਜਗਤ ਨਿਸਤਾਰਣ ਕਉ ਆਇਆ। ਕਲਿਜੁਗ ਵਿਚਿ ਬਾਬਾ ਨਾਨਕ ਹੋਇ ਜਨਮਿਆ। ਪਾਰਬ੍ਰਹਮ ਕਾ ਨਿੱਜ ਭਗਤ।’ ਜਨਮਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਸਮਾਂ, ਪ੍ਰਕ੍ਰਿਤਕ ਸਥਿਤੀ, ਚੰਨ ਦੀ ਸਥਿਤੀ, ਅੰਮ੍ਰਿਤ ਵੇਲਾ ਆਦਿ ਪਰੰਪਰਾਗਤ ਦ੍ਰਿਸ਼ਟੀ ਅਨੁਸਾਰ ਹੀ ਪੇਸ਼ ਹੋਏ ਹਨ। ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵਿਸਾਖ’ ਅਤੇ ਗਿਆਨੀ ਈਸ਼ਰ ਸਿੰਘ ਨਾਰਾ ਸੋਚ ਦੀ ਪੁਸਤਕ ‘ਵਿਸਾਖ ਨਹੀਂ ਕੱਤਕ’ ਲੋਕ ਵਿਸ਼ਵਾਸਾਂ ਵਿਚੋਂ ਉਪਜੀ ਇਸ ਸੋਚ ਦਾ ਸਿੱਟਾ ਹਨ ਕਿ ਮਹਾਂਪੁਰਸ਼ ਸਦਾ ਪੂਰਨਮਾਸ਼ੀ ਨੂੰ ਹੀ ਜਨਮਦੇ ਹਨ।
ਜਨਮਸਾਖੀਆਂ ਤਕ ਵੈਦਿਕ ਪਰੰਪਰਾ ਤੋਂ ਵੱੱਖਰੀਆਂ ਦਿੱਬ ਪਰੰਪਰਾਵਾਂ ਜਨਮ ਲੈ ਚੁੱਕੀਆਂ ਸਨ। ਤੇਤੀਸ ਕਰੋੜੀ ਦੇਵਤਿਆਂ ਤੋਂ ਇਲਾਵਾ ਦਿੱਬਸ਼ਕਤੀਆਂ ਦੇ ਧਾਰਨੀ ਬੀਰ, ਜਤੀ, ਸਿੱਧ, ਨਾਥ ਵੀ ਸੁਤੰਤਰ ਪਰੰਪਰਾ ਦਾ ਰੂਪ ਧਾਰ ਚੁੱਕੇ ਸਨ। ਦਿੱਬਤਾ ਸਭ ਸੰਪਰਦਾਵਾਂ ਦਾ ਸਾਂਝਾ ਵਿਰਸਾ ਹੈ, ਪਰ ਸੰਪਰਦਾਇਕਤਾ ਉਨ੍ਹਾਂ ਸਭ ਦੀ ਆਪੋ ਆਪਣੀ ਵਿਲੱਖਣਤਾ। ਦੈਵੀ ਸਾਂਝ ਅਤੇ ਸੰਪਰਦਾਇਕ ਵਿਲੱਖਣਤਾ ਦਾ ਤਣਾਉ ਜਨਮਸਾਖੀ ਦਾ ਸੰਰਚਨਾਤਮਕ ਸਿਧਾਂਤ ਹੈ। ਬਾਬਾ ਨਾਨਕ ਇਕੋ ਸਮੇਂ ਦੈਵੀ ਅਤੇ ਸੰਪਰਦਾਇਕ ਸੰਦਰਭ ਵਿਚ ਪ੍ਰਵੇਸ਼ ਕਰਦਾ ਹੈ। ਦੇਵਤੇ, ਬੀਰ, ਜਤੀ, ਸਿੱਧ, ਨਾਥ ਰੱਦ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਨ੍ਹਾਂ ਦੀ ਹੋਂਦ ਜਿਸ ਦਿੱਬ ਸਿਧਾਂਤ ਉੱਪਰ ਆਧਾਰਿਤ ਹੈ, ਉਸੇ ਉੱਪਰ ‘ਪਾਰ ਬ੍ਰਹਮ ਕੇ ਨਿੱਜ ਭਗਤੁ ਬਾਬਾ ਨਾਨਕ’ ਦਾ ਨਾਇਕਤਵ ਉਸਰਿਆ ਹੈ। ਸਾਖੀਕਾਰ ਪੂਰਵ ਸਿਰਜਤ ਦਿੱਬ ਸੰਪਰਦਾਇਕ ਸੰਸਾਰ ਨੂੰ ਨਾ ਤਿਆਗਦਾ ਹੈ, ਨਾ ਉਸ ਵਿਚ ਪ੍ਰਵੇਸ਼ ਕਰਦਾ ਹੈ, ਉਨ੍ਹਾਂ ਪਾਸੋਂ ਆਪਣੇ ਨਾਇਕ ਦੀ ਸਿਰਮੌਰਤਾ ਸਵੀਕਾਰ ਕਰਵਾਉਂਦਾ ਹੈ। ਸਾਖੀਕਾਰ ਆਪਣੇ ਨਾਇਕ ਨੂੰ ਦਿੱਬ ਸਿਰਜਣ ਪਰੰਪਰਾ ਵਿਚ ਸਰਵਪ੍ਰਵਾਨਿਤ ਅਤੇ ਸਰਵਸ੍ਰੇਸ਼ਟ ਰੂਪ ਵਿਚ ਪੇਸ਼ ਕਰਦਾ ਹੈ।
ਸਾਖੀਕਾਰ ਆਪਣੇ ਨਾਇਕ ਦਾ ਚਰਿੱਤਰ ‘ਮੇਰਾ ਨਾਉ ਪਾਰਬ੍ਰਹਮ ਪਰਮੇਸਰੁ, ਅਰ ਤੇਰਾ ਨਾਉਂ ਗੁਰੂ ਪਰਮੇਸਰੁ’ ਰਾਹੀਂ ਸਪੱਸ਼ਟ ਕਰ ਦਿੰਦਾ ਹੈ। ਆਪਣੇ ਨਾਇਕ ਨੂੰ ‘ਗੁਰੂ ਪਰਮੇਸਰੁ’ ਰੂਪ ਵਿਚ ਅਪਣਾ ਕੇ ਸਾਖੀਕਾਰ ਉਸ ਨੂੰ ਸਮਾਜਿਕਤਾ ਤੋਂ ਵਖਰਿਆ ਲੈਂਦਾ ਹੈ। ਜਨਮਸਾਖੀ ਦੇ ਨਾਇਕ ਦਾ ਸੁਭਾਅ ਵੀ ਅਦਵੈਤਵਾਦੀ ਬ੍ਰਹਮ ਵਾਂਗ, ਵਿਜੋਗ ਮੁੱਖ ਹੈ। ਉਹ ਮਾਨਵੀ ਗੁਣਾਂ ਤੋਂ ਵਖਰਿਆਇਆ ਗਿਆ ਹੈ ਅਤੇ ਦੈਵੀ ਗੁਣਾਂ ਨਾਲ ਅਭੇਦ ਕਰ ਦਿੱਤਾ ਗਿਆ ਹੈ। ਜਨਮਸਾਖੀ ਵਿਚ ਮਰਦਾਨਾ, ਸੈਦੋ, ਸੀਹੋ ਜੱਟ, ਹੱਸੂ ਅਤੇ ਸੀਹਾ ਲੁਹਾਰ ਕੁਝ ਸਾਥੀ ਨਾਇਕ ਨਾਲ ਉਦਾਸੀਆਂ ਉੱਪਰ ਤੁਰਦੇ ਹਨ, ਪਰ ਚਾਰ ਕਦਮ ਚੱਲ ਕੇ ਕਿਧਰੇ ਵਿਲੀਨ ਹੋ ਜਾਂਦੇ ਹਨ। ਜਨਮਸਾਖੀਆਂ ਦੇ ਸਾਰੇ ਪਾਤਰਾਂ ਦਾ ਨਾਇਕ ਤੋਂ ਇਲਾਵਾ ਇਕ ਦੂਸਰੇ ਨਾਲ ਕੋਈ ਸਬੰਧ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਸਾਖੀ ਨਾਇਕ ਉਦਾਸੀਆਂ ਤੋਂ ਪਹਿਲੇ ਹੀ ‘ਗੁਰੂ ਪਰਮੇਸਰੁ’ ਦੀ ਉਪਾਧੀ ਧਾਰਨ ਕਰਕੇ ਸਥਿਰ ਚਰਿੱਤਰ ਧਾਰਨ ਕਰ ਲੈਂਦਾ ਹੈ। ਦੂਜੇ ਪਾਤਰ ਗੁਰੂ ਦੇ ਸਿੱਖ ਜਾਂ ਸ਼ਰਧਾਲੂ ਬਣ ਕੇ ਨਵਾਂ ਚਰਿੱਤਰ ਧਾਰਨ ਕਰਦੇ ਹਨ।
ਜਨਮਸਾਖੀਆਂ ਵਿਚ ਮਹਿਤਾ ਕਾਲੂ ਦਾ ਦੁਨੀਆਂਦਾਰ ਹੋਣਾ, ਔਲਾਦ ਪ੍ਰਤੀ ਫ਼ਿਕਰਮੰਦ ਹੋਣਾ, ਪੈਸਾ ਜੋੜਨਾ ਅਤੇ ਘਰੇਲੂ ਜ਼ਿੰਮੇਵਾਰੀਆਂ ਨਿਭਾਉਣਾ ਉਸਦੀ ਸਾਧਾਰਨਤਾ ਨੂੰ ਦਰਸਾਉਣ ਵਾਲੇ ਵੇਰਵੇ ਹਨ। ਬੇਬੇ ਨਾਨਕੀ ਦਾ ਆਪਣੇ ਵੀਰ ਲਈ ਅਥਾਹ ਪਿਆਰ, ਉਸਨੂੰ ਪਿਤਾ ਦੇ ਗੁੱਸੇ ਤੋਂ ਬਚਾਉਣਾ, ਗੁਰੂ ਨਾਨਕ ਦੀ ਦਿੱਬਤਾ ਨੂੰ ਸਮਝਣਾ ਆਦਿ ਵੇਰਵੇ ਬੇਬੇ ਨਾਨਕੀ ਨੂੰ ਸਾਧਾਰਨ ਇਸਤਰੀ ਤੋਂ ਵਿਸ਼ੇਸ਼ ਬਣਾਉਂਦੇ ਹਨ। ਇਸ ਤਰ੍ਹਾਂ ਸਾਖੀਆਂ ਵਿਚ ਪਾਂਧੇ, ਮੁੱਲਾ ਤੇ ਪੰਡਤ ਆਦਿ ਪਾਤਰ ਸਿਰਜੇ ਗਏ ਹਨ। ਭਾਵੇਂ ਇਹ ਸਾਰੇ ਵਿਅਕਤੀ ਆਪਣੇ ਕਸਬ ਦੇ ਮਾਹਰ ਹਨ, ਪਰ ਗੁਰੂ ਜੀ ਦੀ ਵਿਸ਼ੇਸ਼ ਸ਼ਖ਼ਸੀ ਆਭਾ ਤੋਂ ਅਚੰਭਿਤ ਹੋ ਜਾਂਦੇ ਹਨ- ਜਿਸ ਨਾਲ ਗੁਰੂ ਜੀ ਦਾ ਦੈਵੀ ਰੂਪ ਹੋਰ ਨਿੱਖਰਦਾ ਹੈ। ਜਨਮਸਾਖੀਆਂ ਵਿਚ ਗੁਰੂ ਨਾਨਕ ਨੂੰ ਤੇਤੀਸ ਕਰੋੜੀ ਦੇਵਤਿਆਂ, ਬੀਰ, ਜਤੀ, ਸਿੱਧ, ਨਾਥਾਂ ਤੋਂ ਸ੍ਰੇਸ਼ਠ ਮੰਨਿਆ ਗਿਆ ਹੈ। ਉਹ ਜਗਤ ਨਿਸਤਾਰਨ ਲਈ ਅਵਤਾਰ ਧਾਰਦੇ ਹਨ ਅਤੇ ਕਰਾਮਾਤ ਕਰਦੇ ਹਨ। ਗੁਰੂ ਜੀ ਬੋਹੜ ਥੱਲੇ ਬੈਠਦੇ ਹਨ ਤਾਂ ਉਹ ਹਰਾ ਹੋ ਜਾਂਦਾ ਹੈ, ਹੀਰੇ ਮੋਤੀ ਠੀਕਰੀਆਂ ਵਿਚ ਬਦਲ ਜਾਂਦੇ ਹਨ, ਉਹ ਸਮੁੰਦਰ ਉੱਪਰ ਤੁਰਦੇ ਹਨ, ਖੇਤ ਹਰਾ ਭਰਾ ਹੋ ਜਾਂਦਾ ਹੈ, ਬ੍ਰਿਛ ਦੀ ਛਾਂ ਸਥਿਰ ਹੋ ਜਾਂਦੀ ਹੈ, ਹਾਥੀ ਮੁੜ ਜ਼ਿੰਦਾ ਹੋ ਜਾਂਦਾ ਹੈ, ਮੋਹਰਾਂ ਦੇ ਕੋਲੇ ਬਣ ਜਾਂਦੇ ਹਨ ਤੇ ਸੂਲੀ ਸੂਲ ਵਿਚ ਬਦਲ ਜਾਂਦੀ ਹੈ, ਪੈਰ ਘੁੰਮਾਉਣ ਨਾਲ ਮੱਕਾ ਘੁੰਮ ਜਾਂਦਾ ਹੈ, ਦੇਹ ਫੁੱਲਾਂ ਵਿਚ ਬਦਲ ਜਾਂਦੀ ਹੈ। ਗੁਰੂ ਨਾਨਕ ਨਾ ਤਾਂ ਨਾਮਣਾ ਖੱਟਣ ਲਈ ਕਰਾਮਾਤ ਕਰਦੇ ਹਨ, ਨਾ ਦੂਜੇ ਸੰਪਰਦਾਇ ਪ੍ਰਤੀਨਿਧ ਦਾ ਨੁਕਸਾਨ ਕਰਨ ਲਈ ਸਗੋਂ ਉਨ੍ਹਾਂ ਦਾ ਕਰਾਮਾਤੀ ਕਾਰਜ ਗਹਿਰ ਗੰਭੀਰ ਅਤੇ ਪ੍ਰਭਾਵਸ਼ਾਲੀ ਹੈ। ਗੁਰੂ ਨਾਨਕ ਆਪ ਕਰਾਮਾਤ ਨਹੀਂ ਕਰਦੇ ਸਗੋਂ ਕਰਾਮਾਤ ਪਰਮਾਤਮਾ ਦੀ ਮਰਜ਼ੀ ਨਾਲ ਵਾਪਰਦੀ ਹੈ। ਰੱਬੀ ਕਰਾਮਾਤ ਗੁਰੂ ਦੇ ਹਿੱਤ ਵਿਚ ਜਾਂਦੀ ਹੈ। ਇਸਦੇ ਫਲਸਰੂਪ ਗੁਰੂ ਜੀ ਦਿੱਬਸਰੂਪ ਜਾਪਦੇ ਹਨ। ਸਾਧਾਰਨ ਮਨੁੱਖ ਇਸ ਅਦਭੁੱਤ ਕਾਰਜ ਨੂੰ ਕਰਾਮਾਤ ਜਾਂ ਕ੍ਰਿਸ਼ਮਾ ਸਮਝਦਾ ਹੈ। ਕਰਾਮਾਤ ਗੁਰੂ ਨਾਨਕ ਲਈ ਮਹੱਤਵਪੂਰਨ ਨਹੀਂ। ਕਰਾਮਾਤ ਅਸਲ ਵਿਚ ਗੁਰੂ ਨਾਨਕ ਦੇ ਦੈਵੀ ਚਰਿੱਤਰ ਨੂੰ ਪੇਸ਼ ਕਰਨ ਦਾ ਇਕ ਸਾਧਨ ਹੈ। ਗੁਰੂ ਨਾਨਕ ਦੀ ਦਿੱਬ ਦ੍ਰਿਸ਼ਟੀ ਇਸ ਗੱਲ ਵਿਚ ਵਿਦਮਾਨ ਹੈ ਕਿ ਉਨ੍ਹਾਂ ਦੇ ਸਾਰੇ ਕਾਰਜ ਹੰਕਾਰਹੀਣ, ਵਿਖਾਵੇ ਤੋਂ ਰਹਿਤ ਹਨ। ਇਨ੍ਹਾਂ ਦਾ ਮੂਲ ਮੰਤਵ ਸਰਬੱਤ ਦਾ ਭਲਾ ਹੈ।
ਜਨਮਸਾਖੀਆਂ ਵਿਚ ਗੁਰੂ ਨਾਨਕ ਦੀ ਦਿੱਬ ਦ੍ਰਿਸ਼ਟੀ ਨੂੰ ਪੇਸ਼ ਕਰਨ ਵਾਲੀ ਦੂਜੀ ਕਾਰਜੀ ਜੁਗਤ ਉਨ੍ਹਾਂ ਦੇ ਮੂੰਹੋਂ ਉਚਾਰੀ ਬਾਣੀ ਹੈ। ਗੁਰੂ ਸਾਹਿਬ ਬ੍ਰਹਮ ਗਿਆਨੀ ਹਨ। ਉਨ੍ਹਾਂ ਨੂੰ ਸਭ ਸ਼ਾਸਤਰਾਂ ਦਾ ਗਿਆਨ ਹੈ। ਉਨ੍ਹਾਂ ਨੇ ਸਭ ਕੁਝ ਪੜ੍ਹਿਆ ਹੋਇਆ ਹੈ। ਉਨ੍ਹਾਂ ਦਾ ਆਤਮ-ਚਿੰਤਨ ਕਾਵਿਮਈ ਬਾਣੀ ਰਾਹੀਂ ਵਿਦਮਾਨ ਹੁੰਦਾ ਹੈ। ਬਾਣੀ ਉਨ੍ਹਾਂ ਲਈ ਸਿੱਖ ਮਤ ਦੇਣ, ਬ੍ਰਹਮ ਦੀ ਸਿੱਖਿਆ ਸੰਚਾਰਨ ਅਤੇ ਜਗਤ ਨਿਸਤਾਰਨ ਦਾ ਸਾਧਨ ਹੈ। ਬਾਣੀ ਚਰਿੱਤਰ ਵਿਚ ਦੈਵੀ ਗੁਣਾਂ ਦਾ ਪਾਸਾਰ ਹੈ। ਗੁਰੂ ਨਾਨਕ ਰੱਬੀ ਉਪਦੇਸ਼ ਦੇਣ ਦਾ ਪੈਗੰਬਰੀ ਕਾਰਜ ਕਰਦੇ ਹਨ। ਅਦਭੁੱਤ ਘਟਨਾ ਪ੍ਰਸੰਗ ਪਿੱਛੋਂ ਗੁਰੂ ਜੀ ਬਾਣੀ ਪਾਠ ਰਾਹੀਂ ਜਗਤ ਨਿਸਤਾਰਨ ਦਾ ਕਾਰਜ ਕਰਦੇ ਹਨ। ਇੰਜ ਗੁਰਬਾਣੀ ਸਹਿਜ ਰੂਪ ਵਿਚ ਕਰਾਮਾਤੀ ਕਾਰਜ ਕਰਦੀ ਹੈ। ਬਾਣੀ ਜਨਮਸਾਖੀਆਂ ਵਿਚ ਮੰਤਰ ਜੁਗਤ ਦਾ ਰੂਪ ਹੈ, ਜਿਸ ਰਾਹੀਂ ਕਰਾਮਾਤੀ ਕਾਰਜ ਹੁੰਦੇ ਹਨ। ਗੁਰਬਾਣੀ ਦੇ ਪਾਠ ਰਾਹੀਂ ਜਨਮਸਾਖੀ ਦਾ ਨਾਇਕ ਸਹਿਜ ਰੂਪ ਵਿਚ ਚਮਤਕਾਰੀ ਬਣ ਜਾਂਦਾ ਹੈ। ਜਿਸ ਨਾਲ ਸਮਾਜ ਦੇ ਹਨੇਰੇ ਵਿਚ ਭਟਕਦੇ ਕਰਮਕਾਂਢੀ, ਅਗਿਆਨੀ, ਠੱਗ, ਚੋਰ, ਕਪਟੀ ਮਨੁੱਖ ਸਿੱਧੇ ਮਾਰਗ ’ਤੇ ਚੱਲਦੇ ਹਨ। ਜਨਮਸਾਖੀਆਂ ਵਿਚ ਇਕ ਪਾਸੇ ਵੈਦਿਕ ਪਰੰਪਰਾ ਅਤੇ ਦੂਜੇ ਪਾਸੇ ਪੌਰਾਣਿਕ ਸਾਹਿਤ ਨੂੰ ਛੋਹਿਆ ਗਿਆ ਹੈ।
ਜਨਮਸਾਖੀਆਂ ਵਿਚ ਨਾਇਕ ਦੀ ਦਿੱਬਤਾ ਉਪਰੰਤ ਜਗਤ ਨਿਸਤਾਰਨ ਦਾ ਕਾਰਜ ਆਰੰਭ ਹੁੰਦਾ ਹੈ ਜੋ ਮਾਨਵ ਦੀ ਪ੍ਰਕਿਰਤਕ ਸਥਿਤੀ ਨਾਲ ਸਬੰਧਤ ਹੈ। ਜਨਮਸਾਖੀ ਦੇ ਰਚੇਤਾ ਦੇ ਅਵਚੇਤਨ ਵਿਚ ਵਡੱਪਣ ਦਾ ਸੰਕਲਪ ਦੇਵਤਿਆਂ ਵਾਲਾ ਹੈ ਜੋ ਕਰਾਮਾਤਾਂ ਨਾਲ ਮਨੁੱਖ ਜਾਤੀ ਨੂੰ ਅਚੰਭਤ ਕਰਦੇ ਹਨ। ਇਸੇ ਕਰਕੇ ਸਾਖੀਕਾਰ ਅਚੇਤ ਹੀ ਗੁਰੂ ਨਾਨਕ ਨੂੰ ਇਕ ਅਵਤਾਰ/ਪੈਗੰਬਰ ਵਜੋਂ ਪੇਸ਼ ਕਰਦਾ ਹੈ। ਜਨਮਸਾਖੀਆਂ ਦੀ ਵਿਲੱਖਣਤਾ ਸਮੂਹਿਕ ਅਵਚੇਤਨ ਨਾਲ ਇਕਸੁਰ ਹੋਣ ਅਤੇ ਸੁਹਜ-ਦ੍ਰਿਸ਼ਟੀ ਨੂੰ ਜਿਊਂਦਾ ਰੱਖਣ ਵਿਚ ਹੈ। ਆਧੁਨਿਕ ਜੀਵਨ-ਦਰਸ਼ਨ ਮਿਥ, ਧਰਮ ਅਤੇ ਕਲਾ ਨੂੰ ਇਕਹਿਰੇ ਰੂਪ ਵਿਚ ਵੇਖਣ ਦਾ ਆਦੀ ਹੈ। ਇਸ ਦ੍ਰਿਸ਼ਟੀ ਤੋਂ ਜਨਮਸਾਖੀਆਂ ਦਾ ਅਧਿਐਨ ਇਕ ਵਿਸ਼ੇਸ਼ ਪ੍ਰਕਾਰ ਦੀ ਵਿਧੀ ਅਨੁਸਾਰ ਹੋਇਆ। ਇਹ ਦ੍ਰਿਸ਼ਟੀ ਆਪਣੇ ਤਰਕ ਦੀ ਮਦਦ ਰਾਹੀਂ ਅਣਮੇਲਵੇਂ ਤੇ ਅਸੰਗਤ ਪਰਿਪੇਖਾਂ ਨੂੰ ਜੋੜਨ ਅਤੇ ਪੂਰਵ-ਨਿਸ਼ਚਤ ਧਾਰਨਾਵਾਂ ਨੂੰ ਸਥਾਪਤ ਕਰਨ ਦੇ ਆਹਰ ਵਿਚ ਲੱਗੀ ਰਹੀ। ਮੈਕਲੋਡ ਆਪਣੀ ਪੁਸਤਕ ‘ਗੁਰੂ ਨਾਨਕ ਐਂਡ ਦਿ ਸਿੱਖ ਰਿਲੀਜ਼ਨ’ ਦੀ ਭੂਮਿਕਾ ਵਿਚ ਲਿਖਦਾ ਹੈ ਕਿ ਜਨਮਸਾਖੀਆਂ ਗੁਰੂ ਨਾਨਕ ਦੇ ਜੀਵਨ ਚਿਤਰਨ ਵਾਸਤੇ ਕੋਈ ਭਰੋਸੇਯੋਗ ਸੋਮਾ ਨਹੀਂ ਹਨ। ਪੰਜਾਬੀ ਦੇ ਬਹੁਤੇ ਵਿਦਵਾਨ ਇਨ੍ਹਾਂ ਧਾਰਨਾਵਾਂ ਦੇ ਹੱਕ ਜਾਂ ਵਿਰੋਧ ਵਿਚ ਯੋਜਨਾਬੱਧ ਢੰਗ ਨਾਲ ਆਪਣਾ ਸੁਰ ਉਚਾਰਦੇ ਰਹੇ। ਇਸੇ ਕਰਕੇ ਉਹ ਜਨਮਸਾਖੀਆਂ ਦੇ ਸੱਚ ਨੂੰ ਪਛਾਣਨ ਤੋਂ ਖੁੰਝ ਜਾਂਦੇ ਹਨ। ਉਹ ਜਨਮਸਾਖੀਆਂ ਵਿਚੋਂ ਇਤਿਹਾਸ ਲੱਭਦੇ ਹਨ ਜਾਂ ਤੱਥ। ਤੱਥ ਸੱਚ ਦੀ ਪਛਾਣ ਦਾ ਇਕੋ ਇਕ ਆਧਾਰ ਨਹੀਂ ਹੈ। ਇਹ ਪ੍ਰਾਪਤੀ ਨਾ ਹੋਣ ਕਰਕੇ ਉਹ ਜਨਮਸਾਖੀਆਂ ਨੂੰ ਤਰਕਹੀਣ ਅਤੇ ਗੁਰਬਾਣੀ ਦੇ ਆਸ਼ੇ ਦੇ ਵਿਪਰੀਤ ਮੰਨ ਲੈਂਦੇ ਹਨ। ਜਨਮਸਾਖੀਆਂ ਵਿਚ ਬਾਬਾ ਨਾਨਕ ਵੇਲੇ ਦੀ ਰਾਜਨੀਤਕ, ਆਰਥਿਕ ਅਤੇ ਸਮਾਜਿਕ ਵਿਵਸਥਾ ਦੇ ਸ਼ਿਕਾਰ ਮਨੁੱਖਾਂ ਨੂੰ ਮਾਨਵੀ ਗੌਰਵ ਅਤੇ ਸਵੈਮਾਣ ਦੇ ਸਦੀਵੀ ਪ੍ਰੇਰਨਾ ਸਰੋਤਾਂ ਨਾਲ ਜੁੜਨ ਦੀ ਚੇਤਨਾ ਜਗਾਉਂਦਾ ਹੈ। ਦਮਨ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਬਾਬਾ ਨਾਨਕ ਤਤਕਾਲੀਨ ਭਾਰਤੀ ਸਮਾਜ ਵਿਚ ਪ੍ਰਚੱਲਿਤ ਬ੍ਰਾਹਮਣਵਾਦੀ ਕਰਮਕਾਂਢਾਂ ਅਤੇ ਜਾਤੀ ਪ੍ਰਥਾ ਦੇ ਮਾਨਵ ਵਿਰੋਧੀ ਕਿਰਦਾਰ ਨੂੰ ਵੀ ਉਘਾੜਦਾ ਹੈ। ਧਾਰਮਿਕ ਸਹਿਣਸ਼ੀਲਤਾ, ਆਰਥਿਕ ਬਰਾਬਰੀ ਅਤੇ ਸਮਾਜਿਕ ਨਿਆਂ ਦਾ ਪੱਖ ਪੂਰਨ ਵਾਲਾ ਇਹ ਪ੍ਰਵਚਨ ਹਕੀਕੀ ਅਰਥਾਂ ਵਿਚ ਬ੍ਰਹਿਮੰਡੀ ਪ੍ਰਵਚਨ ਬਣ ਕੇ ਉਜਾਗਰ ਹੁੰਦਾ ਹੈ। ਨਸਲੀ ਵਿਤਕਰਾ, ਰੰਗ ਭੇਦ ਦੀ ਲੁਕਵੀ ਜਾਂ ਪ੍ਰਗਟ ਨੀਤੀ ਅਤੇ ਜਾਤੀ ਉਤਮਤਾ ਮਨੁੱਖਾਂ ਵਿਚਕਾਰ ਮਸਨੂਈ ਵੰਡੀਆਂ ਪਾ ਕੇ ਵਿਭਿੰਨ ਭਾਈਚਾਰਿਆਂ ਨੂੰ ਨਾਬਰਾਬਰੀ ਅਤੇ ਵਿਤਕਰੇ ਦਾ ਸ਼ਿਕਾਰ ਬਣਾਉਂਦੀ ਹੈ। ਬਾਬਾ ਨਾਨਕ ਵਰਣ-ਵਿਵਸਥਾ ਜਾਂ ਜਾਤੀ ਪ੍ਰਥਾ ਨੂੰ ਅਧਿਆਤਮਕ ਧਰਾਤਲ ਉੱਪਰ ਰੱਦ ਕਰਦਿਆਂ ਮਨੁੱਖ ਦੀ ਬਰਾਬਰੀ ਅਤੇ ਭਾਈਚਾਰਕ ਸਾਂਝ ਦਾ ਸੰਕਲਪ ਪੇਸ਼ ਕਰਦਾ ਹੈ। ਇਸ ਵਿਚ ਜਾਤੀ ਦੀ ਥਾਂ ਜੋਤਿ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿਚ ਹਰ ਭਾਈਚਾਰੇ ਦੀ ਜੀਵਨ-ਜਾਚ ਦਾ ਆਦਰ ਕਰਦਿਆਂ ਉਸ ਨਾਲ ਬਰਾਬਰੀ ਦੇ ਧਰਾਤਲ ’ਤੇ ਸੰਵਾਦ ਰਚਾਉਣ ਦੀ ਚੇਸ਼ਟਾ ਕੀਤੀ ਗਈ ਹੈ। ਭਿੰਨਤਾਵਾਂ ਅਤੇ ਵਿਲੱਖਣਤਾਵਾਂ ਦਾ ਆਦਰ ਕਰਨ ਵਾਲੀ ਇਹ ਦ੍ਰਿਸ਼ਟੀ ਉਤਰ-ਆਧੁਨਿਕ ਸੋਚ ਦੀ ਬਿਹਤਰੀਨ ਮਿਸਾਲ ਮੰਨੀ ਜਾ ਸਕਦੀ ਹੈ। ਗੁਰੂ ਨਾਨਕ ਨੂੰ ਧਰਤੀ ਦੇ ਸਮੁੱਚੇ ਧਾਰਮਿਕ ਅਭਿਆਸ ਅਤੇ ਅਧਿਆਤਮਕ ਧਾਰਾਵਾਂ ਦੇ ਪ੍ਰਸੰਗ ਵਿਚ ਵੇਖਣ ਦੀ ਜ਼ਰੂਰਤ ਹੈ। ਇਸੇ ਦ੍ਰਿਸ਼ਟੀ ਨਾਲ ਗਿਆਨ ਦੇ ਨਵੇਂ ਪਾਸਾਰ, ਡੂੰਘਾਈਆਂ ਅਤੇ ਗੁਰੂ ਨਾਨਕ ਦੇ ਜਨਮਸਾਖੀ ਬਿੰਬ ਨੂੰ ਪਛਾਣਿਆ ਜਾ ਸਕਦਾ ਹੈ।

ਸੰਪਰਕ: 99150-22091

ਭੈਣ ਦਾ ਪਿਆਰ

ਬੈਠੀ ਤਲਵੰਡੀ ਵਿੱਚ ਭੈਣ ਸੋਹਣੇ ਵੀਰ ਦੀ,
ਜ਼ਿਮੀਂ ਉੱਤੇ ਮੁੜ ਮੁੜ ਔਂਸੀਆਂ ਲਕੀਰ ਦੀ।
ਪੂਜਾ ਪਈ ਏ ਕਰਦੀ ਖ਼ਿਆਲੀ ਤਸਵੀਰ ਦੀ,
ਹੰਝੂਆਂ ਦੇ ਸਾਗਰ ਖ਼ਿਆਲਾਂ ਨਾਲ ਚੀਰ ਦੀ।
ਚੌਂਕੇ ਵਿਚ ਬੈਠੀ ਬੈਠੀ, ਗੱਲਾਂ ਕਰੇ ਮਨ ਨਾਲ
ਰੱਬਾ ਕਿਵੇਂ ਮੇਲ ਹੋਵੇ ਚੌਧਵੀਂ ਦੇ ਚੰਨ ਨਾਲ
… … …
ਓਸ ਪਾਸੇ ਤਵੇ ਉੱਤੇ ਰੋਟੀ ਪਈ ਪੱਕਦੀ,
ਭੈਣ ਸੋਹਦੀ ਮੁੜ ਮੁੜ ਬੂਹੇ ਵੱਲ ਏ ਤੱਕਦੀ।
ਹੰਝੂਆਂ ਨੂੰ ਟੇਰ-ਟੇਰ ਸੇਕ ਪਈ ਏ ਡੱਕਦੀ,
ਭੁੱਖੀ ਏ ਪ੍ਰੇਮ ਦੀ ਨਾ ਥੱਕਦੀ ਨਾ ਅੱਕਦੀ।
ਫੁਲਕਾ ਜਾਂ ਤਵੇ ਉੱਤੇ ਹੋ ਗਿਆ ਤਿਆਰ ਏ,
ਕਿਸੇ ਕਿਹਾ ਬੂਹੇ ਉੱਤੇ ਸਤਿਕਰਤਾਰ ਏ।
-ਤੇਜਾ ਸਿੰਘ ਸਾਬਰ


Comments Off on ਗੁਰੂ ਨਾਨਕ: ਜਨਮਸਾਖੀ ਬਿੰਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.