ਟ੍ਰਿਬਿਊਨ ਨਿਊਜ਼ ਸਰਵਿਸ
ਐੱਸਏਐੱਸ ਨਗਰ (ਮੁਹਾਲੀ), 21 ਨਵੰਬਰ
ਜ਼ਿਲ੍ਹਾ ਮੁਹਾਲੀ ਦੇ ਪਿੰਡ ਮੱਛਲੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ ਗਏ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਛੇਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਇੰਚਾਰਜ ਸਰਬਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਭਾਸ਼ਾ ਦੀ ਬੋਲ ਲਿਖਤ, ਮੌਲਿਕ ਲਿਖਤ, ਗਣਿਤ ਅਤੇ ਸਾਇੰਸ ਵਿਸ਼ੇ ਦੇ ਕੁਇਜ਼, ਅੰਗਰੇਜ਼ੀ ਸ਼ਬਦਾਂ ਦੀ ਡਿਕਟੇਸ਼ਨ, ਸੁੰਦਰ ਲਿਖਾਈ ਅਤੇ ਇਤਿਹਾਸ ਦੇ ਨਕਸ਼ੇ ਭਰਨ ਦੇ ਮੁਕਾਬਲੇ ਕਰਵਾਏ ਗਏ। ਉਚੇਰੀ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤੀ ਇਮਤਿਹਾਨਾਂ ਦੇ ਅਭਿਆਸ ਵਜੋਂ 120 ਅੰਕਾਂ ਦਾ ਕੈਟ ਟੈਸਟ ਵੀ ਲਿਆ ਗਿਆ। ਸਾਇੰਸ ਪ੍ਰਦਰਸ਼ਨੀ ਦੌਰਾਨ ਚਾਰਟਾਂ ਅਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ਼ਬਦ ਗਾਇਨ, ਕੋਰੀਓਗ੍ਰਾਫੀ ਅਤੇ ਧਾਰਮਿਕ ਗੀਤਾਂ ਰਾਹੀਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਅਧਿਆਪਕਾ ਸੁਨੀਤਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਇਕਾਂਗੀ ‘ਦੂਜਾ ਵਿਆਹ’ ਰਾਹੀਂ ਸਮਾਜਿਕ ਕੁਰੀਤੀਆਂ ’ਤੇ ਚੋਟ ਕੀਤੀ ਗਈ। ਹਿੰਦੀ ਅਧਿਆਪਕਾ ਸ੍ਰੀਮਤੀ ਮੋਨਿਕਾ ਵਲੋਂ ਤਿਆਰ ਕਰਵਾਈ ਗਈ ਕੋਰੀਓਗ੍ਰਾਫੀ ਨੂੰ ਵਿਦਿਆਰਥੀਆਂ ਨੇ ਬਾਖੂਬੀ ਪੇਸ਼ ਕੀਤਾ। ਪ੍ਰਿੰਸੀਪਲ ਨਵੀਨ ਗੁਪਤਾ ਨੇ ਵਿਦਿਆਰਥੀਆਂ ਨੂੰ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ਪ੍ਰੋਗਰਾਮ ਦੀ ਸਮਾਪਤੀ ਮਗਰੋਂ ਵਿਦਿਆਰਥੀਆਂ ਨੇ ਲੰਗਰ ਛਕਿਆ।