ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਖ਼ੂਬਸੂਰਤ ਪੰਛੀ ਕਿਰਮਚੀ ਨੜੀ

Posted On November - 16 - 2019

ਗੁਰਮੀਤ ਸਿੰਘ*

ਕਿਰਮਚੀ ਨੜੀ ਸਭ ਤੋਂ ਖ਼ੂਬਸੂਰਤ ਅਤੇ ਰੰਗੀਨ ਲੰਮੀਆਂ ਲੱਤਾਂ ਵਾਲੇ ਜਲ ਪੰਛੀਆਂ ਵਿਚੋਂ ਇਕ ਹੈ। ਇਸ ਨੂੰ ਅੰਗਰੇਜ਼ੀ ਵਿਚ ‘The purple heron (Ardea purpurea)’ ਨਾਲ ਜਾਣਿਆ ਜਾਂਦਾ ਹੈ। ਹਿੰਦੀ ਵਿਚ ਇਸ ਨੂੰ ਲਾਲ ਅੰਜਨ ਕਿਹਾ ਜਾਂਦਾ ਹੈ। ਇਹ ਸਲੇਟੀ ਨੜੀ ਦੀ ਤਰ੍ਹਾਂ ਲੱਗਦਾ ਹੈ, ਪਰ ਇਹ ਆਕਾਰ ਵਿਚ ਛੋਟਾ ਹੈ। ਇਸਦੀ ਸੱਪ ਵਰਗੀ ਗਰਦਨ ਅਤੇ ਗੂੜ੍ਹਾ ਲਾਲ ਤੇ ਬਦਾਮੀ ਰੰਗ ਇਸ ਨੂੰ ਇਕ ਵੱਖਰੀ ਪਛਾਣ ਦਿੰਦਾ ਹੈ। ਇਸ ਪਰਿਵਾਰ ਦੇ ਪੰਛੀ ਲੰਮੀਆਂ ਲੱਤਾਂ ਅਤੇ ਨਿੱਖੜੀਆਂ ਹੋਈਆਂ ਨਹੁੰਦਰਾਂ ਵਾਲੇ ਹੁੰਦੇ ਹਨ। ਇਨ੍ਹਾਂ ਦੀ ਪਿੰਜਣੀ ਦੀ ਹੱਡੀ ’ਤੇ ਬੜਾ ਘੱਟ ਮਾਸ ਹੁੰਦਾ ਹੈ। ਗਰਦਨ ਲੰਮੀ ਪਤਲੀ, ਲਚਕਦਾਰ ਤੇ ਅੰਗਰੇਜ਼ੀ ਦੇ ਅੱਖਰ ਐੱਸ (s) ਵਰਗੀ ਹੁੰਦੀ ਹੈ। ਇਸਦੀ ਚੁੰਝ ਬਰਛੀ ਵਰਗੀ ਤਿੱਖੀ, ਸਿੱਧੀ ਅਤੇ ਮਜ਼ਬੂਤ ਹੁੰਦੀ ਹੈ ਅਤੇ ਸਿਰ ਪਤਲਾ ਹੁੰਦਾ ਹੈ। ਕਿਰਮਚੀ ਨੜੀ ਦੇ ਸਿਰ ਦੇ ਪਿਛਲੇ ਸਿਰੇ ’ਤੇ ਲੰਮੀ, ਕਾਲੀ ਕਲਗੀ, ਸੀਨੇ ’ਤੇ ਕਾਲੀਆਂ ਧਾਰੀਆਂ ਵਾਲੇ ਚਿੱਟੇ ਖੰਭਾਂ ਦੀ ਲੰਮੀ ਲੀਕ ਅਤੇ ਗਰਦਨ ਦੇ ਅਗਲੇ ਹਿੱਸੇ ’ਤੇ ਕਾਲੀਆਂ ਬਿੰਦੀਆਂ ਵਾਲੀ ਲੀਕ ਇਸ ਦੀ ਪਛਾਣ ਨੂੰ ਦਰਸਾਉਂਦੀ ਹੈ। ਇਸ ਦੀ ਮਾਦਾ ਵੀ ਇਸੇ ਤਰ੍ਹਾਂ ਦੀ ਹੁੰਦੀ ਹੈ, ਪਰ ਉਸਦੀ ਛਾਤੀ ਦੇ ਵਾਲ ਅਤੇ ਕਲਗੀ ਘੱਟ ਵਧੇ ਹੋਏ ਹੁੰਦੇ ਹਨ। ਇਸ ਦਾ ਸੁੱਕੇ ਘਾਹ- ਫੂਸ ਨਾਲ ਮਿਲਦਾ ਰੰਗ ਹੋਣ ਕਾਰਨ ਹਰ ਕਿਸੇ ਨੂੰ ਇਸਨੂੰ ਲੱਭਣਾ ਔਖਾ ਹੁੰਦਾ ਹੈ। ਇਹ ਪੰਛੀ ਸਵੇਰੇ ਅਤੇ ਸ਼ਾਮ ਵੇਲੇ ਸਭ ਤੋਂ ਵੱਧ ਚੁਸਤ ਹੁੰਦਾ ਹੈ। ਇਹ ਦਿਨ ਅਤੇ ਰਾਤ ਦੇ ਮੱਧ ਵਿਚ ਹੋਰ ਪੰਛੀਆਂ ਨਾਲ ਟਿਕਾਣਾ ਲੱਭ ਕੇ ਰਹਿੰਦਾ ਹੈ। ਜਦੋਂ ਇਸਨੂੰ ਖਾਣ-ਪੀਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਦੂਰ ਤਕ ਨਿਕਲ ਜਾਂਦਾ ਹੈ। ਕਿਰਮਚੀ ਨੜੀ ਲੰਬੀ ਦੂਰੀ ’ਤੇ ਯਾਤਰਾ ਲਈ ਬਾਕੀ ਸਾਥੀਆਂ ਨਾਲ ਅੰਗਰੇਜ਼ੀ ਦੇ ਅੱਖਰ (V) ‘ਵੀ-ਆਕਾਰ’ ਵਿਚ ਉੱਡਦਾ ਹੈ।
ਇਸ ਦੀ ਲੰਬਾਈ 80-90 ਸੈਂਟੀਮੀਟਰ ਅਤੇ ਭਾਰ 600 ਤੋਂ 1400 ਗ੍ਰਾਮ ਹੁੰਦਾ ਹੈ। ਇਹ ਪੰਛੀ ਹੌਲੀ-ਹੌਲੀ ਗਰਦਨ ਪਿੱਛੇ ਕਰਕੇ ਉੱਡਦਾ ਹੈ। ਇਸ ਦੀ ਉਮਰ 25 ਸਾਲ ਦੇ ਲਗਪਗ ਹੁੰਦੀ ਹੈ। ਕਿਰਮਚੀ ਨੜੀ ਸ਼ਾਂਤ ਸੁਭਾਅ ਵਾਲਾ ਪੰਛੀ ਹੈ ਅਤੇ ਇਸ ਦੀ ਉਡਾਣ ਸਲੇਟੀ ਨੜੀ ਨਾਲ ਮਿਲਦੀ ਹੈ। ਕਿਰਮਚੀ ਨੜੀ ਮਾਸਾਹਾਰੀ ਹੈ, ਇਸ ਲਈ ਇਹ ਸ਼ਿਕਾਰ ਕਰਨ ਵਾਲੇ ਪੰਛੀਆਂ ਵਿਚ ਆਉਂਦਾ ਹੈ। ਇਹ ਮੱਛੀਆਂ, ਚੂਹੇ, ਡੱਡੂ ਅਤੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਹ ਹੌਲੀ ਹੌਲੀ ਉਨ੍ਹਾਂ ਨੂੰ ਚਕਮਾ ਦੇ ਕੇ ਜਾਂ ਇਕ ਲੱਤ ’ਤੇ ਖੜ੍ਹਾ ਹੋ ਕੇ ਜਾਂ ਸਰਕੰਡੇ ਓਹਲੇ ਲੁਕ ਕੇ ਸ਼ਿਕਾਰ ਫੜਦਾ ਹੈ। ਇਹ ਆਪਣੀ ਚੂੰਜ ਨੂੰ ਪਾਣੀ ਦੇ ਨੇੜੇ ਰੱਖਦਾ ਹੈ ਅਤੇ ਮੱਛੀ ਦਿਖਣ ’ਤੇ ਹੀ ਗਰਦਨ ਅਤੇ ਸਿਰ ਹਿਲਾ ਕੇ ਮੱਛੀਆਂ ਨੂੰ ਨਿਗਲ ਲੈਂਦਾ ਹੈ।
ਇਸ ਨੜੀ ਦੀ ਕਿਸਮ ਆਮ ਤੌਰ ’ਤੇ ਕਾਲੋਨੀਆਂ ਵਿਚ ਪ੍ਰਜਣਨ ਕਰਦੀ ਹੈ। ਮਾਦਾ ਸੁੱਕੇ ਰੁੱਖ ਜੋ ਪਾਣੀ ਸਰੋਤਾਂ ਦੇ ਕੰਢੇ ਜਾਂ ਸੰਘਣੀ ਬਨਸਪਤੀ ਵਿਚ ਹੋਣ, ਉਨ੍ਹਾਂ ’ਤੇ ਆਲ੍ਹਣੇ ਵਿਚ ਆਂਡੇ ਦਿੰਦੀ ਹੈ। ਆਂਡਿਆਂ ਦਾ ਰੰਗ ਨੀਲਾ-ਹਰਾ ਹੁੰਦਾ ਹੈ। ਬੱਚੇ ਚਾਰ ਹਫ਼ਤਿਆਂ ਬਾਅਦ ਆਂਡਿਆਂ ਵਿਚੋਂ ਬਾਹਰ ਨਿਕਲਦੇ ਹਨ ਅਤੇ ਲਗਪਗ ਛੇ ਹਫ਼ਤਿਆਂ ਬਾਅਦ ਉਡਾਰੀ ਮਾਰ ਦਿੰਦੇ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910


Comments Off on ਖ਼ੂਬਸੂਰਤ ਪੰਛੀ ਕਿਰਮਚੀ ਨੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.