ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਟੱਲੇਵਾਲ ਤੇ ਜੈਤੋ ਥਾਣਿਆਂ ਅੱਗੇ ਧਰਨੇ

Posted On November - 8 - 2019

ਥਾਣਾ ਜੈਤੋ ਅੱਗੇ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਜਥੇਬੰਦੀ ਦੇ ਵਰਕਰ।

ਲਖਵੀਰ ਸਿੰਘ ਚੀਮਾ
ਟੱਲੇਵਾਲ, 7 ਨਵੰਬਰ
ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਕਿਸਾਨ ਯੂਨੀਅਨ ਨੇ ਥਾਣੇ ਦਾ ਘਿਰਾਓ ਕਰ ਲਿਆ। ਜਾਣਕਾਰੀ ਅਨੁਸਾਰ ਭੋਤਨਾ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਆਏ ਅਧਿਕਾਰੀਆਂ ਦੇ ਘਿਰਾਓ ਮਾਮਲੇ ਵਿੱਚ ਟੱਲੇਵਾਲ ਦੀ ਪੁਲੀਸ ਨੇ 3 ਕਿਸਾਨ ਆਗੂਆਂ ‘ਤੇ ਕੇਸ ਦਰਜ ਕੀਤਾ ਸੀ।
ਇਸ ਸਬੰਧੀ ਇੱਕ ਆਗੂ ਸੰਦੀਪ ਸਿੰਘ ਚੀਮਾ ਨੂੰ ਪੁਲੀਸ ਨੇ ਅੱਜ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਜਿਸਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨ ਆਗੂਆਂ ਨੇ ਥਾਣੇ ਦਾ ਘਿਰਾਓ ਕਰ ਲਿਆ ਅਤੇ ਗ੍ਰਿਫ਼ਤਾਰ ਕੀਤੇ ਆਗੂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਸਰਕਾਰ ਪਰਾਲੀ ਦਾ ਹੱਲ ਕਰਨ ਦੀ ਥਾਂ ‘ਤੇ ਕਿਸਾਨਾਂ ਉੱਪਰ ਕੇਸ ਦਰਜ ਕਰ ਰਹੀ ਹੈ। ਇਨ੍ਹਾਂ ਪਰਚਿਆਂ ਦੇ ਦਮ ‘ਤੇ ਕਿਸਾਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਪਰ ਕਿਸਾਨ ਜਥੇਬੰਦੀ ਵਲੋਂ ਪਹਿਲੇ ਦਿਨ ਤੋਂ ਕੀਤੇ ਐਲਾਨ ਅਨੁਸਾਰ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ। ਜਿਨ੍ਹਾਂ ਕਿਸਾਨਾਂ ‘ਤੇ ਪਰਚੇ ਜਾਂ ਜੁਰਮਾਨੇ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਜਥੇਬੰਦੀ ਹਰ ਮੋੜ ‘ਤੇ ਸਾਥ ਦੇਵੇਗੀ। ਭੋਤਨਾ ਵਿੱਚ ਵੀ ਕਿਸਾਨ ਆਗੂਆਂ ‘ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ।
ਕਿਸਾਨਾਂ ਵੱਲੋਂ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਟੱਲੇਵਾਲ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਆਗੂ ਨੂੰ ਛੱਡ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਬਿੰਦਰ ਭੋਤਨਾ, ਦਰਸ਼ਨ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੁਖਦੇਵ ਸਿੰਘ, ਗੁਰਨਾਮ ਸਿੰਘ ਫ਼ੌਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ। ਇਸ ਸਬੰਧੀ ਥਾਣਾ ਟੱਲੇਵਾਲ ਦੀ ਐਡੀਸ਼ਨਲ ਐੱਸਐੱਚਓ ਅਮਨਦੀਪ ਕੌਰ ਨੇ ਦੱਸਿਆ ਕਿ ਅਧਿਕਾਰੀਆਂ ਦੇ ਘਿਰਾਓ ਮਾਮਲੇ ‘ਚ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ ਜਿਸ ਸਬੰਧੀ ਇਸ ਵਿੱਚ ਨਾਮਜ਼ਦ ਸੰਦੀਪ ਸਿੰਘ ਵਾਸੀ ਚੀਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੀ ਛੱਡਿਆ ਗਿਆ ਹੈ।
ਜੈਤੋ (ਸ਼ਗਨ ਕਟਾਰੀਆ): ਕਿਸਾਨ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਜੈਤੋ ਥਾਣੇ ਅੱਗੇ ਧਰਨਾ ਲਾਇਆ। ਧਰਨਾਕਾਰੀਆਂ ਨੇ ਪੁਲੀਸ ’ਤੇ ਰੰਜਿਸ਼ ਤਹਿਤ ਕੇਸ ਦਰਜ ਕਰਨ ਦਾ ਦੋਸ਼ ਲਾਉਂਦਿਆਂ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ। ਧਰਨੇ ਨੂੰ ਬੇਮਿਆਦ ਜਾਰੀ ਰੱਖਣ ਅਤੇ 8 ਨਵੰਬਰ ਨੂੰ ਸਵੇਰੇ 10 ਵਜੇ ਥਾਣੇ ਅੱਗੇ ਸੂਬਾਈ ਪੱਧਰ ਦੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਬੁਲਾਰਿਆਂ ਅਨੁਸਾਰ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆ ਨੂੰ ਪੁਲੀਸ ਨੇ ਅੱਜ ਸੁਵਖ਼ਤੇ ਘਰੋਂ ਚੁੱਕਿਆ। ਪੁਲੀਸ ’ਤੇ ਇੰਦਰਜੀਤ ਸਿੰਘ ਨੂੰ ਰੰਜਿਸ਼ ਦਾ ਸ਼ਿਕਾਰ ਬਣਾਉਣ ਅਤੇ ਉਸ ਦਾ ਥਹੁ-ਪਤਾ ਨਾ ਦੱਸਣ ਦੇ ਦੋਸ਼ ਲਾਏ ਗਏ। ਵਿਖਾਵਾਕਾਰੀ ਮੰਗ ਕਰ ਰਹੇ ਸਨ ਕਿ ਹਿਰਾਸਤ ’ਚ ਲਏ ਆਗੂ ਨੂੰ ਬਗ਼ੈਰ ਸ਼ਰਤ ਰਿਹਾਅ ਕੀਤਾ ਜਾਵੇ। ਸੂਤਰਾਂ ਅਨੁਸਾਰ ਕਰੀਬ ਛੇ ਘੰਟੇ ਦੇ ਪ੍ਰਦਰਸ਼ਨ ਦੌਰਾਨ ਧਰਨਾਕਾਰੀਆਂ ਅਤੇ ਪ੍ਰਸ਼ਾਸਨ ਵਿਚਾਲੇ ਚੱਲੀ ਗੱਲਬਾਤ ਕਿਸੇ ਸਿੱਟੇ ’ਤੇ ਨਾ ਪੁੱਜੀ। ਧਰਨੇ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ, ਗੁਰਾਂਦਿੱਤਾ ਸਿੰਘ ਬਾਜਾਖਾਨਾ, ਨਛੱਤਰ ਸਿੰਘ ਜੈਤੋ, ਨਾਇਬ ਸਿੰਘ ਘਣੀਆ ਸਮੇਤ ਦਰਜਨਾਂ ਆਗੂਆਂ ਨੇ ਸੰਬੋਧਨ ਕੀਤਾ।
ਕੇਸ ਦੀ ਵਜ੍ਹਾ ਬਣੀ ਵਾਇਰਲ ਵੀਡੀਓ: ਜਥੇਬੰਦੀ ਵੱਲੋਂ 3 ਨਵੰਬਰ ਨੂੰ ਸ਼ਹਿਰ ’ਚ ਕੀਤੇ ਰੋਸ ਮਾਰਚ ਦੌਰਾਨ ਜੈਤੋ ਥਾਣੇ ਸਾਹਮਣੇ ਇੰਦਰਜੀਤ ਸਿੰਘ ਘਣੀਆਂ ਨੇ ਪਰਾਲੀ ਫੂਕਣ ਵਿਰੁੱਧ ਕਾਰਜਸ਼ੀਲ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲਲਕਾਰਿਆ ਸੀ। ਗਿ੍ਰਫ਼ਤਾਰ ਆਗੂ ਨੂੰ ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਜ਼ਮਾਨਤ ’ਤੇ ਰਿਹਾਅ ਕਰਦਿਆਂ 21 ਨਵੰਬਰ ਨੂੰ ਮੁੜ ਪੇਸ਼ ਹੋਣ ਦਾ ਹੁਕਮ ਦਿੱਤਾ।
ਸਾਦਿਕ (ਗੁਰਪ੍ਰੀਤ ਸਿੰਘ): ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪੁਲੀਸ ਵੱਲੋਂ ਕਿਸਾਨ ਆਗੂਆਂ ਦੀ ਕੀਤੀ ਜਾ ਰਹੀ ਗ੍ਰਿਫਤਾਰੀ ਤੋਂ ਖ਼ਫ਼ਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸਾਦਿਕ-ਫ਼ਰੀਦਕੋਟ ਸੜਕ ਨੂੰ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਕਾਰਨ ਪੁਲੀਸ ਨੂੰ ਆਵਾਜਾਈ ਦੇ ਬਦਲਵੇਂ ਪ੍ਰਬੰਧ ਕਰਨੇ ਪਏ। ਕਿਸਾਨ ਆਗੂਆਂ ਬਖਤੌਰ ਸਿੰਘ ਤੇ ਜਗਸੀਰ ਸਿੰਘ ਸਾਧੂਵਾਲਾ ਨੇ ਆਖਿਆ ਕਿ ਕਿਸਾਨਾਂ ’ਤੇ ਦਰਜ ਕੀਤੇ ਗਏ ਮੁਕੱਦਮੇ ਫੌਰੀ ਰੱਦ ਕੀਤੇ ਜਾਣ ਤੇ ਬਿਨਾਂ ਸ਼ਰਤ ਆਗੂਆਂ ਸਮੇਤ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।


Comments Off on ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਟੱਲੇਵਾਲ ਤੇ ਜੈਤੋ ਥਾਣਿਆਂ ਅੱਗੇ ਧਰਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.