ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਕਾਵਿ ਕਿਆਰੀ

Posted On November - 3 - 2019

ਕਾਜ਼ੀ ਨਾਲ ਗੋਸ਼ਠ
ਕਰਨਜੀਤ ਸਿੰਘ (ਡਾ.)

ਮੈਂ ਕੌਣ ਹਾਂ?
ਰੱਬ ਦਾ ਬੰਦਾ
ਨਾਨਕ ਆਖ ਕੇ ਸੱਦਿਆ ਜਾਂਦਾ
ਖ਼ਾਕਸਾਰ ਨਾਚੀਜ਼
ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼ੀਜ਼
ਥਾਂ ਥਾਂ ਉਸ ਦਾ ਹੁਕਮ ਪੁਚਾਉਣਾ
ਮੇਰਾ ਧੰਦਾ!

ਕੀ ਆਖਿਆ?
ਮੈਂ ਗੁਸਤਾਖ਼! ਮੈਂ ਅਗਿਆਨ!
ਮੱਕੇ ਵੱਲ ਪੈਰ ਪਸਾਰ
ਲੰਮੀਆਂ ਤਾਣ ਕੇ ਸੁੱਤਾ ਹੋਇਆ
ਪਰਵਰਦਗਾਰ
ਅਲਾਹ ਪਾਕ ਦਾ ਇਹ ਅਪਮਾਨ।

ਕੀ ਕਿਹਾ ਹਜ਼ੂਰ?
ਰੱਬ ਦਾ ਘਰ ਹੈ
ਕਾਇਨਾਤ ਵਿਚ ਚੱਪੇ ਚੱਪੇ
ਜ਼ੱਰੇ ਜ਼ੱਰੇ ਦੇ ਵਿੱਚ ਜਿਹੜਾ
ਜ਼ਾਹਿਰ ਜ਼ਹੂਰ
ਮੈਨੂੰ ਨਾ ਕੋਈ ਉਸ ਦਾ ਡਰ ਹੈ?

ਵਾਹ ਬਈ ਵਾਹ!
ਝਾਤੀ ਮਾਰ ਗਿਰੇਬਾਂ ਅੰਦਰ
ਉਲਟਾ ਚੋਰ ਕੋਤਵਾਲ ਨੂੰ ਡਾਂਟੇ
ਨਾ ਰੱਬ ਤੀਰਥ, ਨਾ ਰੱਬ ਮੱਕੇ
ਰੱਬ ਦਾ ਡੇਰਾ ਮਨ ਦੇ ਅੰਦਰ।

ਇਹ ਤਾਂ ਕੱਚ ਹੈ
ਬੰਦਗੀ ਕਿੱਥੇ
ਤਸਬੀ ਦੇ ਮਣਕੇ ਹੀ ਗਿਣਨਾ, ਅੰਨ੍ਹੀ ਸ਼ਰਧਾ
ਤੌਹੀਦ ਦੀਆਂ ਆਜ਼ਾਨਾਂ
ਨਿਰੀਆਂ ਫੋਕੀਆਂ ਟਾਹਰਾਂ
ਗੱਲ ਮੁੱਕਦੀ ਹੈ ਅਮਲਾਂ ਉੱਤੇ
ਕਰਨੀ ਕਿੱਥੇ?

ਤੇਰੀ ਮਰਜ਼ੀ!
ਮੇਰਾ ਕੁਝ ਵੀ ਮੇਰਾ ਨਹੀਂ ਹੈ
ਮੈਂ ਨਹੀਂ ਝਗੜਾ ਬਹੁਤਾ ਕਰਨਾ
ਭਾਵੇਂ ਮੇਰੀਆਂ ਲੱਤਾਂ ਵੱਢ ਦੇ
ਭਾਵੇਂ ਪੈਰ ਓਧਰ ਨੂੰ ਕਰ ਦੇ
ਜਿਧਰ ਰੱਬ ਦਾ ਡੇਰਾ ਨਹੀਂ ਹੈ।

ਤੇ ਫਿਰ ਕਾਜ਼ੀ
ਨੂੰ ਇਕ ਐਸਾ ਚੱਕਰ ਆਇਆ
ਡੌਰ ਭੌਰੀਆਂ ਅੱਖਾਂ ਅੱਗੇ
ਭੰਬਰ ਤਾਰੇ ਨੱਚਣ ਲੱਗੇ
ਤਾਰਿਆਂ ਵਿੱਚ ਮੱਕੇ ਦਾ ਸਾਇਆ
ਮੱਥਾ ਫੜ ਕੇ ਬਹਿ ਗਿਆ ਭੁੰਜੇ
ਜੀਕਣ ਉਹਦਾ ਜੀਅ ਨਹੀਂ ਰਾਜ਼ੀ।

ਅਮਰਜੀਤ ਸਿੰਘ ਵੜੈਚ

ਨਜ਼ਮ
ਅਮਰਜੀਤ ਸਿੰਘ ਵੜੈਚ

ਬਾਬਾ ਹੁਣ ਨਾ ਆਵੀਂ ਏਥੇ, ਆਇਆ ਤੇ ਪਛਤਾਵੇਂਗਾ,
ਏਥੇ ਕੋਈ ਨੀ ਬਚਿਆ ਲਾਲੋ ਕਿੱਥੇ ਰੋਟੀ ਖਾਵੇਂਗਾ।

ਵਿੱਚ ਹਵਾਵਾਂ ਨਫ਼ਰਤ ਘੁਲ਼ਗੀ, ਮਿੱਟੀ ਦੇ ਵਿੱਚ ਜ਼ਹਿਰਾਂ,
ਖ਼ੁਦਕੁਸ਼ੀਆਂ ਦੇ ਮੌਸਮ ਵਿੱਚ ਤੂੰ, ਕਿੱਥੇ ਹਲ ਚਲਾਵੇਂਗਾ।

ਤੇਰੇ ‘ਮੋਦੀਖਾਨੇ’ ਉੱਤੇ ਠੱਗਾਂ ਕਬਜ਼ੇ ਕੀਤੇ,
ਕਿਹੜੀ ਹੱਟੀ ਬਹਿ ਕੇ, ਤੇਰਾ ਤੇਰਾ ਆਖ ਸੁਣਾਵੇਂਗਾ।

ਗੁਰੂਘਰਾਂ ਦੀਆਂ ਗੋਲਕਾਂ ਉੱਤੇ, ਕਾਬਜ਼ ਵੱਡੇ ਲਾਣੇ,
ਭੁੱਖਿਆਂ ਸਾਧਾਂ ਦੇ ਲਈ ਹੁਣ ਤੂੰ, ਕਿੱਦਾਂ ਲੰਗਰ ਲਾਵੇਂਗਾ।

ਤੇਰੇ ਨਾਂ ਦਾ ਪੱਥਰ ਲਾ ਕੇ ਮਾਲਕ ਬਣਦੇ ਸਾਰੇ,
ਤੂੰ ਗਲਿਆਰਾ ਲੰਘ ਕੇ ਬਾਬਾ ਕਿੱਦਾਂ ਮੱਕੇ ਜਾਵੇਂਗਾ।

ਪਾ ਮੁਖੌਟੇ ਸੰਤਾਂ ਵਾਲ਼ੇ, ਡੇਰੇ ਖੋਲ੍ਹੀ ਬੈਠੇ ਬਾਲ਼੍ਹੇ,
ਤੂੰ ਹੁਣ ਗੋਸ਼ਟ ਵਾਲ਼ਾ ਬਾਬਾ ਕਿੰਜ ਸੰਵਾਦ ਰਚਾਵੇਂਗਾ।

ਵਲੀ ਕੰਧਾਰੀ ਵਾਲ਼ੇ ਪੱਥਰ ਸਾਰੇ ਚੁੱਕੀ ਫ਼ਿਰਦੇ,
ਕੀਹਦਾ ਕੀਹਦਾ ਪੱਥਰ ਬਾਬਾ, ਪੰਜੇ ’ਤੇ ਅਟਕਾਵੇਂਗਾ।

ਸੰਪਰਕ: 94178-01988


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.