ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਕਾਵਿਮਈ ਲੋਕ ਖੇਡਾਂ

Posted On November - 16 - 2019

ਸੁਖਦੇਵ ਮਾਦਪੁਰੀ

ਮਨੁੱਖ ਆਦਿ ਕਾਲ ਤੋਂ ਹੀ ਖੇਡਾਂ ਖੇਡਦਾ ਆਇਆ ਹੈ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹਨ। ਬੱਚੇ ਦੇ ਜੰਮਦਿਆਂ ਸਾਰ ਹੀ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਉਹ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਖੇਡਾਂ ਮਨੋਰੰਜਨ ਦਾ ਮੁੱਖ ਸਾਧਨ ਹੀ ਨਹੀਂ ਬਲਕਿ ਇਹ ਮਨੁੱਖ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਨੇ ਆਪਣੀ ਸਰੀਰਿਕ ਸਮਰੱਥਾ ਅਨੁਸਾਰ ਖੇਡਾਂ ਦੀ ਸਿਰਜਣਾ ਕੀਤੀ ਹੈ। ਨੌਜਵਾਨ ਜ਼ੋਰ ਅਜ਼ਮਾਈ ਵਾਲੀਆਂ ਖੇਡਾਂ ਖੇਡਦੇ ਹਨ, ਬਜ਼ੁਰਗ ਬੈਠ ਕੇ ਖੇਡਣਾ ਪਸੰਦ ਕਰਦੇ ਹਨ ਅਤੇ ਬੱਚੇ ਚੁਸਤੀ ਫੁਰਤੀ ਵਾਲੀਆਂ ਲੋਕ ਖੇਡਾਂ ਖੇਡ ਕੇ ਆਨੰਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਪੇਂਡੂ ਖੇਤਰ ਵਿਚ ਖੇਡੀਆਂ ਜਾਂਦੀਆਂ ਦੇਸੀ ਖੇਡਾਂ ਨੂੰ ਲੋਕ ਖੇਡਾਂ ਆਖਦੇ ਹਨ।
ਬੱਚਿਆਂ ਦੀਆਂ ਖੇਡਾਂ ਬੜੀਆਂ ਦਿਲਚਸਪ ਹੁੰਦੀਆਂ ਹਨ ਕਾਵਿ ਮਈ। ਹਰ ਖੇਡ ਨਾਲ ਬੱਚੇ ਕੋਈ ਨਾ ਕੋਈ ਕਾਵਿ ਟੋਟਾ ਬੋਲਦੇ ਹਨ ਜਿਸ ਕਰਕੇ ਖੇਡ ਬੜੀ ਦਿਲਚਸਪ ਬਣ ਜਾਂਦੀ ਹੈ। ਬੱਚਿਆਂ ਦਾ ਖੇਡ ਸ਼ਾਸਤਰ ਵੀ ਬੜਾ ਨਿਆਰਾ ਹੈ। ਖੇਡਣ ਲਈ ਕੋਈ ਬੱਚਾ ਕਿਸੇ ਦੇ ਘਰ ਸੱਦਣ ਲਈ ਨਹੀਂ ਜਾਂਦਾ, ਬਲਕਿ ਗਲੀ ਗੁਆਂਢ ਵਿਚ ਹੀ ਕਿਸੇ ਮੋਕਲੀ ਥਾਂ ’ਤੇ ਖੜੋ ਕੇ ਕੋਈ ਉੱਚੀ ਆਵਾਜ਼ ਵਿਚ ਹੋਕਾ ਦਿੰਦਾ ਹੈ:
ਦੋ ਲੱਕੜੀਆਂ ਦੋ ਕਾਨੇ/ ਆ ਜਾਓ ਮੁੰਡਿਓ ਕਿਸੇ ਬਹਾਨੇ
ਕਿਸੇ ਬੰਨੇ ਤੋਂ ਉੱਚੀ ਆਵਾਜ਼ ਵਿਚ ਕੁੜੀਆਂ ਸੱਦਾ ਦਿੰਦੀਆਂ ਨੇ:
ਤੱਤਾ ਖੁਰਚਣਾ ਜੰਗ ਜਲੇਬੀ/ ਆ ਜਾਓ ਕੁੜੀਓ ਖੇਡੀਏ
ਖੇਡਣ ਦਾ ਸੱਦਾ ਸੁਣਦੇ ਹੀ ਬੱਚੇ ਆਪਣੀਆਂ ਮਾਵਾਂ, ਭੈਣਾਂ ਤੋਂ ਚੋਰੀ ਜਾਂ ਬਹਾਨੇ ਘੜ ਕੇ ਇਕ ਥਾਂ ਇਕੱਠੇ ਹੋ ਜਾਂਦੇ ਹਨ। ਉਹ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਮੀਟੀ ਕੌਣ ਦੇਵੇ। ਇਸ ਲਈ ਪੁੱਗਿਆ ਜਾਂਦਾ ਹੈ। ਪੁੱਗਣ ਸਮੇਂ ਬੋਲੇ ਜਾਂਦੇ ਕਾਵਿ ਟੋਟੇ ਦੇ ਬੋਲ ਹਨ:
ਈਂਗਣ ਮੀਂਗਣ ਤਲੀ ਤਲੀਂਗਣ/ ਕਾਲਾ ਪੀਲਾ ਡੱਕਰਾ/ ਗੁੜ ਖਾਵਾਂ ਬੇਲ ਵਧਾਵਾਂ
ਮੂਲੀ ਪੱਤਰਾ/ ਪੱਤਰਾਂ ਵਾਲੇ ਘੋੜੇ ਆਏ
ਹੱਥ ਕੁਤਾੜੀ ਪੈਰ ਕੁਤਾੜੀ/ ਨਿਕਲ ਬਾਲਿਆ ਤੇਰੀ ਵਾਰੀ

ਸੁਖਦੇਵ ਮਾਦਪੁਰੀ

ਛੂਹੇ ਜਾਣ ’ਤੇ ਜੇਕਰ ਕੋਈ ਬੱਚਾ ਆਪਣੀ ਮੀਟੀ ਨਾ ਦੇਵੇ ਜਾਂ ਖੇਡ ਅੱਧ ਵਿਚਕਾਰ ਛੱਡ ਕੇ ਭੱਜ ਜਾਵੇ ਤਾਂ ਬੱਚੇ ਉਸ ਮਗਰ ਇਹ ਗਾਉਂਦੇ ਹੋਏ ਉਸਦੇ ਘਰ ਤਕ ਜਾਂਦੇ ਹਨ:
ਸਾਡੀ ਪਿਤ ਦੱਬਣਾ/ ਘਰ ਦੇ ਚੂਹੇ ਚੱਬਣਾ
ਇਕ ਚੂਹਾ ਰਹਿ ਗਿਆ/ ਸਿਪਾਹੀ ਫੜ ਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ/ ਚਾਹੇ ਰੋ ਚਾਹੇ ਪਿੱਟ
ਪੁੱਗਣ ਮਗਰੋਂ ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ।
ਸਮੁੰਦਰ ਤੇ ਮੱਛੀ ਬਾਲੜੀਆਂ ਦੀ ਬੜੀ ਹਰਮਨ ਪਿਆਰੀ ਖੇਡ ਹੈ। ਦਸ ਬਾਰਾਂ ਕੁੜੀਆਂ ਇਕ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਜਿਸ ਕੁੜੀ ਦੇ ਸਿਰ ਦਾਈ ਹੋਵੇ ਉਹ ਉਨ੍ਹਾਂ ਵਿਚਕਾਰ ਖਲੋਤੀ ਹੁੰਦੀ ਹੈ। ਖੇਡ ਸ਼ੁਰੂ ਹੋ ਜਾਂਦੀ ਹੈ। ਬਾਹਰਲੀਆਂ ਕੁੜੀਆਂ ਦਾਇਰੇ ਵਿਚ ਘੁੰਮਦੀਆਂ ਹੋਈਆਂ ਇਕ ਆਵਾਜ਼ ਵਿਚ ਪੁੱਛਦੀਆਂ ਹਨ:
ਕੁੜੀਆਂ : ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ/ ਕਿੰਨਾ ਕਿੰਨਾ ਪਾਣੀ?
ਦਾਈ ਵਾਲੀ : ਗਿੱਟੇ ਗਿੱਟੇ ਪਾਣੀ?
ਭੰਡਾ ਭੰਡਾਰੀਆ ਖੇਡ ਵਿਚ ਦਾਈ ਵਾਲਾ ਬੱਚਾ ਧਰਤੀ ’ਤੇ ਚੱਪ ਮਾਰ ਕੇ ਬੈਠ ਜਾਂਦਾ ਹੈ ਤੇ ਬਾਕੀ ਉਸਦੇ ਸਿਰ ’ਤੇ ਆਪਣੀਆਂ-ਆਪਣੀਆਂ ਬੰਦ ਮੁੱਠਾਂ ਇਕ ਦੂਜੀ ’ਤੇ ਰੱਖ ਕੇ ਦਾਇਰਾ ਬਣਾ ਕੇ ਖਲੋ ਜਾਂਦੇ ਹਨ। ਇਕ ਆਵਾਜ਼ ਦਾਈ ਵਾਲੇ ਤੋਂ ਪੁੱਛਦੇ ਹਨ:
ਭੰਡਾ ਭੰਡਾਰੀਆ/ ਕਿੰਨਾ ਕੁ ਭਾਰ?
ਦਾਈ ਵਾਲਾ ਹੇਠੋਂ ਉੱਤਰ ਦਿੰਦਾ ਹੈ:
ਇਕ ਮੁੱਠੀ ਚੁੱਕ ਲੈ/ ਦੂਈ ਨੂੰ ਤਿਆਰ
ਇਸ ਪ੍ਰਕਾਰ ਗਾਉਂਦੇ ਹੋਏ ਬੱਚੇ ’ਕੱਲੀ-’ਕੱਲੀ ਮੁੱਠੀ ਚੁੱਕਦੇ ਹਨ ਜਦੋਂ ਸਾਰੀਆਂ ਮੁੱਠੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਬੱਚੇ ਇਕ ਦਮ ਨੱਸਦੇ ਹੋਏ ਗਾਉਂਦੇ ਹਨ:
ਹਾਏ ਕੁੜੇ ਦੰਦਈਆ ਲੜ ਗਿਆ
ਬਈ ਕੁੜੇ ਦੰਦਈਆ ਲੜ ਗਿਆ
ਊਠਕ ਬੈਠਕ ਵਧੇਰੇ ਕਰਕੇ ਛੋਟੇ ਬੱਚੇ ਖੇਡਦੇ ਹਨ। ਇਸ ਖੇਡ ਵਿਚ ਦਾਈ ਵਾਲਾ ਕਤਾਰੋਂ ਬਾਹਰ ਖੜੋਤਾ ਹੁੰਦਾ ਹੈ। ਲਾਈਨ ’ਤੇ ਖੜੋਤੇ ਬੱਚੇ ਉੱਚੀ ਆਵਾਜ਼ ਵਿਚ ਬੋਲਦੇ ਹਨ:
ਗੱਡਾ ਗਡੋਰੀਆ/ ਗੱਡੇ ਵਿਚ ਖੂਹ
ਖੜੇ ਨੂੰ ਛੱਡ ਕੇ/ ਬੈਠੇ ਨੂੰ ਛੂਹ
“ਊਚ ਨੀਚ” ਖੇਡ ਅਕਸਰ ਦਸ ਬਾਰਾਂ ਸਾਲ ਦੇ ਬੱਚੇ ਬੜੇ ਚਾਅ ਨਾਲ ਖੇਡਦੇ ਹਨ। ਦਾਈ ਵਾਲੇ ਬੱਚੇ ਤੋਂ ਬਾਕੀ ਬੱਚੇ ਗਾਉਂਦੇ ਹੋਏ ਪੁੱਛਦੇ ਹਨ:
ਅੰਬਾਂ ਵਾਲੀ ਕੋਠੜੀ/ ਬਦਾਮਾਂ ਵਾਲਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ?
ਦਾਈ ਵਾਲਾ ਬੱਚਾ ਅੱਗੋਂ ਉੱਚੀ ਜਾਂ ਨੀਵੀਂ ਥਾਂ ਵੱਲ ਇਸ਼ਾਰਾ ਕਰਕੇ “ਔਹ” ਆਖਦਾ ਹੈ। ਬੱਚੇ ਇਸ਼ਾਰੇ ਵਾਲੇ ਸਥਾਨ ਵੱਲ ਦੌੜਦੇ ਹਨ। ਦਾਈ ਵਾਲਾ ਜਿਸਨੂੰ ਛੂਹ ਲਵੇ ਉਸਦੇ ਸਿਰ ਦਾਈ ਆ ਜਾਂਦੀ ਹੈ।
“ਦਾਈਆਂ ਦੂਹਕੜੇ” ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਦਾਈ ਵਾਲਾ ਉਸ ਥਾਂ ’ਤੇ ਜਾ ਕੇ ਖੜੋ ਜਾਂਦਾ ਹੈ ਜਿਸ ਥਾਂ ’ਤੇ ਆ ਕੇ ਦੂਜੇ ਖਿਡਾਰੀਆਂ ਨੇ ਹੱਥ ਲਾਉਣਾ ਹੁੰਦਾ ਹੈ। ਉਹ ਅੱਖਾਂ ਮੀਚ ਕੇ ਉੱਚੀ ਆਵਾਜ਼ ਵਿਚ ਆਖਦਾ ਹੈ:
ਲੁਕ ਛਿਪ ਜਾਣਾ/ ਨਵੀਂ ਕਣਕ ਦਾ ਦਾਣਾ
ਰਾਜੇ ਦੀ ਬੇਟੀ ਆਈ ਜੇ
ਜਿਹੜਾ ਬੱਚਾ ਦਾਈਆਂ ਵਾਲੀ ਥਾਂ ਨੂੰ ਹੱਥ ਲਾਉਣ ਤੋਂ ਪਹਿਲਾਂ-ਪਹਿਲਾਂ ਛੂਹਿਆ ਜਾਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
‘ਤੇਰਾ ਮੇਰਾ ਮੇਲ ਨੀ’ ਖੇਡ ਦਸ ਪੰਦਰਾਂ ਕੁੜੀਆਂ ਖੇਡਦੀਆਂ ਹਨ। ਪਹਿਲਾਂ ਦਾਇਰਾ ਬਣਾਉਂਦੀਆਂ ਹਨ। ਵਿਚਕਾਰ ਦਾਈ ਵਾਲੀ ਕੁੜੀ ਹੁੰਦੀ ਹੈ। ਦਾਈ ਵਾਲੀ ਕੁੜੀ ਅਤੇ ਦੂਜੀਆਂ ਕੁੜੀਆਂ ਵਿਚਕਾਰ ਵਾਰਤਾਲਾਪ ਹੁੰਦੀ ਹੈ:
ਕੁੜੀਆਂ : ਐਸ ਗਲੀ ਆ ਜਾ
ਦਾਈ ਵਾਲੀ : ਐਸ ਗਲੀ ਹਨੇਰਾ
ਕੁੜੀਆਂ : ਲੈਂਪ ਲੈ ਕੇ ਆ ਜਾ
ਦਾਈ ਵਾਲੀ : ਲੈਂਪ ਮੇਰਾ ਟੁੱਟਾ ਫੁੱਟਾ
ਕੁੜੀਆਂ : ਦੀਵਾ ਲੈ ਕੇ ਆ ਜਾ
ਦਾਈ ਵਾਲੀ : ਦੀਵੇ ਵਿਚ ਤੇਲ ਨੀਂ
ਕੁੜੀਆਂ : ਤੇਰਾ ਮੇਰਾ ਮੇਲ ਨੀਂ
‘ਤੇਰਾ ਮੇਰਾ ਮੇਲ ਨੀਂ’ ਆਖਦੇ ਸਾਰ ਹੀ ਕੁੜੀਆਂ ਦੌੜ ਜਾਂਦੀਆਂ ਹਨ। ਦਾਈ ਵਾਲੀ ਉਨ੍ਹਾਂ ਨੂੰ ਛੂੰਹਦੀ ਹੈ। ਜਿਸ ਨੂੰ ਛੂਹ ਲਵੇ ਉਸਦੇ ਸਿਰ ਦਾਈ ਆ ਜਾਂਦੀ ਹੈ।
ਥਾਲ ਜਾਂ ਖੇਹਨੂੰ ਕੁੜੀਆਂ ਦੀ ਅਤਿ ਰੌਚਕ ਖੇਡ ਹੈ। ਇਸ ਖੇਡ ਵਿਚ ਹੱਥ ਦੀ ਤਲੀ ਨਾਲ ਖੇਨੂੰ ਜਾਂ ਗੇਂਦ ਨੂੰ ਜ਼ਿਆਦਾ ਵਾਰ ਜ਼ਮੀਨ ’ਤੇ ਬੁੜ੍ਹਕਾਇਆ ਜਾਂਦਾ ਹੈ ਤੇ ਨਾਲ ਥਾਲ ਦੇ ਗੀਤ ਗਾਏ ਜਾਂਦੇ ਹਨ। ਇਹ ਖੇਡ ਜੋੜੀਆਂ ਵਿਚ ਜਾਂ ਇਕੱਲੇ ਇਕੱਲੇ ਵੀ ਖੇਡੀ ਜਾਂਦੀ ਹੈ। ਥਾਲ ਗੀਤਾਂ ਦੀ ਨਾਲੋ ਨਾਲ ਗਿਣਤੀ ਕੀਤੀ ਜਾਂਦੀ ਹੈ:
ਥਾਲ ਥਾਲ ਥਾਲ/ਮਾਂ ਮੇਰੀ ਦੇ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ/ ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ-ਰੁੜ੍ਹ ਪਾਣੀਆਂ/ ਸੁਰਮੇਦਾਣੀਆਂ
ਸੁਰਮਾ ਪਾਵਾਂ/ ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ੁਲਫ਼ਾਂ ਵਾਲੀ/ ਵੀਰ ਮੇਰਾ ਸਰਦਾਰ
ਆਲ ਮਾਲ/ ਹੋਇਆ ਬੀਬੀ ਪਹਿਲਾ ਥਾਲ
ਇੰਜ ਬਹੁਤ ਸਾਰੇ ਥਾਲ ਪੈਂਦੇ ਰਹਿੰਦੇ ਹਨ ਤੇ ਖੇਡ ਮੱਘਦੀ ਚਲੀ ਜਾਂਦੀ ਹੈ। ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਨ੍ਹਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ ’ਤੇ ਲੋਟ ਪੋਟ ਹੋ ਕੇ ਡਿੱਗ ਪੈਂਦੀਆਂ ਹਨ। ਘੁੰਮ ਰਹੀਆਂ ਨਿੱਕੀਆਂ ਮਾਸੂਮ ਬਾਲੜੀਆਂ ਦੇ ਕਈ ਕਈ ਜੋੜੇ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦਿੰਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਹਵਾਂ ਵਿਚ ਘੁੰਮਦੇ ਹਨ:
ਕਿੱਕਲੀ ਕਲੀਰ ਦੀ/ ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ/ ਫਿੱਟੇ ਮੂੰਹ ਜਵਾਈ ਦਾ
ਗਈ ਸਾਂ ਮੈਂ ਗੰਗਾ/ ਚੜ੍ਹਾ ਲਿਆਈ ਬੰਗਾਂ
ਅਸਮਾਨੀ ਮੇਰਾ ਘੱਗਰਾ/ ਮੈਂ ਕਿਹੜੀ ਕਿੱਲੀ ਟੰਗਾਂ
ਨੀਂ ਮੈਂ ਐਸ ਕਿੱਲੀ ਟੰਗਾਂ/ ਨੀਂ ਮੈਂ ਓਸ ਕਿੱਲੀ ਟੰਗਾਂ
ਹੁਣ ਬਾਲ ਖੇਡਾਂ ਦੇ ਗੀਤ ਬਾਲ ਮਨਾਂ ’ਚੋਂ ਵਿਸਰ ਰਹੇ ਹਨ। ਇਹ ਗੀਤ ਬਾਲ ਮਨਾਂ ਦੀਆਂ ਭਾਵਨਾਵਾਂ ਦੇ ਪ੍ਰਤੀਕ ਹਨ। ਇਨ੍ਹਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡਾ ਵਡਮੁੱਲਾ ਸਰਮਾਇਆ ਹਨ।

ਸੰਪਰਕ : 94630-34472


Comments Off on ਕਾਵਿਮਈ ਲੋਕ ਖੇਡਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.