ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ

Posted On November - 10 - 2019

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਦੀ ਚਿਰੋਕਣੀ ਅਰਦਾਸ ਹੋਈ ਪੂਰੀ;
ਸੰਗਤ ਵਾਸਤੇ ਬਿਨਾਂ ਵੀਜ਼ੇ ਤੋਂ ਖੁੱਲ੍ਹਿਆ ਲਾਂਘਾ

  • ਮੋਦੀ ਵੱਲੋਂ ਡੇਰਾ ਬਾਬਾ ਨਾਨਕ ਅਤੇ ਇਮਰਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ

  • ਇਮਰਾਨ ਖਾਨ ਅਤੇ ਕੁਰੈਸ਼ੀ ਨੇ ਉਭਾਰਿਆ ਕਸ਼ਮੀਰ ਦਾ ਮੁੱਦਾ

  • ਸ਼ਰਧਾਲੂਆਂ ਦਾ ਜਥਾ ਮੱਥਾ ਟੇਕ ਕੇ ਸ਼ਾਮੀਂ ਪਰਤਿਆ

ਭਾਰਤ ਪਾਕਿ ਸਰਹੱਦ ਨੇੜੇ ਸ਼ਨਿਚਰਵਾਰ ਨੂੰ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਵੱਡੀ ਗਿਣਤੀ ਸ਼ਰਧਾਲੂ। -ਫੋਟੋ: ਏਐਫਪੀ

ਬਲਵਿੰਦਰ ਜੰਮੂ/ਜਗਤਾਰ ਸਿੰਘ ਲਾਂਬਾ
ਡੇਰਾ ਬਾਬਾ ਨਾਨਕ, 9 ਨਵੰਬਰ
ਆਜ਼ਾਦੀ ਦੇ ਕਰੀਬ 72 ਵਰ੍ਹਿਆਂ ਬਾਅਦ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ-ਦੀਦਾਰ ਦੀ ਸਿੱਖਾਂ ਦੀ ਮੰਗ ਪੂਰੀ ਹੋ ਗਈ ਹੈ। ਸੰਗਤ ਲਈ ਬਿਨਾ ਵੀਜ਼ਾ ਲਾਂਘੇ ਦੀ ਸ਼ੁਰੂਆਤ ਹੋ ਗਈ ਹੈ। ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜਦੋਂਕਿ ਪਾਕਿਸਤਾਨ ’ਚ ਲਾਂਘੇ ਦਾ ਉਦਘਾਟਨ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕੀਤਾ ਗਿਆ। ਲਾਂਘਾ ਖੁੱਲ੍ਹਣ ਮਗਰੋਂ ਸਿੱਖ ਸ਼ਰਧਾਲੂਆਂ ਦੇ ਪਹਿਲੇ ਵਫ਼ਦ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ। ਸਿੱਖ ਸ਼ਰਧਾਲੂਆਂ ਦਾ ਇਹ ਵਫ਼ਦ ਮੱਥਾ ਟੇਕਣ ਮਗਰੋਂ ਸ਼ਾਮ ਨੂੰ ਡੇਰਾ ਬਾਬਾ ਨਾਨਕ ਪਰਤ ਆਇਆ।

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਮਾਗਮ ਦਾ ਉਦਘਾਟਨ ਕਰਨ ਬਾਅਦ ਸੰਬੋਧਨ ਕਰਦੇ ਹੋਏ। -ਫੋਟੋ: ਏਐਫਪੀ

ਦੋਵੇਂ ਮੁਲਕਾਂ ਨੇ ਨਫ਼ਰਤਾਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਰਾਹੀਂ ਅੱਜ ਮੁੜ ਮੁਹੱਬਤ ਅਤੇ ਪਿਆਰ ਦੀ ਬਾਤ ਛੇੜੀ ਹੈ। ਇਸ ਸਬੰਧ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮ ਦੋਵਾਂ ਦੇਸ਼ਾਂ ਵਿਚਾਲੇ ਪੁਲ ਬਣੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਾਰ-ਵਾਰ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਤੇ ਸਿੱਖਿਆਵਾਂ ਦਾ ਵਰਨਣ ਕੀਤਾ। ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਦਾ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਧੰਨਵਾਦ ਕੀਤਾ। ਦੂਜੇ ਪਾਸੇ ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਗੁਰਦੁਆਰਾ ਕਰਤਾਰਪੁਰ ਦੇ ਵਿਹੜੇ ਵਿਚ ਬਣਾਈ ਗਈ ਇਕ ਵੱਡੀ ਸ੍ਰੀ ਸਾਹਿਬ ਅਤੇ ਪੱਥਰ ਤੋਂ ਪਰਦਾ ਹਟਾ ਕੇ ਉਦਘਾਟਨ ਦੀ ਰਸਮ ਨੂੰ ਪੂਰਾ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾਂ ਆਖਿਆ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਨਾਲ ਸਿੱਖ ਆਪਣੇ ‘ਮਦੀਨੇ’ ਦੇ ਖੁੱਲ੍ਹੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਥੇ ਹਾਜ਼ਰ ਸਿੱਖਾਂ ਦੇ ਚਿਹਰੇ ਤੋਂ ਝਲਕਦੀ ਖੁਸ਼ੀ ਨੂੰ ਵੇਖ ਕੇ ਉਨ੍ਹਾਂ ਦਾ ਮਨ ਵੀ ਵਧੇਰੇ ਖੁਸ਼ ਹੈ। ਵਜ਼ੀਰੇ ਆਜ਼ਮ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦੀ ਸਿੱਖ ਕੌਮ ਵਾਸਤੇ ਅਹਿਮੀਅਤ ਦਾ ਪਤਾ ਉਨ੍ਹਾਂ ਨੂੰ ਇਕ ਵਰ੍ਹੇ ਪਹਿਲਾਂ ਲੱਗਾ ਸੀ ਅਤੇ ਉਨ੍ਹਾਂ ਇਸ ਲਾਂਘੇ ਨੂੰ ਖੋਲ੍ਹਣ ਦਾ ਨਿਰਣਾ ਲਿਆ ਸੀ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਦੇ ਵਕਫ਼ੇ ਵਿਚ ਪਾਕਿਸਤਾਨੀਆਂ ਨੇ ਇਥੇ ਵੱਡੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਹੈ। ਭਾਰਤੀ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ ਆਖਿਆ ਕਿ ਲੀਡਰ ਉਹੀ ਹੁੰਦਾ ਹੈ, ਜੋ ਇਨਸਾਨਾਂ ਨੂੰ ਇਕੱਠਾ ਕਰਦਾ ਹੈ, ਉਨ੍ਹਾਂ ਵਿਚ ਨਫ਼ਰਤ ਨਹੀਂ ਫੈਲਾਉਂਦਾ ਹੈ ਅਤੇ ਨਫਰਤ ਫੈਲਾ ਕੇ ਵੋਟਾਂ ਨਹੀਂ ਮੰਗਦਾ ਹੈ। ਦੱਖਣੀ ਅਫ਼ਰੀਕਾ ਦੇ ਆਗੂ ਨੈਲਸਨ ਮੰਡੇਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਉਸ ਨੇ 26 ਸਾਲ ਜੇਲ੍ਹ ਵਿਚ ਰਹਿ ਕੇ ਤਸ਼ੱਦਦ ਝੱਲਣ ਦੇ ਬਾਵਜੂਦ ਤਸ਼ੱਦਦ ਕਰਨ ਵਾਲਿਆਂ ਨੂੰ ਮੁਆਫ਼ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੀਰ ਪੈਗੰਬਰਾਂ ਨੇ ਵੀ ਇਨਸਾਨੀਅਤ ਦੀ ਗੱਲ ਕੀਤੀ ਹੈ। ਇਮਰਾਨ ਨੇ ਕਿਹਾ,‘‘ਜਦੋਂ ਮੈਂ ਵਜ਼ੀਰੇ ਆਜ਼ਮ ਬਣਿਆ ਸੀ ਤਾਂ ਆਪਣੇ ਹਮਰੁਤਬਾ ਨਰਿੰਦਰ ਮੋਦੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਸੁਖਾਲੇ ਸਬੰਧ ਬਣਾਉਣ ਦਾ ਹੋਕਾ ਦਿੱਤਾ ਸੀ।’’ ਉਨ੍ਹਾਂ ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੇ ਵੱਡੀ ਗਿਣਤੀ ਵਿਚ ਤਾਇਨਾਤ ਭਾਰਤੀ ਫ਼ੌਜ ਵਲੋਂ ਕਸ਼ਮੀਰੀਆਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ।

ਐਨਆਰਆਈ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਮੌਕੇ ਡੇਰਾ ਬਾਬਾ ਨਾਨਕ ਵਿਖੇ ਕਾਰਤਾਰਪੁਰ ਲਾਂਘੇ ਦੀ ਏਕੀਕਿ੍ਤ ਚੈੱਕ ਪੋਸਟ ਦੇ ਸਾਹਮਣੇ ਹੱਥ ਹਿਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ। ਫੋਟੋ: ਪੀਟੀਆਈ

ਡੇਰਾ ਬਾਬਾ ਨਾਨਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,‘‘ਗੁਰੂ ਨਾਨਕ ਦੇਵ ਦੀ ਬਾਣੀ ਕੇਵਲ ਭਾਰਤ ਦੀ ਧਰੋਹਰ ਨਹੀਂ ਸਗੋਂ ਪੂਰੀ ਮਾਨਵਤਾ ਲਈ ਪ੍ਰੇਰਣਾ ਸਰੋਤ ਹੈ। ਕੌਰੀਡੋਰ ਅਤੇ ਚੈੱਕਪੋਸਟ ਦੋਹਰੀਆਂ ਖੁਸ਼ੀਆਂ ਲੈ ਕੇ ਆਇਆ ਹੈ ਅਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਸਾਨ ਹੋ ਜਾਣਗੇ।’’ ਕਰਤਾਰਪੁਰ ਦੀ ਧਰਤੀ ਨੂੰ ਬਾਬਾ ਨਾਨਕ ਦੀ ਕਰਮੀ ਭੂਮੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਸੀਨੇ ਅਤੇ ਹਵਾ ਵਿਚ ਬਾਣੀ ਦੀ ਮਹਿਕ ਘੁਲੀ ਹੋਈ ਹੈ। ‘ਇਸ ਧਰਤੀ ਤੋਂ ਬਾਬੇ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀ ਰੀਤ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਬਾਣੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਹੈ। ਬਾਬਾ ਨਾਨਕ ਦੇ ਸਾਥੀ ਭਾਈ ਮਰਦਾਨਾ ਅਤੇ ਲਾਲੋ ਸਨ, ਜਿਨ੍ਹਾਂ ਦੇ ਸਾਥ ਤੋਂ ਸਪੱਸ਼ਟ ਹੈ ਕਿ ਉਹ ਅਮੀਰ ਤੇ ਗਰੀਬ ਵਿਚਾਲੇ ਵਿਤਕਰਾ ਜਾਂ ਫਰਕ ਨਹੀਂ ਕਰਦੇ ਸਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਨਾਨਕ ਨੇ 500 ਸਾਲ ਪਹਿਲਾਂ ਪੌਣ, ਪਾਣੀ ਅਤੇ ਧਰਤੀ ਬਾਰੇ ਆਪਣੀ ਚਿੰਤਾ ਜ਼ਾਹਿਰ ਕਰ ਦਿੱਤੀ ਸੀ ਜਦੋਂ ਕਿ ਉਸ ਵੇਲੇ ਪਾਣੀ ਆਦਿ ਦੀ ਕੋਈ ਘਾਟ ਨਹੀਂ ਸੀ ਪਰ ਅੱਜ ਵਾਤਾਵਰਣ ਨੂੰ ਗੰਭੀਰ ਖਤਰਾ ਖੜ੍ਹਾ ਹੋ ਗਿਆ ਹੈ। ਇਸ ਸੰਦਰਭ ਵਿਚ ਬਾਬਾ ਨਾਨਕ ਦੀ ਬਾਣੀ ਓਨੀ ਹੀ ਤਰਕਸੰਗਤ ਹੈ, ਜਿੰਨੀ 550 ਸਾਲ ਪਹਿਲਾਂ ਸੀ। ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਹੁਣ ਜੰਮੂ ਕਸ਼ਮੀਰ ਵਿਚ ਜ਼ਮੀਨ ਖ਼ਰੀਦ ਸਕਦੇ ਹਨ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਹੋਰ ਵੀ ਸਾਰੇ ਅਧਿਕਾਰ ਮਿਲ ਗਏ ਹਨ। ਸ਼੍ਰੋਮਣੀ ਕਮੇਟੀ ਵਲੋਂ ਦਿੱਤੇ ਗਏ ‘ਕੌਮੀ ਸੇਵਾ ਐਵਾਰਡ’ ਨੂੰ ਉਨ੍ਹਾਂ ਪੀਰਾਂ ਪੈਗੰਬਰਾਂ ਦੇ ਗੌਰਵ, ਪਿਆਰ ਅਤੇ ਤਪੱਸਿਆ ਦਾ ਪ੍ਰਸਾਦ ਆਖਿਆ, ਜਿਸ ਨੂੰ ਉਨ੍ਹਾਂ ਗੁਰੂ ਚਰਨਾਂ ਵਿਚ ਸਮਰਪਿਤ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਬੜੇ ਸ਼ਰਧਾ ਭਾਵ ਨਾਲ ਮਨਾ ਰਹੀ ਹੈ ਅਤੇ ਇਸ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮੁੱਚੇ ਵਿਸ਼ਵ ਵਿਚ ਪ੍ਰਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਯੂਨੈਸਕੋ ਦੀ ਮਦਦ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਵੱਖ ਵੱਖ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿਚ ਇਕ ਯੂਨੀਵਰਸਿਟੀ ਵਿਚ ਗੁਰੂ ਸਾਹਿਬ ਦੇ ਨਾਂ ਦੀ ਚੇਅਰ ਸਥਾਪਤ ਕੀਤੀ ਗਈ ਹੈ ਅਤੇ ਕੈਨੇਡਾ ਵਿਚ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ। ਬਾਅਦ ਦੁਪਹਿਰ ਜਦੋਂ ਜਥਾ ਕੁਝ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਾ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਮਨ ਦਾ ਪੈਗਾਮ ਦਿੱਤਾ ਸੀ। ਉਸੇ ਤਹਿਤ ਹੀ ਅੱਜ ਪਾਕਿਸਤਾਨ ਵਿਚ ਸਮੁੱਚੇ ਸਿੱਖ ਭਾਈਚਾਰੇ ਨੂੰ ਖੁਸ਼ਆਮਦੀਦ ਆਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਸਮੇਤ ਬਰਤਾਨੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਵਿਚ ਬੈਠੇ ਸਮੂਹ ਸਿੱਖਾਂ ਲਈ ਪਾਕਿਸਤਾਨ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਕਸ਼ਮੀਰ ਦਾ ਜ਼ਿਕਰ ਛੇੜਦਿਆਂ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਵਲੋਂ ਦਿੱਤਾ ਅਮਨ ਦਾ ਪੈਗਾਮ ਕਸ਼ਮੀਰ ਵਿਚ ਵੀ ਪੁੱਜਣਾ ਚਾਹੀਦਾ ਹੈ। ਕਰਤਾਰਪੁਰ ਲਾਂਘੇ ਨੂੰ ਉਨ੍ਹਾਂ ਮੁਹੱਬਤ ਦੀ ਰਾਹਦਾਰੀ ਕਰਾਰ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੁਹੱਬਤ ਦੇ ਰਾਹ ਤੇ ਚਲਿਆ ਜਾਂਦਾ ਤਾਂ ਇਹ 7 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ 72 ਸਾਲ ਦਾ ਸਮਾਂ ਨਾ ਲਗਦਾ।

ਮੋਦੀ ਨੇ 562 ਸ਼ਰਧਾਲੂਆਂ ਦੇ ਪਲੇਠੇ ਜਥੇ ਨੂੰ ਕਰਤਾਰਪੁਰ ਰਵਾਨਾ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਂਝੀ ਚੈੱਕ ਪੋਸਟ ਦਾ ਉਦਘਾਟਨ ਕਰਦੇ ਹੋਏ। ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਦੀਪ ਸਿੰਘ ਪੁਰੀ ਵੀ ਨਜ਼ਰ ਆ ਰਹੇ ਹਨ।

ਡੇਰਾ ਬਾਬਾ ਨਾਨਕ ਵਿਖੇ ਚੈੱਕ ਪੋਸਟ ਤੇ ਲਾਂਘੇ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਨੇ ਨਿਸ਼ਾਨ ਸਾਹਿਬ ਫਹਿਰਾ ਕੇ 562 ਸਿੱਖ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਸਿੱਖ ਸ਼ਰਧਾਲੂਆਂ ਦੇ ਇਸ ਉੱਚ ਪੱਧਰੀ ਵਫ਼ਦ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਅਤੇ ਸੋਮ ਪ੍ਰਕਾਸ਼, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਸਰਬਜੋਤ ਸਿੰਘ ਬੇਦੀ ਸਮੇਤ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਸ਼ਾਮਲ ਸਨ।

ਗੁਰਦੁਆਰੇ ਦੇ ਵਿਹੜੇ ’ਚ ਜ਼ਮੀਨ ’ਤੇ ਹੀ ਬੈਠੇ ਆਗੂ ਤੇ ਸੰਗਤ

ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਚ ਅੱਜ ਉਦਘਾਟਨੀ ਸਮਾਗਮ ਮੌਕੇ ਗੁਰਦੁਆਰੇ ਦੇ ਵਿਹੜੇ ਵਿਚ ਸਾਰੇ ਵੱਡੇ ਆਗੂ ਅਤੇ ਸੰਗਤ ਜ਼ਮੀਨ ’ਤੇ ਹੀ ਬੈਠੀ ਸੀ। ਕੋਈ ਵੀ ਆਗੂ ਕਿਸੇ ਉੱਚੀ ਥਾਂ ’ਤੇ ਜਾਂ ਮੰਚ ਉਤੇ ਬਿਰਾਜਮਾਨ ਨਹੀਂ ਸੀ। ਪਾਕਿਸਤਾਨੀ ਆਗੂਆਂ ਨੇ ਵੀ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਆਪਣੇ ਸਿਰ ਢਕੇ ਹੋਏ ਸਨ। ਮੰਚ ਸੰਚਾਲਕ ਸਮੇਤ ਪਾਕਿਸਤਾਨੀ ਬੁਲਾਰਿਆਂ ਨੇ ਫ਼ਤਹਿ ਵੀ ਬੁਲਾਈ।

ਸੰਯੁਕਤ ਰਾਸ਼ਟਰ ਅਤੇ ਅਮਰੀਕਾ ਵੱਲੋਂ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ

ਸੰਯੁਕਤ ਰਾਸ਼ਟਰ/ਵਾਸ਼ਿੰਗਟਨ: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲਾਂਘੇ ਰਾਹੀਂ ਦੋਵੇਂ ਮੁਲਕਾਂ ਵਿਚਕਾਰ ਆਪਸੀ ਸਮਝ ਵਧੇਗੀ ਅਤੇ ਧਰਮਾਂ ਵਿਚਕਾਰ ਸਦਭਾਵਨਾ ਦਾ ਮਾਹੌਲ ਬਣੇਗਾ। ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਮੌਰਗਨ ਓਰਟਾਗਸ ਨੇ ਟਵਿੱਟਰ ’ਤੇ ਪਾਈ ਪੋਸਟ ’ਚ ਦੋਵੇਂ ਮੁਲਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਆਂਢੀ ਮੁਲਕਾਂ ਵਿਚਕਾਰ ਆਪਸੀ ਲਾਹੇ ਲਈ ਰਲ ਕੇ ਕੰਮ ਕਰਨ ਦੀ ਹਾਂ-ਪੱਖੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨਵਾਂ ਲਾਂਘਾ ਧਾਰਮਿਕ ਆਜ਼ਾਦੀ ਨੂੰ ਹੁਲਾਰਾ ਦੇਣ ਲਈ ਉਠਾਇਆ ਗਿਆ ਵੱਡਾ ਕਦਮ ਹੈ।
-ਪੀਟੀਆਈ

ਨਵਜੋਤ ਸਿੰਘ ਸਿੱਧੂ ਬਣੇ ਰਹੇ ਖਿੱਚ ਦਾ ਕੇਂਦਰ

ਨਵਜੋਤ ਸਿੰਘ ਸਿੱਧੂ ਸ਼ਨਿਚਰਵਾਰ ਨੂੰ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਗੁਰਿੰਦਰ ਸਿੰਘ
ਕਰਤਾਰਪੁਰ ਸਾਹਿਬ, 9 ਨਵੰਬਰ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਦੋਹਾਂ ਮੁਲਕਾਂ ਦੇ ਹੀਰੋ ਨਜ਼ਰ ਆ ਰਹੇ ਸਨ। ਉਨ੍ਹਾਂ ਜਿਉਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਸ਼ਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਅਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ 16 ਮਿੰਟ ਦੇ ਲੱਛੇਦਾਰ ਭਾਸ਼ਣ ਵਿੱਚ ਇਮਰਾਨ ਲਈ 10-12 ਸ਼ੇਅਰ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਰੇ ਮਹਿਮਾਨਾਂ ਵਿੱਚੋਂ ਸਿਰਫ਼ ਸਿੱਧੂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲੱਗੇ ਤਾਂ ਉਥੇ ਮੌਜੂਦ ਸੰਗਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਾਮ ਨੂੰ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਮਗਰੋਂ ਡੇਰਾ ਬਾਬਾ ਨਾਨਕ ਪਹੁੰਚੇ ਤਾਂ ਲਾਂਘੇ ਕੋਲ ਲੋਕਾਂ ਨੇ ਸਿੱਧੂ ਦੇ ਪੱਖ ’ਚ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਸਿੱਧੂ ਨੂੰ ਅਮਨ ਦਾ ਨੁਮਾਇੰਦਾ ਦੱਸਦਿਆਂ ਜੈਕਾਰੇ ਵੀ ਛੱਡੇ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਜਦੋਂ ਇਮਰਾਨ ਖ਼ਾਨ ਦੇ ਵਜ਼ੀਰੇ ਆਜ਼ਮ ਵਜੋਂ ਹਲਫ਼ ਲੈਣ ਵਾਲੇ ਸਮਾਗਮ ਲਈ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਦੇ ਲਾਂਘਾ ਖੁਲ੍ਹਵਾਉਣ ਦੇ ਯਤਨਾਂ ਕਰਕੇ ਹੀ ਅੱਜ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਨੂੰ ਮਿਲੇ ਹਨ।

ਪਾਕਿ ਅਧਿਕਾਰੀਆਂ ਨੇ ਜਦੋਂ ਚੇਤਾਵਨੀ ਦਿੱਤੀ…

ਗੁਰਦੁਆਰਾ ਕੰਪਲੈਕਸ ਵਿੱਚ ਸੁਰੱਖਿਆ ਲਈ ਬੇਮਿਸਾਲ ਪ੍ਰਬੰਧ ਕੀਤੇ ਗਏ ਸਨ ਅਤੇ ਭਾਰੀ ਗਿਣਤੀ ਵਿੱਚ ਤਾਇਨਾਤ ਮੁਲਾਜ਼ਮਾਂ ਵਿੱਚੋਂ ਕਈ ਮੁਲਾਜ਼ਮ ਸਿਰਾਂ ਤੋਂ ਨੰਗੇ ਸਨ। ਇਸ ਦੌਰਾਨ ਇੱਕ ਅਧਿਕਾਰੀ ਨੇ ਮਾਈਕ ’ਤੇ ਆਕੇ ਨੰਗੇ ਸਿਰ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿੱਚ ਆਪਣੇ ਸਿਰ ਕੱਜ ਲੈਣ ਨਹੀਂ ਤਾਂ ਉਨ੍ਹਾਂ ਨੂੰ ਲਾਹੌਰ ਭੇਜ ਦਿੱਤਾ ਜਾਵੇਗਾ।

ਕਰਤਾਰਪੁਰ ਲਾਂਘੇ ਦੀਆਂ ਝਲਕੀਆਂ

ਖਾਲਿਸਤਾਨ – ਪਾਕਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ

ਉਦਘਾਟਨੀ ਸਮਾਗਮ ਦੌਰਾਨ ਜੋਸ਼ ਵਿੱਚ ਆਏ ਸ਼ਰਧਾਲੂਆਂ ਨੇ ਖਾਲਿਸਤਾਨ- ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਇਮਰਾਨ ਖ਼ਾਨ, ਜਨਰਲ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਅਕਾਸ਼ ਗੂੰਜਾਉ ਨਾਅਰੇਬਾਜ਼ੀ ਸੁਣਕੇ ਸਮੁੱਚੇ ਮੀਡੀਆ ਦਾ ਨਾਅਰੇਬਾਜ਼ੀ ਕਰ ਰਹੇ ਸ਼ਰਧਾਲੂਆਂ ਵੱਲ ਹੋ ਗਿਆ ਤਾਂ ਨਾਅਰਿਆਂ ਦੀ ਆਵਾਜ਼ ਹੋਰ ਤੇਜ਼ ਹੋ ਗਈ।

ਵਾਹਗਾ ਬਾਰਡਰ ਦੇ ਪਾਕਿਸਤਾਨੀ ਰੇਂਜਰ ਰਹੇ ਖਿੱਚ ਦਾ ਕੇਂਦਰ

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਬਾਹਰ ਦਰਸ਼ਨੀ ਡਿਉਢੀ ਕੋਲ ਵਾਹਗਾ ਬਾਰਡਰ ਤੇ ਪਾਕਿਸਤਾਨ ਵਾਲੇ ਪਾਸਿਉਂ ਹੁੰਦੀ ਰੀਟਰੀਟ ਸੈਰੇਮਨੀ ਵਿੱਚ ਦਰਸ਼ਕਾਂ ਦਾ ਧਿਆਨ ਖਿੱਚਣ ਵਾਲੇ ਦੋ ਰੇਂਜਰ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸ਼ਰਧਾਲੂ 7-7 ਫੁੱਟੇ ਲੰਮੇ ਰੇਂਜਰਾਂ ਸ਼ਬੀਰ ਅਤੇ ਖ਼ਾਲਿਦ ਨਾਲ ਫੋਟੋ ਖਿਚਵਾ ਰਹੇ ਸਨ। ਇੱਕ ਵਾਰ ਤਾਂ ਉਥੇ ਭੀੜ ਇਕੱਠੀ ਹੋ ਗਈ ਜਿਸ ਨੂੰ ਵੇਖਦਿਆਂ ਪ੍ਰਬੰਧਕਾਂ ਨੇ ਰੇਂਜਰਾਂ ਨੂੰ ਕੁੱਝ ਸਮੇਂ ਲਈ ਉਥੋਂ ਹਟਾ ਦਿੱਤਾ।

ਸੂਟਾਂ ’ਚ ਸਜੀਆਂ ਬੀਬੀਆਂ ਵੱਲੋਂ ਸ਼ਰਧਾਲੂਆਂ ਦਾ ਸਵਾਗਤ

ਦਰਸ਼ਨੀ ਡਿਉਢੀ ਦੇ ਸੱਜੇ ਪਾਸੇ ਪੰਜਾਬੀ ਕਾਲੇ ਸੂਟ ਅਤੇ ਕੇਸਰੀ ਦੁਪੱਟਿਆਂ ਵਿੱਚ ਸਜੀਆਂ ਬੀਬੀਆਂ ਸ਼ਰਧਾਲੂਆਂ ਦਾ ਫਤਿਹ ਬੁਲਾ ਕੇ ਸਵਾਗਤ ਕਰ ਰਹੀਆਂ ਸਨ। ਇਸ ਸਮੇਂ ਲਾਹੌਰ ਤੋਂ ਪੁੱਜੀ ਪੂਰਵ ਕੌਰ ਨੇ ਦੱਸਿਆ ਕਿ ਗਲੋਬਲ ਨੋਬਲ ਕੰਪਨੀ ਵੱਲੋਂ ਉਹ ਸ਼ਰਧਾਲੂਆਂ ਦੀ ਸੇਵਾ ਲਈ ਹਾਜ਼ਰ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 12 ਮੁਟਿਆਰਾਂ ਨੂੰ ਵੱਖ-ਵੱਖ ਥਾਵਾਂ ਤੇ ਸ਼ਰਧਾਲੂਆਂ ਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਹੈ।

ਗੁਰਬਾਣੀ ਨਾਲ ਸਬੰਧਿਤ ਪੇਂਟਿੰਗ ਪ੍ਰਦਰਸ਼ਨੀ ਵਿੱਚ ਸ਼ਰਧਾਲੂਆਂ ਵਿਖਾਇਆ ਉਤਸ਼ਾਹ

ਗੁਰਦੁਆਰਾ ਕੰਪਲੈਕਸ ਵਿੱਚ ਬਣੇ ਧਾਰਮਿਕ ਵਿਚਾਰ ਵਟਾਂਦਰਾ ਕੇਂਦਰ ਵਿੱਚ ਫ਼ਕੀਰ ਖਾਨਾ ਮਿਊਜ਼ੀਅਮ ਵੱਲੋਂ ਗੁਰਬਾਣੀ ਨਾਲ ਸਬੰਧਿਤ ਲੱਗੀ ਪੇਂਟਿੰਗ ਪ੍ਰਦਰਸ਼ਨੀ ਵਿੱਚ ਸ਼ਰਧਾਲੂਆਂ ਵੱਲੋਂ ਉਤਸ਼ਾਹ ਵਿਖਾਇਆ ਗਿਆ। ਇਸ ਮੌਕੇ ਪ੍ਰਦਰਸ਼ਨੀ ਦੇ ਪ੍ਰਬੰਧਕ ਫ਼ਕੀਰ ਸੱਯਦ ਸੈਫ਼ਉਦ ਦੀਨ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ ਫ਼ਕੀਰ ਅਜੀਜ਼ੂਦੀਨ ਮਹਾਰਾਜ ਰਣਜੀਤ ਸਿੰਘ ਦੇ ਵਜ਼ੀਰ ਸਨ ਅਤੇ ਉਨ੍ਹਾਂ ਕੋਲ ਸਿੱਖ ਇਤਿਹਾਸ ਦਾ ਵੱਡਾ ਖਜ਼ਾਨਾ ਹੈ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਸਿੱਖ ਇਤਿਹਾਸ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਛਪਵਾਉਣਗੇ। ਇਸ ਮੌਕੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨੇ ਕੁੱਝ ਪੇਂਟਿੰਗਜ਼ ਦੀ ਖਰੀਦਾਰੀ ਵੀ ਕੀਤੀ।
-ਗੁਰਿੰਦਰ ਸਿੰਘ


Comments Off on ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.