ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ

Posted On November - 22 - 2019

ਸੰਜੀਵ ਪਾਂਡੇ

ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿਚ ਜੋ ਕੁਝ ਕਿਹਾ, ਉਸ ਨੂੰ ਸੁਣ ਕੇ ਲੋਕ ਹੈਰਾਨ ਸਨ। ਇਮਰਾਨ ਨੇ ਭਾਰਤੀ ਵਫ਼ਦ ਦਾ ਖ਼ੁਦ ਸਵਾਗਤ ਕੀਤਾ ਜੋ ਵੱਡੀ ਗੱਲ ਹੈ, ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਮੁਲਕਾਂ ਦੇ ਰਿਸ਼ਤੇ ਕਸ਼ਮੀਰ ਮੁੱਦੇ ਕਾਰਨ ਬਹੁਤ ਖ਼ਰਾਬ ਹਨ। ਇਸ ਦੇ ਬਾਵਜੂਦ ਦੋਵੇਂ ਮੁਲਕ ਅੱਗੇ ਆਏ, ਲਾਂਘੇ ਸਬੰਧੀ ਇਕਰਾਰਨਾਮਾ ਕੀਤਾ ਅਤੇ ਲਾਂਘਾ ਚਾਲੂ ਵੀ ਹੋ ਗਿਆ।
ਲਾਂਘੇ ਦਾ ਵਿਰੋਧ ਕਰਨ ਵਾਲੇ ਵੀ ਦੋਵਾਂ ਮੁਲਕਾਂ ਵਿਚ ਹਨ। ਪਾਕਿਸਤਾਨ ਦੇ ਕੱਟੜਪੰਥੀ, ਖ਼ਾਸਕਰ ਮੌਲਾਨਾ ਫ਼ਜ਼ਲੁਰ ਰਹਿਮਾਨ ਵਰਗੇ ਇਮਰਾਨ ਖ਼ਾਨ ਤੇ ਨਿਸ਼ਾਨੇ ਸੇਧ ਰਹੇ ਸਨ। ਭਾਰਤ ਵਿਚ ਵੀ ਇਕ ਵਰਗ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨੀ ਨਿਜ਼ਾਮ ਦਾ ਖ਼ਤਰਨਾਕ ਮਨਸੂਬਾ ਦੱਸ ਰਿਹਾ ਸੀ। ਇਨ੍ਹਾਂ ਵਿਚ ਕੁਝ ਸਿਆਸਤਦਾਨ ਵੀ ਸ਼ਾਮਲ ਸਨ। ਅਜਿਹੇ ਇਕ ਵਰਗ ਦੀ ਰਾਇ ਹੈ ਕਿ ਪਾਕਿਸਤਾਨ ਵੱਲੋਂ ਲਾਂਘੇ ਦਾ ਇਸਤੇਮਾਲ ਭਾਰਤ ਖ਼ਿਲਾਫ਼ ਸਰਗਰਮੀਆਂ ਲਈ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਲਾਂਘੇ ਪਿੱਛੇ ਪਾਕਿਸਤਾਨੀ ਫ਼ੌਜ ਦਾ ਦਿਮਾਗ਼ ਹੈ ਤੇ ਇਸ ਰਾਹੀਂ ਪਾਕਿਸਤਾਨ ਦੁਨੀਆਂ ਭਰ ਦੇ ਸਿੱਖਾਂ ਵਿਚ ਭਾਰਤ ਵਿਰੋਧੀ ਪ੍ਰਚਾਰ ਕਰੇਗਾ।
ਸਵਾਲ ਹੈ: ਕੀ ਮਹਿਜ਼ ਇਸ ਸ਼ੱਕ ਦੇ ਆਧਾਰ ਤੇ ਤੁਸੀਂ ਅਮਨ ਅਮਲ ਨੂੰ ਹੀ ਰੋਕ ਦੋਵੇਗੇ? ਕੀ ਆਈਐੱਸਆਈ ਕੋਲ ਭਾਰਤ ਵਿਚ ਘੁਸਪੈਠ ਲਈ ਪੰਜਾਬ ਹੀ ਜ਼ਰੀਆ ਹੈ? ਜਵਾਬ ਵਿਚ ਤੁਸੀਂ ਆਖ ਸਕਦੇ ਹੋ ਕਿ ਅਜਿਹੇ ਸਵਾਲ ਉਠਾਉਣ ਵਾਲੇ ਉਹ ਲੋਕ ਹਨ ਜਿਹੜੇ ਅਮਨ ਪ੍ਰਕਿਰਿਆ ਵਿਚ ਅੜਿੱਕਾ ਪਾਉਣ ਵਾਲੇ ਹਨ। ਜੋ ਸਰਹੱਦ ਤੇ ਅਮਨ ਨਹੀਂ, ਤਣਾਅ ਚਾਹੁੰਦੇ ਹਨ, ਜਿਸ ਵਿਚ ਉਨ੍ਹਾਂ ਦੇ ਆਪਣੇ ਹਿੱਤ ਹਨ ਕਿਉਂਕਿ ਸਰਹੱਦ ਤੇ ਤਣਾਅ ਰਹੇਗਾ ਤਾਂ ਹਥਿਆਰਾਂ ਦਾ ਕਾਰੋਬਾਰ ਚੱਲੇਗਾ।
ਇਸ ਸੱਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਪਾਕਿਸਤਾਨੀ ਨਿਜ਼ਾਮ ਵਿਚ ਇਸ ਵੇਲੇ ਦੋ ਤਰ੍ਹਾਂ ਦੀ ਸੋਚ ਵਾਲੇ ਲੋਕ ਹਨ। ਇਕ ਜੋ ਲੰਮੇ ਸਮੇਂ ਤੋਂ ਜਾਰੀ ਤਣਾਅ ਤੋਂ ਤੰਗ ਹਨ ਤੇ ਅਮਨ ਚਾਹੁੰਦੇ ਹਨ ਤਾਂ ਕਿ ਮੁਲਕ ਦੀ ਮਾਲੀ ਹਾਲਤ ਸੁਧਰੇ। ਪਾਕਿਸਤਾਨ ਦਾ ਇਕ ਵਰਗ ਲਗਾਤਾਰ ਬਦਅਮਨੀ ਚਾਹੁੰਦਾ ਹੈ। ਪਾਕਿਸਤਾਨੀ ਫ਼ੌਜ ਦੇ ਅੰਦਰ ਵੀ ਹਥਿਆਰ ਲਾਬੀ ਦੀ ਜ਼ੋਰਦਾਰ ਘੁਸਪੈਠ ਹੈ ਜੋ ਸ਼ਾਂਤੀ ਨਹੀਂ ਚਾਹੁੰਦੀ ਤੇ ਲਾਂਘੇ ਦੇ ਪ੍ਰਾਜੈਕਟ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਸੰਜੀਵ ਪਾਂਡੇ

ਭਾਰਤ ਵਿਚ ਕਦੇ ਵੀ ਪਾਕਿਸਤਾਨ ਦੀ ਪੱਛਮੀ ਸਰਹੱਦ ਦਾ ਸਹੀ ਵਿਸ਼ਲੇਸ਼ਣ ਨਹੀਂ ਹੁੰਦਾ। ਜੇ ਪੂਰਬੀ ਸਰਹੱਦ ਤੇ ਪਾਕਿਸਤਾਨ ਦੇ ਭਾਰਤ ਨਾਲ ਮਾੜੇ ਰਿਸ਼ਤੇ ਹਨ ਤਾਂ ਇਸ ਦੀ ਲਹਿੰਦੇ ਪਾਸੇ ਵਾਲੀ ਸਰਹੱਦ ਤੇ ਅਫ਼ਗ਼ਾਨਿਸਤਾਨ ਨਾਲ ਮਾੜੇ ਰਿਸ਼ਤੇ ਵੀ ਪਾਕਿਸਤਾਨ ਲਈ ਫ਼ਿਕਰ ਵਾਲੀ ਗੱਲ ਹੈ। ਪਾਕਿਸਤਾਨ ਲਈ ਜਿੰਨੀ ਵੱਡੀ ਚੁਣੌਤੀ ਚੜ੍ਹਦੀ ਸਰਹੱਦ ਤੇ ਹੈ, ਓਨੀ ਹੀ ਲਹਿੰਦੀ ਸਰਹੱਦ ਤੇ ਹੈ। ਦਰਅਸਲ ਪਾਕਿਸਤਾਨ ਦੇ ਹਾਲਾਤ ਨੂੰ ਘੋਖਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਦਾ ਗੁਆਂਢੀ ਅਫ਼ਗ਼ਾਨਿਸਤਾਨ ਵੀ ਹੈ ਜੋ ਇਸ ਦੇ ਪੱਛਮ ਵਿਚ ਹੈ। ਪੱਛਮ ਵਿਚ ਪਾਕਿਸਤਾਨ ਦਾ ਇਕ ਹੋਰ ਗੁਆਂਢੀ, ਇਰਾਨ ਵੀ ਹੈ ਅਤੇ ਇਨ੍ਹਾਂ ਦੋਵਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਕਾਫ਼ੀ ਸਮੇਂ ਤੋਂ ਖ਼ਰਾਬ ਹਨ। ਇਰਾਨ ਨਾਲ ਮਾੜੇ ਸਬੰਧਾਂ ਦਾ ਕਾਰਨ ਪਾਕਿਸਤਾਨ ਦਾ ਸੁੰਨੀ ਬਹੁਗਿਣਤੀ ਅਤੇ ਇਰਾਨ ਦਾ ਸ਼ੀਆ ਬਹੁਗਿਣਤੀ ਮੁਲਕ ਹੋਣਾ ਹੈ। ਸਾਊਦੀ ਅਰਬ ਨਾਲ ਪਾਕਿਸਤਾਨ ਦੀ ਨਜ਼ਦੀਕੀ ਨੇ ਕਦੇ ਵੀ ਉਸ ਦੇ ਇਰਾਨ ਨਾਲ ਰਿਸ਼ਤੇ ਨਹੀਂ ਸੁਧਰਨ ਦਿੱਤੇ। ਇਸੇ ਕਾਰਨ ਬਲੋਚਿਸਤਾਨ ਦੀ ਸਰਹੱਦ ਤੋਂ ਪਾਕਿਸਤਾਨੀ ਤੇ ਇਰਾਨੀ ਫ਼ੌਜਾਂ ਦੀਆਂ ਝੜਪਾਂ ਦੀਆਂ ਖ਼ਬਰਾਂ ਆਉਂਦੀਆਂ ਹਨ। ਭਾਰਤੀ ਮੀਡੀਆ ਪਾਕਿਸਤਾਨ ਦੀ ਪੂਰਬੀ ਸਰਹੱਦ ਤੇ ਹੋਣ ਵਾਲੀ ਗੋਲੀਬਾਰੀ ਦੀਆਂ ਤਾਂ ਸੁਰਖ਼ੀਆਂ ਬਣਾਉਂਦਾ ਹੈ ਪਰ ਪੱਛਮੀ ਸਰਹੱਦ ਦੀਆਂ ਖ਼ਬਰਾਂ ਨੂੰ ਤਵੱਜੋ ਨਹੀਂ ਦਿੰਦਾ। ਜਦੋਂਕਿ ਪਾਕਿਸਤਾਨ ਦੀ ਪੱਛਮੀ ਸਰਹੱਦ ਕਾਫ਼ੀ ਸਮੇਂ ਤੋਂ ਅਸ਼ਾਂਤ ਹੈ। ਅਫ਼ਗ਼ਾਨਿਸਤਾਨ ਦੀ ਅੰਦਰੂਨੀ ਹਾਲਤ ਅਤੇ ਲੰਮੇ ਸਮੇਂ ਤੋਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਤਣਾਅ ਕਾਰਨ ਪਾਕਿਸਤਾਨ ਦੇ ਵਿਕਾਸ ‘ਤੇ ਮਾੜਾ ਅਸਰ ਪੈ ਰਿਹਾ ਹੈ।
ਇੰਝ ਵੀ ਨਹੀਂ ਕਿ ਪਾਕਿਸਤਾਨੀ ਨਿਜ਼ਾਮ ਆਪਣੀ ਪੱਛਮੀ ਸਰਹੱਦ ਦੀਆਂ ਚੁਣੌਤੀਆਂ ਤੋਂ ਬੇਖ਼ਬਰ ਹੈ ਅਤੇ ਭਾਰਤ ਦਾ ਮਹਿਜ਼ ਹਊਆ ਖੜ੍ਹਾ ਕਰਦੀ ਹੈ। ਹਕੀਕਤ ਤਾਂ ਇਹ ਹੈ ਕਿ ਪਾਕਿਸਤਾਨੀ ਨਿਜ਼ਾਮ ਪੱਛਮੀ ਸਰਹੱਦ ਦੀਆਂ ਚੁਣੌਤੀਆਂ ਤੋਂ, ਪਾਕਿਸਤਾਨ ਦੇ ਜਨਮ ਸਮੇਂ ਤੋਂ ਹੀ ਚੌਕਸ ਹੈ, ਕਿਉਂਕਿ ਅਫ਼ਗ਼ਾਨਿਸਤਾਨ ਦੀ ਸੱਤਾ ਤੇ ਕਾਬਜ਼ ਰਹੇ ਹਾਕਮ ਸ਼ੁਰੂ ਤੋਂ ਹੀ ਪਾਕਿਸਤਾਨ ਵਿਰੋਧੀ ਸੋਚ ਵਾਲੇ ਸਨ। ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਦੇ ਵਧੀਆ ਰਿਸ਼ਤੇ ਸਿਰਫ਼ ਤਾਲਿਬਾਨ ਦੇ ਦੌਰ ਦੌਰਾਨ ਰਹੇ, ਕਿਉਂਕਿ ਤਾਲਿਬਾਨ ਹਕੂਮਤ ਚਲਾਉਣ ਵਾਲੇ ਉਹੋ ਮੁਜਾਹਿਦੀਨ ਸਨ ਜਿਹੜੇ ਪਹਿਲਾਂ ਸੋਵੀਅਤ ਫ਼ੌਜ ਖ਼ਿਲਾਫ਼ ਲੜ ਚੁੱਕੇ ਸਨ ਅਤੇ ਉਨ੍ਹਾਂ ਦੀ ਟਰੇਨਿੰਗ ਪਾਕਿਸਤਾਨ ਦੇ ਦਿਉਬੰਦੀ ਮਦਰੱਸਿਆਂ ਵਿਚ ਹੋਈ ਸੀ।
ਦੂਜੇ ਪਾਸੇ ਪਾਕਿਸਤਾਨ ਹਮੇਸ਼ਾ ਚਾਹੁੰਦਾ ਹੈ ਕਿ ਕਾਬੁਲ ਵਿਚ ਉਸ ਦੀ ਹਮਾਇਤੀ ਸਰਕਾਰ ਹੋਵੇ, ਜਦੋਂਕਿ ਅਫ਼ਗ਼ਾਨਿਸਤਾਨ ਦੀ ਬਹੁਗਿਣਤੀ 1893 ਵਿਚ ਬਣਾਈ ਗਈ ਡਿਊਰੰਡ ਲਕੀਰ (ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੀ ਮੌਜੂਦਾ ਸਰਹੱਦ) ਨੂੰ ਨਹੀਂ ਮੰਨਦੀ, ਜਿਸ ਰਾਹੀਂ ਬ੍ਰਿਟਿਸ਼ ਇੰਡੀਆ ਤੇ ਅਫ਼ਗ਼ਾਨਿਸਤਾਨ ਨੂੰ ਅੱਡ ਕੀਤਾ ਗਿਆ। ਅਫ਼ਗ਼ਾਨਿਸਤਾਨ ਅੱਜ ਵੀ ਡਿਊਰੰਡ ਲਕੀਰ ਤੋਂ ਪੂਰਬ ਵੱਲ ਦੀ (ਪਾਕਿਸਤਾਨ ਵਿਚਲੀ) ਪਖ਼ਤੂਨ ਆਬਾਦੀ ਉਤੇ ਆਪਣਾ ਹੱਕ ਜਤਾਉਂਦਾ ਹੈ।
ਪਾਕਿਸਤਾਨੀ ਫ਼ੌਜ ਲਈ ਸਭ ਤੋਂ ਵੱਡੀ ਚੁਣੌਤੀ ਅਫ਼ਗ਼ਾਨ ਸਰਹੱਦ ਹੈ ਜੋ 2400 ਕਿਲੋਮੀਟਰ ਲੰਮੀ ਹੈ। ਅਫ਼ਗ਼ਾਨਿਸਤਾਨ ਵਿਚੋਂ ਤਾਲਿਬਾਨ ਹਕੂਮਤ ਦੇ ਖ਼ਾਤਮੇ ਤੋਂ ਬਾਅਦ ਇਸ ਸਰਹੱਦ ਉਤੇ ਪਾਕਿਸਤਾਨ ਨੂੰ ਕਈ ਵੰਗਾਰਾਂ ਦਾ ਸਾਹਮਣਾ ਕਰਨਾ ਪਿਆ। ਇਕ ਚੁਣੌਤੀ ਪਾਕਿਸਤਾਨੀ ਤਾਲਿਬਾਨ ਤੋਂ ਮਿਲੀ ਜੋ ਸਰਹੱਦ ਦੇ ਦੋਹੀਂ ਪਾਸਿਉਂ ਦਹਿਸ਼ਤੀ ਅਪਰੇਸ਼ਨ ਚਲਾਉਂਦੇ ਰਹੇ ਹਨ। ਇਸੇ ਤਰ੍ਹਾਂ ਪਠਾਣਾਂ ਦੇ ਕਈ ਕਬੀਲਿਆਂ ਦੀ ਆਪਸੀ ਖਹਿਬਾਜ਼ੀ ਵੀ ਪਾਕਿਸਤਾਨ ਲਈ ਵੱਡੀ ਸਮੱਸਿਆ ਹੈ। ਪਾਕਿਸਤਾਨ-ਅਫ਼ਗ਼ਾਨਿਸਤਾਨ ਸਰਹੱਦ ਤੇ 2007 ਤੋਂ ਹੁਣ ਤੱਕ 40 ਦੇ ਕਰੀਬ ਜ਼ੋਰਦਾਰ ਝੜਪਾਂ ਹੋਈਆਂ। ਪਿਛਲੇ ਮਹੀਨੇ ਹੀ ਪਾਕਿਸਤਾਨੀ ਅਤੇ ਅਫ਼ਗਾਨ ਫ਼ੌਜਾਂ ਦਰਮਿਆਨ ਗੋਲੀਬਾਰੀ ਕਾਰਨ ਤਿੰਨ ਮੌਤਾਂ ਹੋਈਆਂ। ਅਫ਼ਗ਼ਾਨ ਫ਼ੌਜ ਦਾ ਦੋਸ਼ ਸੀ ਕਿ ਪਾਕਿਸਤਾਨੀ ਫ਼ੌਜ ਉਨ੍ਹਾਂ ਦੇ ਇਲਾਕੇ ਵਿਚ ਫ਼ੌਜੀ ਚੌਕੀ ਬਣਾ ਰਹੀ ਸੀ।
ਜਿਵੇਂ ਪਾਕਿਸਤਾਨ ਦੀ ਪੂਰਬੀ ਸਰਹੱਦ ਉਤੇ ਕਸ਼ਮੀਰ ਵਿਚ ਅਸਲ ਕੰਟਰੋਲ ਲਕੀਰ ਤੇ ਭਾਰਤੀ ਅਤੇ ਪਾਕਿਸਤਾਨੀ ਫ਼ੌਜਾਂ ਦੀ ਗੋਲੀਬਾਰੀ ਹੁੰਦੀ ਹੈ, ਉਵੇਂ ਹੀ ਪੱਛਮੀ ਸਰਹੱਦ ਤੇ ਪਾਕਿਸਤਾਨੀ ਅਤੇ ਅਫ਼ਗ਼ਾਨ ਫ਼ੌਜਾਂ ਦਰਮਿਆਨ ਹੁੰਦੀ ਹੈ। ਅਫ਼ਗ਼ਾਨਿਸਤਾਨ ਵੱਲ ਸਰਗਰਮ ਕਈ ਲੜਾਕੇ ਗਰੁੱਪ ਵੀ ਪਾਕਿਸਤਾਨੀ ਫ਼ੌਜ ‘ਤੇ ਹਮਲੇ ਕਰ ਦਿੰਦੇ ਹਨ। ਦਰਅਸਲ ਇਸ ਇਲਾਕੇ ਵਿਚ ਮੁਕਾਮੀ ਲੜਾਕਿਆਂ ਤੇ ਪਖ਼ਤੂਨ ਕਬੀਲਿਆਂ ਦਰਮਿਆਨ ਕਾਰੋਬਾਰ ਨੂੰ ਲੈ ਕੇ ਅਕਸਰ ਝੜਪਾਂ ਹੁੰਦੀਆਂ ਹਨ ਜਿਸ ਦੌਰਾਨ ਪਾਕਿਸਤਾਨੀ ਫ਼ੌਜ ਵੀ ਅਹਿਮ ਕਿਰਦਾਰ ਨਿਭਾਉਂਦੀ ਹੈ।
ਪਾਕਿਸਤਾਨ ਨੇ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਨੂੰ ਜਿਵੇਂ ਵਿਕਸਤ ਕੀਤਾ ਹੈ, ਉਸ ਦੀ ਸਿਫ਼ਤ ਹੋਣੀ ਚਾਹੀਦੀ ਹੈ। ਕਰਤਾਰਪੁਰ ਗੁਰਦੁਆਰਾ ਸਾਹਿਬ ਅਤੇ ਇਸ ਦੇ ਚੌਗ਼ਿਰਦੇ ਨੂੰ ਖ਼ੂਬਸੂਰਤ ਬਣਾਉਣ ਦਾ ਕੰਮ ਪਾਕਿਸਤਾਨੀ ਫ਼ੌਜ ਨੇ ਪਿਛਲੇ ਦਸ ਮਹੀਨਿਆਂ ਦੇ ਰਿਕਾਰਡ ਸਮੇਂ ਅੰਦਰ ਕੀਤਾ। ਇਹ ਕੰਮ ਕਿਸੇ ਸਿਵਲ ਮਹਿਕਮੇ ਨੂੰ ਨਹੀਂ ਦਿੱਤਾ ਗਿਆ ਤੇ ਖ਼ੁਦ ਫ਼ੌਜ ਨੇ ਕੀਤਾ। ਬਿਨਾ ਸ਼ੱਕ ਲਾਂਘਾ ਖੁਲ੍ਹਵਾਉਣ ਵਿਚ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਜਾਵੇਦ ਕਮਰ ਬਾਜਵਾ ਦੀ ਅਹਿਮ ਭੂਮਿਕਾ ਰਹੀ ਹੈ। ਲਾਂਘੇ ਵਿਚ ਬਾਜਵਾ ਦੀ ਸਰਗਰਮੀ ਕਾਰਨ ਹੀ ਇਸ ਪ੍ਰਾਜੈਕਟ ਨੂੰ ਆਈਐੱਸਆਈ ਦਾ ਮਨਸੂਬਾ ਦੱਸਿਆ ਜਾ ਰਿਹਾ ਹੈ ਪਰ ਇੰਝ ਬਾਜਵਾ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣਾ ਬਹੁਤ ਜਲਦਬਾਜ਼ੀ ਹੋਵੇਗੀ।
ਜਨਰਲ ਬਾਜਵਾ ਨੂੰ ਭਾਵੇਂ ਕਲੀਨ ਚਿੱਟ ਨਾ ਦਿੱਤੀ ਜਾਵੇ, ਕਿਉਂਕਿ ਉਹ ਜਿਸ ਫ਼ੌਜ ਦਾ ਮੁਖੀ ਹੈ, ਉਸ ਦਾ ਰਵੱਈਆ ਹਮੇਸ਼ਾ ਭਾਰਤ ਖ਼ਿਲਾਫ਼ ਰਿਹਾ ਹੈ ਪਰ ਉਸ ਦਾ ਬਾਜਵਾ ਡੌਕਟਰਿਨ (ਸਿਧਾਂਤ) ਹਕੀਕਤ ਹੈ। ਇਸ ਡੌਕਟਰਿਨ ਵਿਚ ਉਸ ਨੇ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਦੀ ਤਰਜ਼ ਤੇ ਭਾਰਤ ਨਾਲ ਵਪਾਰ ਦੀ ਵਕਾਲਤ ਕੀਤੀ ਹੈ। ਬਾਜਵਾ ਦੀ ਪਤਨੀ ਦਾ ਅਹਿਮਦੀਆ ਮੁਸਲਿਮ ਪਰਿਵਾਰ ਤੋਂ ਹੋਣਾ ਵੀ ਸੱਚਾਈ ਹੈ। ਬਾਜਵਾ ਦੇ ਪਿਤਾ ਵੀ ਬਾਅਦ ਵਿਚ ਅਹਿਮਦੀਆ ਬਣ ਗਏ ਸਨ, ਜਦੋਂਕਿ ਅਹਿਮਦੀਆ ਭਾਈਚਾਰੇ ਨੂੰ ਪਾਕਿਸਤਾਨ ਵਿਚ ਗ਼ੈਰਮੁਸਲਿਮ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਬਾਜਵਾ ਤੇ ਸ਼ੱਕ ਕਰਨਾ ਫ਼ਿਲਹਾਲ ਗ਼ਲਤ ਹੋਵੇਗਾ।
ਪਾਕਿਸਤਾਨੀ ਫ਼ੌਜ ਅਸਲ ਵਿਚ ਦਹਿਸ਼ਤੀ ਜਥੇਬੰਦੀਆਂ- ਇਸਲਾਮੀ ਸਟੇਟ, ਅਲ ਕਾਇਦਾ ਤੇ ਤਾਲਿਬਾਨ ਦੀਆਂ ਭਵਿੱਖੀ ਚੁਣੌਤੀਆਂ ਦਾ ਅੰਦਾਜ਼ਾ ਲਾ ਚੁੱਕੀ ਹੈ। ਇਨ੍ਹਾਂ ਤਿੰਨਾਂ ਦਾ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚ ਮਜ਼ਬੂਤ ਨੈੱਟਵਰਕ ਹੈ। ਅਫ਼ਗ਼ਾਨ ਸਰਹੱਦ ਦਾ ਭੂਗੋਲ ਵੀ ਪਹਾੜੀ ਅਤੇ ਬਹੁਤ ਬਿਖੜਾ ਹੋਣ ਕਾਰਨ ਚੁਣੌਤੀਪੂਰਨ ਹੈ। ਇਸੇ ਕਾਰਨ ਪਾਕਿਸਤਾਨ ਇਸ ਤੋਂ ਪੂਰੀ ਤਰ੍ਹਾਂ ਖ਼ਬਰਦਾਰ ਹੈ ਤੇ ਇਸ ਦੇ ਫ਼ੌਜੀ ਬਜਟ ਦਾ ਵੱਡਾ ਹਿੱਸਾ ਅਫ਼ਗ਼ਾਨ ਸਰਹੱਦ ਤੇ ਲੱਗਦਾ ਹੈ। ਅਫ਼ਗ਼ਾਨਿਸਤਾਨ ਤੇ ਅਮਰੀਕੀ ਹਮਲੇ ਤੋਂ ਬਾਅਦ ਇਸ ਸਰਹੱਦ ਉੱਤੇ ਪਾਕਿਸਤਾਨ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ।
ਇਰਾਨ ਸਰਹੱਦ ਵੀ ਪਾਕਿਸਤਾਨ ਲਈ ਹਮੇਸ਼ਾ ਪ੍ਰੇਸ਼ਾਨੀ ਵਾਲੀ ਰਹੀ ਹੈ। ਪਾਕਿਸਤਾਨ ਫ਼ੌਜ ਦੀਆਂ ਕੁੱਲ ਨੌਂ ਕੋਰਾਂ ਵਿਚੋਂ ਛੇ ਪੂਰਬੀ ਸਰਹੱਦ ਦੀ ਸੁਰੱਖਿਆ ਲਈ ਹਨ ਅਤੇ ਦੋ ਅਫ਼ਗ਼ਾਨਿਸਤਾਨ ਸਰਹੱਦ ਦੇਖਦੀਆਂ ਹਨ। ਪਾਕਿਸਤਾਨੀ ਫ਼ੌਜ ਦੀ ਗਿਆਰ੍ਹਵੀਂ ਕੋਰ ਖ਼ਾਸਕਰ ਅਫ਼ਗ਼ਾਨ ਸਰਹੱਦ ਲਈ ਹੈ। ਇਸ ਦਾ ਗਠਨ 70ਵਿਆਂ ਵਿਚ ਕੀਤਾ ਗਿਆ ਜੋ ਅਫ਼ਗ਼ਾਨ ਸਰਹੱਦ ਦੇ ਨਾਲ ਹੀ ਖ਼ੈਬਰ-ਪਖ਼ਤੂਨਖ਼ਵਾ ਸੂਬੇ ਵਿਚ ਤਾਲਿਬਾਨ ਸਣੇ ਕਈ ਦਹਿਸ਼ਤੀ ਤਨਜ਼ੀਮਾਂ ਨਾਲ ਲੜ ਰਹੀ ਹੈ। ਇਸੇ ਤਰ੍ਹਾਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਸਥਿਤ ਬਾਰ੍ਹਵੀਂ ਕੋਰ ਇਰਾਨ ਅਤੇ ਅਫ਼ਗ਼ਾਨ ਸਰਹੱਦ ਦੀ ਸੁਰੱਖਿਆ ਦੇ ਨਾਲ ਹੀ ਬਲੋਚ ਬਾਗ਼ੀਆਂ ਨਾਲ ਜੂਝਦੀ ਹੈ।
ਪਾਕਿਸਤਾਨੀ ਫ਼ੌਜ ਦੇ ਇਕ ਵੱਡੇ ਹਿੱਸੇ ਨੂੰ ਸਮਝ ਆ ਗਿਆ ਹੈ ਕਿ ਮੁਲਕ ਦੀਆਂ ਦੋਵੇਂ- ਚੜ੍ਹਦੀ ਤੇ ਲਹਿੰਦੀ ਸਰਹੱਦਾਂ ਉਤੇ ਲਗਾਤਾਰ ਤਣਾਅ ਕਾਰਨ ਪਾਕਿਸਤਾਨ ਦੀ ਮਾਲੀ ਹਾਲਤ ਖ਼ਰਾਬ ਹੋਈ ਹੈ। ਮੁਲਕ ਵਿਚ ਸਰਗਰਮ ਦਹਿਸ਼ਤੀ ਗਰੁੱਪਾਂ ਨੇ ਵੀ ਅਰਥਚਾਰੇ ਨੂੰ ਭਾਰੀ ਸੱਟ ਮਾਰੀ। ਦਹਿਸ਼ਤੀ ਹਮਲਿਆਂ ਵਿਚ ਇਕ ਲੱਖ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਮੁਲਕ ਉਤੇ 100 ਅਰਬ ਡਾਲਰ ਦਾ ਵਿਦੇਸ਼ੀ ਕਰਜ਼ ਹੈ। ਚੀਨ-ਪਾਕਿਸਤਾਨ ਆਰਥਿਕ ਲਾਂਘੇ (ਕੌਰੀਡੋਰ) ਦਾ ਪਹਿਲਾ ਗੇੜ ਪੂਰਾ ਹੋਣ ਵਾਲਾ ਹੈ ਪਰ ਪਾਕਿਸਤਾਨ ਦੀ ਮਾਲੀ ਹਾਲਤ ਖ਼ਾਸ ਨਹੀਂ ਸੁਧਰੀ, ਕਿਉਂਕਿ ਮੁਲਕ ਦੀਆਂ ਸਰਹੱਦਾਂ ਤੇ ਬਦਅਮਨੀ ਹੈ। ਆਰਥਿਕ ਲਾਂਘਾ ਦੋਵਾਂ ਸਰਹੱਦਾਂ ਰਾਹੀਂ ਵਪਾਰ ਦਾ ਰਾਹ ਆਸਾਨ ਹੋਣ ਤੇ ਹੀ ਸਫਲ ਹੋ ਸਕੇਗਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕਰਤਾਰਪੁਰ ਲਾਂਘਾ ਭਵਿੱਖ ਵਿਚ ਖੇਤਰੀ ਆਰਥਿਕ ਖ਼ੁਸ਼ਹਾਲੀ ਦਾ ਕਾਰਨ ਬਣੇਗਾ।
ਸੰਪਰਕ: 94170-05113


Comments Off on ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.