ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ

Posted On November - 20 - 2019

22 ਨਵੰਬਰ ਨੂੰ ਬਰਸੀ ’ਤੇ ਵਿਸ਼ੇਸ਼

ਰਮੇਸ਼ ਬੱਗਾ ਚੋਹਲਾ

ਦੁਨੀਆਂ ਵਿਚ ਸਮੇਂ-ਸਮੇਂ ’ਤੇ ਕੁੱਝ ਅਜਿਹੇ ਲੋਕਾਂ ਦੀ ਆਮਦ ਹੁੰਦੀ ਹੈ, ਜੋ ਨਾ ਸਿਰਫ ਆਪਣੇ ਆਪ ਲਈ ਹੀ ਜਿਉਂਦੇ ਹਨ ਸਗੋਂ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਵੀ ਕੁਰਬਾਨੀ ਦਾ ਜਜ਼ਬਾ ਰੱਖਦੇ ਹਨ। ਇਸ ਜਜ਼ਬੇ ਕਾਰਨ ਉਹ ਲੋਕਾਈ ਦੇ ਸਦੀਵੀ ਸਤਿਕਾਰ ਦੇ ਪਾਤਰ ਬਣ ਜਾਂਦੇ ਹਨ। ਇਹ ਸਤਿਕਾਰ ਉਨ੍ਹਾਂ ਮਹਾਂਪੁਰਖਾਂ ਦੇ ਇਥੋਂ ਸਰੀਰਕ ਰੂਪ ਵਿਚ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ (ਕੀਤੇ ਕਾਰਜਾਂ ਕਰਕੇ) ਨੂੰ ਲੋਕ ਚੇਤਿਆਂ ਵਿਚ ਵਸਾਈ ਰੱਖਦਾ ਹੈ। ਇਸ ਵਸੇਬੇ ਕਰਕੇ ਹੀ ਉਨ੍ਹਾਂ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਵਾਲੇ ਲੋਕ ਉਨ੍ਹਾਂ ਪ੍ਰਤੀ ਹਰ ਸਾਲ (ਜਨਮ ਦਿਨ/ਬਰਸੀ ਮਨਾ ਕੇ) ਆਪਣਾ ਸਤਿਕਾਰ ਪ੍ਰਗਟ ਕਰਦੇ ਰਹਿੰਦੇ ਹਨ। ਇਹ ਸ਼ਰਧਾਮਈ ਭਾਵਨਾ ਪੰਥ ਰਤਨ ਮਾਸਟਰ ਤਾਰਾ ਸਿੰਘ ਪ੍ਰਤੀ ਵੀ ਹਰ ਸਾਲ ਹੀ ਪ੍ਰਗਟਾਈ ਜਾਂਦੀ ਹੈ।
ਸਰਬਾਂਗੀ ਵਿਅਕਤਿਤਵ ਦੇ ਮਾਲਕ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885ਈ. ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਵਿਚ ਸਥਿਤ ਪਿੰਡ ਹਰਿਆਲ ਦੇ ਵਸਨੀਕ ਗੋਪੀ ਚੰਦ ਮਲਹੋਤਰਾ ਦੇ ਘਰ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਨਾਨਕ ਚੰਦ ਸੀ ਪਰ ਸਿੱਖ ਧਰਮ ਵਿਚ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੋਣ ਕਾਰਨ ਉਨ੍ਹਾਂ ਨੇ ਸੰਤ ਅਤਰ ਸਿੰਘ ਕੋਲੋਂ ਅੰਮ੍ਰਿਤ ਪਾਨ ਕਰ ਲਿਆ, ਜਿਸ ਕਰਕੇ ਉਨ੍ਹਾਂ ਦਾ ਨਾਮਕਰਨ ਤਾਰਾ ਸਿੰਘ ਹੋ ਗਿਆ। ਮਾਸਟਰ ਤਾਰਾ ਸਿੰਘ ਨੇ 1907 ਈ. ਵਿਚ ਬੀਏ ਪਾਸ ਕਰ ਲਈ ਅਤੇ ਉਚੇਰੀ ਪੜ੍ਹਾਈ (ਐੱਮਏ) ਕਰਨ ਲਈ ਸੈਂਟਰਲ ਟਰੇਨਿੰਗ ਕਾਲਜ ਲਾਹੌਰ ਵਿਚ ਦਾਖਲ ਹੋ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਲਾਇਲਪੁਰ ਜ਼ਿਲ੍ਹੇ ਦੇ ਖਾਲਸਾ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਨਿਯੁਕਤ ਹੋ ਗਏ। ਸੇਵਾ ਅਤੇ ਪਰਉਪਕਾਰ ਦੀ ਭਾਵਨਾ ਹੋਣ ਕਰਕੇ ਉਹ ਕੇਵਲ 15 ਰੁਪਏ ਮਹੀਨਾ ਤਨਖਾਹ ’ਤੇ ਹੀ ਕੰਮ ਕਰਦੇ ਰਹੇ। ਘੱਟ ਤਨਖਾਹ ਲੈਣ ਦੇ ਬਾਵਜੂਦ ਵੀ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਦੇ। ਉਨ੍ਹਾਂ ਦੀ ਇਸ ਵਿਸ਼ੇਸ਼ ਲਗਨ ਅਤੇ ਮਿਹਨਤ ਸਦਕਾ ਖਾਲਸਾ ਹਾਈ ਸਕੂਲ ਬੇਹਤਰੀਨ ਸਕੂਲਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ। ਸਕੂਲ ਦੀ ਪ੍ਰਸਿੱਧੀ ਦੇ ਨਾਲ-ਨਾਲ ਮਾਸਟਰ ਤਾਰਾ ਸਿੰਘ ਵੀ ਹਰਮਨ ਪਿਆਰੇ (ਵਿਸ਼ੇਸ਼ ਕਰਕੇ ਲਾਇਲਪੁਰ ਦੇ ਇਲਾਕੇ ਵਿਚ) ਹੋਣ ਲੱਗ ਪਏ। ਕੁਝ ਕਾਰਨਾਂ ਕਰਕੇ ਮਾਸਟਰ ਜੀ ਨੂੰ ਇਸ ਸਕੂਲ ਦੀ ਮੁੱਖ-ਅਧਿਆਪਕੀ ਤੋਂ ਤਿਆਗ-ਪੱਤਰ ਦੇਣਾ ਪੈ ਗਿਆ। ਇਸ ਤੋਂ ਬਾਅਦ ਉਹ ਆਪਣੇ ਘਰੇਲੂ ਜ਼ਿਲ੍ਹੇ ਰਾਵਲਪਿੰਡੀ ਦੇ ਕੱਲਰ ਖਾਲਸਾ ਹਾਈ ਸਕੂਲ ਦੇ ਮੁੱਖ ਅਧਿਆਪਕ ਬਣ ਗਏ। ਮਾਸਟਰ ਤਾਰਾ ਸਿੰਘ ਦੀ ਯੋਗ ਅਗਵਾਈ ਹੇਠ ਕੱਲਰ ਸਕੂਲ ਨੇ ਪੰਥ ਨੂੰ ਅਜਿਹੇ ਹੀਰੇ (ਨੇਤਾ) ਦਿੱਤੇ, ਜਿਨ੍ਹਾਂ ਨੇ ਦੇਸ਼/ਪੰਥ ਦੀ ਖਾਤਿਰ ਸੇਵਾ ਦੇ ਨਾਲ-ਨਾਲ ਜੀਵਨ ਵੀ ਲੇਖੇ ਲਾ ਦਿੱਤਾ। ਉਸ ਵੇਲੇ ਮਾਸਟਰ ਜੀ ਦੇ ਨਾਲ ਲਾਲ ਸਿੰਘ ਕਮਲਾ ਅਕਾਲੀ, ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ, ਗਿਆਨੀ ਹੀਰਾ ਸਿੰਘ ਦਰਦ ਅਤੇ ਮਾਸਟਰ ਸੁਜਾਨ ਸਿੰਘ ਜੀ ਸਰਹਾਲੀ ਵੀ ਕੰਮ ਕਰਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇਹ ਸਕੂਲ ਵੀ ਛੱਡ ਦਿੱਤਾ ਅਤੇ ਮੁੜ ਲਾਇਲਪੁਰ ਚਲੇ ਗਏ। ਇਥੇ ਉਨ੍ਹਾਂ ਨੇ ਆੜ੍ਹਤ ਦੀ ਦੁਕਾਨ ਖੋਲ੍ਹ ਲਈ, ਜੋ ਉਨ੍ਹਾਂ ਦੇ ਸੁਭਾਅ ਨਾਲ ਮੇਲ ਨਾ ਖਾਂਦੀ ਕਰਕੇ ਛੱਡਣੀ ਪੈ ਗਈ।
ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋਣ ਕਰਕੇ ਮਾਸਟਰ ਤਾਰਾ ਸਿੰਘ ਅੰਮ੍ਰਿਤਸਰ ਆ ਗਏ ਅਤੇ ਉਸ ਵੇਲੇ ਦੀ ਚਰਚਿਤ ਅਖਬਾਰ ‘ਅਕਾਲੀ’ ਦੇ ਸੰਪਾਦਕ ਬਣ ਗਏ। ਇਸ ਖੂਨੀ ਸਾਕੇ ਕਾਰਨ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਅੱਗ ਭੜਕ ਪਈ ਅਤੇ ਸਿੱਖ ਆਗੂਆਂ ਨੇ ਫ਼ੈਸਲਾ ਲੈ ਲਿਆ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਚਾਹੀਦਾ ਹੈ।
ਜਦੋਂ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਮਾਸਟਰ ਤਾਰਾ ਸਿੰਘ ਨੂੰ ਇਸ ਕਮੇਟੀ ਦਾ ਸਕੱਤਰ ਬਣਾਇਆ ਗਿਆ। ਇਸ ਕਮੇਟੀ ਵਿਚ ਅੰਗਰੇਜ਼ ਸਰਕਾਰ ਦੇ ਨਾਲ ਨਾ-ਮਿਲਵਰਤਣ ਦਾ ਮਤਾ ਪਾਸ ਕੀਤਾ ਗਿਆ, ਜਿਸ ਦੇ ਪਾਸ ਹੋਣ ਨਾਲ ਅਕਾਲੀਆਂ ਅਤੇ ਅੰਗਰੇਜ਼ਾਂ ਦਾ ਸਿੱਧਾ ਮੁਕਾਬਲਾ ਹੋ ਗਿਆ। ਮਾਸਟਰ ਜੀ ਨੇ ਅੰਮ੍ਰਿਤਸਰ ਦਫ਼ਤਰ ਵਿਚ ਰਹਿ ਕੇ ਪੰਥ ਦੀ ਚੜ੍ਹਦੀ-ਕਲਾ ਲਈ ਦਿਨ-ਰਾਤ ਇਕ ਕਰਕੇ ਕੰਮ ਕਰਨਾ ਆਰੰਭ ਕਰ ਦਿੱਤਾ। ਪ੍ਰੋ. ਨਿਰੰਜਨ ਸਿੰਘ ਦੇ ਸਹਿਯੋਗ ਸਦਕਾ ਉਨ੍ਹਾਂ ਨੇ ਬਹੁਤ ਸਾਰੇ ਇਸ਼ਤਿਹਾਰ ਲਿਖ ਕੇ ਦੂਰ-ਦੂਰਾਡੇ ਤੱਕ ਭੇਜੇ, ਜਿਸ ਨਾਲ ਕੌਮ ਵਿਚ ਜਾਗਰੂਕਤਾ ਪੈਦਾ ਹੋਈ।
ਪੰਥ ਵਿਚ ਆਈ ਜਾਗਰੂਕਤਾ ਕਾਰਨ ਸਭ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਲਾਇਆ ਗਿਆ। ਇਸ ਮੋਰਚੇ ਵਿਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਅੱਗੇ ਵੱਧ ਕੇ ਗ੍ਰਿਫ਼ਤਾਰੀ ਦਿੱਤੀ। ਇਸ ਮੋਰਚੇ ਦੀ ਜਿੱਤ ਤੋਂ ਬਾਅਦ ‘ਗੁਰੂ ਕੇ ਬਾਗ’ ਅਤੇ ‘ਜੈਤੋੋ ਦਾ ਮੋਰਚਾ’ ਲੱਗ ਗਿਆ। ਇਨ੍ਹਾਂ ਮੋਰਚਿਆਂ ਵਿਚ ਸ਼ਾਮਿਲ ਜਥਿਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੋਧੀ ਕਰਾਰ ਦਿੱਤਾ ਗਿਆ। ਕਮੇਟੀ ਦੇ ਅੰਤ੍ਰਿਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਉਪਰ ਮੁਕੱਦਮਾ ਚਲਾਇਆ ਗਿਆ। ਇਨ੍ਹਾਂ ਗ੍ਰਿਫ਼ਤਾਰ ਮੈਂਬਰਾਂ ਵਿਚ ਮਾਸਟਰ ਤਾਰਾ ਸਿੰਘ ਵੀ ਸ਼ਾਮਿਲ ਸਨ। ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਹੋਣ ਕਰਕੇ ਮਾਸਟਰ ਤਾਰਾ ਸਿੰਘ ਵਿਦੇਸ਼ੀ ਰਾਜ ਤੋਂ ਮੁਕਤੀ ਤਾਂ ਚਾਹੁੰਦੇ ਸਨ ਪਰ ਉਹ ਸਿੱਖ ਹਿੱਤਾਂ ਨੂੰ ਕੁਰਬਾਨ ਨਹੀਂ ਸੀ ਹੋਣ ਦੇਣਾ ਚਾਹੁੰਦੇ। ਉਹ ਅਕਸਰ ਕਿਹਾ ਕਰਦੇ ਸਨ, ‘ਮੈਂ ਮਰਾਂ, ਪੰਥ ਜੀਵੇ’ ਅਤੇ ‘ਸਿੱਖੋ ਜੇ ਮੈਂ ਮਾੜਾ ਹਾਂ ਤਾਂ ਮੈਨੂੰ ਮਾਰ ਦਿਉ, ਪੰਥ ਨੂੰ ਨਾ ਮਾਰੋ।’ ਆਪਣੇ ਇਨ੍ਹਾਂ ਬੋਲਾਂ ਨੂੰ ਜੀਵਤ ਰੱਖਣ ਲਈ ਉਹ ਹਮੇਸ਼ਾਂ ਹੀ ਸਿੱਖ ਹਿੱਤਾਂ ਲਈ ਲੜਦੇ ਰਹੇ।
ਸਿੱਖੀ ਸਿਧਾਤਾਂ (ਵਿਸ਼ੇਸ਼ ਕਰਕੇ ਸਰਬਤ ਦਾ ਭਲਾ ਮੰਗਣ ਵਾਲੇ) ਦੀ ਪਹਿਰੇਦਾਰੀ ਕਰਦਿਆਂ ਮਾਸਟਰ ਤਾਰਾ ਸਿੰਘ ਨੇ ਬਹੁਤ ਸਾਰੀਆਂ ਕੈਦਾਂ ਕੱਟੀਆਂ। ਜਦੋਂ ਵੀ ਦੇਸ਼ ਵਿਚ ਕੋਈ ਲੋਕ ਭਲਾਈ ਦੀ ਲਹਿਰ ਆਰੰਭ ਹੁੰਦੀ ਤਾਂ ਮਾਸਟਰ ਜੀ ਹਮੇਸ਼ਾਂ ਹੀ ਮੂਹਰਲੀਆਂ ਸਫ਼ਾਂ ਵਿਚ ਹੁੰਦੇ। ਇਥੋਂ ਤੱਕ ਕਿ ਮਹਾਤਮਾ ਗਾਂਧੀ ਵੱਲੋਂ ਸਮੇਂ-ਸਮੇਂ ਸ਼ੁਰੂ ਕੀਤੀਆਂ ਕਈ ਲਹਿਰਾਂ ਨੂੰ ਵੀ ਉਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਂਦਾ ਰਿਹਾ।
ਮਾਸਟਰ ਤਾਰਾ ਸਿੰਘ ਦਾ ਜੀਵਨ ਧਰੂ ਤਾਰੇ ਵਰਗਾ ਰਿਹਾ। ਉਨ੍ਹਾਂ ਦਾ ਸ਼ੁਮਾਰ ਪੰਜਾਬ ਦੇ ਚੋਣਵੇਂ ਰਾਹ ਦਸੇਰਿਆਂ ਵਿੱਚ ਕੀਤਾ ਜਾਂਦਾ ਹੈ। ਨਿਧੜਕ ਹੋਣ ਦੇ ਨਾਲ-ਨਾਲ ਉਹ ਨਿਡਰ ਵੀ ਸਨ। ਔਖੇ ਵੇਲਿਆਂ ਵਿੱਚ ਉਹ ਕਦੇ ਡੋਲਦੇ ਨਹੀਂ ਅਤੇ ਤੁਰੰਤ ਫ਼ੈਸਲਾ ਲੈ ਲਿਆ ਕਰਦੇ ਸਨ। ਕੋਈ ਵੀ ਪੰਥਕ ਪ੍ਰੋਗਰਾਮ ਅਜਿਹਾ ਨਹੀਂ ਕਿਹਾ ਜਾ ਸਕਦਾ, ਜਿਸ ਵਿਚ ਮਾਸਟਰ ਤਾਰਾ ਸਿੰਘ ਦੀ ਅਹਿਮ ਭੂਮਿਕਾ ਨਾ ਰਹੀ ਹੋਵੇ। ਪੰਥ ਲਈ ਮਰ-ਮਿਟਣ ਦੀ ਭਾਵਨਾ ਰੱਖਣ ਵਾਲਾ ਇਹ ਅਨਮੋਲ ਰਤਨ ਆਪਣਾ ਜੀਵਨ ਸਫ਼ਰ ਸਮਾਪਤ ਕਰਕੇ 22 ਨਵੰਬਰ 1967 ਨੂੰ ਕੌਮ ਨੂੰ ਆਪਣੀ ਆਖਰੀ ਫ਼ਤਹਿ ਬੁਲਾ ਗਿਆ।

ਸੰਪਰਕ: 94631-32719


Comments Off on ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.