ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਇਉਂ ਟੱਕਰਦੈ ਸੇਰ ਨੂੰ ਸਵਾ ਸੇਰ

Posted On November - 19 - 2019

ਬਲਦੇਵ ਸਿੰਘ (ਸੜਕਨਾਮਾ)

ਕਲਕੱਤੇ ਤੋਂ ਦੁਰਗਾਪੁਰ ਜਾ ਰਿਹਾ ਸਾਂ। ਇਕ ਫੈਕਟਰੀ ਦਾ ਫਰਕੈਸ ਆਇਲ ਲੋਡ ਸੀ, ਡਨਲਪ ਏਰੀਆ ਵੱਲ ਚਿੜੀਆ ਮੌੜ ਦੇ ਰੈੱਡ ਸਿਗਨਲ ’ਤੇ ਖੜ੍ਹਾਂ ਸਾਂ। ਪੁਲੀਸ ਵਾਲਿਆਂ ਦੀ ਇਕ ਵੈਨ ਮੇਰੀ ਗੱਡੀ (ਤੇਲ ਟੈਂਕੀ) ਦੇ ਪਿੱਛੇ ਆ ਵੱਜੀ।
ਮੈਂ ਹੈਰਾਨ ਹੋ ਕੇ ਹੇਠਾਂ ਉਤਰ ਕੇ ਪਿੱਛੇ ਗਿਆ ਤਾਂ ਵੈਨ ਨੂੰ ਚਲਾ ਰਿਹਾ ਸਿਪਾਹੀ ਮੁਆਫ਼ੀ ਮੰਗਦਿਆਂ ਵਾਂਗ ਮੇਰੇ ਵੱਲ ਝਾਕਿਆ। ਮੈਂ ਦੇਖਿਆ ਮੇਰੀ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ, ਪਰ ਪੁਲੀਸ ਵੈਨ ਵਿਚ ਡੈਂਟ ਪੈ ਗਏ ਸਨ। ਸਿਗਨਲ ਕਲੀਅਰ ਹੋਣ ’ਤੇ ਮੈਂ ਗੱਡੀ ਤੋਰਨ ਲੱਗਾ ਤਾਂ ਪੁਲੀਸ ਵੈਨ ਵਿਚ ਬੈਠਾ ਸਬ ਇੰਸਪੈਕਟਰ ਕਾਹਲੀ ਨਾਲ ਮੇਰੇ ਕੋਲ ਆਇਆ।
‘ਸ਼ੋਰਦਾਰ ਜੀ, ਏਕ ਮਿੰਟ ਕੇ ਲੀਏ ਗਾੜੀ ਸਾਈਡ ਕਰਕੇ ਰੋਕਨਾ।’
ਸਿਗਨਲ ਪਾਰ ਕਰਕੇ ਮੈਂ ਗੱਡੀ ਖੱਬੇ ਪਾਸੇ ਰੋਕ ਲਈ। ਵੈਨ ਵਿਚੋਂ ਦੋ ਸਿਪਾਹੀ ਹੋਰ ਉਤਰ ਆਏ ਤੇ ਮੇਰੀ ਗੱਡੀ ਸਾਹਮਣੇ ਖੜ੍ਹੇ ਹੋ ਗਏ। ਮੈਂ ਸੋਚਿਆ ਗ਼ਲਤੀ ਤਾਂ ਮੇਰੀ ਕੋਈ ਹੈ ਨਹੀਂ, ਫਿਰ ਇਹ ਇਸ ਤਰ੍ਹਾਂ ਕਿਉਂ…।’
ਉਦੋਂ ਹੀ ਸਬ ਇੰਸਪੈਕਟਰ ਨਿਮਰਤਾ ਨਾਲ ਬੋਲਿਆ।
‘ਸੌਰੀ, ਸ਼ੋਰਦਾਰ ਬਾਬੂ, ਹਮਾਰੇ ਵਿਚਾਰੇ ਡਰਾਈਵਰ ਕੀ ਨੌਕਰੀ ਚਲੇ ਗਈ ਹੈ। ਪੁਲੀਸ ਵੈਨ ਕਾ ਐਕਸੀਡੈਂਟ ਹੋਆ ਹੈ। ਤੁਮ ਥਾਨਾ ਮੇਂ ਬਿਆਨ ਲਿਖਵਾ ਕੇ ਚਲੇ ਜਾਨਾ। ਦੋ ਮਿੰਟ ਕਾ ਕਾਮ ਹੈ।’
‘ਗਾੜੀ ਤੋ ਆਪ ਲੋਗੋ ਨੇ ਪੀਛੇ ਮਾਰੀ ਹੈ ਸਾਹਬ। ਮੈਂ ਕਾਹੇ ਬਿਆਨ ਲਿਖਵਾਨਾ ਹੈ?’ ਮੈਂ ਹੈਰਾਨ ਹੁੰਦਿਆਂ ਕਿਹਾ।
‘ਮਾਲੂਮ ਹੈ, ਖਾਨਾ ਪੂਰਤੀ ਕਰਨਾ ਹੈ ਨਾ ਕਿਆ ਕਰੇਂ, ਪੁਲੀਸ ਡਿਪਾਰਟਮੈਂਟ ਭੀ…।’
‘ਯਹ ਤੋ ਧੱਕਾ ਹੈ ਸਾਹਬ।’
‘ਪਲੀਜ਼।’
ਸਰਜਨ (ਇੰਸਪੈਕਟਰ) ਦਾ ਸੁਭਾਅ ਬੜਾ ਨਰਮ ਜਾਪ ਰਿਹਾ ਸੀ। ਮੈਂ ਥਾਣੇ ਜਾਣ ਲਈ ਰਾਜ਼ੀ ਹੋ ਗਿਆ। ਹੈਲਪਰ ਨੂੰ ਗੱਡੀ ਦਾ ਖਿਆਲ ਰੱਖਣ ਲਈ ਕਹਿ ਕੇ ਮੈਂ ਉਨ੍ਹਾਂ ਨਾਲ ਚਲਾ ਗਿਆ। ਉਦੋਂ ਮੈਨੂੰ ਪਤਾ ਨਹੀਂ ਸੀ, ਉਨ੍ਹਾਂ ਦੇ ਇਕ ਸਿਪਾਹੀ ਨੇ ਥਾਣੇ ਆ ਕੇ ਪਹਿਲਾਂ ਹੀ ਮੇਰੇ ਵਿਰੁੱਧ ਰਿਪੋਰਟ ਲਿਖਵਾ ਦਿੱਤੀ ਸੀ।
ਥਾਣੇ ਪਹੁੰਚਿਆ ਤਾਂ ਇੰਚਾਰਜ ਨੇ ਹੁਕਮ ਦਿੱਤਾ, ‘ਅਪਨੀ ਗਾੜੀ ਕੇ ਪੇਪਰ ਲਾਓ। ਗਾੜੀ ਕੀ ਮਕੈਨੀਕਲੀ ਰਿਪੋਰਟ ਹੋਗੀ। ਲਾਲ ਬਾਜ਼ਾਰ (ਪੁਲੀਸ ਹੈੱਡਕੁਆਰਟਰ) ਸੇ ਰਿਪੋਰਟ ਲੇ ਕਰ ਆਓ, ਤਬ ਗਾੜੀ ਛੁਟੇਗਾ।’
‘ਅਰੇ ਸਾਹਬ ਐਕਸੀਡੈਂਟ ਤੋਂ ਆਪ ਕੇ ਡਰਾਈਵਰ ਨੇ ਕੀਆ। ਖੜ੍ਹੀ ਗਾੜੀ ਮੇਂ ਮਾਰਾ ਹੈ, ਵਹ ਭੀ ਪੀਛੇ ਆ ਕੇ ਲਗਾ ਹੈ।’ ਮੈਂ ਛਟਪਟਾ ਕੇ ਕਿਹਾ।
ਇੰਚਾਰਜ ਨੇ ਬੜੇ ਠਰ੍ਹੰਮੇ ਭਰੇ ਸਹਿਜ ਨਾਲ ਕਿਹਾ, ‘ਰਿਪੋਰਟ ਮੇਂ ਤੋ ਲਿਖਾ ਹੈ, ਆਪ ਗਾੜੀ ਬਹੁਤ ਰੈਸ਼ ਚਲਾ ਰਹੇ ਥੇ। ਬਿਲਕੁਲ ਰੌਂਗ ਸਾਈਡ ਆ ਕੇ ਮਾਰਾ ਹੈ। ਯਹ ਦੇਖੋ।’ ਉਸਨੇ ਰਿਪੋਰਟ ਮੇਰੇ ਸਾਹਮਣੇ ਰੱਖਦਿਆਂ ਅੱਖਾਂ ਮੇਰੇ ਉੱਪਰ ਗੱਡ ਦਿੱਤੀਆਂ। ਮੈਂ ਉਸਦੇ ਵਿਵਹਾਰ ਵਿਚ ਵਰਦੀ ਅਤੇ ਰੁਤਬੇ ਦੀ ਹੈਂਕੜ ਦਿੱਸੀ।
ਮੈਂ ਬਹੁਤ ਸਫ਼ਾਈ ਦਿੱਤੀ। ਬਹੁਤ ਰੌਲਾ ਵੀ ਪਾਇਆ।
ਇੰਚਾਰਜ ਨੇ ਗੰਭੀਰ ਹੁੰਦਿਆਂ ਕਿਹਾ, ‘ਸ਼ੋਰਦਾਰ ਜੀ, ਕੋਈ ਫਾਇਦਾ ਨਹੀਂ ਹੋਗਾ। ਜਿਤਨੀ ਜਲਦੀ ਰਿਪੋਰਟ ਲੇ ਆਏਗਾ, ਉਤਨੀ ਜਲਦੀ ਗਾੜੀ ਛੂਟ ਜਾਏਗਾ। ਪੁਲੀਸ ਕੀ ਵੈਨ ਕੇ ਸਾਥ ਐਕਸੀਡੈਂਟ ਕਰਨਾ ਕੋਈ ਛੋਟੀ ਬਾਤ ਹੈ?’
‘ਸਾਹਬ, ਵੋਹ ਤੋ ਆਪ ਕੇ ਡਰਾਈਵਰ ਨੇ ਕੀਆ ਹੈ।’ ਮੈਂ ਬੇਵੱਸ ਹੋ ਕੇ ਕਿਹਾ।
‘ਓ ਭਾਈ, ਰਿਪੋਰਟ ਮੇਂ ਲਿਖਾ ਹੈ ਐਕਸੀਡੈਂਟ ਤੁਮ ਨੇ ਕੀਆ ਹੈ।’ ਉਸਦੇ ਚਿਹਰੇ ਉੱਪਰ ਰੋਹਬ ਭਰੀ ਮੁਸਕਰਾਹਟ ਸੀ। ਫਿਰ ਉਸਨੇ ਡਾਢੀ ਹਮਦਰਦੀ ਦਿਖਾਉਂਦਿਆਂ ਕਿਹਾ,
‘ਦੇਰੀ ਕਰਕੇ ਤੁਮ ਅਪਨਾ ਨੁਕਸਾਨ ਕਰ ਰਿਹੈ। ਤੀਨ ਵਜੇ ਕੇ ਬਾਅਦ ਲਾਲ ਬਾਜ਼ਾਰ ਮੇਂ ਕੋਈ ਨਹੀਂ ਮਿਲੇਗਾ।’
ਮੈਂ ਅੱਕਿਆ, ਰੋਣਹਾਕਾ ਹੋਇਆ, ਪੁਲੀਸ ਮਹਿਕਮੇ ਨੂੰ ਜਿੰਨਾ ਕੁ ਚੰਗਾ ਮੰਦਾ ਬੋਲ ਸਕਦਾ ਸੀ, ਮਨ ਵਿਚ ਹੀ ਕੋਸਦਾ ਜਦੋਂ ਲਾਲ ਬਾਜ਼ਾਰ ਗਿਆ, ਉੱਥੇ ਸੱਚ ਹੀ ਕੋਈ ਅਫ਼ਸਰ ਨਹੀਂ ਸੀ। ਸਾਰੇ ਫੀਲਡ ਵਿਚ ਗਏ ਸਨ। ਪੁੱਛਣ ’ਤੇ ਇਹੀ ਜਵਾਬ ਮਿਲਿਆ ਸੀ, ਉਂਜ ਭਾਵੇਂ ਕਿਸੇ ਸਾਮੀ ਦੀ ਭਾਲ ਵਿਚ ਗਏ ਹੋਣ। ਅਗਲੇ ਦਿਨ 11 ਵਜੇ ਏਰੀਆ ਅਫ਼ਸਰ ਮਿਲਿਆ। ਇੱਥੇ ਇਹ ਦੱਸਣ ਦੀ ਲੋੜ ਨਹੀਂ, ਮਕੈਨੀਕਲ ਰਿਪੋਰਟ ਮੈਨੂੰ ਕਿਵੇਂ ਮਿਲੀ। ਸਭ ਜਾਣਦੇ ਹਨ, ਪੁਲੀਸ ਤੋਂ ਅਜਿਹੇ ਸੰਕਟ ਵਿਚ ਪ੍ਰਮਾਣ ਪੱਤਰ ਕਿਵੇਂ ਹਾਸਲ ਕਰਦੇ ਹਨ।
ਦੋਸਤੋ! ਇੱਥੇ ਤੁਹਾਨੂੰ ਇਕ ਹੋਰ ਘਟਨਾ ਦੱਸਣੀ ਬੇਹੱਦ ਢੁਕਵੀਂ ਹੈ ਕਿ ਇਸ ਤਰ੍ਹਾਂ ਦੇ ਮਹਿਕਮੇ ਨਾਲ ਸਾਡੇ ਕੁਝ ਡਰਾਈਵਰ ਕਿਵੇਂ ਦੇ ਹੋ ਕੇ ਟੱਕਰਦੇ ਹਨ। ਉੱਥੋਂ ਖਹਿੜਾ ਛੁਡਵਾ ਕੇ ਅਜੇ ਮੈਂ ਦੁਰਗਾਪੁਰ ਪਹੁੰਚਿਆ ਨਹੀਂ ਸਾਂ, ਪਾਨਗੜ੍ਹ ਦੇ ਇੱਧਰ ਗੱਡੀਆਂ ਇਉਂ ਰੁਕੀਆਂ ਹੋਈਆਂ ਸਨ ਜਿਵੇਂ ਕਿਸੇ ਰੇਲਵੇ ਫਾਟਕ ਦੇ ਲੰਬਾ ਸਮਾਂ ਬੰਦ ਰਹਿਣ ਕਰਕੇ ਜਾਂ ਕਿਸੇ ਘਟਨਾ ਦੇ ਰੋਸ ਵਜੋਂ ਸੜਕ ਜਾਮ ਕਰਕੇ ਜਾਮ ਲੱਗਦਾ ਹੈ। ਡਰਾਈਵਰ ਥਾਂ ਥਾਂ ਟੋਲੀਆਂ ਬਣਾ ਕੇ ਖੜ੍ਹੇ ਸਨ, ਪਤਾ ਲੱਗਿਆ ਕਿ ਅੱਗੇ ਹਾਈਵੇ ਦੀ ਸਪੈਸ਼ਲ ਪੁਲੀਸ ਨੇ ਨਾਕਾ ਲਾਇਆ ਹੋਇਆ ਹੈ। ਗੱਡੀਆਂ ਦੇ ਕਾਗਜ਼ ਪੱਤਰ ਤੇ ਚਲਾਣ ਚੈੱਕ ਹੋ ਰਹੇ ਹਨ।
ਕੁਝ ਗੱਡੀਆਂ ਵਿਚ ਦੋ ਨੰਬਰ ਦਾ ਮਾਲ ਸੀ। ਕਈਆਂ ਦੇ ਚਲਾਣ ਜਾਅਲੀ ਸਨ। ਕਿਸੇ ਕੋਲ ਲਾਇਸੈਂਸ ਨਹੀਂ ਸੀ। ਅਜਿਹੇ ਡਰਾਈਵਰਾਂ ਦੀਆਂ ਟੋਲੀਆਂ ਵਿਚ ਕਾਵਾਂ ਰੌਲੀ ਪਈ ਹੋਈ ਸੀ। ਅਚਾਨਕ ਰੌਲਾ ਪੈ ਗਿਆ, ‘ਬਾਸ਼ਾ ਆ ਗਿਆ, ਬਾਸ਼ਾ ਆ ਗਿਆ।’
ਇੱਧਰਲੇ ਖੇਤਰ ਦਾ ਸਾਰਾ ਡਰਾਈਵਰ ਭਾਈਚਾਰਾ ਜਾਣਦਾ ਹੈ, ਬਾਸ਼ਾ ਮੂੰਹ ਫੱਟ ਹੈ, ਬੇਬਾਕ ਹੈ, ਲਾਪਰਵਾਹ ਹੈ ਤੇ ਪੂਰਾ ਛਟਿਆ ਹੋਇਆ ਡਰਾਈਵਰ ਹੈ। ਸਰੀਰ ਪੱਖੋਂ ਬੇਹੱਦ ਮੋਟਾ ਹੈ। ਸਿਰ ਚੰਗੇ ਮਤੀਰੇ ਜਿੱਡਾ। ਪਹਿਲਵਾਨਾਂ ਵਾਂਗ ਸਿਰ ਦੇ ਛੋਟੇ ਛੋਟੇ ਵਾਲ, ਮੁੱਛਾਂ ਖੜ੍ਹੀਆਂ, ਦਾੜ੍ਹੀ ਜੜਾਂ ’ਚੋਂ ਰੱਖ ਕੇ ਕੱਟੀ ਹੋਈ। ਮੋਢੇ ਉੱਪਰ ਬਾਰੀਕ ਡੱਬੀਆਂ ਵਾਲਾ ਸਾਫਾ, ਲੰਬਾ ਕੁੜਤਾ, ਪੈਰੀਂ ਕੁੱਸਾ, ਕੱਦ 6 ਫੁੱਟ ਤੋਂ ਵੀ ਉੱਪਰ। ਕਿਸੇ ਸੁੱਕੇ ਜਿਹੇ ਸਰੀਰ ਦੇ ਬੰਗਾਲੀ ਦਾ ਉਸ ਵੱਲ ਵੇਖ ਕੇ ਹੈਰਾਨੀ ਨਾਲ ਮੂੰਹ ਟੱਡਿਆ ਜਾਂਦਾ।
ਬਾਸ਼ਾ ਗੱਡੀ ਵਿਚੋਂ ਉਤਰਿਆ, ਸਾਫੇ ਨਾਲ ਕੁੱਸਾ ਝਾੜਿਆ, ਫਿਰ ਮੂੰਹ ਪੂੰਝ ਕੇ ਪੁੱਛਿਆ, ‘ਕੋਈ ਐਕਸੀਡੈਂਟ ਹੋ ਗਿਆ?’
ਕਈ ਆਵਾਜ਼ਾਂ ਆਈਆਂ, ‘ਅੱਗੇ ਚੈਕਿੰਗ ਹੋ ਰਹੀ ਹੈ। ਆਰ. ਟੀ. ਏ. ਆਪ ਹੈ।’
‘ਬਸ ਏਨੀ ਕੁ ਗੱਲ ’ਤੇ ਜਾਮ ਲਾਇਆ?’ ਬਾਸ਼ਾ ਹੱਸਿਆ।
‘ਦੋ ਨੰਬਰ ਦੇ ਮਾਲ ਵਾਲਿਆਂ ਨੂੰ ਤੇ ਓਵਰ ਲੋਡ ਵਾਲਿਆਂ ਨੂੰ ਸਿੱਧਾ ਅੰਦਰ ਕਰਦੈ?’ ਫਿਰ ਇਹ ਆਵਾਜ਼ਾਂ ਸੁਣੀਆਂ।
ਬਾਸ਼ਾ ਮੁਸਕੜੀਏ ਹੱਸਿਆ। ਆ ਕੇ ਗੱਡੀ ਵਿਚ ਬੈਠ ਗਿਆ। ਖਲਾਸੀ ਨੂੰ ਉੱਪਰ ਕੈਬਿਨ ’ਤੇ ਚੜ੍ਹਾ ਦਿੱਤਾ। ਆਪ ਪਹਿਲਾਂ ਕਮੀਜ਼ ਉਤਾਰੀ। ਚਾਦਰਾ ਵੀ ਖੋਲ੍ਹ ਦਿੱਤਾ। ਨਿੱਕਰ ਵੀ ਉਤਾਰ ਲਈ। ਨਿਰਵਸਤਰ ਹੋ ਕੇ ਗੱਡੀ ਸਟਾਰਟ ਕਰ ਲਈ। ਗੱਡੀ ਤੋਰੀ ਤਾਂ ਸਾਰੇ ਹੈਰਾਨ। ਤਮਾਸ਼ਾ ਦੇਖਣ ਲਈ ਸਾਰੇ ਡਰਾਈਵਰ ਖਲਾਸੀ ਗੱਡੀ ਦੇ ਮਗਰ ਹੋ ਤੁਰੇ।
ਰੌਂਗ ਸਾਈਡ ਵਿਹਲੀ ਸੀ, ਲਗਪਗ ਅੱਗੇ ਨਾਕੇ ’ਤੇ ਪੁੱਜਿਆ ਤਾਂ ਆਰ. ਟੀ. ਏ. ਦੇ ਗੰਨਮੈਨ ਨੇ ਆ ਕੇ ਹੱਥ ਦੇ ਕੇ ਕਿਹਾ, ‘ਗਾੜੀ ਰੋਕੋ, ਸਾਈਡ ਕਰੋ।’
‘ਅਰੇ ਹਮ ਠੀਕ ਨਹੀਂ ਹੈਂ।’ ਬਾਸ਼ੇ ਨੇ ਬਾਹਰ ਮੂੰਹ ਕੱਢ ਕੇ ਗੰਨਮੈਨ ਨੂੰ ਕਿਹਾ।
‘ਨੀਚੇ ਉਤਰੋ ਸਾਲਾ।’ ਗੰਨਮੈਨ ਨੇ ਗੱਡੀ ਦੀ ਸ਼ੋਅ ’ਤੇ ਡੰਡਾ ਮਾਰਿਆ।
‘ਏ।’ ਬਾਸ਼ਾ ਗਰਜਿਆ। ‘ਸ਼ੋਅ ਕੋ ਟੱਚ ਨਹੀਂ ਕਰਨੇ ਕਾ, ਔਰ ਗਾਲੀ ਨਹੀਂ ਦੇਨੇ ਕਾ, ਸਮਝੇ? ਗਾੜੀ ਕੋ ਘਰਵਾਲੀ ਸੇ ਜ਼ਿਆਦਾ ਸਾਂਭ ਕਰ ਰੱਖਦਾ ਹੂੰ।’
ਰੌਲਾ ਸੁਣ ਕੇ ਅਫ਼ਸਰ ਆਪਣੇ ਅਮਲੇ ਦੇ ਦੋ ਸਿਪਾਹੀ ਹੋਰ ਲੈ ਕੇ ਗੱਡੀ ਕੋਲ ਆ ਗਿਆ।
‘ਹਮਾਰਾ ਆਦਮੀ ਗਾੜੀ ਰੋਕਨੇ ਕੋ ਬੋਲਤਾ, ਤੁਮ ਮਾਨਤ ਨਹੀਂ?’
‘ਸਾਹਬ ਹਮ ਠੀਕ ਨਹੀਂ ਹੈਂ।’ ਬਾਸ਼ੇ ਨੇ ਮੀਸਣਾ ਬਣਦਿਆਂ ਲਾਚਾਰੀ ਦਿਖਾਈ।
‘ਨੀਚੇ ਉਤਰੋ ਤੁਮ। ਗਾੜੀ ਬੰਦ ਕਰੋ।’ ਅਫ਼ਸਰ ਤੌਹੀਨ ਮੰਨ ਗਿਆ।
‘ਸਾਹਬ, ਬੋਲਾ ਨਾ ਹਮ ਠੀਕ ਨਹੀਂ ਹੈ।’
‘ਕਾ ਠੀਕ ਨਹੀਂ ਹੈ?’ ਗੁੱਸੇ ਵਿਚ ਆ ਕੇ ਅਫ਼ਸਰ ਨੇ ਗੱਡੀ ਦੀ ਖਿੜਕੀ ਖੋਲ੍ਹੀ। ਬਾਸ਼ਾ ਨਿਰਵਸਤਰ ਬੈਠਾ ਸੀ।
ਅਫ਼ਸਰ ਘਬਰਾ ਕੇ ਪਿੱਛੇ ਹਟ ਗਿਆ।
‘ਸਾਹਬ, ਪੀਛੇ ਚੈਕਿੰਗ, ਸਭ…।’ ਬਾਸ਼ੇ ਨੇ ਹੱਥ ਜੋੜੇ ਤੇ ਖਚਰੀ ਤੱਕਣੀ ਅਫ਼ਸਰ ਵੱਲ ਝਾਕਿਆ।
‘ਭਾਗੋ ਯਹਾਂ ਸੇ ਸਾਲਾ ਹਰਾਮੀ।’ ਅਫ਼ਸਰ ਨੇ ਜ਼ੋਰ ਨਾਲ ਖਿੜਕੀ ਠਾਹ ਕਰਕੇ ਬੰਦ ਕਰ ਦਿੱਤੀ। ਬਾਸ਼ੇ ਨੇ ਗੱਡੀ ਗੇਅਰ ਵਿਚ ਪਾਈ, ਚਾਂਭਲ ਕੇ ਚੀਕ ਮਾਰੀ ਤੇ ਐਕਸੀਲੇਟਰ ਦੱਬ ਦਿੱਤਾ।

ਸੰਪਰਕ: 98147-83069


Comments Off on ਇਉਂ ਟੱਕਰਦੈ ਸੇਰ ਨੂੰ ਸਵਾ ਸੇਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.