ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਪ੍ਰਧਾਨ ਮੇਜਰ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ। -ਫੋਟੋ : ਬੱਬੀ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 9 ਨਵੰਬਰ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਸਿੱਧੀ ਅਦਾਇਗੀ ਕੀਤੇ ਜਾਣ ਦੇ ਫ਼ੈਸਲੇ ਨੇ ਅਰਸਿਆਂ ਤੋਂ ਚਲੇ ਆ ਰਹੇ ਆੜ੍ਹਤੀਆਂ ਅਤੇ ਕਿਸਾਨਾਂ ਵਿਚਲੇ ਨਹੁੰ ਮਾਸ ਦੇ ਰਿਸ਼ਤੇ ਨੂੰ ਵੀ ਤੋੜ ਦਿੱਤਾ ਹੈ। ਸਰਕਾਰ ਵੱਲੋਂ ਅਪਣਾਈ ਗਈ ਨਵੀਂ ਨੀਤੀ ਤੋਂ ਬਾਅਦ ਚਮਕੌਰ ਸਾਹਿਬ ਦੇ ਸਮੂਹ ਆੜ੍ਹਤੀਆਂ ਨੇ ਕਿਸਾਨਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਅਤੇ ਫ਼ਸਲ ਦੀ ਪੈਦਾਵਾਰ ਤੇ ਹੋਣ ਵਾਲੇ ਖ਼ਰਚੇ ਲਈ ਅੱਗਿਓਂ ਅਦਾਇਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਚਮਕੌਰ ਸਾਹਿਬ ਦੇ ਆੜ੍ਹਤੀਆਂ ਦੀ ਮੀਟਿੰਗ ਅਨਾਜ ਮੰਡੀ ਵਿੱਚ ਹੋਈ, ਜਿਸ ਵਿੱਚ ਉਕਤ ਫ਼ੈਸਲਾ ਲੈਂਦਿਆਂ ਕਿਹਾ ਕਿ ਕੋਈ ਆੜ੍ਹਤੀ ਹੁਣ ਕਿਸਾਨਾਂ ਨੂੰ ਪੇਸ਼ਗੀ ਰਕਮ ਨਹੀਂ ਦੇਵੇਗਾ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ, ਆੜ੍ਹਤੀ ਮਨਜੀਤ ਸਿੰਘ ਕੰਗ ਤੇ ਆੜ੍ਹਤੀ ਉੱਜਲ ਸਿੰਘ ਆਦਿ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਏ ਨੂੰ 40 ਦਿਨਾਂ ਦਾ ਸਮਾਂ ਬੀਤ ਚੁੱਕਾ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਕਿਸੇ ਵੀ ਆੜ੍ਹਤੀਏ ਨੂੰ ਉਸ ਦੀ ਆੜ੍ਹਤ ਅਤੇ ਮਜ਼ਦੂਰੀ ਦੇ ਪੈਸੇ ਤੱਕ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਆੜ੍ਹਤੀ ਅਤੇ ਮਜ਼ਦੂਰੀ ਦੀ ਬਣਦੀ ਅਦਾਇਗੀ ਜਾਰੀ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਨੂੰ ਪੇਸ਼ਗੀ ਰਕਮ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੇ ਸਮੂਹ ਆੜ੍ਹਤੀਆਂ ਦੀ ਅਗਲੀ ਮੀਟਿੰਗ 30 ਨਵੰਬਰ ਨੂੰ ਕੀਤੀ ਜਾਵੇਗੀ, ਜਿਸ ਵਿੱਚ ਨਵੇਂ ਫੈਸਲੇ ਕੀਤੇ ਜਾਣਗੇ।