ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਆਪਣੇ ਆਪ ਨਾਲ ਕਰੋ ਮੁਕਾਬਲਾ

Posted On November - 23 - 2019

ਗੁਰਦੀਪ ਸਿੰਘ ਢੁੱਡੀ

ਮੁਕਾਬਲੇ ਦੇ ਇਸ ਯੁੱਗ ਵਿਚ ਕਈ ਵਾਰੀ ਅਸੀਂ ਉਲਝ ਕੇ ਰਹਿ ਜਾਂਦੇ ਹਾਂ। ਅਸੀਂ ਦੂਸਰਿਆਂ ਦੀਆਂ ਖ਼ੂਬੀਆਂ-ਖ਼ਾਮੀਆਂ ਤੱਕਦੇ ਹਾਂ, ਹੋਰਨਾਂ ਦੀਆਂ ਪ੍ਰਾਪਤੀਆਂ ’ਤੇ ਨਜ਼ਰ ਮਾਰਦੇ ਹਾਂ, ਇਨ੍ਹਾਂ ਵਹਿਣਾਂ ਵਿਚ ਵਹਿ ਕੇ ਅਸੀਂ ਖ਼ੁਸ਼ੀ ਮਹਿਸੂਸ ਕਰਦੇ ਹਾਂ ਅਤੇ ਜਾਂ ਫਿਰ ਨਿਰਾਸ਼ਾ ਦੇ ਆਲਮ ਵਿਚ ਚਲੇ ਜਾਂਦੇ ਹਾਂ। ਸਾਨੂੰ ਓਨਾ ਫ਼ਿਕਰ ਆਪਣਾ ਨਹੀਂ ਹੁੰਦਾ, ਜਿੰਨਾ ਅਸੀਂ ਦੂਸਰਿਆਂ ਬਾਰੇ ਸੋਚਦੇ ਹਾਂ। ਇਨ੍ਹਾਂ ਉਲਝਣਾਂ ਵਿਚ ਫਸੇ ਹੋਏ ਅਸੀਂ ਆਪਣੇ ਅਸਤਿਤਵ ਨੂੰ ਵਿਸਾਰ ਹੀ ਲੈਂਦੇ ਹਾਂ। ਅਸੀਂ ਬਹੁਤਾ ਇਸ ਕਰਕੇ ਨਹੀਂ ਰੋਂਦੇ ਕਿ ਸਾਡਾ ਕੁਝ ਗੁਆਚ ਗਿਆ ਹੈ ਸਗੋਂ ਅਸੀਂ ਤਾਂ ਇਸ ਕਰਕੇ ਰੋਂਦੇ ਹਾਂ ਕਿ ਦੂਸਰੇ ਨੇ ਕੋਈ ਪ੍ਰਾਪਤੀ ਕਿਉਂ ਕਰ ਲਈ ਹੈ। ਅਸੀਂ ਇਸ ਕਰਕੇ ਕੋਈ ਚੀਜ਼ ਨਹੀਂ ਖ਼ਰੀਦਦੇ ਕਿ ਸਾਨੂੰ ਉਸ ਦੀ ਲੋੜ ਹੈ, ਸਗੋਂ ਤਾਂ ਖ਼ਰੀਦ ਲੈਂਦੇ ਹਾਂ ਕਿ ਸਾਡੇ ਗੁਆਂਢੀ ਕੋਲ ਇਹ ਚੀਜ਼ ਹੈ। ਇਸ ਤਰ੍ਹਾਂ ਕਰਦੇ ਹੋਏ ਅਸੀਂ ਬੜੇ ਵਾਰੀ ਰੀਸ ਦੀ ਘੜੀਸ ਕਰਦੇ ਹਾਂ ਜਾਂ ਫਿਰ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਾਂ। ਇਹ ਕਿਸੇ ਇਕ ਵਿਕਅਤੀ ਦੇ ਨਿੱਜ ਤੋਂ ਲੈ ਕੇ ਦੇਸ਼ਾਂ ਤਕ ਦੇ ਵਿਹਾਰ ਦਾ ਅੰਗ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਮਾਨਸਿਕਤਾ ਸਾਡੇ ਵਿਕਾਸ ਦੇ ਰਾਹ ਦੇ ਰੋੜੇ ਬਣਦੀ ਹੈ।
ਵੇਖਿਆ ਜਾਵੇ ਤਾਂ ਹਰ ਵਿਅਕਤੀ ਦੀ ਆਪਣੀ ਹੋਂਦ ਹੁੰਦੀ ਹੈ, ਨਿੱਜ ਹੁੰਦਾ ਹੈ, ਉਸ ਦੀਆਂ ਨਿੱਜੀ ਜ਼ਰੂਰਤਾਂ ਹੁੰਦੀਆਂ ਹਨ। ਆਪਣੀਆਂ ਲੋੜਾਂ ਦੀ ਪੂਰਤੀ ਉਸ ਨੇ ਆਪਣੇ ਨਿੱਜ ਦੇ ਪੱਧਰ ’ਤੇ ਹੀ ਕਰਨੀ ਹੁੰਦੀ ਹੈ। ਹਰ ਵਿਅਕਤੀ ਦਾ ਜਿਉਣਾ ਉਸ ਦੇ ਆਪਣੇ ਹਾਲਾਤ ਦਾ ਅਨੁਸਾਰੀ ਹੁੰਦਾ ਹੈ। ਆਪਣੇ ਹਾਲਾਤ ਤੋਂ ਬਾਹਰ ਹੋ ਕੇ ਕੀਤਾ ਕਾਰਜ ਕਦੇ ਵੀ ਸਾਰਥਿਕ ਸਿੱਟੇ ਦੇਣ ਦੇ ਸਮਰੱਥ ਨਹੀਂ ਹੋ ਸਕਦਾ। ਹਰੇਕ ਵਿਅਕਤੀ ਨੂੰ ਕੁਦਰਤ ਨੇ ਵਿਸ਼ੇਸ਼ ਤਰ੍ਹਾਂ ਦਾ ਚਿਹਰਾ-ਮੋਹਰਾ ਦਿੱਤਾ ਹੈ, ਰੰਗ-ਰੂਪ ਬਖ਼ਸ਼ਿਆ ਹੈ, ਦਿਮਾਗ਼ੀ ਪੱਧਰ ਹਰੇਕ ਵਿਅਕਤੀ ਦਾ ਵੱਖਰਾ ਹੁੰਦਾ ਹੈ। ਕੁਦਰਤ ਕੋਲੋਂ ਮਿਲੀ ਇਸ ਤਰ੍ਹਾਂ ਦੀ ਭਿੰਨਤਾ ਹੋਣ ਸਦਕਾ ਕਿਸੇ ਦੋ ਵਿਅਕਤੀਆਂ ਵਿਚ ਸਾਰਾ ਕੁਝ ਮਿਲ ਹੀ ਨਹੀਂ ਸਕਦਾ। ਇਸ ਕਰਕੇ ਅਸੀਂ ਇਹ ਆਖਦੇ ਹਾਂ ਕਿ ਹਰ ਵਿਅਕਤੀ ਵਿਲੱਖਣ ਹੈ। ਦੋ ਵਿਅਕਤੀਆਂ ਦਾ ਆਪਸੀ ਮੁਕਾਬਲਾ ਨਹੀਂ ਹੋ ਸਕਦਾ ਸਗੋਂ ਹਰੇਕ ਵਿਅਕਤੀ ਦਾ ਆਪਣੇ ਆਪ ਨਾਲ ਮੁਕਾਬਲਾ ਹੁੰਦਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਬੰਦੇ ਦੀ ਬਣਾਈ ਹੋਈ ਕੋਈ ਵੀ ਚੀਜ਼ ਕਿਸੇ ਦੂਸਰੀ ਚੀਜ਼ ਦਾ ਪਰਛਾਵਾਂ ਵੀ ਹੋ ਸਕਦੀ ਹੈ, ਉਸ ਵਰਗੀ ਹੂ-ਬ-ਹੂ ਵੀ ਹੋ ਸਕਦੀ ਹੈ, ਪਰ ਕੁਦਰਤ ਦੀ ਬਣਾਈ ਕੋਈ ਵੀ ਚੀਜ਼ ਦੂਸਰੀ ਚੀਜ਼ ਵਰਗੀ ਨਹੀਂ ਹੋ ਸਕਦੀ। ਇਸ ਵਿਚ ਥੋੜ੍ਹੀ ਜਾਂ ਵੱਧ ਭਿੰਨਤਾ ਜ਼ਰੂਰ ਹੁੰਦੀ ਹੈ। ਇੱਥੇ ਇਹ ਪ੍ਰਸ਼ਨ ਆ ਸਕਦਾ ਹੈ ਕਿ ਕੋਈ ਵੀ ਪ੍ਰਾਪਤੀ ਕਰਨ ਲਈ ਵਿਅਕਤੀ ਨੂੰ ਦੂਸਰਿਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ, ਪਰ ਇਹ ਭੁਲੇਖਾ ਹੈ। ਕਿਸੇ ਵੀ ਪ੍ਰਾਪਤੀ ਜਾਂ ਸਾਡੀ ਰਹਿ ਗਈ ਕਿਸੇ ਪ੍ਰਾਪਤੀ ਬਾਰੇ ਸਾਨੂੰ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਕਿਸੇ ਹੋਰ ਨੇ ਕੋਈ ਪ੍ਰਾਪਤੀ ਕਰ ਲਈ ਹੈ ਤੇ ਅਸੀਂ ਰਹਿ ਗਏ ਹਾਂ, ਪਰ ਅਜਿਹਾ ਹੁੰਦਾ ਨਹੀਂ ਹੈ। ਅਸਲ ਵਿਚ ਸਾਡੇ ਕੋਲ ਉਹ ਕੁਝ ਹੈ ਸੀ ਜੋ ਦੂਸਰੇ ਕੋਲ ਨਹੀਂ ਸੀ, ਇਸੇ ਤਰ੍ਹਾਂ ਸਾਡੇ ਕੋਲ ਉਹ ਕੁਝ ਨਹੀਂ ਹੁੰਦਾ ਜੋ ਦੂਸਰੇ ਕੋਲ ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਜਦੋਂ ਅਸੀਂ ਕਿਸੇ ਪ੍ਰੀਖਿਆ ਵਿਚ ਜਾਣਾ ਹੁੰਦਾ ਹੈ ਤਾਂ ਸਾਡੀ ਤਿਆਰੀ ਇਹ ਸੋਚ ਕੇ ਨਹੀਂ ਹੋਈ ਹੁੰਦੀ ਕਿ ਕਿਸੇ ਦੂਸਰੇ ਨੇ ਕਿੰਨੀ ਤਿਆਰੀ ਕੀਤੀ ਹੋਈ ਹੈ ਸਗੋਂ ਅਸੀਂ ਤਾਂ ਪ੍ਰੀਖਿਆ ਵਿਚ ਵੱਧ ਅੰਕ ਪ੍ਰਾਪਤ ਕਰਨ ਲਈ ਤਿਆਰੀ ਕੀਤੀ ਹੁੰਦੀ ਹੈ। ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਸਫਲਤਾ ਹਾਸਲ ਕਰਨੀ ਸਾਡਾ ਟੀਚਾ ਹੁੰਦਾ ਹੈ। ਪ੍ਰਾਪਤੀ ਤਾਂ ਸਾਡੀ ਓਨੀ ਹੁੰਦੀ ਹੈ ਜਿੰਨੀ ਅਸੀਂ ਤਿਆਰੀ ਕੀਤੀ ਹੁੰਦੀ ਹੈ, ਪਰ ਨਤੀਜਾ ਆਉਣ ਤੋਂ ਬਾਅਦ ਅਸੀਂ ਆਪਣੀ ਪ੍ਰਾਪਤੀ ਅਤੇ ਦੂਸਰਿਆਂ ਦੀਆਂ ਪ੍ਰਾਪਤੀਆਂ ਦਾ ਮਿਲਾਣ ਕਰਨ ਲੱਗ ਜਾਂਦੇ ਹਾਂ। ਜਿਵੇਂ ਕੋਈ ਦੌੜਾਕ ਜਦੋਂ ਆਪਣੇ ਮੁਕਾਬਲੇ ’ਤੇ ਦੌੜ ਰਹੇ ਕਿਸੇ ਦੂਸਰੇ ਦੌੜਾਕ ਵੱਲ ਵੇਖਦਾ ਤਾਂ ਉਹ ਇਕ ਕਦਮ ਦੇ ਵੀ ਬਹੁਤ ਛੋਟੇ ਹਿੱਸੇ ਨਾਲ ਹਾਰ ਜਾਂਦਾ ਹੈ। ਇਹੀ ਦੌੜਾਕ ਜੇਕਰ ਇਹ ਸੋਚ ਕੇ ਦੌੜੇ ਕਿ ਪਿਛਲੀ ਵਾਰੀ ਉਸ ਨੇ ਕਿੰਨੇ ਸਮੇਂ ਵਿਚ ਇਹ ਦੌੜ ਪੂਰੀ ਕੀਤੀ ਸੀ ਅਤੇ ਹੁਣ ਇਸ ਨੇ ਇਸ ਵਿਚ ਸੁਧਾਰ ਕਰਨਾ ਹੈ ਤਾਂ ਸਮਝੋ ਉਹ ਆਪਣੇ ਆਪ ਨਾਲ ਮੁਕਾਬਲਾ ਕਰਦਾ ਹੋਇਆ ਜਿੱਤ ਦੇ ਨੇੜੇ ਪਹੁੰਚ ਸਕਦਾ ਹੈ। ਜੇਕਰ ਉਹ ਸਿਰਫ਼ ਕਿਸੇ ਦੂਸਰੇ ਬਾਰੇ ਸੋਚਦਾ ਹੈ ਤਾਂ ਉਸ ਦੇ ਪੈਰ ਉੱਖੜ ਵੀ ਸਕਦੇ ਹਨ। ਉਹ ਜਿੱਤ ਵੀ ਸਕਦਾ ਹੈ ਅਤੇ ਹਾਰ ਵੀ ਉਸ ਦੇ ਪੱਲੇ ਪੈ ਸਕਦੀ ਹੈ। ਭਾਵ ਕੁਝ ਵੀ ਨਿਸਚਤ ਨਹੀਂ ਹੁੰਦਾ ਜਦੋਂ ਕਿ ਕੇਵਲ ਆਪਣੇ ਆਪ ਨਾਲ ਕੀਤਾ ਹੋਇਆ ਮੁਕਾਬਲਾ ਹਮੇਸ਼ਾਂ ਸੁਧਾਰ ਦੇ ਚਿੰਨ੍ਹ ਲੈ ਕੇ ਆਉਂਦਾ ਹੈ।
ਸਾਡੀ ਸਫਲਤਾ ਦਾ ਰਾਜ਼ ਇਹ ਹੁੰਦਾ ਹੈ ਕਿ ਸਾਡੇ ਕੋਲ ਜੋ ਕੁਝ ਸੀ, ਅਸੀਂ ਇਸ ਤੋਂ ਵੱਧ ਹਾਸਲ ਕਰਨ ਵਾਸਤੇ ਤਿਆਰੀ ਕਰਦੇ ਹਾਂ। ਜੇਕਰ ਅਸੀਂ ਸਫਲਤਾ ਤੋਂ ਵਾਂਝੇ ਰਹਿ ਜਾਂਦੇ ਹਾਂ ਤਾਂ ਇਸ ਦੇ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਸਾਡੇ ਕੋਲ ਜੋ ਕੁਝ ਹੁੰਦਾ ਹੈ ਅਸੀਂ ਇਸ ਤਕ ਵੀ ਪੁੱਜਦੇ ਨਹੀਂ ਹਾਂ ਜਾਂ ਫਿਰ ਇਸ ਤੋਂ ਅੱਗੇ ਜਾਣ ਲਈ ਯਤਨ ਹੀ ਨਹੀਂ ਕੀਤਾ ਹੁੰਦਾ। ਭਾਵ ਅਸੀਂ ਆਪਣੇ ਆਪ ਨਾਲ ਮੁਕਾਬਲਾ ਨਹੀਂ ਕੀਤਾ ਹੁੰਦਾ। ਇਸ ਦਾ ਅਰਥ ਹੀ ਇਹ ਹੋਇਆ ਕਿ ਸਾਡਾ ਮੁਕਾਬਲਾ ਸਿਰਫ਼ ਆਪਣੇ ਆਪ ਨਾਲ ਹੈ। ਇਹ ਵੱਖਰੀ ਗੱਲ ਹੈ ਕਿ ਨਤੀਜਾ ਆਉਣ ਤੋਂ ਬਾਅਦ ਅਸੀਂ ਇਸ ਦੇ ਅਰਥਾਂ ਨੂੰ ਬਦਲਦੇ ਰਹਿੰਦੇ ਹਾਂ। ਸਾਡੇ ਵਿਅਕਤੀਤਵ ਦੇ ਵਿਕਾਸ ਵਿਚ ਆਈ ਹੋਈ ਖੜੋਤ ਸਾਨੂੰ ਅਸਫਲਤਾ ਦੀਆਂ ਖਾਈਆਂ ਵਿਚ ਸੁੱਟ ਦਿੰਦੀ ਹੈ ਜਦੋਂ ਕਿ ਵਿਅਕਤੀਤਵ ਦੇ ਵਿਕਾਸ ਲਈ ਕੀਤੇ ਗਏ ਸਾਡੇ ਯਤਨ ਸਾਨੂੰ ਸਫਲਤਾ ਦੀਆਂ ਡੰਡੀਆਂ ’ਤੇ ਚੜ੍ਹਾਉਂਦੇ ਹਨ।

ਸੰਪਰਕ: 95010-20731


Comments Off on ਆਪਣੇ ਆਪ ਨਾਲ ਕਰੋ ਮੁਕਾਬਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.