ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ?

Posted On November - 22 - 2019

ਮੇਜਰ ਸਿੰਘ
ਸਿੱਖਿਆ ਵਿਭਾਗ ਵਿੱਚ ਸੁਧਾਰਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਨਵੇਂ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਜਦੋਂ ਕਿਸੇ ਵਿਭਾਗ ਦਾ ਮੁਖੀ ਇਮਾਨਦਾਰ ਕੁਸ਼ਲ ਪ੍ਰਬੰਧਕ ਆ ਜਾਵੇ ਤਾਂ ਬਹੁਤ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਹਨ। ਸਕੂਲ ਪੱਧਰ ਦੀ ਗੱਲ ਕਰੀਏ ਤਾਂ ਸਕੂਲ ਮੁਖੀ ਦੀਆਂ ਜ਼ਿੰਮੇਵਾਰੀਆਂ ਵੀ ਘੱਟ ਨਹੀਂ। ਸਕੂਲ ਦੇ ਸਾਰੇ ਸਟਾਫ ਨੂੰ ਜਿਹੜਾ ਸਕੂਲ ਮੁਖੀ ਆਪਣੇ ਨਾਲ ਲੈ ਕੇ ਚੱਲਦਾ ਹੈ, ਉਹ ਸਕੂਲ ਦੇ ਸਟਾਫ ਨੂੰ ਵਧੀਆ ਮਾਹੌਲ ਦੇ ਸਕਦਾ ਹੈ। ਬਹੁਤੇ ਸਕੂਲ ਮੁਖੀ ਸਾਰੇ ਸਟਾਫ ਨੂੰ ਹਰ ਪੱਖੋਂ ਸੰਤੁਸ਼ਟ ਕਰਨ ’ਚ ਅਸਫ਼ਲ ਰਹਿੰਦੇ ਹਨ, ਜਿਸ ਨਾਲ ਸਕੂਲ ਦੇ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਕਈ ਸਕੂਲ ਮੁਖੀ ਅਧਿਆਪਕਾਂ ਨਾਲ ਬੋਲ-ਕੁਬੋਲ ਬੋਲਦੇ ਇਥੋਂ ਤੱਕ ਕਿ ਹੱਥੋਂਪਾਈ ਹੁੰਦੇ ਵੀ ਚਰਚਾ ’ਚ ਆਏ ਹਨ। ਸਕੂਲ ਮੁਖੀ ਨੂੰ ਇਸ ਹੱਦ ਤੱਕ ਜਾਣਾ ਸ਼ੋਭਦਾ ਨਹੀਂ। ਕਈ ਸਕੂਲ਼ ਮੁਖੀ ਨਵੇਂ ਸਕੂਲ਼ ’ਚ ਆਉਂਦੇ ਹੀ ਸਟਾਫ ਵਿੱਚ ਆਪਸੀ ਖਿੱਚੋਤਾਣ ਪੈਦਾ ਕਰਕੇ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਦੇ ਹਨ,ਜਿਸ ਨਾਲ ਸਕੂਲ਼ ਦਾ ਮਾਹੌਲ਼ ਆਸੁਖਾਵਾਂ ਹੋ ਜਾਂਦਾ ਹੈ। ਅਕੁਸ਼ਲ ਪ੍ਰਬੰਧਕ ਸਕੂਲ ਮੁਖੀ ਹਮੇਸ਼ਾ ਕੁਰਸੀ ’ਤੇ ਬੈਠ ਕੇ ਆਪਣੇ ਕੁਝ ਨਜ਼ਦੀਕੀ ਅਧਿਆਪਕਾਂ ਨਾਲ ਕੋਈ ਨਾ ਕੋਈ ਘੁਣਤਰ ਕੱਢਦੇ ਰਹਿੰਦੇ ਹਨ, ਜਿਸ ਨਾਲ ਕਿਸੇ ਵਿਸ਼ੇਸ਼ ਅਧਿਆਪਕ ਨੂੰ ਕਿਸੇ ਤਰ੍ਹਾਂ ਵੀ ਪ੍ਰੇਸ਼ਾਨ ਕੀਤਾ ਜਾ ਸਕੇ। ਜਿਹੜੇ ਸਕੂਲ ਮੁਖੀ ਸਵੇਰ ਦੀ ਸਭਾ ’ਚ ਨਹੀਂ ਜਾਂਦੇ ਅਸਲ ’ਚ ਉਹ ਇਸ ਕੁਰਸੀ ਦੇ ਬੈਠਣ ਦੇ ਯੋਗ ਹੀ ਨਹੀਂ ਹੁੰਦੇ। ਸਵੇਰ ਦੇ ਸਾਰੇ ਕੰਮ ਛੱਡ ਕੇ ਸਵੇਰੇ ਬੱਚਿਆਂ ਨਾਲ ਕੁਝ ਨਾ ਕੁਝ ਸਾਂਝਾ ਕਰਨਾ ਸਕੂਲ ਮੁਖੀ ਲਈ ਮਹੱਤਵਪੂਰਨ ਹੈ। ਸਮਾਜ ਦੇ ਅੰਦਰ ਅਨੇਕਾਂ ਅਣਛੋਹੇ ਵਿਸ਼ੇ ਹਨ, ਜੋ ਕਿ ਕਿਤਾਬੀ ਗਿਆਨ ਦੇ ਦਾਇਰੇ ਤੋਂ ਬਾਹਰ ਹਨ, ਪਰ ਬੱਚਿਆਂ ਲਈ ਬਹੁਤ ਲਾਹੇਵੰਦ ਹੁੰਦੇ ਹਨ, ਜਿਨ੍ਹਾਂ ਦਾ ਸਕੂਲ ਮੁਖੀ ਵੱਲੋਂ ਸਕੂਲੀ ਬੱਚਿਆਂ ਸਾਹਮਣੇ ਜ਼ਿਕਰ ਕਰਨਾ ਸਮੇਂ ਦੀ ਮੁੱਖ ਲੌੜ ਹੈ। ਕਈ ਸਕੂਲ ਮੁਖੀ ਉਂਝ ਤਾਂ ਸਵੇਰ ਦੀ ਸਭਾ ’ਚ ਆਉਂਦੇ ਨਹੀਂ ਪਰ ਜੇਕਰ ਆ ਜਾਂਦੇ ਨੇ ਤਾਂ ਉਨ੍ਹਾਂ ਬੱਚਿਆਂ ਸਾਹਮਣੇ ਬੋਲਦੇ ਹੋਏ ਸ਼ਬਦਾਵਲੀ ਬੋਲਣ ਦੀ ਸੌਝੀ ਨਹੀਂ ਹੁੰਦੀ। ਕਈ ਵਾਰੀ ਬੱਚਿਆਂ ਸਾਹਮਣੇ ਅਧਿਆਪਕਾਂ ਦੀ ਗੱਲ਼ਾਂ ਗੱਲਾਂ ’ਚ ਬੇਇਜ਼ਤੀ ਕਰ ਦਿੰਦੇ ਹਨ, ਕੋਈ ਅਨੁਸ਼ਾਸਨ ਦੀ ਗੱਲ ਹੋਵੇ ਅਧਿਆਪਕਾਂ ਨੂੰ ਸੁਣਾ ਦੇਣਾ ਪਰ ਸਕੂਲ ਮੁਖੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਸਕੂਲ਼ ਦੇ ਅਨੁਸ਼ਾਸਨ ਲਈ ਉਹ ਹੀ ਜ਼ਿੰਮੇਵਾਰ ਹੈ, ਅਧਿਆਪਕਾਂ ਦਾ ਵੱਧ ਤੋਂ ਵੱਧ ਸਹਿਯੋਗ ਲੈਣਾ ਉਸ ਦੀ ਕਾਬਲੀਅਤ ’ਤੇ ਨਿਰਭਰ ਕਰਦਾ ਹੈ।
ਕਈ ਮੁਖੀ ਬਹੁਤ ਸਿਆਣਪ ਨਾਲ ਸਾਰੇ ਸਟਾਫ ਨੂੰ ਨਾਲ ਲੈ ਕੇ ਸਕੂਲ ਦੀ ਬਿਹਤਰੀ ਲਈ ਸਾਰੇ ਕੰਮ ਸਮੇਂ ਸਿਰ ਕਰਦੇ ਹਨ। ਕੰਮ ਕਰਾਉਣ ਲਈ ਆਪ ਪਹਿਲਾਂ ਸ਼ੁਰੂਆਤ ਕਰਨੀ ਪੈਂਦੀ ਹੈ। ਕੁਰਸੀ ਦਾ ਰੋਹਬ ਹਰ ਥਾਂ ਨਹੀਂ ਚਲਦਾ। ਕੁਰਸੀ ਦਾ ਸਤਿਕਾਰ ਕਰਾਉਣਾ ਵੀ ਆਪਣੇ ਹੱਥ ਹੁੰਦਾ ਹੈ। ਕਈ ਸਕੂਲ ਮੁਖੀ ਪਿੰਡ ਵਾਲਿਆਂ ਨਾਲ ਕੋਈ ਨਾ ਕੋਈ ਮਸਲੇ ’ਚ ਆਮ ਤੌਰ ’ਤੇ ਆਪਣੀ ਬੋਲਚਾਲ ਕਾਰਨ ਹੀ ਉਲਝੇ ਰਹਿੰਦੇ ਹਨ। ਵਿਗੜਦੇ ਹਾਲਾਤਾਂ ਨੂੰ ਕਾਬੂ ਕਰ ਲੈਣਾ ਹੀ ਇੱਕ ਸਿਆਣੇ ਸਕੂਲ ਮੁਖੀ ਲਈ ਅਕਲਮੰਦੀ ਦਾ ਸਬੂਤ ਹੁੰਦਾ ਹੈ। ਕਈ ਚਰਿੱਤਰ ਪੱਖੋਂ ਡਿੱਗੇ ਹੁੰਦੇ ਹਨ, ਇਹੋ ਜਿਹੇ ਕੇਸ ਕਈ ਵਾਰੀ ਮੇਲ ਅਤੇ ਫੀਮੇਲ ਸਕੂਲ ਮੁਖੀਆਂ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੇ ਹਨ, ਜੋ ਕਿ ਬੜੇ ਹੀ ਸ਼ਰਮ ਦੀ ਗੱਲ ਹੈ। ਇਕ ਸਕੂਲ ਮੁਖੀ ਮਿੱਡ ਡੇਅ ਮੀਲ ’ਚੋਂ ਆਪਣੇ ਖਰਚੇ ਲਈ ਗੁਪਤ ਤੌਰ ’ਤੇ ਉਸ ਤੋਂ ਦੋ ਹਜ਼ਾਰ ਲੈਣ ਲੱਗ ਪਿਆ ਕਿ ਉਸ ਨੂੰ ਬਾਹਰਲੇ ਖਰਚੇ ਕਰਨੇ ਪੈਂਦੇ ਹਨ। ਪਹਿਲਾਂ ਮਿੱਡ ਡੇਅ ਮੀਲ ’ਚੋਂ ਬਚਦੇ ਪੈਸੇ ਸਕੂਲ ਦੇ ਕੰਮਾਂ ’ਤੇ ਖਰਚ ਦਿੱਤੇ ਜਾਦੇ ਸੀ। ਉਹੀ ਪ੍ਰਿੰਸੀਪਲ ਬਾਅਦ ’ਚ ਡੀਈਓ ਲੱਗ ਗਿਆ ਉਥੇ ਦਫਤਰ ’ਚ ਉਹ ਕਿਹੋ ਜਿਹੇ ਕੰਮ ਕਰੇਗਾ ਅੰਦਾਜ਼ਾ ਲਗਾਇਆ ਜ ਸਕਦਾ। ਅਕਸਰ ਆਈਆਂ ਗਰਾਂਟਾਂ ’ਚੋਂ ਕਈ ਮਾੜੀ ਸੋਚ ਵਾਲੇ ਸਕੂਲ ਮੁਖੀ ਪੈਸੇ ਖਾਣ ਦੇ ਚੱਕਰਾਂ ਕਾਰਨ ਇਨਕੁਆਰੀਆਂ ’ਚ ਫਸੇ ਹੋਏ ਹਨ। ਕਈ ਸਕੂਲ ਮੁਖੀ ਸਿਰਫ ਤੇ ਸਿਰਫ ਕੁਰਸੀ ’ਤੇ ਬੈਠ ਕੇ ਡਾਕ ਵਗੈਰਾ ’ਤੇ ਸਾਈਨ ਕਰਨ ਤੱਕ ਹੀ ਸੀਮਤ ਰਹਿੰਦੇ ਹਨ। ਕਿਸੇ ਅਧਿਆਪਕ ਦਾ ਜੇਕਰ ਕੋਈ ਬਕਾਇਆ ਕਢਾਉਣਾ ਹੁੰਦਾ ਉਸ ਨੂੰ ਸਕੂਲ ਮੁਖੀ ਵਲੋਂ ਸਮੇਂ ਸਿਰ ਨਾ ਕਢਾਉਣਾ ਨਲਾਇਕੀ ਅਤੇ ਅਕੁਸ਼ਲਤਾ ਦਾ ਸਬੂਤ ਤਾਂ ਹੈ ਹੀ, ਸਗੋਂ ਆਪਣੇ ਹੀ ਸਾਥੀ ਦਾ ਵਿੱਤੀ ਨੁਕਸਾਨ ਕਰਨ ਲਈ ਵੀ ਜ਼ਿੰਮੇਵਾਰ ਹੋਵੇਗਾ। ਕਈ ਤਾਂ ਸਕੂਲ ਦਾ ਦਿਨ ਵਿੱਚ ਇੱਕ ਗੇੜਾ ਵੀ ਨਹੀਂ ਲਾਉਂਦੇ। ਅਧਿਆਪਕਾਂ ਦੇ ਏਸੀਪੀ ਕੇਸ, ਪਰਖ ਸਮਾਂ, ਕਨਫਰਮੇਸ਼ਨ ਕੇਸ ਆਦਿ ਸਕੂਲ ਪੱਧਰ ’ਤੇ ਨਿਪਟਾਰਾ ਕਰਨ ਲਈ ਸਕੂਲ ਮੁਖੀਆਂ ਨੂੰ ਸ਼ਕਤੀਆਂ ਦੇ ਦਿੱਤੀਆਂ ਗਈਆਂ ਹਨ ਪਰ ਕਈ ਕਲਰਕ ਅਤੇ ਸਕੂਲ ਮੁਖੀ ਇਹੋ ਜਿਹੇ ਕੇਸਾਂ ਨੂੰ ਕਰ ਕੇ ਰਾਜ਼ੀ ਹੀ ਨਹੀਂ, ਜਾਣਬੁਝ ਕੇ ਲਟਕਾਬਾਜ਼ੀ ਤਾਂ ਕਰਦੇ ਹੀ ਹਨ, ਸਗੋਂ ਲਾਰੇ ਵੀ ਲਾਉਂਦੇ ਹਨ। ਇਸ ਤਰ੍ਹਾਂ ਇਨ੍ਹਾਂ ਦਾ ਕੁਝ ਸੰਭਰਦਾ ਨਹੀਂ ਪਰ ਸਬੰਧਤਾਂ ਦਾ ਜ਼ਰੂਰ ਨੁਕਸਾਨ ਹੁੰਦਾ ਹੈ।
ਕਈ ਆਮ ਤੌਰ ’ਤੇ ਉਪਰੋਂ ਆਈਆਂ ਹਦਾਇਤਾਂ ਨੂੰ ਬਹੁਤਾ ਗੌਲਦੇ ਨਹੀਂ। ਇਸ ਕਰ ਕੇ ਹੀ ਸਮੇਂ ਸਿਰ ਕੰਮ ਨਿਪਟਾਉਣ ’ਚ ਦੇਰੀ ਹੁੰਦੀ ਹੈ। ਕਿਸੇ ਵੀ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਦੇ ਸਾਰੇ ਕੰਮ ਇੱਕ ਕੁਸ਼ਲ ਸਕੂਲ ਮੁਖੀ ਸਮੇਂ ਸਿਰ ਪਹਿਲ ਦੇ ਆਧਾਰ ’ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਦਾ ਹੈ। ਕਈ ਸਕੂਲ ਮੁਖੀਆਂ ਨੂੰ ਤਾਂ ਕਾਬਲੀਅਤ ਦੀ ਘਾਟ ਕਾਰਨ ਇਹ ਵੀ ਨਹੀਂ ਪਤਾ ਹੁੰਦਾ ਕਿ ਸੇਵਾ ਮੁਕਤ ਕਰਮਚਾਰੀ ਦੀਆਂ ਕਿਹੜੀਆਂ ਅਦਾਇਗੀਆਂ ਕਰਨੀਆਂ ਹੁੰਦੀਆਂ ਹਨ। ਸਰਕਾਰ ਤਾਂ ਮੁਲਾਜ਼ਮਾਂ ਨੂੰ ਕੁਝ ਦੇਕੇ ਉਂਝ ਹੀ ਰਾਜ਼ੀ ਨਹੀਂ ,ਇਥੇ ਤਾਂ ਆਪਣੇ ਆਪਣਿਆਂ ਦਾ ਹੀ ਲੇਟ ਅਦਾਇਗੀਆਂ ਕਰਕੇ ਵਿੱਤੀ ਨੁਕਸਾਨ ਕਰਦੇ ਹਨ। ਸੇਵਾ ਮੁਕਤੀ ਤੋਂ ਪਹਿਲਾਂ ਹੀ ਸਾਰੇ ਬਿੱਲ ਸਕੂਲ ਵਲੋਂ ਤਿਆਰ ਕਰਕੇ ਪਹਿਲੇ ਹਫਤੇ ਹੀ ਕਿਉਂ ਨਹੀਂ ਖਜ਼ਾਨੇ ਜਾਂਦੇ? ਕਈ ਕਈ ਮਹੀਨੇ ਲੇਟ ਵੈਸੇ ਹੀ ਬਿੱਲ ਬਣਾ ਕੇ ਲੇਟ ਭੇਜਣੇ ਨਲਾਇਕੀ ਦੀ ਹੀ ਨਿਸ਼ਾਨੀ ਤਾਂ ਹੈ। ਸਿੱਖਿਆ ਵਿਭਾਗ ਵਲੋਂ ਹਰੇਕ ਸੇਵਾ ਮੁਕਤ ਕਰਮਚਾਰੀ ਦੇ ਪੈਨਸ਼ਨ ਕੇਸ ਅਤੇ ਸਾਰੇ ਬਿੱਲਾਂ ਦੇ ਭੇਜਣ ਦੀ ਸੂਚਨਾ ਮੰਗੀ ਜਾਣੀ ਚਾਹੀਦੀ ਹੈ ਤਾਂ ਕਿ ਸੁਸਤ ਸਕੂਲ ਮੁਖੀ ਵੀ ਫੁਰਤੀਲੇ ਬਣ ਕੇ ਕੰਮ ਕਰਨ। ਹਾਲਾਂਕਿ ਸਕੂਲ਼ ਮੁਖੀਆਂ ਨੂੰ ਸਮੇਂ ਸਮੇਂ ਸਿਰ ਮਹਿਕਮੇ ਵੱਲੋਂ ਇੰਟਰਨੈਟ ਜ਼ਰੀਏ ਜਾਂ ਜ਼ਿਲ੍ਹਾ/ਸਟੇਟ ਪੱਧਰ ’ਤੇ ਬੁਲਾ ਕੇ ਸਾਰੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਕੂਲ ਮੁਖੀ ਕਲੈਰੀਕਲ ਕੰਮ ਬਾਰੇ ਪੂਰਾ ਗਿਆਨ ਰੱਖਦਾ ਹੋਵੇ ਤਾਂ ਹੀ ਉਹ ਠੀਕ ਢੰਗ ਨਾਲ ਸਕੂਲ ਚਲਾ ਸਕਦਾ ਹੈ। ਸਮੇਂ ਸਿਰ ਨਾ ਕੰਮ ਵਾਲਿਆਂ ਨੂੰ ਰਿਵਰਟ ਕਰਨ ਦਾ ਸਿਕੰਜ਼ਾ ਕੱਸਿਆ ਜਾਵੇ। ਕਈ ਮਹਿਕਮੇ ਦੀਆਂ ਹਦਾਇਤਾਂ ਨੂੰ ਟਿੱਚ ਸਮਝਦੇ ਹੋਏ ਬਣਦੀਆਂ ਕੁਝ ਘੰਟੀਆਂ ਲੈਣ ਤੋਂ ਵੀ ਕੰਨੀ ਕਤਰਾਉਂਦੇ ਹਨ ਸਗੋਂ ਆਪਣੀਆਂ ਘੰਟੀਆਂ ਟਾਈਮ-ਟੇਬਲ ’ਚ ਤਾਂ ਆਪਣੇ ਨਾਮ ਪਵਾ ਲੈਂਦੇ ਹਨ ਪਰ ਅਸਲ ’ਚ ਕਿਸੇ ਹੋਰ ਅਧਿਆਪਕ ਨੂੰ ਕਲਾਸਾਂ ਪੜ੍ਹਾਉਣ ਲਈ ਅਡਜਸਟਮੈਂਟ ਕਰਕੇ ਬੱਚਿਆਂ ਦਾ ਨੁਕਸਾਨ ਕਰਦੇ ਹਨ। ਮਹਿਕਮੇ ਨੂੰ ਇਸ ਸਬੰਧੀ ਵੀ ਤਾੜ੍ਹਨਾ ਕਰਨੀ ਚਾਹੀਦੀ ਹੈ। ਸਕੂਲ ਮੁਖੀ ਸਾਰੇ ਵਿਸ਼ਿਆਂ ਦੀ ਅਹਿਮੀਅਤ ਨੂੰ ਸਮਝਣ ਵਾਲਾ ਹੋਵੇ, ਗਰੇਡਾਂ ਵਾਲੇ ਵਿਸ਼ਿਆਂ ਨੂੰ ਵੀ ਦੂਜੇ ਵਿਸ਼ਿਆਂ ਵਾਂਗ ਪ੍ਰੋਮੋਟ ਕਰਨਾ ਵਾਲਾ ਹੋਵੇ।
ਕਈ ਸਕੂਲ ਮੁਖੀ ਛੋਟੇ ਮੋਟੇ ਖਰਚਿਆਂ ਲਈ ਆਪਣੀ ਜੇਬ ’ਚੋਂ ਖਰਚ ਕਰਨ ਦੀ ਪ੍ਰਵਾਹ ਨਹੀਂ ਕਰਦੇ, ਕਈ ਇਹੋ ਜਿਹੇ ਹੁੰਦੇ ਹਨ ਜੋ ਦਸ ਰੁਪਏ ਵੀ ਕਿਸੇ ਨਾ ਕਿਸੇ ਅਧਿਆਪਕ ਨੂੰ ਖਰਚ ਕਰਨ ਲਈ ਕਹਿੰਦੇ ਹਨ। ਇਸ ਤਰ੍ਹਾਂ ਸਕੂਲ ਮੁਖੀ ਦਾ ਸਟਾਫ ’ਚ ਸਤਿਕਾਰ ਘੱਟਦਾ ਹੈ, ਭਾਵੇਂ ਕਿ ਕੋਈ ਵੀ ਜਵਾਬ ਨਹੀਂ ਦਿੰਦਾ। ਸਕੂਲ ਮੁਖੀ ਸਰੀਰਕ ਤੌਰ ’ਤੇ ਫਿੱਟ ਫੁਰਤੀਲਾ ਹੋਣਾ ਚਾਹੀਦਾ ਹੈ, ਜੋ ਕਿ ਸਾਰੇ ਸਕੂਲ ਅੰਦਰ ਸਮੇਂ ਸਮੇਂ ਸਿਰ ਕਲਾਸਾਂ ਦਾ ਨਿਰੀਖਣ ਕਰਦਾ ਰਹੇ। ਉਸ ਨੂੰ ਸਕੂਲ ਦੀ ਬਿਲਡਿੰਗ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਸੇ ਵੀ ਘਾਟ, ਟੁੱਟ-ਮੁਰੰਮਤ ਨੂੰ ਨਾਲੋ ਨਾਲ ਕਰਾਉਣਾ ਚਾਹੀਦਾ ਹੈ। ਕਈ ਸਕੂਲ ਮੁਖੀ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਾਂ ਬਿਮਾਰ ਹੁੰਦੇ ਹਨ, ਸਕੂਲ ਸਮਾਂ ਡੰਗ ਹੀ ਟਪਾਉਂਦੇ ਹਨ ਪਰ ਲਾਲਚ ਵੱਸ ਸੇਵਾ ਮੁਕਤੀ ਤੋਂ ਬਾਅਦ ਵਾਧਾ ਵੀ ਲੈਣ ਨੂੰ ਤਿਆਰ ਹੁੰਦੇ ਹਨ। ਇਹੋ ਜਿਹੀ ਸੋਚ ਵਾਲੇ ਸਕੂਲ਼ ਦਾ ਮਾਹੌਲ ਖਰਾਬ ਹੀ ਕਰਨਗੇ। ਇੱਕ ਕੁਸ਼ਲ ਸਕੂਲ ਮੁਖੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਕੂਲ ਨਾਲ ਜੁੜੇ ਸਬੰਧਤਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਵੇ, ਇਹ ਨਾ ਹੋਵੇ ਕਿ ਉਸ ਦੇ ਲਏ ਫ਼ੈਸਲੇ ’ਤੇ ਕਿੰਤੂ ਪ੍ਰੰਤੂ ਹੋਵੇ। ਉਹ ਸਕੂਲੀ ਪਰਿਵਾਰ ਦੇ ਹਰ ਦੁੱਖ-ਸੁੱਖ ਦਾ ਭਾਈਵਾਲ ਬਣਦਾ ਹੋਵੇ।
ਬਹੁਤ ਸਤਰੇ ਸਕੂਲਾਂ ਵਿੱਚ ਲੇਡੀ ਸਕੂਲ ਮੁਖੀ ਜੈਂਟਸ ਸਕੂਲ਼ ਮੁੱਖੀਆਂ ਤੋਂ ਵੀ ਵਧੀਆ ਅਨੁਸ਼ਾਸਨ ਰੱਖ ਰਹੇ ਹਨ। ਸ.ਸ.ਸ.ਸ. ਦੰਦਰਾਲਾ ਢੀਂਡਸਾ (ਪਟਿਆਲਾ) ਵਿਖੇ ਸਕੂਲ਼ ਸਮੇਂ ਜਾਣ ਦਾ ਮੌਕਾ ਮਿਲਿਆਂ ਤਾਂ ਸਕੂਲ਼ ਵਿੱਚ ਕੋਈ ਬੱਚਾ ਕਲਾਸ ਤੋਂ ਬਾਹਰ ਨਹੀਂ ਮਿਲਿਆ ਨਾ ਹੀ ਕੋਈ ਕਿਸੇ ਕਲਾਸ ’ਚੋਂ ਆਵਾਜ਼ ਸੁਣਾਈ ਦਿੱਤੀ, ਜਿਵੇਂ ਕਿ ਅਕਸਰ ਬਹੁਤੇ ਸਕੂਲਾਂ ’ਚ ਹੁੰਦਾ। ਪ੍ਰਿੰਸੀਪਲ ਮੈਡਮ ਨੇ ਵਰਾਂਡਿਆਂ ’ਚ ਕੈਮਰੇ ਲਗਾ ਕੇ ਆਪਣੇ ਦਫਤਰ ’ਚੋਂ ਹੀ ਬੱਚਿਆਂ ਦੀਆਂ ਐਕਟੀਵਿਟੀਜ਼ ਨੂੰ ਦੇਖਣ ਦਾ ਪ੍ਰਬੰਧ ਕੀਤਾ ਹੋਇਆ ਹੈ, ਜੋ ਕਿ ਅਨੁਸ਼ਾਸਨ ਰੱਖਣ ਲਈ ਨਿਵੇਕਲਾ ਉਪਰਾਲਾ ਹੈ,ਜਿਸ ਨਾਲ ਬਾਹਰ ਫਿਰਦੇ ਬੱਚਿਆਂ ਨੂੰ ਤੁਰੰਤ ਤਾੜ੍ਹਨਾ ਕੀਤੀ ਜਾਂਦੀ ਹੈ। ਭਵਿੱਖ ’ਚ ਇਨ੍ਹਾਂ ਕੈਮਰਿਆਂ ਨੂੰ ਸਾਰੇ ਸਕੂਲਾਂ ’ਚ ਲਗਾਉਣਾ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ। ਚੰਗਾ ਸਕੂਲ ਮੁਖੀ ਹਮੇਸ਼ਾ ਸਟਾਫ ਅਤੇ ਪਿੰਡ ਵਾਸੀਆਂ ਨਾਲ ਨਾ ਚਾਹੁੰਦੇ ਹੋਏ ਵੀ ਸ਼ਾਜ਼ਗਾਰ ਸਬੰਧ ਬਣਾ ਕੇ ਰੱਖਣ ’ਚ ਸਕੂਲ ਦਾ ਭਲਾ ਕਰ ਸਕਦਾ ਹੈ। ਬਹੁਤ ਸਾਰੇ ਸੱਚ ਮੁੱਚ ਕਾਬਿਲੇ-ਤਾਰੀਫ ਕੰਮ ਕਰਦੇ ਹਨ ਜਿਨ੍ਹਾਂ ਤੋਂ ਬਾਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਸਮਾਜ ’ਚ ਸਕੂਲ ਮੁਖੀਆਂ ਦਾ ਸਤਿਕਾਰ ਸੇਵਾ ਮੁਕਤੀ ਤੋਂ ਬਾਅਦ ਪਤਾ ਲਗਦਾ ਹੈ, ਸੋ ਸਾਰੇ ਸਕੂਲ ਮੁਖੀਆਂ ਨੂੰ ਇਹ ਗੱਲ ਵੀ ਸਾਹਮਣੇ ਰੱਖ ਕੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਕਿ ਸਮਾਜ ’ਚ ਸਕੂਲ ਮੁਖੀਆਂ ਦਾ ਸਤਿਕਾਰ ਸੇਵਾ ਮੁਕਤੀ ਤੋਂ ਬਾਅਦ ਹੀ ਪਤਾ ਲਗਦਾ ਹੈ।
ਸੰਪਰਕ: 9463553962


Comments Off on ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.