ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਅਸਲੀਅਤ ’ਚ ਰਹਿਣਾ ਸਿੱਖੋ

Posted On November - 2 - 2019

ਕੈਲਾਸ਼ ਚੰਦਰ ਸ਼ਰਮਾ

ਕੈਲਾਸ਼ ਚੰਦਰ ਸ਼ਰਮਾ

ਇਕ ਸਮਾਂ ਸੀ ਜਦੋਂ ਆਪਸੀ ਪ੍ਰੇਮ-ਪਿਆਰ, ਵਿਸ਼ਵਾਸ ਤੇ ਆਪਣਾਪਨ ਚਰਮ ਸੀਮਾ ’ਤੇ ਹੁੰਦਾ ਸੀ। ਲੋਕ ਰਿਸ਼ਤਿਆਂ ਦਾ ਨਿੱਘ ਮਾਣਦੇ ਹੋਏ ਆਪਣੇ ਦੁਖ-ਸੁਖ ਦੀ ਸਾਂਝ ਬਣਾਈ ਰੱਖਦੇ ਸਨ। ਸਾਰੇ ਰਿਸ਼ਤੇਦਾਰ ਤੇ ਸੱਜਣ-ਮਿੱਤਰ ਬਿਨਾਂ ਕਿਸੇ ਭੇਦ-ਭਾਵ ਤੋਂ ਇਕ ਦੂਜੇ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੁੰਦੇ ਜਿਸ ਨਾਲ ਛੋਟੀ ਜਿਹੀ ਖ਼ੁਸ਼ੀ ਵੀ ਵੱਡਾ ਰੂਪ ਧਾਰਨ ਕਰ ਜਾਂਦੀ। ਹੌਲੀ-ਹੌਲੀ ਬਦਲਦੇ ਹਾਲਾਤ ਦੇ ਸਿੱਟੇ ਵਜੋਂ ਪਦਾਰਥਵਾਦੀ ਚੀਜ਼ਾਂ ਪ੍ਰਤੀ ਮੋਹ-ਮਾਇਆ ਵਧਣ ਕਾਰਨ ਇਨਸਾਨ ਵਿਚ ਇਨ੍ਹਾਂ ਨੂੰ ਇਕੱਠਾ ਕਰਨ ਦੀ ਦੌੜ ਵਧ ਗਈ। ਇਨਸਾਨੀਅਤ ਦੇ ਗੁਣਾਂ ਨਾਲ ਲਬਰੇਜ਼, ਪਰ ਪਦਾਰਥਵਾਦੀ ਵਸਤਾਂ ਦੀ ਕਮੀ ਵਾਲਿਆਂ ਨੂੰ ਦੂਸਰਿਆਂ ਨੇ ਘਟੀਆ ਪੱਧਰ ਦਾ ਸਮਝਣਾ ਸ਼ੁਰੂ ਕਰ ਦਿੱਤਾ। ਚਮਕ-ਦਮਕ ਤੇ ਵਿਖਾਵੇ ਵਾਲੀ ਬਿਰਤੀ ਕਾਰਨ ਹਰ ਵਿਅਕਤੀ ਆਪਣੇ-ਆਪ ਨੂੰ ਦੂਸਰਿਆਂ ਨਾਲੋਂ ਵਧੀਆ ਵਿਖਾਉਣ ਦੀ ਦੌੜ ਵਿਚ ਸ਼ਾਮਲ ਹੋ ਗਿਆ, ਫਲਸਰੂਪ ਬਨਾਵਟੀਪਨ ਨੇ ਪਸਾਰਾ ਵਧਾ ਲਿਆ। ਬਨਾਵਟੀਪਨ ਦੀ ਇਸ ਜੀਵਨ- ਸ਼ੈਲੀ ਨੇ ਵਿਅਕਤੀ ਦੀਆਂ ਬਾਹਰੀ ਅਤੇ ਅੰਦਰੂਨੀ ਦੋਵਾਂ ਹੀ ਸ਼ਖ਼ਸੀਅਤਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਵਿਅਕਤੀ ਆਪਣੇ ਅਸਲੀ ਮਕਸਦ ਤੋਂ ਭਟਕ ਗਿਆ ਹੈ ਜਿਸ ਕਾਰਨ ਉਸ ਦਾ ਸਕੂਨ ਵਾਲਾ ਜੀਵਨ ਨਸ਼ਟ ਹੋਣ ਦੇ ਕੰਢੇ ਪਹੁੰਚ ਗਿਆ ਹੈ। ਅਸੀਂ ਆਪਣੇ ਜੀਵਨ ਵਿਚ ਅਸਲੀ ਚੀਜ਼ਾਂ ਦੀ ਬਜਾਏ ਨਕਲੀ ਅਤੇ ਝੂਠੀਆਂ ਚੀਜ਼ਾਂ ਹਾਸਲ ਕਰਨ ਵਿਚ ਹੀ ਲੱਗੇ ਹੋਏ ਹਾਂ। ਹੁਣ ਸਾਡਾ ਧਿਆਨ ਕਦੇ ਵੀ ਅਸਲੀ ਚੀਜ਼ਾਂ ਵੱਲ ਨਹੀਂ ਜਾਂਦਾ ਜਿਸ ਕਰਨ ਵਿਅਕਤੀ ਦੇ ਮੱਥੇ ’ਤੇ ਚਿੰਤਾ, ਨਫ਼ਰਤ ਤੇ ਨਿਰਾਸ਼ਾ ਦੀਆਂ ਲਕੀਰਾਂ ਆਮ ਵੇਖਣ ਨੂੰ ਮਿਲਦੀਆਂ ਹਨ।
ਬਨਾਵਟੀਪਨ ਅਸਲ ਵਿਚ ਸਾਡੇ ਅੰਦਰ ਲੁਕੀ ਉਹ ਹੀਣ-ਭਾਵਨਾ ਦਾ ਪ੍ਰਤੀਕ ਹੈ ਜਿਸ ਨੂੰ ਅਸੀਂ ਦੂਸਰਿਆਂ ਤੋਂ ਲੁਕਾਉਣਾ ਚਾਹੁੰਦੇ ਹਾਂ ਕਿਉਂਕਿ ‘ਲੋਕ ਕੀ ਕਹਿਣਗੇ’ ਦਾ ਡਰ ਸਾਡੇ ਦਿਲ-ਦਿਮਾਗ਼ ’ਤੇ ਪੱਕਾ ਡੇਰਾ ਲਾਈ ਬੈਠਾ ਹੈ। ਸੱਚਾਈ ਜਾਣਦੇ ਹੋਏ ਵੀ ਅਸੀਂ ਬੇਧਿਆਨੀ ਕਰ ਦਿੰਦੇ ਹਾਂ ਕਿਉਂਕਿ ਇਸ ਨਾਲ ਸਾਡੇ ਅੰਤਰਮਨ ਨੂੰ ਦਿਲਾਸਾ ਮਿਲਦਾ ਹੈ। ਬਨਾਉਟੀ ਲੋਕ ਅਕਸਰ ਆਪਣੇ-ਆਪ ਨੂੰ ਖ਼ੁਸ਼ ਦੱਸਦੇ ਹਨ, ਪਰ ਆਪਣੇ ਅੰਦਰ ਦੇ ਖਾਲੀਪਣ ਵੱਲ ਕਦੇ ਨਹੀਂ ਝਾਕਦੇ। ਅਜਿਹੇ ਲੋਕਾਂ ਅੰਦਰ ਹਮੇਸ਼ਾਂ ਇਕ ਬੇਚੈਨੀ ਬਣੀ ਰਹਿੰਦੀ ਹੈ ਜਿਸ ਕਾਰਨ ਜਦੋਂ ਉਨ੍ਹਾਂ ਦੇ ਜੀਵਨ ਵਿਚ ਇਕ ਛੋਟਾ ਜਿਹਾ ਉਤਰਾਅ-ਚੜ੍ਹਾਅ ਵੀ ਆਉਂਦਾ ਹੈ ਤਾਂ ਉਹ ਡਗਮਗਾ ਜਾਂਦੇ ਹਨ। ਇਹ ਉਨ੍ਹਾਂ ਦੇ ਆਤਮ-ਵਿਸ਼ਵਾਸ ਦੀ ਕਮੀ ਕਾਰਨ ਹੁੰਦਾ ਹੈ। ਹੌਲੀ-ਹੌਲੀ ਅਜਿਹੇ ਲੋਕ ਖ਼ੁਦ ਨੂੰ ਬਨਾਵਟੀ ਦੁਨੀਆਂ ਵਿਚ ਮਹਿਸੂਸ ਕਰਨ ਲੱਗ ਪੈਂਦੇ ਹਨ ਜਿਸ ਕਾਰਨ ਅਸੰਤੁਸ਼ਟ ਅਤੇ ਨਿਰਾਸ਼ ਦਿਖਾਈ ਦਿੰਦੇ ਹਨ ਅਤੇ ਜ਼ਿੰਦਗੀ ਦੀ ਅਸਲੀ ਖ਼ੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਨ। ਬਨਾਵਟੀ ਲੋਕਾਂ ਵਿਚ ਅਕਸਰ ਸੰਸਕਾਰਾਂ ਅਤੇ ਆਚਰਣ ਦੀ ਕਮੀ ਹੁੰਦੀ ਹੈ ਅਤੇ ਮਤਲਬ ਨਿਕਲ ਜਾਣ ਤੋਂ ਬਾਅਦ ਇਨ੍ਹਾਂ ਦਾ ਗੱਲਬਾਤ ਦਾ ਤਰੀਕਾ ਵੀ ਬਦਲ ਜਾਂਦਾ ਹੈ। ਅਜੋਕੇ ਯੁੱਗ ਵਿਚ ਅਕਸਰ ਦੋਸਤੀ ਅਤੇ ਸੋਨ-ਸੁਨਹਿਰੀ ਰਿਸ਼ਤੇ ਵੀ ਬਨਾਵਟੀ ਬਣ ਗਏ ਹਨ। ਲੋਕ ਹੋਰਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ, ਉਨ੍ਹਾਂ ਨੂੰ ਤਬਾਹ ਕਰ ਦਿੰਦੇ ਹਨ। ਤੁਹਾਡੀਆਂ ਕਮਜ਼ੋਰੀਆਂ ਨੂੰ ਢਾਲ ਬਣਾ ਕੇ ਤੁਹਾਨੂੰ ਬਰਬਾਦ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡਦੇ। ਭੋਲੇ-ਭਾਲੇ ਤੇ ਸਿੱਧੇ-ਸਾਦੇ ਲੋਕ ਇਨ੍ਹਾਂ ਦੀ ਪਕੜ ਵਿਚ ਜਲਦੀ ਆ ਜਾਂਦੇ ਹਨ। ਅਜਿਹੇ ਲੋਕ ਆਪਣੀ ਨਕਲੀ ਜੀਵਨ-ਸ਼ੈਲੀ ਵਿਚ ਹੀ ਘਿਰੇ ਰਹਿੰਦੇ ਹਨ।

ਕੈਲਾਸ਼ ਚੰਦਰ ਸ਼ਰਮਾ

ਅਸੀਂ ਫੋਕੀ ਸ਼ੋਹਰਤ ਲਈ ਦੂਜਿਆਂ ਦੀ ਵੇਖਾ-ਵੇਖੀ ਆਪਣੇ ਖ਼ਰਚੇ ਵਧਾ ਲਏ ਹਨ। ਇਸ ਲਈ ਹਰ ਸਮੇਂ ਪ੍ਰੇਸ਼ਾਨ ਰਹਿਣ ਲੱਗੇ ਹਾਂ। ਇਸ ’ਚ ਦੂਜਿਆਂ ਦਾ ਕੋਈ ਦੋਸ਼ ਨਹੀਂ, ਇਹ ਸਿਰਫ਼ ਸਾਡੀ ਆਪਣੀ ਹੀ ਮੂਰਖਤਾ ਹੈ। ਬਨਾਵਟੀਪਨ ਨੇ ਮਨੁੱਖ ਲਈ ਨਵੀਂ ਚਿੰਤਾ ਛੇੜ ਦਿੱਤੀ ਹੈ ਜਿਸ ਕਾਰਨ ਜੀਵਨ ਵਿਚੋਂ ਖ਼ੁਸ਼ੀਆਂ ਕਿਧਰੇ ਉੱਡ-ਪੁੱਡ ਗਈਆਂ ਹਨ। ਤੁਹਾਡੀ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਦੇ ਮਾਅਨੇ ਹੋਣੇ ਚਾਹੀਦੇ ਹਨ, ਉਹ ਤੁਹਾਨੂੰ ਹੀ ਲੱਭਣਾ ਪਵੇਗਾ ਅਤੇ ਉਨ੍ਹਾਂ ਸੱਚੀਆਂ ਚੀਜ਼ਾਂ ਨੂੰ ਹਾਸਲ ਕਰਨ ’ਚ ਹੀ ਸੱਚਾ ਆਨੰਦ ਮਿਲੇਗਾ। ਆਤਮਾ ਤਾਂ ਹਮੇਸ਼ਾਂ ਹੀ ਜਾਣਦੀ ਹੈ ਕਿ ਸਹੀ ਕੀ ਹੈ। ਚੁਣੌਤੀ ਤਾਂ ਮਨ ਨੂੰ ਸਮਝਾਉਣ ਦੀ ਹੁੰਦੀ ਹੈ। ਇਸ ਲਈ ਆਪਣੇ ਅੰਦਰ ਉੱਠਣ ਵਾਲੀਆਂ ਜਗਿਆਸਾਵਾਂ ਵੱਲ ਵਧਣ ਨਾਲ ਹੀ ਤੁਸੀਂ ਸੱਚਾ ਆਨੰਦ ਹਾਸਲ ਕਰ ਸਕੋਗੇ।
ਇਸ ਲਈ ਸੱਚੇ ਆਨੰਦ ਦੀ ਪ੍ਰਾਪਤੀ ਲਈ ਦਿਖਾਵਾ ਛੱਡ ਕੇ ਅਸਲੀਅਤ ’ਚ ਰਹਿਣਾ ਸ਼ੁਰੂ ਕਰੋ। ਇਸ ਲਈ ਅੰਦਰ ਦੀਆਂ ਤਰੰਗਾਂ ਨੂੰ ਪਛਾਣੋ ਤਾਂ ਹੀ ਤੁਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਸਹੀ ਦਿਸ਼ਾ ’ਚ ਅੱਗੇ ਵਧਾ ਸਕੋਗੇ। ਅਸਲੀਅਤ ’ਚ ਜਿਊਣ ਵਾਲਾ ਵਿਅਕਤੀ ਆਪਣਾ ਰਸਤਾ ਲੱਭ ਹੀ ਲੈਂਦਾ ਹੈ। ਜਿਸ ਤਰ੍ਹਾਂ ਸੂਰਜ ਆਪਣੇ ਚਾਨਣ ਨਾਲ ਹਨੇਰੇ ਨੂੰ ਦੂਰ ਭਜਾਉਂਦਾ ਹੈ, ਉਸੇ ਤਰ੍ਹਾਂ ਅਸਲੀਅਤ ’ਚ ਵਿਚਰਨ ਵਾਲੇ ਦਾ ਜੀਵਨ ਸੁੱਖ ਭਰਿਆ ਬਣ ਜਾਂਦਾ ਹੈ ਕਿਉਂਕਿ ਅਜਿਹੇ ਲੋਕਾਂ ਦੇ ਸਬੰਧ ਮਜ਼ਬੂਤ ਹੁੰਦੇ ਹਨ। ਅਜਿਹਾ ਹੋਣ ’ਤੇ ਹੀ ਆਪਸੀ ਵਿਸ਼ਵਾਸ ਅਤੇ ਸਹਿਯੋਗ ਸਦਕਾ ਜੀਵਨ ਨੂੰ ਸੱਚੇ ਅਰਥਾਂ ’ਚ ਪੂਰਨ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਸਿਲਾਈ ਮਸ਼ੀਨ ’ਚ ਧਾਗਾ ਨਾ ਪਾਉਣ ’ਤੇ ਚਲਦੀ ਜ਼ਰੂਰ ਹੈ, ਪਰ ਕੁਝ ਸਿਊਂਦੀ ਨਹੀਂ। ਉਸੇ ਤਰ੍ਹਾਂ ਰਿਸ਼ਤਿਆਂ ਵਿਚ ਆਪਣਾਪਨ ਨਾ ਪਾਉਣ ਵਾਲੇ ਰਿਸ਼ਤੇ ਚੱਲਦੇ ਤਾਂ ਜ਼ਰੂਰ ਹਨ, ਪਰ ਰਿਸ਼ਤਿਆਂ ਵਿਚਲੇ ਨਿੱਘ ਦਾ ਆਨੰਦ ਨਹੀਂ ਲਿਆ ਜਾ ਸਕਦਾ। ਸ਼ਾਨਦਾਰ ਰਿਸ਼ਤੇ ਚਾਹੀਦੇ ਹਨ ਤਾਂ ਅਸਲੀਅਤ ’ਚ ਰਹਿ ਕੇ ਨਿਭਾਓ। ਇਹ ਵੀ ਠੀਕ ਹੈ ਕਿ ਅਸਲੀਅਤ ਵਿਚ ਰਹਿਣ ਵਾਲੇ ਲੋਕਾਂ ਨੂੰ ਜੀਵਨ ਵਿਚ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਆਖਰ ਜਿੱਤ ਉਨ੍ਹਾਂ ਦੀ ਹੀ ਹੁੰਦੀ ਹੈ। ਅਸਲੀਅਤ ’ਚ ਰਹਿਣ ਵਾਲੇ ਲੋਕਾਂ ਲਈ ਕੋਈ ਵੀ ਚੀਜ਼ ਦੁਰਲੱਭ ਜਾਂ ਅਛੂਤੀ ਨਹੀਂ ਹੁੰਦੀ। ਅਜਿਹੇ ਵਿਅਕਤੀਆਂ ਦਾ ਸਮਾਜ ’ਚ ਸਾਰੇ ਸਨਮਾਨ ਕਰਦੇ ਹਨ ਕਿਉਂਕਿ ਅਜਿਹੇ ਲੋਕ ਦਿਲ ਦੇ ਸੱਚੇ ਹੁੰਦੇ ਹਨ। ਆਪਣੀਆਂ ਭਾਵਨਾਵਾਂ ਕਾਰਨ ਉਹ ਜ਼ੁਬਾਨ ਦੇ ਖਰ੍ਹਵੇ ਤਾਂ ਹੋ ਸਕਦੇ ਹਨ, ਪਰ ਲੋੜ ਪੈਣ ’ਤੇ ਉਹ ਬਹਾਨੇ ਨਹੀਂ ਬਣਾਉਂਦੇ ਅਤੇ ਸਮਾਂ ਆਉਣ ’ਤੇ ਚੰਗਿਆਈ ਹੀ ਕਰਦੇ ਹਨ। ਇਸ ਲਈ ਝੂਠੀ-ਚਮਕ-ਦਮਕ ਤੋਂ ਕਿਨਾਰਾ ਕਰਦੇ ਹੋਏ ਅਸਲੀ ਜੀਵਨ ਪੰਧਾਂ ਵਿਚ ਪਰਤਣਾ ਸ਼ੁਰੂ ਕਰੋ ਤਾਂ ਹੀ ਜ਼ਿੰਦਗੀ ਅਸਲੀਅਤ ਵਿਚ ਖਿੜੀ ਰਹੇਗੀ।
ਸੰਪਰਕ: 98774-66607


Comments Off on ਅਸਲੀਅਤ ’ਚ ਰਹਿਣਾ ਸਿੱਖੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.