ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼

Posted On October - 13 - 2019

ਕੇ.ਐਲ. ਗਰਗ
ਪੁਸਤਕ ਪੜਚੋਲ

ਹਾਵਰਡ ਫਾਸਟ ਦਾ ਨਾਵਲ ‘ਸਪਾਰਟੈਕਸ’ (ਕੀਮਤ 450 ਰੁਪਏ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ਕਲਾਸੀਕਲ ਸਾਹਿਤ ਦਾ ਰੁਤਬਾ ਹਾਸਲ ਕਰ ਚੁੱਕਿਆ ਹੈ। ਇਹ ਨਾਵਲ ਲੇਖਕ ਦੇ ਬੰਦੀ ਜੀਵਨ ਦੀ ਦੇਣ ਹੈ। ਫਾਸ਼ਿਸਟਾਂ ਦੀਆਂ ਇੱਛਾਵਾਂ ਅਨੁਸਾਰ ਨਾ ਚੱਲਣ ਕਾਰਨ ਲੇਖਕ ਨੂੰ ਜੇਲ੍ਹ ਦੀ ਸਜ਼ਾ ਹੋਈ ਸੀ। ਉੱਥੇ ਹੀ ਇਸ ਨਾਵਲ ਦਾ ਖਾਕਾ ਲੇਖਕ ਦੇ ਮਨ ’ਚ ਸਾਕਾਰ ਹੋਇਆ ਸੀ। 1951 ਵਿਚ ਇਸ ਨਾਵਲ ਦੀ ਰਚਨਾ ਪੂਰਨ ਹੋ ਗਈ ਸੀ। ਐੱਫ.ਬੀ.ਆਈ. ਦਾ ਮੁਖੀ ਐਡਗਰ ਹੂਵਰ ਇਸ ਦੇ ਪ੍ਰਕਾਸ਼ਿਤ ਹੋਣ ’ਚ ਅੜਿੱਕੇ ਡਾਹ ਰਿਹਾ ਸੀ। ਸੱਤ-ਅੱਠ ਪ੍ਰਕਾਸ਼ਕਾਂ ਵੱਲੋਂ ਨਾਂਹ ਕਰਨ ’ਤੇ ਲੇਖਕ ਨੇ ਇਸ ਨੂੰ ਖ਼ੁਦ ਹੀ ਆਪਣੇ ਖਰਚ ’ਤੇ ਛਾਪਣ ਦਾ ਫ਼ੈਸਲਾ ਕੀਤਾ। ਛਪਣ ਸਾਰ ਇਸ ਦੀਆਂ ਚਾਲੀ ਹਜ਼ਾਰ ਕਾਪੀਆਂ ਵਿਕ ਗਈਆਂ। ਸੂਹੀਆ ਵਿਭਾਗ ਵੱਲੋਂ ਸਖ਼ਤੀ ਖਤਮ ਕਰਨ ਤੋਂ ਬਾਅਦ ਤਾਂ ਇਸ ਦੀਆਂ ਲੱਖਾਂ ਕਾਪੀਆਂ ਵਿਕ ਗਈਆਂ ਤੇ ਲਗਪਗ 56 ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਹੋਇਆ। ਕੋਈ ਦਸ ਵਰ੍ਹੇ ਬਾਅਦ ਕਿਰਕ ਡਗਲਸ ਨੇ ਇਸ ਦਾ ਫਿਲਮਾਂਕਣ ਕਰ ਦਿੱਤਾ।
ਸਪਾਰਟੈਕਸ ਦੀ ਕਥਾ ਤਿੰਨ ਰੋਮਨ ਨੌਜਵਾਨਾਂ ਕੈਲਸ, ਉਸ ਦੀ ਭੈਣ ਹੈਲਨ ਤੇ ਉਸ ਦੀ ਸਹੇਲੀ ਕਲਾਡੀਆ ਦੀ ਰੋਮ ਤੋਂ ਕਾਪੂਆਂ ਤਕ ਦੀ ਯਾਤਰਾ ਨਾਲ ਸ਼ੁਰੂ ਹੁੰਦੀ ਹੈ ਜੋ ਗ਼ੁਲਾਮ ਵਿਦਰੋਹ ਨੂੰ ਕੁਚਲ ਦੇਣ ਦੇ ਕੁਝ ਹਫ਼ਤੇ ਬਾਅਦ ਹੀ ਸ਼ੁਰੂ ਹੁੰਦੀ ਹੈ। ਰਾਹ ’ਚ ਉਨ੍ਹਾਂ ਨੂੰ ਸਲੀਬਾਂ ’ਤੇ ਲਟਕਾਏ ਗ਼ੁਲਾਮਾਂ ਦੀਆਂ ਲਾਸ਼ਾਂ ਦਿਸਦੀਆਂ ਹਨ। ਯਾਤਰਾ ਦੇ ਪਹਿਲੇ ਦਿਨ ਉਨ੍ਹਾਂ ਨੂੰ ਕੁਝ ਹੋਰ ਯਾਤਰੀ, ਧਨਾਢ ਵਪਾਰੀ ਤੇ ਜਵਾਨ ਅਫ਼ਸਰ ਮਿਲਦੇ ਹਨ ਜੋ ਇਸ ਵਿਦਰੋਹ ਦੀਆਂ ਗੱਲਾਂ ਕਰਦੇ ਹਨ। ਰਾਤ ਠਹਿਰਨ ਦੌਰਾਨ ਉਨ੍ਹਾਂ ਦਾ ਮੇਲ ਇਤਿਹਾਸਕ ਤੇ ਕਾਲਪਨਿਕ ਮਹਿਮਾਨਾਂ ਨਾਲ ਹੁੰਦਾ ਹੈ ਜਿਨ੍ਹਾਂ ਨੇ ਜਾਂ ਤਾਂ ਖ਼ੁਦ ਹੀ ਇਸ ਯੁੱਧ ਵਿਚ ਹਿੱਸਾ ਲਿਆ ਸੀ ਜਾਂ ਜੋ ਇਸ ਲੜਾਈ ਜਾਂ ਵਿਦਰੋਹ ਬਾਰੇ ਕਾਫ਼ੀ ਕੁਝ ਜਾਣਦੇ ਸਨ। ਇੱਥੋਂ ਹੀ ਉਨ੍ਹਾਂ ਨੂੰ ਇਸ ਵਿਦਰੋਹ ਬਾਰੇ ਤੇ ਖ਼ਾਸਕਰ ਸਪਾਰਟੈਕਸ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਵਿਚ ਸਪਾਰਟੈਕਸ ਦੀ ਬਹਾਦਰੀ, ਨਿਡਰਤਾ ਤੇ ਜਾਂਬਾਜ਼ੀ ਛਾਈ ਰਹਿੰਦੀ ਹੈ। ਇਹ ਨਾਵਲ 71 ਬੀ.ਸੀ.ਈ. ਵਿਚ ਰੋਮਨ ਗਣਰਾਜ ਦੇ ਵਿਰੁੱਧ ਗ਼ੁਲਾਮਾਂ ਦੇ ਵਿਦਰੋਹ, ਜਿਸ ਦੀ ਅਗਵਾਈ ਸਪਾਰਟੈਕਸ ਨੇ ਕੀਤੀ, ਦੀ ਕਹਾਣੀ ਹੈ।
ਇਹ ਨਾਵਲ ਮਨੁੱਖ ਦੀ ਆਜ਼ਾਦੀ, ਪਿਆਰ, ਆਸ ਅਤੇ ਜ਼ਿੰਦਗੀ ਦੁਆਲੇ ਘੁੰਮਦਾ ਹੈ। ਜ਼ੁਲਮ ਅਤੇ ਗ਼ੁਲਾਮੀ ਇਨ੍ਹਾਂ ਚੀਜ਼ਾਂ ਨੂੰ ਉਸ ਹੱਦ ਤਕ ਤਬਾਹ ਕਰ ਦਿੰਦੇ ਹਨ ਜਿੱਥੋਂ ਮਨੁੱਖ ਵਿਦਰੋਹ ਕਰਨ ਲਈ ਉਤਾਰੂ ਹੋ ਜਾਂਦਾ ਹੈ। ਜ਼ੁਲਮ ਰਾਜਨੀਤਕ ਸੱਤਾ ਦੁਆਰਾ ਕੀਤਾ ਜਾਂਦਾ ਹੈ। ਸਪਾਰਟੈਕਸ ਦੱਬੇ-ਕੁਚਲੇ ਅਤੇ ਗ਼ੁਲਾਮ ਲੋਕਾਂ ਦੀ ਆਜ਼ਾਦੀ ਦੇ ਸੰਗਰਾਮ ਦਾ ਨਾਇਕ ਤੇ ਪ੍ਰਤੀਕ ਹੋ ਨਿਬੜਦਾ ਹੈ। ਨਿਤਾਣਿਆਂ ਦੇ ਵਿਦੋਰਹ ਦੀ ਸਪਾਰਟੈਕਸ ਇਕ ਮਿੱਥ ਹੀ ਤਾਂ ਬਣ ਗਿਆ ਹੈ। ਜਦੋਂ ਤਕ ਸ਼ੋਸ਼ਿਤ ਅਤੇ ਸ਼ੋਸ਼ਕਾਂ ਦਾ ਯੁੱਧ ਚੱਲਦਾ ਰਹੇਗਾ, ਸਪਾਰਟੈਕਸ ਦਾ ਨਾਂ ਉੱਚੀ ਆਵਾਜ਼ ’ਚ ਲਿਆ ਜਾਂਦਾ ਰਹੇਗਾ।
ਇਸ ਨਾਵਲ ਦਾ ਪੰਜਾਬੀ ਅਨੁਵਾਦ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਜੇਤੂ ਮਰਹੂਮ ਨਾਵਲਕਾਰ ਸ਼ਾਹ ਚਮਨ ਨੇ ਹਿੰਦੀ ਅਨੁਵਾਦ ‘ਆਦਿ ਵਿਦਰੋਹੀ’ ਤੋਂ ਕੀਤਾ ਹੈ। ਅਨੁਵਾਦ ਵਿਚ ਰਵਾਨੀ ਹੈ ਤੇ ਨਾਵਲ ਦੀ ਆਤਮਾ ਨੂੰ ਫੜਨ ਲਈ ਚੋਖੀ ਮਿਹਨਤ ਕੀਤੀ ਗਈ ਹੈ।


Comments Off on ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.