ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਹੱਬਾ ਖ਼ਾਤੂਨ ਤੇ ਉਹਦਾ ਕਸ਼ਮੀਰ

Posted On October - 27 - 2019

ਪਰਮਜੀਤ ਢੀਂਗਰਾ
ਇਤਿਹਾਸ

ਕਸ਼ਮੀਰ ਨੂੰ ਧਰਤੀ ’ਤੇ ਜੰਨਤ ਆਖਿਆ ਜਾਂਦਾ ਹੈ। ਕੁਦਰਤ ਇਸ ਧਰਤੀ ’ਤੇ ਬੜੀ ਮਿਹਰਬਾਨ ਹੈ। ਅੱਜ ਕਸ਼ਮੀਰ ਰਾਜਨੀਤੀ ਦੇ ਸੌੜੇ ਸਿਆਸੀ ਮੋਹਰਿਆਂ ਵਿਚ ਉਲਝ ਕੇ ਰਹਿ ਗਿਆ ਹੈ। ਕਸ਼ਮੀਰੀਅਤ ਤੜਫ਼ ਰਹੀ ਹੈ। ਬੇਸ਼ੱਕ ਸਦੀਆਂ ਤੋਂ ਕਸ਼ਮੀਰ ਭਾਰਤ ਦਾ ਅੰਗ ਰਿਹਾ ਹੈ ਤੇ ਇਹਦਾ ਅੰਗ ਹੀ ਰਹੇਗਾ। ਪਰ ਇਹ ਜ਼ਰੂਰੀ ਹੈ ਕਿ ਉੱਥੋਂ ਦੀ ਰੱਤ ਵਿਰੱਤੀ ਧਰਤ ਨੂੰ ਨਫ਼ਰਤ, ਸਿਆਸੀ ਚਾਲਾਂ ਜਾਂ ਦਮਨਕਾਰੀ ਨੀਤੀਆਂ ਨਾਲ ਨਾ ਨਜਿੱਠਿਆ ਜਾਵੇ। ਹੱਬਾ ਖ਼ਾਤੂਨ ਜਿਸ ਦੇ ਗੀਤਾਂ ਨੇ ਇਸ ਧਰਤੀ ਦੀਆਂ ਹੁਸੀਨ ਵਾਦੀਆਂ ਦੇ ਸੋਹਲੇ ਗਾਏ, ਕਲ੍ਹ-ਕਲ੍ਹ ਕਰਦੇ ਚਸ਼ਮਿਆਂ ਨੂੰ ਗੀਤਾਂ ਦੀਆਂ ਧੁਨਾਂ ਬਣਾਇਆ, ਬਨਸਪਤੀ ਦੀ ਮਹਿਕ ਨੂੰ ਗੀਤਾਂ ਵਿਚ ਗਾਇਆ, ਦੇ ਕਸ਼ਮੀਰ ਨੂੰ ਇੰਜ ਨਾ ਮਰਨ ਦੇਈਏ। ਉਹਦੇ ਹਰ ਗੀਤ ਵਿਚੋਂ ਕਸ਼ਮੀਰੀਅਤ ਦੀ ਸੁਗੰਧ ਆਉਂਦੀ ਹੈ।
ਹੱਬਾ ਖ਼ਾਤੂਨ ਦਾ ਜਨਮ ਉਸ ਸਮੇਂ ਹੋਇਆ ਜਦੋਂ ਕਸ਼ਮੀਰ ਅੱਜ ਵਾਂਗੂੰ ਹੀ ਰਾਜਨੀਤਕ, ਸਮਾਜਿਕ ਤੇ ਆਰਥਿਕ ਸੰਤਾਪ ਹੰਢਾ ਰਿਹਾ ਸੀ। ਕਸ਼ਮੀਰ ਨੂੰ ਸ਼ਕਤੀਸ਼ਾਲੀ ਰਾਜ ਬਣਾਉਣ ਵਾਲੇ ਸੁਲਤਾਨ ਵੰਸ਼ ਦੇ ਤੇਜਸਵੀ ਵਾਰਿਸਾਂ ਸ਼ਹਾਬੂਦੀਨ ਅਤੇ ਜੈਨੂਲਾਬਦੀਨ ਦਾ ਸੂਰਜ ਢਲ ਚੁੱਕਾ ਸੀ ਤੇ ਰਾਜ ਸੱਤਾ ਜਾਗੀਰਦਾਰਾਂ, ਨਵਾਬਾਂ ਦੇ ਹੱਥਾਂ ਵੱਲ ਤਿਲ੍ਹਕ ਗਈ ਸੀ ਜਿਨ੍ਹਾਂ ਨੇ ਰਾਜ ਸੱਤਾ ਹਥਿਆਉਣ ਤੇ ਆਪਣੀ ਦਾਅਵੇਦਾਰੀ ਦੀ ਮਜ਼ਬੂਤੀ ਲਈ ਕੋਝੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਨ੍ਹਾਂ ਸਵਾਰਥੀ ਟੋਲਿਆਂ ਨੂੰ ਧਨਾਢਾਂ ਤੇ ਵੱਡਿਆਂ ਦੀ ਸ਼ਹਿ ਪ੍ਰਾਪਤ ਸੀ। ਵਿਰੋਧੀਆਂ ਦੇ ਆਪਸੀ ਸੰਘਰਸ਼ਾਂ ਵਿਚ ਲਗਾਤਾਰ ਕਸ਼ਮੀਰ ਦੀਆਂ ਵੱਡੀਆਂ ਇਮਾਰਤਾਂ, ਮੁਹੱਲਿਆਂ ਦੇ ਮੁਹੱਲੇ ਤੇ ਅਨੇਕਾਂ ਪੁਲ ਅਗਨ ਭੇਟ ਕਰ ਦਿੱਤੇ ਗਏ।
ਓਧਰ ਕਸ਼ਮੀਰ ਘਾਟੀ ਨੂੰ ਭਿਅੰਕਰ ਕਾਲ ਨੇ ਡਸ ਲਿਆ। ਭੁੱਖ ਨਾਲ ਬੇਹਾਲ ਕਸ਼ਮੀਰ ਤਬਾਹੀ ਕੰਢੇ ਜਾ ਪਹੁੰਚਿਆ। ਸੁਲਤਾਨ ਵੰਸ਼ ਦਾ ਆਖ਼ਰੀ ਰਾਜਾ ਹਬੀਬ ਸ਼ਾਹ ਏਨਾ ਕਮਜ਼ੋਰ ਤੇ ਕਾਇਰ ਨਿਕਲਿਆ ਕਿ 1554 ਵਿਚ ਭਰੇ ਦਰਬਾਰ ਵਿਚ ਉਹਨੂੰ ਗੱਦੀਓਂ ਲਾਹ ਦਿੱਤਾ ਗਿਆ ਤੇ ਕਿਸੇ ਨੇ ਉਹਦੇ ਲਈ ਹਾਅ ਦਾ ਨਾਅਰਾ ਨਾ ਮਾਰਿਆ। ਰਾਜਗੱਦੀ ’ਤੇ ਚੱਕ ਘਰਾਣੇ ਦੇ ਇਕ ਹੋਰ ਪ੍ਰਭਾਵਸ਼ਾਲੀ ਰਾਜੇ ਅਲੀ ਖਾਨ ਨੇ ਕਬਜ਼ਾ ਕਰ ਲਿਆ। ਅਲੀ ਖ਼ਾਨ ਡਾਢਾ, ਨਿਡਰ, ਬਹਾਦਰ ਤੇ ਲੜਾਕਾ ਯੋਧਾ ਸੀ। ਉਹਦਾ ਸਾਰਾ ਸਮਾਂ ਬਗ਼ਾਵਤਾਂ ਦਬਾਉਣ ਤੇ ਝਗੜੇ ਫਸਾਦਾਂ ਦੇ ਨਿਪਟਾਰੇ ਕਰਨ ਵਿਚ ਬੀਤਿਆ। ਸਿੱਟੇ ਵਜੋਂ ਉਹ ਨਾ ਤਾਂ ਆਵਾਮ ਦੀਆਂ ਲੋੜਾਂ ਪੂਰੀਆਂ ਕਰ ਸਕਿਆ ਤੇ ਨਾ ਉਹਦੇ ਦੁੱਖ ਦਰਦ ਸਮਝ ਸਕਿਆ। ਉਹਦੇ ਵਾਰਿਸ ਵੀ ਘਾਟੀ ਵਿਚ ਸ਼ਾਂਤੀ ਕਾਇਮ ਕਰਨ ਵਿਚ ਨਾਕਾਮ ਰਹੇ ਜਿਸ ਦੀ ਉਸ ਸਮੇਂ ਅੱਜ ਵਾਂਗੂੰ ਹੀ ਵੱਡੀ ਲੋੜ ਸੀ। ਇਸ ਤੋਂ ਇਲਾਵਾ ਕੁਝ ਹੋਰ ਜਟਿਲ ਕਾਰਨਾਂ ਕਰਕੇ ਚੱਕਾਂ ਦੇ ਰਾਜ ਵਿਚ ਕਸ਼ਮੀਰੀ ਲੋਕ ਮੁਸੀਬਤਾਂ ਵਿਚ ਫਾਥੇ ਰਹੇ। ਚੱਕ ਮੂਲ ਰੂਪ ਵਿਚ ਸ਼ੀਆ ਸਨ। ਸੁੰਨੀਆਂ ਨਾਲ ਉਨ੍ਹਾਂ ਦੇ ਟਕਰਾ ਦਾ ਖਮਿਆਜ਼ਾ ਕਸ਼ਮੀਰੀਆਂ ਨੂੰ ਭੁਗਤਣਾ ਪਿਆ। ਜਦੋਂ ਸ਼ੀਆ ਸੁੰਨੀ ਫਸਾਦ ਭਿਅੰਕਰ ਰੂਪ ਧਾਰਨ ਕਰ ਗਏ ਤਾਂ ਹਾਲਾਤ ਹੋਰ ਖ਼ਰਾਬ ਹੋ ਗਏ ਜਿਸ ਨਾਲ ਦੋਹਾਂ ਭਾਈਚਾਰਿਆਂ ਵਿਚ ਸਿਰ ਵੱਢਵਾਂ ਵੈਰ ਵਧ ਗਿਆ।
ਮੁਗ਼ਲ ਬਾਦਸ਼ਾਹ ਅਕਬਰ ਦਿੱਲੀ ਬੈਠਾ ਕਸ਼ਮੀਰ ਨੂੰ ਹਥਿਆਉਣ ਦੀ ਤਾਕ ਵਿਚ ਸੀ। ਉੱਥੋਂ ਦੀ ਅਦਭੁੱਤ ਸੁੰਦਰਤਾ ਤੇ ਸੁਹਜ ਬੋਧ ਉਹਨੂੰ ਲੁਭਾਉਂਦੇ ਸਨ। ਕਸ਼ਮੀਰ ਵਿਚਲੇ ਖ਼ੂਨ ਖਰਾਬੇ ਤੇ ਵਿਗੜਦੀ ਹਾਲਤ ਨੂੰ ਲੈ ਕੇ ਜਾਗੀਰਦਾਰ, ਸਰਦਾਰ ਅਕਸਰ ਸਹਾਇਤਾ ਲਈ ਅਕਬਰ ਦੇ ਦਰਬਾਰ ਦਾ ਰੁਖ਼ ਕਰਦੇ ਤੇ ਉਹਦੇ ਕੋਲੋਂ ਕਸ਼ਮੀਰ ਦੇ ਬਚਾਅ ਲਈ ਸਹਾਇਤਾ ਦੀ ਤਵੱਕੋ ਰੱਖਦੇ।

ਪਰਮਜੀਤ ਢੀਂਗਰਾ (ਡਾ.)

1534 ਵਿਚ ਕਾਸ਼ਗਰੀ ਦਾ ਧੰਦਾ ਚੌਪਟ ਹੋ ਗਿਆ ਤੇ ਘਾਟੀ ਵਿਚ ਅਜਿਹਾ ਕਾਲ ਪਿਆ ਕਿ ਬਹੁਤੇ ਕਿਸਾਨ ਭੁੱਖਮਰੀ ਕਾਰਨ ਜਾਨਾਂ ਬਚਾਉਣ ਲਈ ਘਰਾਂ ਤੇ ਖੇਤਾਂ ਨੂੰ ਛੱਡ ਕੇ ਜੰਗਲਾਂ ਤੇ ਪਹਾੜੀ ਗੁਫ਼ਾਵਾਂ ਵੱਲ ਕੂਚ ਕਰ ਗਏ। ਲਗਪਗ 50 ਵਰ੍ਹੇ ਜਾਗੀਰਦਾਰ, ਸਰਦਾਰ ਇਨ੍ਹਾਂ ਦਾ ਸ਼ੋਸ਼ਣ ਅਤੇ ਦਮਨ ਕਰਦੇ ਰਹੇ। ਕਿਸਾਨਾਂ ਨੂੰ ਉਨ੍ਹਾਂ ਲਈ ਮਿਹਨਤ ਮੁਸ਼ੱਕਤ ਕਰਨੀ ਪੈਂਦੀ, ਅਨਾਜ ਪੈਦਾ ਕਰਨਾ ਪੈਂਦਾ, ਦੁੱਧ ਲਈ ਪਸ਼ੂ ਪਾਲਣੇ ਪੈਂਦੇ, ਪਰ ਕਿਸਾਨਾਂ ਲਈ ਸਿੰਜਾਈ ਆਦਿ ਦੀਆਂ ਸਹੂਲਤਾਂ ਨਾਂ ਦੇ ਬਰਾਬਰ ਸਨ। ਹੜ੍ਹਾਂ ਦੀ ਰੋਕਥਾਮ ਲਈ ਕੋਈ ਪ੍ਰਬੰਧ ਨਹੀਂ ਸਨ। ਸ਼ਾਲ ਉਦਯੋਗ ਤੇ ਹੱਥ-ਕਲਾਵਾਂ ਨਿੱਘਰਦੀਆਂ ਜਾ ਰਹੀਆਂ ਸਨ। ਲੋਕ ਆਰਥਿਕ ਮੰਦਹਾਲੀ ਕਰਕੇ ਬੇਚੈਨ ਸਨ, ਪਰ ਕੋਈ ਰਾਹ ਨਹੀਂ ਸੀ ਲੱਭ ਰਿਹਾ।
1576 ਵਿਚ ਘਾਟੀ ਵਿਚ ਸਰਦੀ ਦੇ ਮੌਸਮ ਤੋਂ ਪਹਿਲਾਂ ਹੀ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਜਿਸ ਨੇ ਇੱਥੋਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਝੰਬ ਦਿੱਤਾ ਤੇ ਲੋਕ ਘਰਾਂ ਵਿਚ ਵੜ ਕੇ ਮੌਸਮ ਦੇ ਕੈਦੀ ਬਣ ਗਏ। ਇਹੀ ਉਹ ਵੇਲਾ ਸੀ ਜਿਸ ਨੇ ਬਾਦਸ਼ਾਹ ਅਕਬਰ ਨੂੰ ਮੌਕਾ ਦਿੱਤਾ। ਉਸ ਨੇ ਕਸ਼ਮੀਰ ਨੂੰ ਆਪਣੀ ਬਾਦਸ਼ਾਹਤ ਦੇ ਤਾਜ ਵਿਚ ਟੁੰਗ ਲਿਆ। ਉਹਨੇ ਕਿਲ੍ਹੇ ਦੀ ਫਸੀਲ ਬਣਾਉਣ ਲਈ ਵੱਡੀ ਰਕਮ ਜਾਰੀ ਕੀਤੀ ਤਾਂ ਜੋ ਭੁੱਖੇ ਭਾਣੇ, ਮੌਸਮ ਦੇ ਝੰਬੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਫਸੀਲ ਦਾ ਖੰਡਿਤ ਹਿੱਸਾ ਹਾਰੀ ਪਰਬਤ ਕੋਲ ਅੱਜ ਵੀ ਮੌਜੂਦ ਹੈ ਅਜਿਹੇ ਬੁਰੇ ਹਾਲਾਤ ਵਿਚ ਹੱਬਾ ਖ਼ਾਤੂਨ ਦਾ ਜਨਮ ਹੋਇਆ।
ਸ੍ਰੀਨਗਰ ਦੇ ਦੱਖਣ ਵੱਲ ਪੰਪੋਰ ਅਜਿਹਾ ਉਪਜਾਊ ਇਲਾਕਾ ਹੈ ਜਿਸ ਦੇ ਪਿੰਡ ਕੇਸਰ ਦੀ ਪੈਦਾਵਾਰ ਲਈ ਮਸ਼ਹੂਰ ਹਨ। ਇਹ ਜੰਗਲੀ ਧਰਤੀ ਪਰਬਤਾਂ ਦੇ ਪਰਛਾਵਿਆਂ ਓਹਲੇ ਹੈ। ਇਸ ਜ਼ਰਖੇਜ਼ ਧਰਤੀ ਨੇ ਕਸ਼ਮੀਰੀ ਭਾਸ਼ਾ ਤੇ ਸਾਹਿਤ ਨੂੰ ਕਵਿੱਤਰੀਆਂ ਦੇ ਰੂਪ ਵਿਚ ਅਨਮੋਲ ਹੀਰੇ ਦਿੱਤੇ। ਇਨ੍ਹਾਂ ਵਿਚੋਂ ਇਕ ਸੀ ਲੱਲਧਦ ਜੋ ਲਲੇਸ਼ਵਰੀ ਦੇ ਨਾਂ ਨਾਲ ਪ੍ਰਸਿੱਧ ਹੈ ਤੇ ਦੂਜੀ ਸੀ ਹੱਬਾ ਖ਼ਾਤੂਨ। ਹੱਬਾ ਖ਼ਾਤੂਨ ਦਾ ਜਨਮ ਚੰਦਹਾਰ ਨਾਂ ਦੇ ਪਿੰਡ ਵਿਚ ਹੋਇਆ। ਉਹਦਾ ਜਨਮ ਦਾ ਨਾਂ ਜ਼ੂਨ ਸੀ। ਸੰਸਕ੍ਰਿਤ ਵਿਚ ਇਹਦਾ ਅਰਥ ਹੈ ਪ੍ਰਕਾਸ਼ ਜਾਂ ਰੌਸ਼ਨੀ ਤੇ ਕਸ਼ਮੀਰੀ ਵਿਚ ਚੰਦਰਮਾ। ਚੰਦਹਾਰ ਦੀ ਉਤਪਤੀ ਚੰਦਰ ਸ਼ੇਖਰ ਤੋਂ ਮੰਨੀ ਜਾਂਦੀ ਹੈ ਜਿਸ ਦਾ ਅਰਥ ਹੈ- ਚੰਦਰਮਾ ਦਾ ਸੁਆਮੀ। ਜ਼ੂਨ ਦਾ ਪਿਤਾ ਚੰਗਾ ਪੈਸੇ ਵਾਲਾ ਕਿਸਾਨ ਸੀ।
ਕੁਝ ਵਿਦਵਾਨ ਮੰਨਦੇ ਹਨ ਕਿ ਹੱਬਾ ਖ਼ਾਤੂਨ ਦਾ ਜਨਮ ਜਿਹਲਮ ਘਾਟੀ ਦੇ ਉੱਤਰ ਵਿਚ ਵਸੇ ਗੁਰੇਸ ਕੋਲ ਇਕ ਗੁਫ਼ਾ ਵਿਚ ਹੋਇਆ। ਕੁਝ ਗੁਰੇਸ ਕੋਲ ਚੂਰਵਾਨ ਨੇੜਲੇ ਇਕ ਸਥਾਨ ਨਾਲ ਉਹਦਾ ਜਨਮ ਜੋੜਦੇ ਹਨ ਜਿਸ ਨੂੰ ਅੱਜ ਵੀ ‘ਹੱਬਾ ਖ਼ਾਨ ਦੀ ਟੇਕਰੀ’ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਹ ਗੁਰੇਸ ਦੇ ਇਕ ਸਰਦਾਰ ਦੀ ਬੇਟੀ ਸੀ। ਉਹ ਕਰਜ਼ਾਈ ਹੋ ਗਿਆ ਤੇ ਕਰਜ਼ੇ ਦੀ ਅਦਾਇਗੀ ਦੇ ਤੌਰ ’ਤੇ ਉਹਨੇ ਆਪਣੀ ਬੇਟੀ ਹੱਬਾ ਖ਼ਾਤੂਨ ਇਕ ਕਸ਼ਮੀਰੀ ਵਪਾਰੀ ਹਯਾਬਾਂਡ ਨੂੰ ਸੌਂਪ ਦਿੱਤੀ। ਹਯਾਬਾਂਡ ਨੇ ਉਹਦਾ ਵਿਆਹ ਆਪਣੇ ਬੇਟੇ ਹੱਬ ਲਾਲ ਨਾਲ ਕਰ ਦਿੱਤਾ ਤੇ ਉਹ ਹੱਬਾ ਖ਼ਾਤੂਨ ਭਾਵ ਹੱਬ ਦੀ ਵਹੁਟੀ ਬਣ ਗਈ। ਪਰ ਇਹ ਵਿਆਹ ਬਹੁਤਾ ਚਿਰ ਨਾ ਚੱਲ ਸਕਿਆ। ਸਿੱਟੇ ਵਜੋਂ ਹੱਬਾ ਖ਼ਾਤੂਨ ਨੇ ਆਪਣੀਆਂ ਕੋਮਲ ਭਾਵਨਾਵਾਂ ਨੂੰ ਗੀਤਾਂ ਵਿਚ ਢਾਲਣਾ ਸ਼ੁਰੂ ਕਰ ਦਿੱਤਾ।
ਇਕ ਦਿਨ ਖੇਤਾਂ ਦੀਆਂ ਕੇਸਰ ਕਿਆਰੀਆਂ ਵਿਚ ਉਸ ਦੇ ਗੀਤ ‘ਚਾਰ ਕਰ ਮਿਓ’ ਦੀ ਮਿੱਠੀ ਧੁਨ ਗੂੰਜ ਰਹੀ ਸੀ। ਕਵਿੱਤਰੀ ਸੂਰਜ, ਆਕਾਸ਼, ਮੀਂਹ, ਹਵਾ, ਪਹਾੜ, ਵਾਦੀਆਂ, ਫੁੱਲਾਂ ਤੇ ਪੰਛੀਆਂ ਨੂੰ ਹਾਜ਼ਰ ਮੰਨ ਕੇ ਬਿਰਹਾ ਦਾ ਗੀਤ ਗਾ ਰਹੀ ਸੀ। ਉਦੋਂ ਹੀ ਪਰੀ ਕਹਾਣੀਆਂ ਵਾਂਗੂੰ ਜੰਗਲ ਵੱਲੋਂ ਘੋੜੇ ’ਤੇ ਸਵਾਰ ਇਕ ਸ਼ਹਿਜ਼ਾਦਾ ਉਸ ਆਵਾਜ਼ ’ਤੇ ਮੋਹਿਤ ਹੋ ਕੇ, ਉਹਦੀ ਤੰਦ ਫੜ ਕੇ ਉਹਦੀ ਦਿਸ਼ਾ ਵੱਲ ਵਧਣ ਲੱਗਾ। ਉਹ ਗੀਤ ਦੀ ਧੁਨ ’ਤੇ ਮੰਤਰ ਮੁਗਧ ਹੋਇਆ ਹੱਬਾ ਖ਼ਾਤੂਨ ਸਾਹਮਣੇ ਜਾ ਪਹੁੰਚਿਆ। ਇਹ ਹੋਰ ਕੋਈ ਨਹੀਂ ਦਰਦਿਸਤਾਨ ਅਤੇ ਗੁਰੇਸ ਵਿਚ ਵਸਦੀ ਦਰਦ ਜਾਤੀ ਦਾ ਸ਼ਹਿਜ਼ਾਦਾ ਯੂਸਫ਼ ਸ਼ਾਹ ਸੀ। ਉਹ ਉਹਦੇ ਗੀਤ ’ਤੇ ਮਰ ਮਿਟਿਆ ਸੀ। ਉਹਦੀ ਅਲੌਕਿਕ ਸੁੰਦਰਤਾ ਦੇਖ ਕੇ ਉਹਦੇ ਦਿਲ ’ਚੋਂ ਹੂਕ ਉੱਠੀ। ਇਹ ਮੁਲਾਕਾਤ ਅਦਭੁੱਤ ਸੀ। ਹੱਬਾ ਖ਼ਾਤੂਨ ਨੇ ਗਾਉਣਾ ਬੰਦ ਕਰ ਦਿੱਤਾ। ਉਹਦੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ। ਇਨ੍ਹਾਂ ਚੰਦ ਘੜੀਆਂ ਵਿਚ ਜਿਵੇਂ ਯੁੱਗ ਬੀਤ ਗਏ।
ਚੰਦਹਾਰ ਪਿੰਡ ਦੇ ਕਿਸਾਨ ਦੀ ਬੇਟੀ ਕਸ਼ਮੀਰ ਦੇ ਭਵਿੱਖੀ ਰਾਜਕੁਮਾਰ ਯੂਸਫ਼ ਸ਼ਾਹ ਚੱਕ ਦੀ ਬੇਗ਼ਮ ਬਣ ਗਈ ਸੀ।
ਉਹਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਹ ਕਸ਼ਮੀਰ ਦੇ ਰਾਜ ਮਹਿਲਾਂ ਦੀ ਰਾਣੀ ਬਣ ਜਾਵੇਗੀ। ਦਰਅਸਲ, ਉਹਨੇ ਆਪਣੇ ਪਹਿਲੇ ਪਤੀ ਨੂੰ ਰੱਜ ਕੇ ਪਿਆਰ ਕੀਤਾ ਸੀ, ਪਰ ਉਹ ਉਹਦੇ ਕਾਬਲ ਨਹੀਂ ਸੀ। ਸਹੁਰੇ ਘਰ ਵਿਚ ਉਹਦੀ ਕੋਈ ਇੱਜ਼ਤ ਨਹੀਂ ਸੀ। ਉਹਦੀ ਸੱਸ ਹਰ ਵੇਲੇ ਉਹਦੇ ’ਤੇ ਜ਼ੁਲਮ ਢਾਹੁੰਦੀ ਰਹਿੰਦੀ ਸੀ। ਉਹ ਇਕ ਗੀਤ ਵਿਚ ਲਿਖਦੀ ਹੈ:
ਚਰਖਾ ਕਤਦਿਆਂ ਅੱਖ ਜਦ ਲੱਗ ਗਈ ਮੇਰੀ/ ਟੁੱਟ ਗਈ ਮਾਲ ਮੇਰੇ ਚਰਖੇ ਦੀ/ ਸੱਸ ਨੇ ਖਿੱਚੇ ਫਿਰ ਵਾਲ ਜ਼ੋਰ ਨਾਲ/ ਮੌਤ ਵਾਂਗ ਹੋਈ ਮੈਂ ਪੀੜ ਪੀੜ/ ਮੈਨੂੰ ਬਚਾ ਲਓ/ ਮੇਰੇ ਪੇਕਿਓ/ ਮੇਰੇ ਕਸ਼ਟ ਹਰੋ।
ਇਨ੍ਹਾਂ ਦੁੱਖਾਂ ਵਿਚ ਪਿਸਦੀ ਉਹ ਆਪਣੇ ਗੀਤਾਂ ਨਾਲ ਗੱਲਾਂ ਕਰਦੀ, ਉਨ੍ਹਾਂ ਨੂੰ ਗਲੇ ਲਾਉਂਦੀ ਤੇ ਐਸੇ ਇਕ ਗੀਤ ਦੀ ਧੁਨ ਨੂੰ ਫੜੀ ਰਾਜਕੁਮਾਰ ਉਹਨੂੰ ਮਹਿਲਾਂ ਵਿਚ ਲੈ ਗਿਆ। ਇਹ ਸਮਾਂ 1570 ਦੇ ਨੇੜੇ ਤੇੜੇ ਦਾ ਹੈ।
ਜਿਸ ਸਮੇਂ ਉਹਨੇ ਰਾਜ ਮਹਿਲ ਵਿਚ ਕਦਮ ਰੱਖਿਆ ਤਾਂ ਕਸ਼ਮੀਰੀ ਭਾਸ਼ਾ ਤੇ ਕਲਾ ਦੀ ਸਥਿਤੀ ਬਹੁਤੀ ਚੰਗੀ ਨਹੀਂ ਸੀ। ਉਹਦੇ ’ਤੇ ਬੇਕਦਰੀ ਤੇ ਬੇਗਾਨਗੀ ਦੇ ਬੱਦਲ ਮੰਡਰਾ ਰਹੇ ਸਨ। ਫ਼ਾਰਸੀ ਜ਼ੁਬਾਨ ਦਾ ਦਬਦਬਾ ਵਧ ਰਿਹਾ ਸੀ।
ਮੰਨਿਆ ਜਾਂਦਾ ਹੈ ਕਿ ਕਸ਼ਮੀਰ ਘਾਟੀ ਦੇ ਸਭ ਤੋਂ ਸੁੰਦਰ ਸਥਾਨ ਗੁਲਮਰਗ ਨੂੰ ਸਭ ਤੋਂ ਪਹਿਲਾਂ ਯੂਸਫ਼ ਸ਼ਾਹ ਤੇ ਹੱਬਾ ਖ਼ਾਤੂਨ ਨੇ ਖੋਜਿਆ ਸੀ। ਉਹ ਦੋਵੇਂ ਘੁੰਮਦੇ ਫਿਰਦੇ ਇਸ ਥਾਂ ਪਹੁੰਚੇ ਤੇ ਇੱਥੋਂ ਦੀ ਰਮਣੀਕਤਾ ਦੇਖ ਕੇ ਮੋਹਿਤ ਹੋ ਗਏ। ਉਨ੍ਹਾਂ ਨੇ ਬਾਅਦ ਵਿਚ ਅਹਿਰਬਲ, ਇੱਛਾਬਲ ਤੇ ਸੋਨਮਰਗ ਨੂੰ ਵੀ ਵਿਕਸਿਤ ਕੀਤਾ।
ਯੂਸਫ਼ ਸ਼ਾਹ ਚੱਕ ਦੇ ਸਮੇਂ ਉਹਦੇ ਰਾਜ ਦੀ ਸਥਿਤੀ ਚੰਗੀ ਨਹੀਂ ਸੀ। ਹੱਬਾ ਖ਼ਾਤੂਨ ਵਿਚ ਏਨੀ ਸਮਰੱਥਾ ਨਹੀਂ ਸੀ ਕਿ ਉਹ ਰਾਜ-ਭਾਗ ਨੂੰ ਦਰੁਸਤ ਕਰ ਸਕਦੀ। ਸੋਲ੍ਹਵੀਂ ਸਦੀ ਦੇ ਮੱਧ ਵਿਚ ਮੁਗ਼ਲ ਰਾਜ ਦੀ ਨੀਂਹ ਪੱਕੀ ਹੋ ਚੁੱਕੀ ਸੀ। ਮੁਗ਼ਲ ਹਕੂਮਤ ਕਸ਼ਮੀਰ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੀ ਸੀ। 1579 ਵਿਚ ਯੂਸਫ਼ ਸ਼ਾਹ ਚੱਕ ਰਾਜਗੱਦੀ ’ਤੇ ਬੈਠਾ ਤੇ ਰਾਜਨੀਤਕ ਸੂਝ-ਬੂਝ ਤੋਂ ਕੋਰਾ ਹੋਣ ਕਰਕੇ ਸੱਤਾ ’ਤੇ ਉਹਦਾ ਕੰਟਰੋਲ ਢਿੱਲਾ ਪੈਣ ਲੱਗਾ ਤੇ ਅੰਦਰੂਨੀ ਲੜਾਈ ਝਗੜੇ ਵਧਣ ਲੱਗੇ। ਚੌਦਾਂ ਮਹੀਨਿਆਂ ਦੇ ਸ਼ਾਸਨ ਬਾਅਦ 1580 ਵਿਚ ਉਹਨੂੰ ਰਾਜਗੱਦੀ ਤੋਂ ਹੱਥ ਧੋਣੇ ਪਏ। ਇਸ ਨਾਲ ਹੱਬਾ ਖ਼ਾਤੂਨ ਦੀ ਕਿਸਮਤ ਇਕ ਵਾਰ ਫੇਰ ਧੋਖਾ ਦੇ ਗਈ।
ਯੂਸਫ਼ ਸ਼ਾਹ ਨੇ ਮੁੜ ਰਾਜ ਪ੍ਰਾਪਤੀ ਲਈ ਬੜੇ ਯਤਨ ਕੀਤੇ, ਪਰ ਉਹਦੀ ਪੇਸ਼ ਨਾ ਗਈ। ਉਹ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਫ਼ੌਜੀ ਸਹਾਇਤਾ ਲਈ ਪੱਲਾ ਅੱਡਣ ਗਿਆ, ਪਰ ਉਹਨੇ ਸਿਰਫ਼ ਲਾਰੇ ਲੱਪੇ ਲਾਏ ਤੇ ਉਹਨੂੰ ਧੋਖੇ ਵਿਚ ਰੱਖਿਆ। ਉਹਨੇ ਭਗੌੜੇ ਯੂਸਫ਼ ਸ਼ਾਹ ਨੂੰ ਰਾਜਨੀਤਕ ਸ਼ਰਨ ਦੇ ਕੇ ਫ਼ੌਜ ਵਿਚ ਛੋਟਾ ਮੋਟਾ ਅਹੁਦਾ ਦੇ ਦਿੱਤਾ, ਪਰ ਫ਼ੌਜੀ ਇਮਦਾਦ ਵਾਲੀ ਗੱਲ ਲਟਕਾਈ ਰੱਖੀ। ਓਧਰ ਮਹਿਲਾਂ ਵਿਚ ਉਹਨੂੰ ਉਡੀਕਦੀ ਹੱਬਾ ਖ਼ਾਤੂਨ ਬਿਰਹਾ ਵਿਚ ਤੜਫ਼ਣ ਲੱਗੀ। ਯੂਸਫ਼ ਕਸ਼ਮੀਰੋਂ ਕੁਝ ਹਫ਼ਤਿਆਂ ਲਈ ਗਿਆ ਸੀ ਕਿ ਉਹ ਬਾਦਸ਼ਾਹ ਕੋਲੋਂ ਮੁਗਲ ਫ਼ੌਜ ਤੇ ਗੋਲੀ ਸਿੱਕਾ ਲੈ ਕੇ ਮੁੜੇਗਾ ਤੇ ਦੁਸ਼ਮਣ ਨੂੰ ਖਦੇੜ ਕੇ ਮੁੜ ਰਾਜਗੱਦੀ ’ਤੇ ਬੈਠੇਗਾ, ਪਰ ਉਹਦੇ ਬਾਰੇ ਕੋਈ ਖ਼ਬਰਸਾਰ ਨਾ ਆਉਣ ਕਰਕੇ ਹੱਬਾ ਖ਼ਾਤੂਨ ਨੇ ਸਮਝ ਲਿਆ ਕਿ ਉਹ ਕਿਸੇ ਹੋਰ ਦੇ ਮੋਹ ਜਾਲ ਵਿਚ ਫਸ ਕੇ ਉਹਨੂੰ ਭੁੱਲ ਗਿਆ ਹੈ। ਉਹ ਬਿਰਹਾ ਦੀ ਸਤਾਈ ਆਪਣੇ ਪਿਆਰੇ ਨੂੰ ਢੂੰਡਣ ਲਈ ਗੀਤ ਦਾ ਸਹਾਰਾ ਲੈਂਦੀ ਹੈ:
ਚਲੀ ਸਖੀ/ ਸੱਜਣ ਨੂੰ ਢੂੰਡ ਲਿਆਈਏ/ ਪੁਰਾਣੀਆਂ ਥਾਵਾਂ ’ਤੇ ਹੋ ਆਈਏ/ ਵਿਛੜ ਗਿਆ ਹੈ/ ਜਦ ਤੋਂ ਉਹ/ ਮੇਰੀ ਚਾਣਨੀ ਗੁੰਮੀ ਵਿਚ ਹਨੇਰ/ ਹੋਰਾਂ ਨੂੰ ਜਦ ਉਹਨੇ/ ਆਪਣਾ ਬਣਾ ਲਿਆ/ ਪਰਦੇਸ ਵਿਚ ਉਹ ਹੋ ਗਿਆ ਦੂਰ।
ਪੂਰੇ ਗਿਆਰਾਂ ਮਹੀਨੇ ਉਹ ਅਕਬਰ ਦੇ ਇਸ਼ਾਰਿਆਂ ’ਤੇ ਨੱਚਦਾ ਰਿਹਾ। ਇਕ ਦਿਨ ਬਾਦਸ਼ਾਹ ਨੇ ਉਹਨੂੰ ਫ਼ੌਜ ਦਿੱਤੀ ਤੇ ਨਾਲ ਸੈਨਾਪਤੀ ਰਾਜਾ ਮਾਨ ਸਿੰਘ ਨੂੰ ਭੇਜ ਦਿੱਤਾ। ਪਰ ਉਹ ਬਾਦਸ਼ਾਹ ਦੀ ਖੋਟੀ ਨੀਅਤ ਤਾੜ ਗਿਆ ਤੇ ਰਸਤੇ ਵਿਚ ਧੋਖਾ ਦੇ ਕੇ ਅੱਗੇ ਨਿਕਲ ਗਿਆ। ਉਹਨੇ ਖ਼ੁਦ ਆਪਣੇ ਕੁਝ ਸਹਿਯੋਗੀਆਂ ਦੀ ਮਦਦ ਨਾਲ ਸੋਪੋਰ ਕੋਲ ਹਮਲੇ ਕਰਕੇ ਖੁੱਸਿਆ ਰਾਜ ਪ੍ਰਾਪਤ ਕੀਤਾ। ਅਸਲ ਵਿਚ ਦਿੱਲੀ ਰਹਿ ਕੇ ਉਹ ਰਾਜਨੀਤਕ ਚਾਲਾਂ ਸਿੱਖ ਗਿਆ ਸੀ ਕਿ ਦੁਸ਼ਮਣ ਦਾ ਮੁਕਾਬਲਾ ਕਿਵੇਂ ਕਰਨਾ ਹੈ। ਉਹਨੂੰ ਮਿਲ ਕੇ ਹੱਬਾ ਖ਼ਾਤੂਨ ਪ੍ਰਸੰਨ ਹੋ ਗਈ, ਪਰ ਉਹਦੀ ਇਹ ਖ਼ੁਸ਼ੀ ਥੋੜ੍ਹ ਚਿਰੀ ਸਾਬਤ ਹੋਈ।
1581 ਵਿਚ ਯੂਸਫ਼ ਸ਼ਾਹ ਮੁੜ ਗੱਦੀ ’ਤੇ ਬੈਠਾ, ਪਰ ਉਹਦੇ ਵਿਰੋਧੀਆਂ ਨੇ ਉਹਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਨੂੰ ਦਿੱਲੀ ਤੇ ਲਾਹੌਰ ਤੋਂ ਸ਼ਹਿ ਮਿਲ ਰਹੀ ਸੀ। 1585 ਵਿਚ ਮੁਗ਼ਲ ਫ਼ੌਜਾਂ ਲਾਮ ਲਸ਼ਕਰ ਲੈ ਕੇ ਕਸ਼ਮੀਰ ਵੱਲ ਕੂਚ ਕਰ ਗਈਆਂ ਤੇ ਸਿੱਧੀ ਕਾਰਵਾਈ ਦੀ ਯੋਜਨਾ ਬਣਾਈ, ਪਰ ਉਹ ਸਫਲ ਨਾ ਹੋ ਸਕੀ ਤਾਂ ਉਨ੍ਹਾਂ ਕੂਟਨੀਤਕ ਦਾਅ ਪੇਚ ਖੇਡੇ। ਯੂਸਫ਼ ਦੇ ਪੁੱਤਰ ਯਾਕੂਬ ਰਾਹੀਂ ਪਿਓ ’ਤੇ ਦਬਾਅ ਬਣਾਇਆ ਕਿ ਉਹ ਦਿੱਲੀ ਦਾ ਮੁਕਾਬਲਾ ਨਹੀਂ ਕਰ ਸਕਦਾ, ਇਸ ਲਈ ਕਸ਼ਮੀਰ ਦੇ ਭਲੇ ਲਈ ਆਤਮ-ਸਮਰਪਣ ਕਰ ਦੇਵੇ। ਜਿਉਂ ਹੀ ਯੂਸਫ਼ ਸ਼ਾਹ ਆਤਮ-ਸਮਰਪਣ ਲਈ ਤਿਆਰ ਹੋਇਆ ਤਾਂ ਦਿੱਲੀ ਹਕੂਮਤ ਨੇ ਬਾਹੂਬਲ ਨਾਲ ਉਹਨੂੰ ਜਕੜ ਕੇ ਜਲਾਵਤਨ ਕਰ ਦਿੱਤਾ। ਯਾਕੂਬ ਬਹਾਦਰ ਜ਼ਰੂਰ ਸੀ, ਪਰ ਦੂਰਦਰਸ਼ੀ ਨਹੀਂ ਸੀ। ਇਉਂ ਯੂਸਫ਼ ਸ਼ਾਹ ਦੇ ਰਾਜ ਦਾ ਪਤਨ ਹੋ ਗਿਆ।
ਬਾਦਸ਼ਾਹ ਅਕਬਰ ਨੇ ਉਹਨੂੰ ਪਟਨੇ ਤੋਂ 75 ਕਿਲੋਮੀਟਰ ਦੂਰ ਬਸੋਕ ਨਾਂ ਦੇ ਸਥਾਨ ’ਤੇ ਭੇਜ ਦਿੱਤਾ ਜਿੱਥੇ ਉਹ ਗੁੰਮਨਾਮੀ ਦੀ ਹਾਲਤ ਵਿਚ ਮਰਿਆ। ਉੱਥੇ ਹੀ ਉਹਦੀ ਕਬਰ ਬਣੀ ਹੋਈ ਹੈ। ਉਹਦੀ ਕਬਰ ਦੇ ਨਾਲ ਹੀ ਇਕ ਹੋਰ ਕਬਰ ਹੈ ਜੋ ਹੱਬਾ ਖ਼ਾਤੂਨ ਦੀ ਮੰਨੀ ਜਾਂਦੀ ਹੈ। ਹੱਬਾ ਉਹਦੀ ਮੌਤ ਤੋਂ ਵੀਹ ਵਰ੍ਹੇ ਬਾਅਦ ਫੌਤ ਹੋਈ। ਯਾਕੂਬ ਤੇ ਹੋਰ ਕਈ ਕਸ਼ਮੀਰੀ ਪਰਿਵਾਰਾਂ ਦੀਆਂ ਕਬਰਾਂ ਵੀ ਉੱਥੇ ਹਨ। ਯਾਕੂਬ ਨੇ ਬਹਾਦਰੀ ਨਾਲ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕੀਤਾ, ਪਰ ਅੰਤ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੱਬਾ ਖ਼ਾਤੂਨ ਦੀ ਜ਼ਿੰਦਗੀ ਵਿਚ ਦੁੱਖਾਂ ਦਾ ਪਰਛਾਵਾਂ ਉਹਦੇ ਸਿਰ ਤੋਂ ਕਦੇ ਨਹੀਂ ਢਲਿਆ, ਪਰ ਉਹ ਸਦਾ ਕਸ਼ਮੀਰੀਅਤ ਦੇ ਗੀਤ ਗਾਉਂਦੀ ਰਹੀ। ਉਹਦੇ ਕੋਲ ਸੰਗੀਤ ਦਾ ਜਾਦੂ ਸੀ ਜੋ ਉਹਦੇ ਲਈ ਵਰਦਾਨ ਸਾਬਤ ਹੋਇਆ। ਇਸ ਨੇ ਉਹਨੂੰ ਕਸ਼ਮੀਰੀ ਗੀਤਾਂ ਦੀ ਰਾਣੀ ਬਣਾ ਦਿੱਤਾ:
ਗੁਲਦਸਤਾ ਸਜਾਇਆ ਮੈਂ ਤੇਰੇ ਲਈ/ ਮੇਰੇ ਖਿੜੇ ਅਨਾਰੀ ਫੁੱਲਾਂ ਦਾ ਅਨੰਦ ਲੈ ਲੈ/ ਮੈਂ ਹਾਂ ਧਰਤੀ/ ਤੂੰ ਅਕਾਸ਼ ਮੇਰਾ/ ਪਰਦਾ ਤੂੰ ਹੈਂ/ ਮੇਰੇ ਮਰਮਾਂ ਦਾ/ ਮੈਂ ਇਕ ਭੋਜਨ ਸੁਆਦੀ/ ਤੂੰ ਪ੍ਰਾਹੁਣਾ ਪਿਆਰਾ ਮੇਰਾ/ ਮੇਰੇ ਖਿੜੇ ਅਨਾਰੀ ਫੁੱਲਾਂ ਦਾ ਅਨੰਦ ਲੈ ਲੈ।
ਅੱਜ ਕਸ਼ਮੀਰ ਉਦਾਸ ਹੈ, ਉਹਦੇ ਚਿਨਾਰ ਮੁਰਝਾ ਰਹੇ ਹਨ, ਨਦੀਆਂ ਚੁੱਪ ਹਨ, ਪੰਛੀ ਗਾਉਣਾ ਭੁੱਲ ਗਏ ਹਨ, ਸ਼ੋਖ ਹਵਾਵਾਂ ਨੇ ਰੰਗ ਬਦਲ ਲਏ ਹਨ। ਪਤਾ ਨਹੀਂ ਕਾਲੀਆਂ ਹਵਾਵਾਂ ਕਿਵੇਂ ਫਰਾਟੇ ਮਾਰਨ ਲੱਗੀਆਂ। ਹੱਬਾ ਖ਼ਾਤੂਨ ਕਹਿੰਦੀ ਹੈ: ਮੈਨੂੰ ਮੋੜ ਦਿਓ ਮੇਰੀ ਸਰ ਜ਼ਮੀਨ ਮੈਂ ਫਿਰ ਗੀਤ ਗਾਉਣਾ ਚਾਹੁੰਦੀ ਹਾਂ, ਮੈਂ ਫੁੱਲਾਂ ਨਾਲ ਖੇਡਣਾ ਚਾਹੁੰਦੀ ਹਾਂ, ਜੰਗਲੀ ਬੂਟੀਆਂ ਦੀਆਂ ਸੁਗੰਧਾਂ ਦੇ ਹਾਰ ਪਰੋਣੇ ਚਾਹੁੰਦੀ ਹਾਂ, ਮੈਂ ਅਜੇ ਥੱਕੀ ਨਹੀਂ। ਮੇਰੇ ਸੰਗੀਤ ਵਿਚ ਅਜੇ ਵੀ ਜਾਦੂ ਹੈ, ਮੇਰੀ ਕਸ਼ਮੀਰੀ ਭਾਸ਼ਾ ਅਜੇ ਵੀ ਸਾਹ ਲੈਂਦੀ, ਧੜਕਦੀ ਹੈ, ਮੇਰੇ ਖੈਰ ਖੁਆਹੋ।
ਕਿਵੇਂ ਬੀਤਣਗੇ ਇਹ ਦਿਨ/ ਤੇਰੇ ਬਿਨ, ਸੱਜਣਾ/ ਮੈਂ ਤੇਰੇ ਲਈ ਅਨਾਰ ਤੇ ਜੂਹੀ ਦੇ ਫੁੱਲਾਂ ਦਾ ਗੁਲਦਸਤਾ ਬਣਾਵਾਂਗੀ/ ਥੱਕ ਗਈ ਹਾਂ ਮੈਂ ਢੂੰਢਦੀ ਢੂੰਢਦੀ ਤੈਨੂੰ ਪਹਾੜਾਂ ਤੇ ਜੰਗਲਾਂ ’ਚ/ ਲਾਰਾ ਲਾ ਕੇ ਲੈ ਗਈਆਂ/ ਉਹ ਜਾਦੂ ਪਰੀਆਂ/ ਹੁਣ ਤਾਂ ਆ/ ਮੈਨੂੰ ਦੁਖਿਆਰੀ ਨੂੰ ਹੈ/ ਉਡੀਕ ਤੇਰੀ/ ਮੈਂ ਫਿਰ ਸਜਾਵਾਂਗੀ ਤੇਰੇ ਲਈ/ ਅਨਾਰ ਤੇ ਜੂਹੀ ਦੇ ਫੁੱਲਾਂ ਦਾ ਗੁਲਦਸਤਾ।
ਉਹਦੀ ਪੁਕਾਰ ਵੱਡੀ ਹੈ, ਉਹਦੇ ਅਰਥ ਬਦਲ ਗਏ ਹਨ। ਉਹ ਅੱਜ ਦੇ ਸਮਿਆਂ ਦੇ ਹਾਣ ਦੀ ਹੋ ਗਈ ਹੈ। ਡਰਾਉਣੀ ਮੌਤ ਤੋਂ ਉਹਨੂੰ ਡਰ ਨਹੀਂ ਲੱਗਦਾ। ਡਰ ਲੱਗਦਾ ਹੈ ਕਿ ਇਹ ਦਿਨ ਕਿਵੇਂ ਬੀਤਣਗੇ। ਕਸ਼ਮੀਰੀਅਤ ਮੁੜ ਕਿਵੇਂ ਸਾਹ ਲਏਗੀ। ਕਿਵੇਂ ਫਿਰ ਗੂੰਜਣਗੇ ਗੀਤ-
ਮੇਰੇ ਗੁਨਾਹ ਮੁਆਫ ਕਰੀਂ – ਹੇ ਖ਼ੁਦਾ/ ਕੀ ਮਿਲੇਗਾ ਭਲਾ ਤੈਨੂੰ ਮੇਰੀ ਮੌਤ ਨਾਲ/ ਜਾ ਰਹੀ ਹਾਂ ਦੁੱਖ ਵਿਚ ਮੈਂ/ ਕਿਵੇਂ ਬੀਤਣਗੇ ਇਹ ਦਿਨ/ ਚੰਪਾ ਸੀ ਮੈਂ ਹਰੀ ਭਰੀ/ ਹੁਣ ਗਈ ਮੁਰਝਾ/ ਦਿਲ ਵਿਚ ਇਹ ਕੇਹੀ ਅੱਗ/ ਮੇਰੀ ਮੌਤ ਤੋਂ ਤੈਨੂੰ ਭਲਾ ਕੀ ਮਿਲੇਗਾ/ ਚਲ ਸਖੀ ਤੁਲਸੀ ਢੂੰਡ ਲਿਆਈਏ/ ਉਸ ਬੇਦਰਦੀ ਦਿੱਤਾ ਜ਼ਖ਼ਮ ਏ ਡੂੰਘਾ/ ਠੀਕ ਨਾ ਹੋਣ ਨੂੰ ਆਏ/ ਨਾ ਆਇਆ ਉਹ ਸੁਧ ਲੈਣ/ ਮੇਰੇ ’ਤੇ ਕਰ ਗਿਆ ਇਕ ਕਠੋਰ ਵਾਰ/ ਚੱਲ ਸਖੀ…।
ਹੱਬਾ ਖ਼ਾਤੂਨ ਦੀ ਉਦਾਸੀ ਦੂਰ ਕਰਨ ਦੀ ਲੋੜ ਹੈ। ਮੁਰਝਾਏ ਚਿਹਰਿਆਂ ’ਤੇ ਮੁਸਕਾਨਾਂ ਵੰਡਦੀ ਬਹਾਰ ਦੀ ਲੋੜ ਹੈ। ਆਓ ਮੌਸਮਾਂ ਦੇ ਬਦਲਣ ਦੀ ਉਡੀਕ ਕਰਦਿਆਂ ਹੱਬਾ ਖ਼ਾਤੂਨ ਦੀਆਂ ਸੰਗੀਤਕ ਧੁਨਾਂ ਸੁਣੀਏ:
ਇਸ ਘੋਰ ਬਿਰਹਾ ਦੀ ਅੱਗ ’ਚ ਮੇਰਾ ਤਨ-ਮਨ ਝੁਲਸ ਰਿਹਾ/ ਵਹਿ ਰਹੇ ਨੇ ਖ਼ੂਨ ਦੇ ਹੰਝੂ/ ਸੁਰਖ਼ ਨੇ ਹੋਈਆਂ/ ਬਾਦਾਮੀ ਅੱਖੀਆਂ/ ਪਿਘਲ ਰਹੀ ਹਾਂ ਓਵੇਂ ਹੀ/ ਜਿਉਂ ਪਿਘਲਣ ਸਾਵਣ ਮਾਂਹ ਬਰਫ਼ਾਂ/ ਜੂਹੀ ਸੀ ਮੈਂ, ਖਿੜੀ ਪੂਰੀ/ ਨਾ ਤੂੰ ਆਇਆ ਨਾ ਕੋਈ ਸੁਖ ਸੁਨੇਹਾ/ ਹੱਬਾ ਖ਼ਾਤੂਨ ਨੂੰ ਦੁਖ ਹੈ/ ਬਸ ਇਸ ਛੋਟੀ ਜਿਹੀ ਗੱਲ ਦਾ/ ਸੇਵਾ ਦਾ ਬਦਲਾ ਬੇਰੁਖ਼ੀ ਨਾਲ ਚੁਕਾਇਆ/ ਯਾਦ ਆ ਰਹੀਆਂ ਨੇ ਬੀਤੇ ਦੀਆਂ ਲਰਜ਼ਿਸ਼ਾਂ।

ਸੰਪਰਕ: 941733-58120


Comments Off on ਹੱਬਾ ਖ਼ਾਤੂਨ ਤੇ ਉਹਦਾ ਕਸ਼ਮੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.