ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ

Posted On October - 12 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਸਪਰਸ਼ ਨਾਟਿਆ ਰੰਗ ਦੀ ਟੀਮ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡੇ ਨਾਟਕ ‘ਪਤੀ ਗਏ ਰੀ ਕਾਠੀਆਵਾੜ’ ਨੇ ਇਕੋ ਸਮੇਂ ਕਈ ਮਕਸਦ ਹੱਲ ਕਰ ਵਿਖਾਏ। ਪ੍ਰਸਿੱਧ ਹਾਸ ਵਿਅੰਗ ਕਲਾਕਾਰ ਜਸਪਾਲ ਭੱਟੀ ਨੂੰ ਸਮਰਪਿਤ ਹਾਸਰਸ ਨਾਟਕਾਂ ਦੀ ਲੜੀ ਦੌਰਾਨ ਖੇਡੇ ਇਸ ਮਰਾਠੀ ਮੂਲ ਦੇ ਨਾਟਕ ਨੇ ਦਰਸ਼ਕਾਂ ਨੂੰ ਖੂਬ ਹਸਾਇਆ, ਅਦਾਕਾਰੀ ਤੇ ਨਿਰਦੇਸ਼ਨ ਦੇ ਜਲਵਿਆਂ ਨਾਲ ਉੱਚ ਰੰਗਮੰਚੀ ਪ੍ਰਭਾਵ ਵੀ ਸਿਰਜਿਆ ਅਤੇ ਇਕ ਭਾਵਪੂਰਤ ਸੰਦੇਸ਼ ਨਾਲ ਪੇਸ਼ਕਾਰੀ ਨੂੰ ਅਰਥ ਭਰਪੂਰ ਵੀ ਬਣਾਇਆ। ਵੈਂਕਟੇਸ਼ ਮਡਗਾਉਕਰ ਵੱਲੋਂ ਲਿਖੇ ਇਸ ਨਾਟਕ ਨੂੰ ਹਿੰਦੋਸਤਾਨੀ ਵਿਚ ਸੁਧੀਰ ਕੁਲਕਰਣੀ ਨੇ ਰੂਪਾਂਤਰਿਤ ਕੀਤਾ ਤੇ ਅਜੀਤ ਚੌਧਰੀ ਨੇ ਇਸਦਾ ਨਿਰਦੇਸ਼ਨ ਕੀਤਾ। ਨਾਟਕ ਦਾ ਆਰੰਭ ਕੁਝ ਪ੍ਰਸਤਾਵਨਾ ਰੂਪੀ ਗੀਤਾਂ ਨਾਲ ਹੁੰਦਾ ਹੈ ਜਿਨ੍ਹਾਂ ਦੌਰਾਨ ਸੂਤਰਧਾਰ ਕਰਨਲ ਧੀਰੇਂਦਰ ਗੁਪਤਾ ਅਤੇ ਦੀਪਕ ਰਾਣਾ ਦੀ ਜੁਗਲਬੰਦੀ ਕਥਾ ਦੇ ਮਰਮ ਨਾਲ ਸ਼ੁਰੂਆਤੀ ਸਾਂਝ ਵੀ ਪੈਦਾ ਕਰਦੀ ਹੈ ਤੇ ਪਿਆਰੀ ਤਕਰਾਰ ਰਾਹੀਂ ਨਾਟਕ ਨੂੰ ਲੋੜੀਂਦੀ ਆਰੰਭਕ ਖਿੱਚ ਪ੍ਰਦਾਨ ਕਰਦੀ ਹੈ।
ਹੁਣ ਅਸਲ ਕਥਾਨਕ ਖੁੱਲ੍ਹਦਾ ਹੈ ਤਾਂ ਪੂਨੇ ਲਾਗੇ ਦੇ ਪਿੰਡ ਭੰਬੋੜਾ ਦਾ ਪੇਸ਼ਵਾ ਸਰਦਾਰ ਸੂਬੇਦਾਰ ਸਰਜੇਰਾਉ ਰਿਣ ਉਗਰਾਹੀ ਲਈ ਕਾਠੀਆਵਾੜ ਜਾਣ ਦੀ ਤਿਆਰੀ ਕਰ ਰਿਹਾ ਹੈ। ਪਤਨੀ ਜਾਨਕੀ ਉਸਦੀ ਪੱਗ ਵਿਚ ਮਹਿਕਦੇ ਫੁੱਲਾਂ ਦਾ ਇਕ ਤੁਰਰਾ ਟੰਗਦੀ ਹੈ, ਪਰ ਇਸ ਗੱਲੋਂ ਉਦਾਸ ਹੈ ਕਿ ਪਤੀ ਲੰਬੇ ਸਮੇਂ ਲਈ ਦੂਰ ਜਾ ਰਿਹਾ ਹੈ। ਸੂਬੇਦਾਰ ਨੂੰ ਸਵਾਲ ਕਰਦੀ ਹੈ ਕਿ ਵਿਹਲਾ ਸਮਾਂ ਕਿਵੇਂ ਬਿਤਾਏਗੀ ਤਾਂ ਉਹ ਮਜ਼ਾਕ ’ਚ ਕਹਿੰਦਾ ਹੈ ਕਿ ਮੇਰੇ ਆਉਣ ਤਕ ਇਕ ਸ਼ਾਨਦਾਰ ਸ਼ੀਸ਼ ਮਹਿਲ ਉਸਾਰੇ ਤੇ ਮਹਿਲ ਦਾ ਖ਼ਰਚਾ ਸੂਬੇਦਾਰ ਦੇ ਖਾਤੇ ’ਚੋਂ ਨਾ ਹੋਵੇ। ਜਾਨਕੀ ਇਸ ਮੰਗ ਨੂੰ ਗੰਭੀਰਤਾ ਨਾਲ ਸਵੀਕਾਰ ਕਰ ਲੈਂਦੀ ਹੈ ਤਾਂ ਸੂਬੇਦਾਰ ਸ਼ਰਾਰਤੀ ਅੰਦਾਜ਼ ਵਿਚ ਇਕ ਜੱਗੋਂ ਤੇਰਵੀਂ ਮੰਗ ਰੱਖ ਦਿੰਦਾ ਹੈ ਕਿ ਉਸਦੇ ਆਉਣ ਤਕ ਜਾਨਕੀ ਉਸਦਾ ਵਾਰਿਸ ਪੈਦਾ ਕਰਕੇ ਦਿਖਾਵੇ। ਜਾਨਕੀ ਹੈਰਾਨ ਹੈ ਕਿ ਪਤੀ ਦੀ ਗ਼ੈਰਹਾਜ਼ਰੀ ਵਿਚ ਇਹ ਕਿਵੇਂ ਸੰਭਵ ਹੈ, ਪਰ ਕਥਾ ਅੱਗੇ ਤਾਂ ਹੀ ਵਧੇਗੀ ਜੇ ਇਹ ਮੰਗ ਸਵੀਕਾਰ ਹੋਏਗੀ। ਪਤੀ ਵਾਅਦਾ ਲੈ ਕੇ ਰੁਖ਼ਸਤ ਹੁੰਦਾ ਹੈ।
ਕਾਠੀਆਵਾੜ ਵਿਚ ਸੂਬੇਦਾਰ ਦਾ ਸਵਾਗਤ ਰਿਆਸਤ ਦਾ ਰਾਜਾ ਜ਼ੋਰਾਵਰ ਸਿੰਘ ਤੇ ਉਸਦਾ ਦੀਵਾਨ ਕਰਦੇ ਹਨ। ਨਾਟਕ ਦਿਲਚਸਪ ਮੋੜ ਉਦੋਂ ਲੈਂਦਾ ਹੈ ਜਦੋਂ ਰਾਜਾ ਇਸ ਗੱਲ ਤੋਂ ਪ੍ਰੇਸ਼ਾਨ ਹੋ ਉੱਠਦਾ ਹੈ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਸੂਬੇਦਾਰ ਦੀ ਪੱਗ ’ਤੇ ਲੱਗੇ ਤੁਰਰੇ ਦੇ ਫੁੱਲਾਂ ਦੀ ਮਹਿਕ ਉਵੇਂ ਦੀ ਉਵੇਂ ਬਰਕਰਾਰ ਕਿਵੇਂ ਹੈ? ਦੀਵਾਨ ਨਾਲ ਮਸ਼ਵਰਾ ਕਰਦਾ ਹੈ ਤਾਂ ਇਸ ਨਤੀਜੇ ’ਤੇ ਪਹੁੰਚੇ ਕਿ ਇਹ ਮਹਿਕ ਪਤਨੀ ਦੇ ਪਤੀ ਵੱਲ ਸਮਰਪਣ ਕਰਕੇ ਹੈ ਤੇ ਜੇ ਕਿਸੇ ਤਰ੍ਹਾਂ ਪਤੀ ਪਤਨੀ ਦਾ ਵਿਸ਼ਵਾਸ ਤੋੜਿਆ ਜਾਵੇ ਤਾਂ ਇਹ ਮਹਿਕ ਗਾਇਬ ਹੋ ਸਕਦੀ ਹੈ। ਦੀਵਾਨ ਸੂਬੇਦਾਰ ਦੇ ਪਿੰਡ ਜਾਂਦਾ ਹੈ, ਜਾਨਕੀ ਦੇ ਨਾਮ ਚਿੱਠੀ ਲਿਖ ਕੇ ਉਸਦੀ ਸੁੰਦਰਤਾ ਦੀ ਉਸਤਤ ਕਰਦਾ ਹੈ ਤੇ ਮਿਲਣ ਦੀ ਇੱਛਾ ਜ਼ਾਹਰ ਕਰਦਾ ਹੈ। ਜਾਨਕੀ ਸਿਆਣਪ ਨਾਲ ਉਸ ਅੱਗੇ ਮੰਗ ਰੱਖਦੀ ਹੈ ਕਿ ਦੀਵਾਨ ਉਸ ਲਈ ਸ਼ੀਸ਼ ਮਹਿਲ ਉਸਾਰੇ ਤਾਂ ਮੁਲਾਕਾਤ ਸੰਭਵ ਹੈ। ਦੀਵਾਨ ਸ਼ੀਸ਼ ਮਹਿਲ ਬਣਾ ਦਿੰਦਾ ਹੈ ਤੇ ਉਸਨੂੰ ਫਿਰ ਚਿੱਠੀ ਲਿਖਦਾ ਹੈ ਕਿ ਉਸਨੂੰ ਮਿਲੇ ਤੇ ਉਸ ਨਾਲ ਕਾਠੀਆਵਾੜ ਚੱਲੇ। ਜਾਨਕੀ ਆਪਣੀ ਦਾਸੀ ਨੂੰ ਰਾਣੀ ਬਣਾ ਕੇ ਦੀਵਾਨ ਨਾਲ ਜਾਣ ਲਈ ਰਾਜ਼ੀ ਕਰ ਲੈਂਦੀ ਹੈ। ਦਾਸੀ ਮੋਹਨਾ ਕਾਠੀਆਵਾੜ ਪਹੁੰਚਦੀ ਹੈ, ਪਰ ਰਾਜਾ ਇਸ ਗੱਲ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਫੁੱਲਾਂ ਦੀ ਮਹਿਕ ਕਿਉਂ ਨਹੀਂ ਘਟੀ ਤੇ ਰਾਣੀ ਦੇ ਇੱਥੇ ਹੋਣ ਦਾ ਜੇ ਸੂਬੇਦਾਰ ਨੂੰ ਪਤਾ ਲੱਗ ਗਿਆ ਤਾਂ ਘੋਰ ਅਨਰਥ ਹੋ ਜਾਵੇਗਾ, ਪਰ ਉਹ ਨਹੀਂ ਜਾਣਦੇ ਕਿ ਦਾਸੀ ਨੂੰ ਰਾਣੀ ਬਣਾ ਕੇ ਜਾਨਕੀ ਖ਼ੁਦ ਦਾਸੀ ਬਣ ਕੇ ਕਾਠੀਆਵਾੜ ਪਹੁੰਚ ਗਈ ਹੈ।

ਡਾ. ਸਾਹਿਬ ਸਿੰਘ

ਇਕ ਰਾਤ ਜਾਨਕੀ ਭੇਸ ਬਦਲ ਕੇ ਇਕ ਸਾਧਾਰਨ ਕੰਨਿਆ ਬਣ ਕੇ ਰਾਤ ਦੇ ਹਨੇਰੇ ਵਿਚ ਸੂਬੇਦਾਰ ਨੂੰ ਮਿਲਦੀ ਹੈ। ਸੂਬੇਦਾਰ ਪਰਾਈ ਨਾਰ ’ਤੇ ਮੋਹਿਤ ਹੋ ਜਾਂਦਾ ਹੈ। ਉਸਨੂੰ ਆਵਾਜ਼ ਤੇ ਡੀਲ ਡੌਲ ਜਾਨਕੀ ਵਰਗੀ ਲੱਗਦੀ ਹੈ, ਪਰ ਇਹ ਸੋਚ ਕੇ ਪਰਵਾਹ ਨਹੀਂ ਕਰਦਾ ਕਿ ਕਈ ਦੇਰ ਦੇ ਵਿਛੋੜੇ ਕਾਰਨ ਜਾਨਕੀ ਉਸਦੇ ਮਨ ’ਤੇ ਛਾਈ ਹੋਈ ਹੈ। ਕੰਨਿਆ ਬਣੀ ਜਾਨਕੀ ਇਨਾਮ ’ਚ ਸੂਬੇਦਾਰ ਦੀ ਕਟਾਰ ਅਤੇ ਕਮਰਕੱਸਾ ਹਾਸਲ ਕਰ ਲੈਂਦੀ ਹੈ। ਆਖਿਰ ਵਿਚ ਸਾਰਾ ਸੱਚ ਉਜਾਗਰ ਹੁੰਦਾ ਹੈ, ਰਾਣੀ ਦੋਵੇਂ ਵਾਅਦੇ ਪੂਰੇ ਕਰ ਚੁੱਕੀ ਹੈ, ਪਰ ਸਵਾਲ ਕਰਦੀ ਹੈ ਕਿ ਪਤੀਵਰਤਾ ਹੋਣ ਦਾ ਧਰਮ ਨਿਭਾਉਣਾ ਸਿਰਫ਼ ਔਰਤ ਦੇ ਹਿੱਸੇ ਕਿਉਂ ਆਇਆ ਹੈ? ਸੂਬੇਦਾਰ ਲਈ ਇਹ ਧਰਮ ਨਿਭਾਉਣਾ ਜ਼ਰੂਰੀ ਕਿਉਂ ਨਹੀਂ ਸੀ? ਨਾਟਕ ਇਸ ਭਰਵੇਂ ਸੰਦੇਸ਼ ਨਾਲ ਸੁਖਾਂਤਕ ਅੰਤ ਗ੍ਰਹਿਣ ਕਰਦਾ ਹੈ। ਨਾਟਕ ਦੀ ਖ਼ੂਬਸੂਰਤੀ ਇਸ ਸਾਧਾਰਨ ਕਥਾਨਕ ਅੰਦਰ ਨਹੀਂ, ਬਲਕਿ ਇਸਦੀ ਪੇਸ਼ਕਾਰੀ ਅੰਦਰ ਛੁਪੀ ਹੋਈ ਹੈ।
ਅਜੀਤ ਚੌਧਰੀ ਨੇ ਨਾਟਕ ਦੀ ਡਿਜ਼ਾਈਨਿੰਗ ਅਤੇ ਸੰਗੀਤ ਦੀ ਵਰਤੋਂ ਨਾਲ ਪਲ ਪਲ ਬਦਲਦੇ ਸਥਾਨਾਂ ਨੂੰ ਏਨੀ ਸੂਖਮਤਾ ਨਾਲ ਮੰਚ ’ਤੇ ਪੇਸ਼ ਕੀਤਾ ਕਿ ਦਰਸ਼ਕ ਮੰਚ ’ਤੇ ਹੋ ਰਹੀ ਹਲਕੀ ਜਿਹੀ ਤਬਦੀਲੀ ਨਾਲ ਹੀ ਭੰਬੋੜਾ ਤੋਂ ਕਾਠੀਆਵਾੜ, ਫਿਰ ਰਾਜੇ ਦੇ ਮਹਿਲ ਤੋਂ ਮੰਦਿਰ ਦੇ ਵਿਹੜੇ ’ਚ ਪ੍ਰਵੇਸ਼ ਕਰ ਜਾਂਦਾ ਸੀ। ਕਲਾਕਾਰ ਹਸਾਉਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੇ, ਬਲਕਿ ਹਾਸਾ ਪੈਦਾ ਹੋ ਰਿਹਾ ਸੀ, ਇਹ ਆਸਾਨ ਕੰਮ ਨਹੀਂ। ਡਾ. ਸੁਚਿਤਾ ਮਹੇਂਦਰੂ (ਜਾਨਕੀ), ਨੁਪੂਰ ਸ਼ੰਕਾ (ਦਾਸੀ), ਅਜੀਤ ਚੌਧਰੀ (ਸੂਬੇਦਾਰ), ਸੌਰਵ ਪਾਂਡੇ (ਦੀਵਾਨ) ਅਤੇ ਰਜਿੰਦਰ ਨਾਨੂੰ (ਰਾਜਾ) ਆਪਣੀ ਅਦਾਕਾਰੀ ਦੇ ਸਿਰ ’ਤੇ ਨੱਬੇ ਮਿੰਟ ਲਈ ਦਰਸ਼ਕਾਂ ਨੂੰ ਬੰਨ੍ਹੀ ਰੱਖਣ ’ਚ ਕਾਮਯਾਬ ਰਹੇ। ਅਦਾਕਾਰਾਂ ਦੀ ਇਸ ਟੀਮ ’ਚ ਜਿਸ ਅਦਾਕਾਰ ਦੇ ਜੌਹਰ ਹੀਰੇ ’ਚ ਜੜੇ ਨਗ ਵਰਗੇ ਸਨ, ਉਸਦਾ ਨਾਂ ਹੈ ਰਾਜਿੰਦਰ ਨਾਨੂੰ। ਨਾਨੂੰ ਦੇ ਕਿਰਦਾਰ ਦੀ ਸਰੀਰਿਕ ਦਿੱਖ, ਉਸਦੀ ਪਿੱਠ ਦਾ ਹਲਕਾ ਕੁੱਬ, ਛੋਟੇ ਕਦਮਾਂ ਵਾਲੀ ਤੇਜ਼ ਗਤੀ, ਸੰਵਾਦ ਅਦਾਇਗੀ ’ਚ ਨਿਮਨ ਸੁਰ ਤੋਂ ਲੈ ਕੇ ਪੰਚਮ ਸੁਰ ਤਕ ਮੁਲਾਇਮ ਰਵਾਨੀ, ਇਕੋ ਜਿਹੀ ਸ਼ਾਬਦਿਕ ਸਪੱਸ਼ਟਤਾ ਤੇ ਭਾਵ ਬਦਲਣ ਵੇਲੇ ਅਦਾਇਗੀ ਦਾ ਰੰਗ ਰੂਪ ਰਸ ਪਲਾਂ ਛਿਣਾਂ ’ਚ ਬਦਲਣਾ ਉਸਨੂੰ ਅਦਾਕਾਰੀ ਦੇ ਮੂਲੋਂ ਨਿਵੇਕਲੇ ਪੌਡੇ ’ਤੇ ਲਿਜਾ ਖੜ੍ਹੇ ਕਰਦਾ ਹੈ। ਇਸ ਪੇਸ਼ਕਾਰੀ ਲਈ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।
ਸੰਪਰਕ: 98880-11096

ਡਾ. ਸਾਹਿਬ ਸਿੰਘ


Comments Off on ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.