ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਹਲਕਾ ਦਾਖਾ: ਜ਼ਿਮਨੀ ਚੋਣ ਲਈ ਉਮੀਦਵਾਰਾਂ ਦੇ ਨਾਲ ਪਾਰਟੀਆਂ ਦੇ ਆਗੂ ਵੀ ਲਾ ਰਹੇ ਨੇ ਤਾਣ

Posted On October - 9 - 2019

ਮਨਪ੍ਰੀਤ ਸਿੰਘ ਪੁੜੈਣ
ਮੁੱਲਾਂਪੁਰ ਦਾਖਾ, 8 ਅਕਤੂਬਰ
ਦਾਖਾ ਨੂੰ 1967 ਵਿੱਚ ਹਲਕਾ ਬਣਾਇਆ ਗਿਆ ਸੀ ਤੇ ਹੁਣ ਤੱਕ 12 ਵਾਰ ਚੋਣਾਂ ਹੋ ਚੁੱਕੀਆਂ ਹਨ। 13ਵੀਂ ਜ਼ਿਮਨੀ ਚੋਣ ਇਸ ਦੀ ਸਰਦਲ ’ਤੇ ਦਸਤਕ ਦੇ ਰਹੀ ਹੈ। 12 ਵਿੱਚੋਂ ਅੱਠ ਵਾਰੀ ਸ਼੍ਰੋਮਣੀ ਅਕਾਲੀ ਦਲ, ਤਿੰਨ ਵਾਰ ਕਾਂਗਰਸ ਤੇ ਇੱਕ ਵਾਰ ‘ਆਪ’ ਦੇ ਵਿਧਾਇਕ ਚੁਣੇ ਜਾ ਚੁੱਕੇ ਹਨ। 2017 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਹਲਕਾ ਦਾਖਾ ਤੋਂ ਵਿਧਾਇਕ ਚੁਣੇ ਗਏ ਸਨ ਤੇ ਅਕਤੂਬਰ 2018 ’ਚ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਕਾਰਨ ਇਹ ਸੀਟ ਖਾਲੀ ਹੋ ਗਈ ਸੀ।
ਇਸ ਵਾਰ ਕਾਂਗਰਸ ਪਾਰਟੀ ਦੇ ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਗੱਠਜੋੜ ਦੇ ਮਨਪ੍ਰੀਤ ਸਿੰਘ ਇਆਲੀ, ਲੋਕ ਇਨਸਾਫ਼ ਪਾਰਟੀ ਦੇ ਸੁਖਦੇਵ ਸਿੰਘ ਚੱਕ, ‘ਆਪ’ ਦੇ ਅਮਨਦੀਪ ਸਿੰਘ ਮੋਹੀ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜੋਗਿੰਦਰ ਸਿੰਘ ਵੇਗਲ ਤੇ ਬਸਪਾ ਵੱਲੋਂ ਦੇਵ ਸਰਾਭਾ ਉਮੀਦਵਾਰ ਹਨ।
ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਪੰਜਾਬ ਸਰਕਾਰ ਦੇ ਖ਼ਾਸ ਅਹੁਦੇ ’ਤੇ ਬਿਰਾਜਮਾਨ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ। ਦਾਖਾ ਹਲਕਾ ਦੇ ਕਾਂਗਰਸੀ ਆਗੂਆਂ ਦੀ ਧੜੇਬੰਦੀ ਜੱਗ-ਜ਼ਾਹਿਰ ਹੋਣ ਕਾਰਨ ਇਸ ਵਾਰ ਸੰਦੀਪ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪੰਜਾਬ ਕਾਂਗਰਸ ਦੇ ਵੱਡੇ ਆਗੂ ਤੇ ਮੰਤਰੀ ਉਨ੍ਹਾਂ ਦੇ ਹੱਕ ਵਿੱਚ ਆ ਚੁੱਕੇ ਹਨ। ਸੰਦੀਪ ਸੰਧੂ ਦੀ ਆਮਦ ਨਾਲ ਹਲਕਾ ਦਾਖਾ ਦੇ ਕਾਂਗਰਸੀ ਆਗੂ ਇਕਜੁੱਟ ਨਜ਼ਰ ਆ ਰਹੇ ਹਨ।
ਹਲਕਾ ਦਾਖਾ ਵਿੱਚੋਂ ਹੁਣ ਤੱਕ ਸਿਰਫ਼ ਤਿੰਨ ਵਾਰ ਹੀ ਕਾਂਗਰਸੀ ਉਮੀਦਵਾਰ ਚੁਣੇ ਜਾ ਚੁੱਕੇ ਹਨ। ਕਾਂਗਰਸ ਪਾਰਟੀ ਦੇ ਮਲਕੀਤ ਦਾਖਾ ਦੇ (2002-2007) ਦੇ ਕਾਰਜਕਾਲ ਤੋਂ ਬਾਅਦ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। 2017 ਵਿੱਚ ‘ਆਪ’ ਜੇਤੂ ਰਹੀ ਸੀ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਹਲਕਾ ਦਾਖਾ ਵਿੱਚ ਪੰਦਰਾਂ ਸਾਲਾਂ ਤੋਂ ਸਰਗਰਮ ਹਨ। ਉਹ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਤੇ 2012 ਤੋਂ 2017 ਤੱਕ ਹਲਕਾ ਵਿਧਾਇਕ ਵੀ ਰਹਿ ਚੁੱਕੇ ਹਨ। ਦਾਖਾ ਹਲਕਾ ਤੋਂ ਦੋ ਵਾਰ ਵਿਧਾਨ ਸਭਾ ਤੇ ਇੱਕ ਵਾਰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਹਨ। ਉਹ ਜਨਤਕ ਪੱਧਰ ’ਤੇ ਲੋਕਾਂ ਨਾਲ ਜੁੜੇ ਹੋਏ ਆਗੂ ਵਜੋਂ ਜਾਣੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਨੇ ਹਲਕੇ ’ਤੇ ਮੁੜ ਕਾਬਜ਼ ਹੋਣ ਲਈ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਹ ਦੂਜੇ ਸਥਾਨ ’ਤੇ ਰਹੇ ਸਨ।
ਲ਼ੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਪਹਿਲਾਂ ਮਨਪ੍ਰੀਤ ਸਿੰਘ ਇਆਲੀ ਦੇ ਕਰੀਬੀ ਰਹਿ ਚੁੱਕੇ ਹਨ। ਪਿਛਲੀ ਵਿਧਾਨ ਸਭਾ ਚੋਣ ਦੌਰਾਨ ਉਹ ਐੱਚਐੱਸ ਫੂਲਕਾ ਦੇ ਕਰੀਬ ਆ ਗਏ ਸਨ। ਇਸ ਜ਼ਿਮਨੀ ਚੋਣ ਲਈ ਉਹ ਸਿਮਰਜੀਤ ਸਿੰਘ ਬੈਂਸ ਦੇ ਥਾਪੜੇ ਨਾਲ ਚੋਣ ਮੈਦਾਨ ’ਚ ਉੱਤਰੇ ਹਨ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ’ਚ ਸਿਮਰਜੀਤ ਬੈਂਸ ਨੇ ਹਲਕਾ ਦਾਖਾ ਵਿੱਚੋਂ ਲੀਡ ਹਾਸਲ ਕੀਤੀ ਸੀ।
ਸਾਲ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਆਗੂ ਚੋਣ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਜੇ ਮੁਲਾਂਕਣ ਕੀਤਾ ਜਾਵੇ ਤਾਂ ਪਾਰਟੀ ਉਮੀਦਵਾਰ ਦੇ ਮੁਕਾਬਲੇ ਰਿਵਾਇਤੀ ਪਾਰਟੀਆਂ ਦੇ ਵਿਰੋਧੀ ਉਮੀਦਵਾਰਾਂ ਦੀ ਮਜ਼ਬੂਤ ਸਥਿਤੀ, ਉਮੀਦਵਾਰ ਦਾ ਘੱਟ ਹਰਮਨਪਿਆਰਾ ਹੋਣਾ, ਕਮਜ਼ੋਰ ਕਾਡਰ ਆਦਿ ਕੁਝ ਕਾਰਨ ਹਨ ਜੋ ਲੋਕ ਇਨਸਾਫ਼ ਪਾਰਟੀ ਦੀ ਜਿੱਤ ਲਈ ਰੁਕਾਵਟ ਸਿੱਧ ਹੋ ਸਕਦੇ ਹਨ। ਪਰ ਸਿਮਰਜੀਤ ਸਿੰਘ ਬੈਂਸ ਦੀ ਲੋਕਪ੍ਰਿਯਤਾ ਤੇ ਲੋਕ ਆਗੂ ਦੇ ਰੂਪ ਵਿੱਚ ਸਤਿਕਾਰ ਹੋਣਾ, ਵਰਕਰਾਂ ਵਿੱਚ ਉਤਸ਼ਾਹ ਤੇ ਆਮ ਲੋਕਾਂ ਤੱਕ ਪਹੁੰਚ ਹੋਣਾ ਲੋਕ ਇਨਸਾਫ਼ ਪਾਰਟੀ ਨੂੰ ਜੇਤੂ ਬਣਾ ਸਕਦੇ ਹਨ।
‘ਆਪ’ ਦੇ ਆਗੂ ਐਚਐਸ ਫੂਲਕਾ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣੇ ਗਏ ਸਨ ਤੇ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਦੇ ਵੱਕਾਰ ਤੇ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣ ਲਈ ਅਮਨਦੀਪ ਸਿੰਘ ਮੋਹੀ ਹਲਕਾ ਦਾਖਾ ਜ਼ਿਮਨੀ ਚੋਣ ਲੜ ਰਹੇ ਹਨ। ਉਹ ਮੋਹੀ ਪਿੰਡ ਦੇ ਸਾਧਾਰਨ ਕਿਸਾਨੀ ਪਰਿਵਾਰ ਨਾਲ ਸਬੰਧਿਤ ਪੜ੍ਹੇ-ਲਿਖੇ ਨੌਜਵਾਨ ਹਨ। ਸ੍ਰੀ ਫੂਲਕਾ ਦੇ ਹਲਕਾ ਛੱਡ ਜਾਣ ਕਾਰਨ ਪਾਰਟੀ ਦੀ ਖ਼ਰਾਬ ਦਸ਼ਾ, ਗ਼ੈਰ-ਤਜ਼ਰਬੇਕਾਰ ਉਮੀਦਵਾਰ, ਪਾਰਟੀ ਦਾ ਡਿੱਗ ਰਿਹਾ ਮਿਆਰ, ਸਟਾਰ ਪ੍ਰਚਾਰਕ ਦੀ ਘਾਟ ਤੇ ਪਾਰਟੀ ਵਾਲੰਟੀਅਰਾਂ ਦਾ ਕਮਜ਼ੋਰ ਕਾਡਰ ਆਦਿ ਅਜਿਹੇ ਤੱਥ ਹਨ ਜੋ ‘ਆਪ’ ਦੀ ਜਿੱਤ ਲਈ ਵੱਡੇ ਅੜਿੱਕੇ ਸਾਬਤ ਹੋ ਸਕਦੇ ਹਨ। ‘ਆਪ’ ਲੋਕਾਂ ਦੀ ਨਬਜ਼ ਨੂੰ ਟਟੋਲਦੇ ਹੋਏ ਜਨਤਕ ਮੁੱਦਿਆਂ ਤੇ ਜੀਵਨ ਦੀਆਂ ਰੋਜ਼ਮਰ੍ਹਾ ਦੀਆਂ ਸਹੂਲਤਾਂ ਦੇਣ ਦੀ ਪ੍ਰਤੀਬੱਧਤਾ ਅਤੇ ਘਰ-ਘਰ ਜਾ ਕੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨਾਲ ਵਧੇਰੇ ਨੇੜਿਓਂ ਵਿਚਰਨ ਤੇ ਸਖ਼ਤ ਮਿਹਨਤ ਨਾਲ ਕਾਮਯਾਬੀ ਹਾਸਲ ਕਰ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਜੋਗਿੰਦਰ ਸਿੰਘ ਵੇਗਲ ਪਹਿਲਾਂ ਵੀ ਚੋਣ ਲੜ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (ਅ) ਦਾਖਾ ਨੂੰ ਪੰਥਕ ਹਲਕਾ ਮੰਨਦੀ ਹੈ। ਇਸ ਦਾ ਮੰਨਣਾ ਹੈ ਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਦੇ ਭਲੇ ਤੇ ਸਿੱਖ ਧਰਮ ਦੀ ਉਸਾਰੀ ਲਈ ਕੁਝ ਵੀ ਨਹੀਂ ਕੀਤਾ।
ਇਸੇ ਤਰ੍ਹਾਂ ਬਸਪਾ ਵੱਲੋਂ ਦੇਵ ਸਰਾਭਾ ਨੂੰ ਪੀਡੀਏ ਦਾ ਸਮਝੌਤਾ ਟੁੱਟਣ ਮਗਰੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹ ਲੋਕ ਇਨਸਾਫ਼ ਪਾਰਟੀ ਦੇ ਮੁੱਖ ਵਿਰੋਧੀ ਵਜੋਂ ਸੰਘਰਸ਼ ਕਰ ਰਹੇ ਹਨ।
ਲਗਭਗ 72 ਕਿਲੋਮੀਟਰ ਵਿੱਚ ਫ਼ੈਲੇ ਹਲਕਾ ਦਾਖਾ ਦੇ ਮਸਲੇ ਆਮ ਪੰਜਾਬ ਵਾਸੀਆਂ ਨਾਲੋਂ ਵੱਖਰੇ ਨਹੀਂ ਹਨ। ਇਸ ਹਲਕੇ ਵਿੱਚ ਕੁਲ 112 ਪਿੰਡ ਹਨ। ਬੇਟ ਇਲਾਕੇ ਦੀਆਂ ਸਮੱਸਿਆਵਾਂ ਵੱਖ ਹਨ, ਸ਼ਹਿਰੀ ਵਸੋਂ ਨੇੜਲੇ ਇਲਾਕੇ ਦੀਆਂ ਲੋੜਾਂ ਤੇ ਸਮੱਸਿਆਵਾਂ ਵੱਖਰੀਆਂ ਹਨ। ਮੁੱਖ ਤੌਰ ’ਤੇ ਨਸ਼ਾਖੋਰੀ ਤੇ ਨਸ਼ਾ ਤਸਕਰੀ ਸਾਰੇ ਹਲਕੇ ਦਾ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ ਰੇਤ ਮਾਈਨਿੰਗ, ਕਿਸਾਨੀ ਮਸਲੇ, ਬੇਅਦਬੀ, ਥਾਣਿਆਂ ਵਿੱਚ ਪੁਲੀਸ ਨਫ਼ਰੀ ਦੀ ਘਾਟ ਕਾਰਨ ਹਲਕੇ ਵਿੱਚ ਅਮਨ ਚੈਨ ਦਾ ਮਸਲਾ, ਬੇਰੁਜ਼ਗਾਰੀ, ਮਹਿੰਗਾਈ, ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ, ਬੁਨਿਆਦੀ ਸਹੂਲਤਾਂ ਦੇ ਪੱਖ ਤੋਂ ਅਧੂਰੇ ਪਏ ਸੜਕ ਨਿਰਮਾਣ ਕਾਰਜ ਤੇ ਆਵਾਜਾਈ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਲੋਕਾਂ ਵਿਚ ਸੂਬਾ ਸਰਕਾਰ ਦੇ ਚੋਣ ਵਾਅਦੇ ਪੂਰੇ ਨਾ ਹੋਣ ਕਾਰਨ ਲੋਕਾਂ ਵਿਚ ਰੋਸ ਹੈ।


Comments Off on ਹਲਕਾ ਦਾਖਾ: ਜ਼ਿਮਨੀ ਚੋਣ ਲਈ ਉਮੀਦਵਾਰਾਂ ਦੇ ਨਾਲ ਪਾਰਟੀਆਂ ਦੇ ਆਗੂ ਵੀ ਲਾ ਰਹੇ ਨੇ ਤਾਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.