ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

Posted On October - 16 - 2019

ਡਾ. ਲਖਵੀਰ ਸਿੰਘ ਨਾਮਧਾਰੀ
ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ਵੰਡ ਛਕਣ ਅਤੇ ਸਮਾਜ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਦਾ ਕੰਮ ਬਿਨਾਂ ਭੇਦ-ਭਾਵ ਤੋਂ ਕਰ ਸਕਾਂਗੇ । ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟਾਂ, ਭਗਤਾਂ ਅਤੇ ਗੁਰੂ ਸਾਹਿਬਾਨ ਦੀ ਰਚੀ ਗੁਰਬਾਣੀ ‘ਨਾਮ’ ਦੀ ਹੀ ਗੱਲ ਕਰਦੀ ਹੈ । ‘ਨਾਮ’ ਸਾਰੇ ਤੱਤਾਂ ਤੋਂ ਉੱਪਰ ਪਰਮ ਤੱਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 293 ’ਤੇ ਦਰਜ ਹੈ:
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ।।
ਦੇਹੀ ਮਾਹਿ ਇਸ ਕਾ ਬਿਸ੍ਰਾਮੁ।।
ਗੁਰੂ ਨਾਨਕ ਦੇਵ ਜੀ ਦੇ ਇਸ ਫਲਸਫੇ ਨੂੰ ਆਧਾਰ ਮੰਨਦਿਆਂ ਨਾਮਧਾਰੀ ਸਿੱਖ ਪ੍ਰੰਪਰਾ ਨੇ ਜਿੱਥੇ ਅਜ਼ਾਦੀ ਸੰਘਰਸ਼ ਦੀ ਨੀਂਹ ਰੱਖੀ, ਉੱਥੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚੱਲ ਕੇ ֹ‘ਨਾਮ’ ਦੀ ਅਰਾਧਨਾ ਕੀਤੀ । ਸਤਿਗੁਰੂ ਰਾਮ ਸਿੰਘ ਜੀ ਨੇ ਫੌਜ ਦੀ ਨੌਕਰੀ ਛੱਡ ਕੇ ਸ੍ਰੀ ਭੈਣੀ ਸਾਹਿਬ ਆ ਕੇ ਆਤਮਿਕ ਅਤੇ ਅਧਿਆਤਮਕ ਪੱਖ ਨੂੰ ਉੱਚਾ ਚੁੱਕਣ ਲਈ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ’ਤੇ ਚੱਲਦਿਆਂ 20 ਸਾਲ ‘ਨਾਮ’ ਦੇ ਜਾਪ ਦੀ ਅਰਾਧਨਾ ਕੀਤੀ ਅਤੇ ਦੇਸ਼ ਨੂੰ ਅੰਗਰੇਜ਼ਾਂ ਦੇ ਪੰਜੇ ਤੋਂ ਮੁਕਤ ਕਰਾਉਣ ਲਈ ਕੂਕਾ ਅੰਦੋਲਨ ਦੀ ਨੀਂਹ ਰੱਖੀ। ਅੰਗਰੇਜ਼ਾਂ ਨੇ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਅਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਕਰ ਦਿੱਤਾ। ਕਾਲੇਪਾਣੀ ਤੋਂ ਉਨ੍ਹਾਂ ਸੰਗਤ ਦੇ ਨਾਂ 52 ਹੁਕਮਨਾਮੇ ਭੇਜੇ ਅਤੇ ਹਰ ਹੁਕਮਨਾਮੇ ਵਿਚ ਉਨ੍ਹਾਂ ਨੇ ਵਾਰ-ਵਾਰ ‘ਨਾਮ’ ਜਪਣ, ਗੁਰਬਾਣੀ ਦਾ ਪਾਠ ਕਰਨ ਅਤੇ ਬੱਚਿਆਂ ਨੂੰ ਗੁਰਮੁਖੀ ਅੱਖਰ ਪੜ੍ਹਾਉਣ ਦਾ ਆਦੇਸ਼ ਦਿੱਤਾ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਰਹਿੰਦ ਨਹਿਰ ਕਿਨਾਰੇ ਕੱਖਾਂ-ਕਾਨ੍ਹਿਆਂ ਦੀ ਕੁੱਲੀ ਬਣਵਾ ਕੇ ਉਸ ਵਿਚ ‘ਨਾਮ’ ਦਾ ਜਾਪ ਕੀਤਾ ਅਤੇ 1927 ਈਸਵੀਂ ਤੋਂ ਸਮੁੱਚੀ ਸੰਗਤ ਨੂੰ ਸਮੂਹਿਕ ਰੂਪ ਵਿਚ ਨਾਮ ਦਾ ਜਾਪ ਕਰਵਾਉਣਾ ਸ਼ੁਰੂ ਕਰ ਦਿੱਤਾ, ਜੋ ਅੱਜ ਵੀ ‘ਜਪੁ ਪ੍ਰਯੋਗ’ ਦੇ ਨਾਂ ਨਾਲ ਪ੍ਰਚੱਲਤ ਹੈ।
ਜਪੁ ਪ੍ਰਯੋਗ ਦਾ ਇਹ ਵਿਸ਼ਵ ਪੱਧਰੀ ਸਮਾਗਮ ਪੂਰਾ ਮਹੀਨਾ ਚੱਲਦਾ ਹੈ। ਸ੍ਰੀ ਭੈਣੀ ਸਾਹਿਬ ਵਿਚ ‘ਜਪੁ ਪ੍ਰਯੋਗ’ ਸਵੇਰੇ 2 ਵਜੇ ਸ਼ੁਰੂ ਹੋ ਜਾਂਦਾ ਹੈ। ਨਾਮਧਾਰੀ ਸਿੱਖ, ਬੀਬੀਆਂ ਅਤੇ ਬੱਚੇ ਮਰਿਯਾਦਾ ਮੁਤਾਬਕ ਸਵੇਰੇ ਸਣਕੇਸੀ ਇਸ਼ਨਾਨ ਕਰਕੇ, ਚਿੱਟੇ ਕੱਪੜੇ ਪਹਿਨ ਕੇ, ਹੱਥ ਵਿੱਚ ਗੜਵਾ, ਉੱਨ ਦੀ ਮਾਲਾ, ਆਸਣ ਅਤੇ ਪੈਰਾਂ ਵਿਚ ਲੱਕੜ ਦੀਆਂ ਖੜਾਵਾਂ ਪਹਿਨ ਕੇ ਪ੍ਰਤਾਪ ਮੰਦਰ ਵੱਲ ਚਾਲੇ ਪਾ ਦਿੰਦੇ ਹਨ। 4 ਵਜੇ ਤਾਰਿਆਂ ਦੀ ਲੋਅ ਵਿਚ ਤੰਤੀ ਸਾਜ਼ਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਸੂਰਜ ਉਦਯ ਨਾਲ ਸਾਰੇ ਸਿੰਘ ਅਤੇ ਬੀਬੀਆਂ ਚੰਡੀ ਦੀ ਵਾਰ ਦਾ ਪਾਠ ਕਰਦੇ ਹਨ। ਲਗਭਗ 6:30 ਵਜੇ ਸਮਾਪਤੀ ਦੀ ਅਰਦਾਸ ਹੁੰਦੀ ਹੈ। ਇਸੇ ਤਰ੍ਹਾਂ ਦੁਪਿਹਰ 12 ਤੋਂ 4 ਵਜੇ ਦੇ ਵਿਚਕਾਰ ਉੱਚ ਕੋਟੀ ਦੇ ਵਿਦਵਾਨ ਪੁਰਾਤਨ ਗ੍ਰੰਥਾਂ, ਸਤਿਗੁਰੂ ਬਿਲਾਸ, ਸੂਰਜ ਪ੍ਰਕਾਸ਼, ਹੁਕਮਨਾਮਿਆਂ ਅਤੇ ਗੁਰਬਾਣੀ ਦਾ ਅਧਿਐਨ ਕਰਦੇ ਹਨ ਤਾਂ ਜੋ ਮਨ ਦੀ ਮੈਲ ਉੱਤਰ ਜਾਵੇ ਅਤੇ ਮਨ ਹਊਮੈ ਦਾ ਤਿਆਗ ਕਰਕੇ ਪ੍ਰਭੂ ਭਗਤੀ ਵਿਚ ਲੀਨ ਹੋ ਜਾਵੇ। ਸਮਾਪਤੀ ਵੇਲੇ ਸ਼ਾਮ ਦੇ ਦਿਵਾਨ ਸਜਦੇ ਹਨ ਅਤੇ ਜੋਟੀਆਂ ਦੇ ਸ਼ਬਦ ਪੜ੍ਹੇ ਜਾਂਦੇ ਹਨ। ਸੰਗਤ ਆਪਣੇ ਆਸਣਾਂ ’ਤੇ ਬਿਰਾਜਮਾਨ ਜਿੱਥੇ ਹਰਜਸ ਸਰਵਣ ਕਰਦੀ ਹੈ, ਉੱਥੇ ਆਪਣੇ ‘ਨਾਮ’ ਦੇ ਜਾਪੁ ਵਿੱਚ ਗੜੂੰਦ ਅਨਹਦ ਨਾਦ ਵਿੱਚ ਸਮਾਈ ਹੁੰਦੀ ਹੈ। ਵੀਰਵਾਰ ਵਾਲੇ ਦਿਨ ਬਹੁ-ਗਿਣਤੀ ਸੰਗਤ ਪੂਰਾ ਦਿਨ ਮੌਨ ਰੱਖਦੀ ਹੈ। ਜਿੱਧਰ ਵੀ ਵੇਖੋ ਹਰ ਪਾਸੇ ਸੰਗਤ ਪਾਠ ਕਰਨ ਅਤੇ ਨਾਮ ਸਿਮਰਨ ਕਰਨ ਵਿਚ ਲੀਨ ਹੁੰਦੀ ਹੈ। ਸਤਿਗੁਰੂ ਜਗਜੀਤ ਸਿੰਘ ਨੇ ਸੰਗਤ ਦੇ ‘ਨਾਮ’ ਦੇ ਖਜ਼ਾਨੇ ਨੂੰ ਭਰਨ ਲਈ ਇਹ ਨਿਯਮ ਬਣਾ ਦਿੱਤਾ ਸੀ ਕਿ ਅੱਸੂ ਦੇ ਮਹੀਨੇ ਦੇ ਜਪੁ ਪ੍ਰਯੋਗ ਵਿਚ ਜਿਹੜੇ ਮਾਈ-ਭਾਈ ਆਪਣੇ ਵਿਹਾਰਾਂ ਕਾਰਨ ਭੈਣੀ ਸਾਹਿਬ ਨਹੀਂ ਪਹੁੰਚ ਸਕਦੇ ਉਹ ਆਪਣੇ ਪਿੰਡਾਂ-ਸ਼ਹਿਰਾਂ ਵਿੱਚ ਸਮੂਹਿਕ ਰੂਪ ਵਿੱਚ ਰੋਜ਼ਾਨਾ ਘੱਟੋ-ਘੱਟ 2 ਘੰਟੇ ਸਵਾ ਪਹਿਰ ਰਹਿੰਦੀ ਰਾਤ ਨਾਮ ਸਿਮਰਨ ਕਰਨ। ਅੱਜ ਭਾਰਤ ਦੇ ਪਿੰਡਾਂ-ਸ਼ਹਿਰਾਂ ਤੋਂ ਇਲਾਵਾ ਦੇਸ਼-ਵਿਦੇਸ਼ ਕੈਨੇਡਾ, ਅਮਰੀਕਾ, ਥਾਈਲੈਂਡ, ਯੂ.ਕੇ, ਤਨਜਾਨੀਆ, ਆਸਟ੍ਰੇਲੀਆ, ਸਿੰਗਾਪੁਰ, ਕੀਨੀਆਂ, ਇੰਗਲੈਂਡ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਆਦਿ ਜਿੱਥੇ ਵੀ ਨਾਮਧਾਰੀ ਰਹਿੰਦੇ ਹਨ, ਉੱਥੇ ਲਗਭਗ 200 ਥਾਵਾਂ ’ਤੇ ਅੱਸੂ ਦੇ ਮਹੀਨੇ ਦਾ ਸਮੂਹਿਕ ਰੂਪ ਵਿੱਚ ਜਪੁ ਪ੍ਰਯੋਗ ਹੁੰਦਾ ਹੈ।
ਸਤਿਗੁਰੂ ਉਦੇ ਸਿੰਘ ਜੀ ਜਪੁ ਪ੍ਰਯੋਗ ਸਬੰਧੀ ਨਾਮ ਸਿਮਰਨ ਕਰਨ ਦੀ ਵਿਧੀ ਇਸ ਤਰ੍ਹਾਂ ਦੱਸਦੇ ਹਨ, “ਜੇ ਤੁਸੀਂ ਸਰਵ-ਵਿਆਪੀ ਪ੍ਰਮਾਤਮਾ ਨਾਲ ਇੱਕ ਮਿਕ ਹੋਣੈ ਤਾਂ ਮਨ ਵਿੱਚ ਕਿਸੇ ਪ੍ਰਤੀ ਈਰਖਾ ਨਾ ਹੋਵੇ, ਮਨ ਵਿੱਚ ਚਿੰਤਾ ਨਾ ਹੋਵੇ, ਮਨ ਵਿੱਚ ਕੋਈ ਵਿਚਾਰ ਨਾ ਹੋਵੇ, ਬਿਲਕੁਲ ਸ਼ੁੱਧ ਹਿਰਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਦੱਸੇ ਨਾਮ ਦਾ ਜਾਪੁ ਕਰੋ।”
ਨਾਮਧਾਰੀਆਂ ਦਾ ਨਾਮ ਜਪਣੁ ਦਾ ਪ੍ਰਤੀਕ ਇਹ ਵਿਸ਼ਵ ਪ੍ਰਸਿੱਧ ਜਪੁ ਪ੍ਰਯੋਗ ਇਕ ਭਾਦੋਂ ਤੋਂ ਲੈ ਕੇ 30 ਭਾਦੋਂ ਤੱਕ ਪੂਰਾ ਇੱਕ ਮਹੀਨਾ ਚੱਲਦਾ ਹੈ, ਜਪੁ ਪ੍ਰਯੋਗ ਤੋਂ ਬਾਅਦ ਤਿੰਨ ਦਿਨ ਦਾ ਭਾਰੀ ਸਮਾਗਮ ਹੁੰਦਾ ਹੈ। ਜੋ ਅੱਸੂ ਦੇ ਮੇਲੇ ਦੇ ਨਾਂ ਨਾਲ ਪ੍ਰਸਿੱਧ ਹੈ ।
ਇਸ ਅੱਸੂ ਦੇ ਮੇਲੇ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਵਰ੍ਹੇ ਅਤੇ ਸਤਿਗੁਰੂ ਹਰੀ ਸਿੰਘ ਜੀ ਦੀ ਦੂਸਰੀ ਪ੍ਰਕਾਸ਼ ਸਤਾਬਦੀ ਨੂੰ ਸਮਰਪਿਤ 17 ਅਕਤੂਬਰ ਨੂੰ ਮੇਲੇ ਦਾ ਭੋਗ ਪਵੇਗਾ ਅਤੇ ਸਤਿਗੁਰੂ ਉਦੇ ਸਿੰਘ ਸੰਗਤ ਨੂੰ ਸੰਬੋਧਨ ਕਰਨਗੇ।
ਸੰਪਰਕ: 98768-50680


Comments Off on ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.