ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਸੋਚਣ ਲਈ ਮਜਬੂਰ ਕਰਦੀ ਕਵਿਤਾ

Posted On October - 13 - 2019

ਡਾ. ਸ਼ਰਨਜੀਤ ਕੌਰ

ਜਸਬੀਰ ਸਿੰਘ ਧੀਮਾਨ ਛੇ ਪੁਸਤਕਾਂ ਦਾ ਰਚੇਤਾ ਹੈ। ‘ਮਹਿੰਦੀ ਦੇ ਪੱਤੇ’ 2011 ਮਗਰੋਂ ਹਥਲੀ ਸੰਪਾਦਨਾ ਦੀ ਪੁਸਤਕ ਹੈ ‘ਜੈਸਾ ਰੰਗ ਕਸੁੰਭ ਕਾ’ (ਸੰਪਾਦਕ: ਮਦਨ ਵੀਰਾ; ਕੀਮਤ: 100 ਰੁਪਏ; 5ਆਬ ਪ੍ਰਕਾਸ਼ਨ, ਜਲੰਧਰ) ਜਿਸ ਵਿਚ ਉਸ ਦੀ ਚੋਣਵੀਂ ਕਵਿਤਾ ਸ਼ਾਮਲ ਹੈ। ਸੰਪਾਦਕ ਮਦਨ ਵੀਰਾ ਨੇ ਪ੍ਰੋ. ਕਰਮਜੀਤ ਸਿੰਘ ਵੱਲੋਂ ‘ਧੀਮਾਨ ਸਾਹਿਬ ਦੀ ਰਚਨਾ ਦੀ ਖੋਜ’ ਕਰਦਿਆਂ, ਆਪਣੇ ਇਕ ਵਿਦਿਆਰਥੀ ਕੁਲਦੀਪ ਸਿੰਘ ਤੋਂ ਖੋਜ ਕਾਰਜ ਕਰਵਾਇਆ ਹੈ ਤੇ ਉਸ ਦੀ ਰਚਨਾ ਪੜ੍ਹੀ ਹੈ। ਪੁਸਤਕ ਦੇ ਸ਼ੁਰੂ ਵਿਚ ਦੋ-ਤਿੰਨ ਕੁ ਪੰਨੇ ਮਦਨ ਵੀਰਾ ਵੱਲੋਂ ਜਸਬੀਰ ਸਿੰਘ ਧੀਮਾਨ ਦੀ ਸਾਹਿਤਕ ਰਚਨਾ ’ਤੇ ਲਿਖੇ ਗਏ ਹਨ, ਪਰ ਧੀਮਾਨ ਦੀ ਜੀਵਨ ਰਚਨਾ ਤੇ ਹੋਰ ਕੋਈ ਜਾਣਕਾਰੀ ਨਹੀਂ ਹੈ ਜੋ ਜ਼ਰੂਰੀ ਸੀ। ਉਸ ਦੀਆਂ ਕਵਿਤਾਵਾਂ ਤੋਂ ਪਰਵਾਸੀ ਹੋਣ ਦਾ ਝਾਉਲਾ ਪੈਂਦਾ ਹੈ, ਪਰ ਇਸ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਹੈ।
ਜਸਬੀਰ ਸਿੰਘ ਧੀਮਾਨ ਦੀ ਕਵਿਤਾ ਪ੍ਰਤੱਖ ਤੌਰ ’ਤੇ ਮਨੁੱਖੀ ਅਮਾਨਵੀ ਸੁਰਾਂ, ਜ਼ਿੰਦਗੀ ਦੇ ਕੋਝੇ ਰੂਪ ਤੇ ਮਨੁੱਖੀ ਹੋਂਦ ਦੀ ਗੱਲ ਕਰਦੀ ਹੈ। ਮਨੁੱਖੀ ਹੋਣੀ ਦੀ ਗੱਲ ‘ਡਰ’ ਕਵਿਤਾ ਵਿਚ ਕਰਦਾ ਲਿਖਦਾ ਹੈ:
ਉਨ੍ਹਾਂ ਕੋਲ ਅੱਖਾਂ ਸਨ ਪਰ ਨਾ ਤੱਕਣ ਦਾ ਸਰਾਪ ਨਾਲ ਸੀ
ਉਨ੍ਹਾਂ ਕੋਲ ਜੀਭ ਸੀ ਪਰ ਉਹ ਬੋਲਦੇ ਨਹੀਂ ਸਨ।
ਜੀਭ ਦੇ ਕੱਟੇ ਜਾਣ ਦਾ ਡਰ ਸੀ।
ਭਾਵੇਂ ਜਸਬੀਰ ਸਿੰਘ ਧੀਮਾਨ ਨੇ ਸਮਕਾਲੀ ਕਵਿਤਾ ਘੱਟ ਲਿਖੀ, ਪਰ ਇਸ ਕਵਿਤਾ ਵਿਚ ਅਜੋਕੇ ਸਮਕਾਲ ਦੀਆਂ ਤਲਖ਼ ਹਕੀਕਤਾਂ ਦਾ ‘ਸੱਚ’ ਨਜ਼ਰੀਂ ਪੈਂਦਾ ਹੈ, ਜਦੋਂ ਉਹ ‘ਜੰਗ’ ਦੇ ਡਰ ਦੀ ਗੱਲ ਕਰਦਾ ਹੈ:
ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ-
ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ
ਉਹ ਕਿਵੇਂ ਸੌਂ ਸਕਦੇ ਹਨ,
ਉਨ੍ਹਾਂ ਨੇ ਤਾਂ ਮਹਿਜ਼ ਆਪਣੀਆਂ ਅੱਖਾਂ ਮੀਟੀਆਂ ਹਨ।
ਕਾਫ਼ੀ ਕਵਿਤਾਵਾਂ ਵਿਚ ਧੀਮਾਨ ਨੇ ਆਪਣੀ ਜਨਮ ਭੋਇੰ ਤੋਂ ਦੂਰੀ ਦੀ ਗੱਲ ਕੀਤੀ ਹੈ:
ਜਦ ਹੁਣ ਜਨਮ ਭੌਂ ਤੋਂ ਦੂਰ, ਇਕਲਾਪੇ ਦੀ ਜਕੜ ’ਚ ਆਇਆ
ਯਾਦ ਕਰਦਾ ਹਾਂ ਆਪਣੀ ਜਨਮ ਭੌਂ ਨੂੰ, ਉਥੇ ਗੁਜ਼ਾਰੇ ਸਮੇਂ ਨੂੰ
ਮੇਰੀਆਂ ਅੱਖਾਂ ਭਿੱਜ ਜਾਂਦੀਆਂ, ਉੱਡ ਕੇ ਪਹੁੰਚ ਜਾਣਾ ਚਾਹਾਂ ਉਸ ਭੌਂ ਤੇ ਜਸਬੀਰ ਸਿੰਘ ਧੀਮਾਨ ਦੀ ਬਹੁਤੀ ਕਵਿਤਾ ਅਹਿਸਾਸਾਂ ਦੀ, ਵਧੀਆ ਸੋਚਣੀ ਦੀ ਕਵਿਤਾ ਹੈ। ਜ਼ਿੰਦਗੀ 2 ਵਿਚ ਉਹ ਲਿਖਦਾ ਹੈ:
ਘਰ ਦੇ ਪਿਛਵਾੜੇ ਰਾਤ ਭਰ- ਕੁੱਤਾ ਰੋਂਦਾ ਰਿਹਾ
ਸਵੇਰ ਹੁੰਦਿਆਂ ਸਾਰ- ਘਰ ਦੇ ਬਨ੍ਹੇਰੇ ’ਤੇ- ਕਾਂ ਆ ਬੈਠਾ।
ਰਾਤ ਇਸ ਘਰ ਦਾ ਬਜ਼ੁਰਗ- ਇਸ ਘਰ ਨੂੰ ਸਦੀਵੀ ਅਲਵਿਦਾ ਕਹਿ ਗਿਆ।
ਤੜਕਸਾਰ- ਇਸ ਪਰਿਵਾਰ ਦੀ ਫੁਲਵਾੜੀ ਵਿਚ- ਇਕ ਨਵਾਂ ਫੁੱਲ ਖਿੜਿਆ
ਜ਼ਿੰਦਗੀ ਸੋਗ ਤੇ ਖੁਸ਼ੀ ਵਿਚਕਾਰ ਖਲੋਤੀ ਮੁਸਕਰਾਉਂਦੀ ਰਹੀ
ਉਸ ਦੀ ਸਾਰੀ ਕਵਿਤਾ ਖੁੱਲ੍ਹੀ ਕਵਿਤਾ ਹੈ। ਖੁੱਲ੍ਹੀ ਕਵਿਤਾ ਹੁੰਦਿਆਂ ਵੀ ਕਵਿਤਾ ਵਿਚਲੇ ਵਧੀਆ ਸੋਚਾਂ ਤੇ ਜਜ਼ਬਾਤ ਕਵਿਤਾ ਨੂੰ ਸੁਹਜ ਦਿੰਦੇ ਸੁਰ ਤਾਲ ਲੈਅ ਦਿੰਦੇ ਹਨ। ਅਜੋਕੀ ਕਵਿਤਾ ਸੰਗ ਖਹਿੰਦਿਆਂ ਉਹ ਕਈ ਥਾਈਂ ਲਿਖਦਾ ਹੈ ਕਿ ਹੁਣ ਅਸੀਂ ਸਹਿਜ ਨਹੀਂ ਰਹੇ:
ਅਸੀਂ ਆਪਣੇ ਆਪ ਨਾਲ- ਸੰਵਾਦ ਕਰਦੇ ਵੀ- ਸਹਿਜ ਨਹੀਂ ਰਹਿੰਦੇ
ਜਦੋਂ ਉਹ ਅਜੋਕੀ ਤਬਦੀਲੀ ਨੂੰ ਸਮਝਦਾ ਕਹਿੰਦਾ ਹੈ ਕਿ ਅਸੀਂ ਸਹਿਜ ਨਹੀਂ ਰਹੇ ਤਾਂ ਉਸ ਦੇ ਅੰਦਰ ਕਈ ਸਵਾਲ ਉਭਰਦੇ ਹਨ।
* ਅਸੀਂ ਨਵੀਂ ਪੌਦ ਲਈ ਲੋਰੀਆਂ ਕਿਉਂ ਨਹੀਂ ਸਿਰਜ ਰਹੇ?
* ਸੂਰਜ ਦੀ ਆਮਦ ਦਾ ਸੰਸਾਰ ਨੂੰ ਕਿਵੇਂ ਪਤਾ
ਲੱਗ ਜਾਂਦਾ ਹੈ?
*ਜਦੋਂ ਕਵੀ ਸਿਫ਼ਾਰਸ਼ੀ ਸਨਮਾਨ ਨਾਲ ਆਪਣਾ
ਕੱਦ ਵਧਾਉਣਾ ਚਾਹੇ
ਉਦੋਂ ਕਵਿਤਾ ਕੀ ਸੋਚਦੀ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਧੀਮਾਨ ਦੀ ਕਵਿਤਾ ਵਿਚ ਬਹੁਤ ਕੁਝ ਸੋਚਣ ਵਾਲਾ ਹੈ। ਮਦਨ ਵੀਰਾ ਨੇ ਸੰਪਾਦਕੀ ਕਰਕੇ ਵੱਡਾ ਕੰਮ ਕੀਤਾ ਹੈ ਤੇ ਵਧੀਆ ਕਵਿਤਾ ਪਾਠਕਾਂ ਤਕ ਪਹੁੰਚਾਈ ਹੈ।


Comments Off on ਸੋਚਣ ਲਈ ਮਜਬੂਰ ਕਰਦੀ ਕਵਿਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.