ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਸਿੱਖੀ ’ਚ ਬੀਬੀਆਂ ਦਾ ਯੋਗਦਾਨ

Posted On October - 9 - 2019

ਡਾ. ਨਰਿੰਦਰ ਕੌਰ

ਮਾਤਾ ਖੀਵੀ ਜੀ

ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਨਾਲ ਜੁੜਿਆ ਹੈ। ਉਹ ਬੇਬੇ ਨਾਨਕੀ ਹੀ ਸੀ, ਜਿਸ ਨੇ ਆਪਣੇ ਵੀਰ ਵਿਚ ਪੀਰ ਵੇਖਿਆ। ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਦੇ ਮਹਿਲ ਮਾਤਾ ਖੀਵੀ ਜੀ ਨੇ ਗੁਰੂ ਨਾਨਕ ਦੀ ਲੰਗਰ ਪਰੰਪਰਾ ਨੂੰ ਅੱਗੇ ਵਧਾਇਆ ਅਤੇ ਬੀਬੀਆਂ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਮਾਤਾ ਜੀ ਲੰਗਰ ਦੀ ਸੇਵਾ ਕਰਦੇ। ਇਸੇ ਲਈ ਲੰਗਰ ਉਨ੍ਹਾਂ ਦੇ ਨਾਂ ਮਾਤਾ ਖੀਵੀ ਦਾ ਲੰਗਰ ਨਾਲ ਜਾਣਿਆ ਜਾਂਦਾ ਹੈ। 16ਵੀਂ ਸਦੀ ਵਿਚ ਜਦੋਂ ਭਾਰਤ ਵਿਚ ਇਸਤਰੀਆਂ ਘਰ ਤੋਂ ਬਾਹਰ ਜਾ ਕੇ ਕੰਮ ਨਹੀਂ ਸਨ ਕਰ ਸਕਦੀਆਂ ਉਦੋਂ ਮਾਤਾ ਜੀ ਘਰੋਂ ਬਾਹਰ ਲੰਗਰ ਦੀ ਸੇਵਾ ਨਿਭਾਉਂਦੇ, ਜੋ ਸਿੱਖ ਧਰਮ ਵਿਚ ਇਸਤਰੀ ਅਤੇ ਪੁਰਸ਼ ਨੂੰ ਬਰਾਬਰ ਦਾ ਦਰਜਾ ਦੇਣ ਦਾ ਸਬੂਤ ਵੀ ਸੀ। ਗੁਰੂ ਅੰਗਦ ਦੇਵ ਦੀ ਬੇਟੀ ਬੀਬੀ ਅਮਰੋ ਵੀ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਸਨ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਲਈ ਬਾਈ ਮੰਜੀਆਂ ਥਾਪੀਆਂ, ਜਿਨ੍ਹਾਂ ’ਚੋਂ ਇੱਕ ਮੰਜੀ ਬੀਬੀ ਅਮਰੋ ਜੀ ਨੂੰ ਸੌਂਪੀ, ਜਿਸ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ। ਗੁਰੂ ਅਮਰਦਾਸ ਨੇ ਪਰਦਾ-ਪ੍ਰਥਾ ਅਤੇ ਸਤੀ-ਪ੍ਰਥਾ ਦਾ ਵਿਰੋਧ ਕੀਤਾ ਅਤੇ ਕਈ ਬੀਬੀਆਂ ਨੂੰ ਧਰਮ ਪ੍ਰਚਾਰ ਦੀ ਸੇਵਾ ’ਤੇ ਲਾਇਆ। ਮਾਤਾ ਗੁਜਰੀ ਜੀ ਦੀ ਨਿਡਰਤਾ, ਹੌਂਸਲਾ, ਸੀਲ-ਸੰਜਮ ਅਤੇ ਸਿੱਖਿਆਵਾਂ ਸਦਕਾ ਹੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੇ ਜਨਮ ਲਿਆ, ਜਿਸ ਨੇ ਸੰਪੂਰਣ ਵਿਸ਼ਵ ਵਿਚ ਮਿਸਾਲ ਕਾਇਮ ਕਰ ਦਿੱਤੀ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿਚ ਵੀਰਤਾ ਨੂੰ ਜਗਾ ਦਿੱਤਾ. ਜਿਸ ਸਦਕਾ ਖਾਲਸਾ ਰਾਜ ਸਥਾਪਿਤ ਹੋਇਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸਾ ਪੰਥ ਸਾਜਿਆ ਉਦੋਂ ਮਾਤਾ ਜੀਤੋ ਜੀ ਨੇ ਅੰਮ੍ਰਿਤ ਦੇ ਬਾਟੇ ਵਿਚ ਪਤਾਸੇ ਪਾ ਕੇ ਆਪਣਾ ਯੋਗਦਾਨ ਪਾਇਆ। ਇਹ ਹੀ ਨਹੀਂ ਮਾਤਾ ਸੁੰਦਰੀ ਜੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਤਕਰੀਬਨ 40 ਸਾਲ ਸਮੇਂ-ਸਮੇਂ ’ਤੇ ਫਰਮਾਨ ਜਾਰੀ ਕਰਦੇ ਰਹੇ, ਜਿਸ ਨੂੰ ਸਾਰਾ ਖਾਲਸਾ ਪੰਥ ਸਵੀਕਾਰ ਕਰਦਾ। ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਲਿਖਤਾਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਛਪਵਾਇਆ ਤੇ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਿਆ। ਉਨ੍ਹਾਂ ਆਪਣੀ ਮੋਹਰ ਵੀ ਬਣਵਾਈ, ਜਿਸ ਦੁਆਰਾ ਉਹ ਸਿੱਖ ਫੌਜਾਂ ਨੂੰ ਹੁਕਮ ਜਾਰੀ ਕਰਦੇ। ਮਾਤਾ ਭਾਗ ਕੌਰ ਪਹਿਲੀ ਸਿੱਖ ਇਸਤਰੀ ਸਨ, ਜਿਨ੍ਹਾਂ ਨੇ ਜੰਗ ਵਿਚ ਹਿੱਸਾ ਲਿਆ। ਪਹਿਲਾਂ ਉਨ੍ਹਾਂ ਨੇ ਸਿੰਘਾਂ ਨੂੰ ਪ੍ਰੇਰਿਆ ਅਤੇ ਫਿਰ ਆਪ ਗੁਰੂ ਸਾਹਿਬ ਨਾਲ ਰਲ ਕੇ ਮੁਗਲਾਂ ਖ਼ਿਲਾਫ਼ ਜੰਗ ਲੜੀ ਅਤੇ ਫ਼ਤਹਿ ਹਾਸਲ ਕੀਤੀ। ਸਿੱਖ ਇਤਿਹਾਸ ਦੀ ਇਸ ਛੋਟੀ ਜਿਹੀ ਝਾਤ ਤੋਂ ਇਲਾਵਾ ਜੇ ਅਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤਾਂ ਅਸੀਂ ਵੇਖਦੇ ਹਾਂ ਕਿ ਸੰਪੂਰਣ ਗੁਰੂ ਗ੍ਰੰਥ ਸਾਹਿਬ ਸਾਨੂੰ ਪੁਰਖ ਅਤੇ ਇਸਤਰੀ ਦੇ ਇੱਕ ਸਮਾਨ ਹੋਣ ਦਾ ਸੰਦੇਸ਼ ਦਿੰਦਾ ਹੈ।
ਅਨੇਕਾਂ ਵਾਰ ਹੀ ਗੁਰੂ ਗ੍ਰੰਥ ਸਾਹਿਬ ਵਿਚ ਇਸਤਰੀ ਅਤੇ ਪੁਰਖ ਦੋਹਾਂ ਨੂੰ ਜੀਵ-ਆਤਮਾ ਰੂਪ ਵਿਚ ਸੰਬੋਧਿਤ ਕਰਦਿਆਂ ਭੈਣੋ, ਸਖੀ, ਸਹੇਲੀ ਆਦਿਕ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ ਅਤੇ ਕੇਵਲ ਪਰਮਾਤਮਾ ਨੂੰ ਹੀ ਪੁਰਖ ਰੂਪ ਜਾਣਿਆ ਗਿਆ ਹੈ। ‘ਆਸਾ ਦੀ ਵਾਰ’ ਵਿਚ ਗੁਰੂ ਨਾਨਕ ਦੇਵ ਨੇ ਸੰਸਾਰ ਦਾ ਸੰਪੂਰਣ ਜੀਵਨ-ਚੱਕਰ ਇਸਤਰੀ ਨਾਲ ਹੀ ਦੱਸਿਆ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ।।
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ।।
(ਗੁਰੂ ਗ੍ਰਥ ਸਾਹਿਬ, ਅੰਗ: 473)

ਮਾਈ ਭਾਗੋ ਜੀ

ਵਿਸ਼ਵ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਕਿ ਇਸਤਰੀ ਅਤੇ ਪੁਰਖ ਨੂੰ ਬਰਾਬਰ ਰੱਖਣ ਲਈ ਦੋਹਾਂ ਨੂੰ ਹੀ ਪੰਜ ਕਕਾਰ ਪੁਆਏ ਗਏ, ਤਾਂ ਜੋ ਇਸਤਰੀ ਆਪਣੀ ਸਰੀਰਕ ਰੱਖਿਆ ਆਪ ਕਰ ਸਕੇ ਅਤੇ ਦੋਹਾਂ ਵਿਚ ਕਿਸੇ ਵੀ ਪ੍ਰਕਾਰ ਦਾ ਭੇਦ ਨਾ ਰੱਖਿਆ ਜਾਵੇ। ਸਿੱਖ ਧਰਮ ਇੱਕ ਅਜਿਹਾ ਧਰਮ ਹੈ, ਜਿਸ ਵਿਚ ਬੀਬੀਆਂ ਨੂੰ ਕੇਵਲ ਮਾਣ-ਸਨਮਾਨ ਹੀ ਨਹੀਂ ਬਲਕਿ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ। ਨਾ ਤਾਂ ਸਿੱਖ ਰਹਿਤ ਮਰਯਾਦਾ ਅਤੇ ਨਾ ਹੀ ਕਿਤੇ ਹੋਰ ਬੀਬੀਆਂ ਨੂੰ ਸਿੰਘਾਂ ਤੋਂ ਵੱਖ ਮੰਨਿਆ ਗਿਆ ਹੈ। ਦੋਨਾਂ ਨੂੰ ਇੱਕੋ ਦ੍ਰਿਸ਼ਟੀ ਨਾਲ ਇੱਕੋ ਜਿਹਾ ਉਪਦੇਸ਼ ਅਤੇ ਆਦੇਸ਼ ਦਿੱਤਾ ਗਿਆ ਹੈ।
ਜੇ ਕੀਰਤਨ ਦੀ ਗੱਲ ਕਰੀਏ ਤਾਂ ਅਜੋਕੇ ਸਮੇਂ ਵਿਚ ਬੀਬੀਆਂ ਵੱਡੇ ਤੋਂ ਵੱਡੇ ਕੀਰਤਨ ਦਰਬਾਰ ਦੀ ਸਟੇਜ ’ਤੇ ਕੀਰਤਨ ਕਰਦੀਆਂ ਹਨ, ਇੱਥੋਂ ਤੱਕ ਕਿ ਗੁਰਦੁਆਰਾ ਦੀਵਾਨ ਹਾਲ, ਮੰਜੀ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਵੀ ਬੀਬੀਆਂ ਕੀਰਤਨ ਕਰਦੀਆਂ ਹਨ। ਅੱਜ ਬੀਬੀਆਂ ਰਾਗਾਂ ਵਿਚ ਕੀਰਤਨ ਕਰਦੀਆਂ ਹਨ। ਬੀਬੀਆਂ ਦੀ ਕੀਰਤਨ ਸਮਰੱਥਾ ਵਿਚ ਕੋਈ ਘਾਟ ਨਹੀਂ। ਕੁੱਝ ਸਮੇਂ ਤੋਂ ਮਾਤਾ ਗੁਜਰੀ ਜੀ ਨੂੰ ਸਮਰਪਿਤ ਬੀਬੀਆਂ ਦੇ ਕੀਰਤਨ ਦਰਬਾਰ ਵੀ ਹੋਣ ਲੱਗ ਪਏ ਹਨ। ਜ਼ਿਆਦਾ ਕੀਰਤਨੀ ਜਥੇ ਭਾਵੇਂ ਮਰਦਾਂ ਦੇ ਹੀ ਰਹੇ ਹਨ ਪਰ ਸਿੱਖ ਧਰਮ ਦਾ ਵਿਰਸਾ ਇਸਤਰੀ ਨੂੰ ਕਿਸੇ ਵੀ ਪੱਖ ਤੋਂ ਘੱਟ ਨਹੀਂ ਮੰਨਦਾ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਿੱਖ ਇਤਹਾਸ ਵਿੱਚ ਜਦੋਂ-ਜਦੋਂ ਵੀ ਲੋੜ ਪਈ ਬੀਬੀਆਂ ਨੇ ਅਗਾਂਹ ਵੱਧ ਕੇ ਅਹਿਮ ਰੋਲ ਅਦਾ ਕੀਤਾ। ਭਾਰਤ ਵਰਗੇ ਦੇਸ਼ ਵਿਚ ਜਿੱਥੇ ਇਸਤਰੀ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਸੀ, ਇੱਥੋਂ ਤੱਕ ਕਿ ਮਾਹਾਂਵਾਰੀ ਵਾਲੇ ਦਿਨਾਂ ਉਸ ਨੂੰ ਅਪਵਿੱਤਰ ਮੰਨਿਆ ਜਾਂਦਾ ਸੀ, ਉਸ ਨੂੰ ਘਰ ਦੇ ਚੌਕੇ ਅਤੇ ਮੰਦਰ ਵਿਚ ਵੜਨ ਦੀ ਇਜਾਜ਼ਤ ਨਹੀਂ ਸੀ, ਉਸ ਵੇਲੇ ਗੁਰੂ ਸਾਹਿਬਾਨ ਨੇ ਇਸਤਰੀ ਦੇ ਦਰਜੇ ਨੂੰ ਉੱਚਾ ਉਠਾਇਆ ਅਤੇ ਆਖਿਆ:
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ।।
ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ।।
ਸੂਚੇ ਏਹਿ ਨ ਆਖੀਅਹਿ ਬਹਿਨ ਜਿ ਪਿੰਡਾ ਧੋਇ ।।
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ।।
(ਗੁਰੂ ਗ੍ਰੰਥ ਸਾਹਿਬ, ਅੰਗ 472)
ਅੱਜ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਪ੍ਰਬੰਧਿਤ ਧਰਮ ਬਣ ਚੁੱਕਿਆ ਹੈ। ਇਸ ਵਿਚ ਬੀਬੀਆਂ ਦਾ ਪੂਰਾ ਯੋਗਦਾਨ ਹੈ। ਸਿੱਖ ਧਰਮ ਦੁਨੀਆਂ ਦੇ ਸਾਹਮਣੇ ਮਿਸਾਲ ਕਾਇਮ ਕਰ ਚੁੱਕਿਆ ਹੈ। ਅੱਜ ਜਦੋਂ ਪੂਰਾ ਵਿਸ਼ਵ ਗੁਰੂ ਨਾਨਕ ਦੇਵ ਦਾ 550 ਸਾਲਾ ਜਨਮ ਦਿਹਾੜਾ ਮਨਾ ਰਿਹਾ ਹੈ, ਮੈਂ ਆਪਣੇ ਇਸ ਲੇਖ ਰਾਹੀਂ ਆਸ ਕਰਦੀ ਹਾਂ ਕਿ ਬੀਬੀਆਂ ਸਿੱਖ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਿੱਖ ਵਿਰਸਾ ਪਹੁੰਚਾਇਆ ਜਾ ਸਕੇ। ਵਿਰਸੇ ਦੀ ਸੰਭਾਲ ਅਤੇ ਪ੍ਰਸਾਰ ਇਕ ਇਸਤਰੀ ਪੁਰਖ ਨਾਲੋਂ ਵਧੇਰੇ ਸਫਲਤਾਪੂਰਵਕ ਢੰਗ ਨਾਲ ਕਰ ਸਕਦੀ ਹੈ।
ਸੰਪਰਕ: 94177-19798


Comments Off on ਸਿੱਖੀ ’ਚ ਬੀਬੀਆਂ ਦਾ ਯੋਗਦਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.