ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਸਿੱਖੀ ਆਨ ਤੇ ਸ਼ਾਨ ਦੀ ਗਾਥਾ…

Posted On October - 14 - 2019

ਸੁਰਿੰਦਰ ਸਿੰਘ ਤੇਜ

ਪੜ੍ਹਦਿਆਂ-ਸੁਣਦਿਆਂ

ਕੌਫੀ ਟੇਬਲ ਪੁਸਤਕਾਂ ਮੁੱਖ ਤੌਰ ’ਤੇ ਕੌਫੀ ਟੇਬਲਾਂ ਦੇ ਸ਼ਿੰਗਾਰ ਲਈ ਹੁੰਦੀਆਂ ਹਨ। ਇਨ੍ਹਾਂ ਉੱਤੇ ਸਿਰਫ਼ ਨਜ਼ਰ ਮਾਰੀ ਜਾਂਦੀ ਹੈ; ਤਸਵੀਰਾਂ ਦੀ ਭਰਮਾਰ ਕਾਰਨ ਪੜ੍ਹਨ ਲਈ ਬਹੁਤਾ ਕੁਝ ਨਹੀਂ ਹੁੰਦਾ। ਤਸਵੀਰਾਂ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ, ਉਹ ਵੀ ਸਰਸਰੀ ਕਿਸਮ ਦੀ ਹੁੰਦੀ ਹੈ। ‘ਸਿੱਖ ਹੈਰੀਟੇਜ: ਏ ਹਿਸਟਰੀ ਆਫ ਵੇਲਰ ਐਂਡ ਡਿਵੋਸ਼ਨ’ (ਸਿੱਖ ਵਿਰਾਸਤ: ਸੂਰਮਗਤੀ ਤੇ ਸ਼ਰਧਾ ਦਾ ਇਤਿਹਾਸ; ਰੋਲੀ ਬੁੱਕਸ; 216 ਪੰਨੇ, 2495 ਰੁਪਏ) ਮੁਹਾਂਦਰੇ ਪੱਖੋਂ ਤਾਂ ਕੌਫੀ ਟੇਬਲ ਪੁਸਤਕ ਹੈ, ਪਰ ਸੁਭਾਅ ਪੱਖੋਂ ਕੁਝ ਵੱਖਰੀ ਹੈ। ਇਹ ਤਸਵੀਰਾਂ ਦੇ ਨਾਲ ਨਾਲ ਆਪਣੇ ਵਿਸ਼ੇ ਬਾਰੇ ਨਿੱਗਰ ਜਾਣਕਾਰੀ ਨਾਲ ਲੈਸ ਹੈ। ਪੁਸਤਕ ਦਾ ਲੇਖਕ ਰਿਸ਼ੀ ਸਿੰਘ ਕੌਮਾਂਤਰੀ ਪੱਧਰ ਦਾ ਸਿੱਖ ਵਿਦਵਾਨ ਤੇ ਅਕਾਦਮੀਸ਼ਨ ਹੈ। ਉਹ ਪੰਜਾਬੀ ਤੇ ਅੰਗਰੇਜ਼ੀ ਤੋਂ ਇਲਾਵਾ ਫ਼ਾਰਸੀ, ਹਿੰਦੀ ਤੇ ਉਰਦੂ ਦਾ ਵੀ ਗਿਆਤਾ ਹੈ। ਇਹ ਬਹੁਭਾਸ਼ਾਈ ਮੁਹਾਰਤ ਉਸ ਦੀ ਲੇਖਣੀ ਦੀ ਜਿੰਦ-ਜਾਨ ਹੈ। ਸਿੱਖ ਵਿਰਸੇ ਦੀ ਸੁਹਜ-ਸੰਭਾਲ ਨਾਲ ਸਬੰਧਤ ਪ੍ਰਾਜੈਕਟਾਂ ਨਾਲ ਜੁੜਿਆ ਹੋਣਾ ਵੀ ਉਸ ਦੀ ਲੇਖਣੀ ਵਿਚੋਂ ਝਲਕਦਾ ਹੈ। ਅੰਗਰੇਜ਼ੀ ਸ਼ਬਦਾਂ ਦੀ ਸਹੀ ਚੋਣ ਅਤੇ ਸਿੱਖ ਬਿੰਬਾਵਲੀ ਦੀ ਸਹੀ ਵਿਆਖਿਆ ਇਸ ਪੁਸਤਕ ਨੂੰ ਅਕਾਦਮਿਕ ਪੁਖ਼ਤਗੀ ਬਖ਼ਸ਼ਦੀ ਹੈ।
ਤਸਵੀਰਾਂ ਉੱਘੇ ਫੋਟੋ ਕਲਾਕਾਰ ਸੰਦੀਪ ਸ਼ੰਕਰ ਦੀਆਂ ਹਨ। ਸੰਦੀਪ ਬੰਗਾਲੀ ਹੈ, ਪਰ ਪੰਜਾਬ ਦੇ ਸਿੱਖ ਭਾਈਚਾਰੇ ਨਾਲ ਉਸ ਦਾ ਮੋਹ ਚਾਰ ਦਹਾਕਿਆਂ ਤੋਂ ਵੀ ਪੁਰਾਣਾ ਹੈ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਉਸ ਦੀਆਂ ਜਿਹੜੀਆਂ ਤਸਵੀਰਾਂ ਕੋਲਕਾਤਾ ਦੇ ਅੰਗਰੇਜ਼ੀ ਅਖ਼ਬਾਰ ‘ਦਿ ਟੈਲੀਗ੍ਰਾਫ’ ਵਿਚ ਛਪਦੀਆਂ ਰਹੀਆਂ ਸਨ, ਉਹ ਸੰਵੇਦਨਾਵਾਂ ਨੂੰ ਸਜੀਵ ਰੂਪ ਵਿਚ ਪੇਸ਼ ਕਰਨ ਦੀ ਕਲਾ ਦਾ ਪ੍ਰਮਾਣ ਸਨ। ਪੁਸਤਕ ਵਿਚਲੀਆਂ ਤਸਵੀਰਾਂ ਵਿਚ ਵੀ ਇਹੋ ਬਾਰੀਕਬੀਨੀ ਭਰਪੂਰ ਮਿਕਦਾਰ ਵਿਚ ਮੌਜੂਦ ਹੈ।
ਕਿਤਾਬ ਸਿੱਖ ਮਤ ਦੇ ਜਨਮ ਤੋਂ ਲੈ ਕੇ ਹੁਣ ਤਕ ਦੇ ਵਿਕਾਸ-ਵਿਗਾਸ ਦੀ ਗਾਥਾ ਤਸਵੀਰਾਂ ਦੀ ਮਦਦ ਨਾਲ ਪੇਸ਼ ਕਰਦੀ ਹੈ। ਮੁੱਖ ਬੰਦ ਤੇ ਭੂਮਿਕਾ ਤੋਂ ਇਲਾਵਾ ਇਸ ਦੇ ਚਾਰ ਅਧਿਆਇ ਹਨ। ਪਹਿਲਾ ਸਿੱਖ ਮਤ ਦੀ ਪੈਦਾਇਸ਼ ਤੇ ਉਭਾਰ ਬਾਰੇ ਹੈ; ਦੂਜਾ ਹਰਿਮੰਦਰ ਸਾਹਿਬ ਉਤੇ ਕੇਂਦ੍ਰਿਤ ਹੈ; ਤੀਜਾ ਤਖ਼ਤਾਂ ਦੇ ਇਤਿਹਾਸ ਤੇ ਮਹੱਤਵ ਨੂੰ ਬਿਆਨ ਕਰਦਾ ਹੈ ਅਤੇ ਚੌਥਾ ਕਿਲ੍ਹਿਆਂ ਤੇ ਗੜ੍ਹੀਆਂ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਾ ਹੈ। ਅਖੀਰ ਵਿਚ ਭਾਰਤ-ਪਾਕਿਸਤਾਨ ਅੰਦਰਲੇ ਅਹਿਮ ਗੁਰ-ਅਸਥਾਨਾਂ ਬਾਬਤ ਵੀ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ ਹੈ।
ਪੁਸਤਕ ਦੀ ਭੂਮਿਕਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲਿਖੀ ਹੈ। ਇਹ ਸਿੱਖੀ ਦੇ ਉਦਗਮ, ਵਿਕਾਸ ਤੇ ਵਿਗਾਸ ਦਾ ਤੱਤ-ਸਾਰ ਪੇਸ਼ ਕਰਦੀ ਹੈ। ਭਾਰਤ ਵਿਚ ਇਸਲਾਮੀ ਹੁਕਮਰਾਨੀ ਦੀ ਆਮਦ ਤੇ ਇਸਲਾਮ ਦੇ ਪ੍ਰਸਾਰ ਤੋਂ ਹਿੰਦੂ ਮਤ ਨੂੰ ਉਪਜੀਆਂ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਇਹ ਭਗਤੀ ਲਹਿਰ ਦੇ ਉਭਾਰ ਦਾ ਜ਼ਿਕਰ ਕਰਦੀ ਹੈ। ਸ੍ਰੀ ਰਾਮਾਨੁਜ ਤੇ ਆਦਿ ਸ਼ੰਕਰਾਚਾਰੀਆ ਦੇ ਯਤਨਾਂ ਸਦਕਾ ਦੱਖਣ ਤੋਂ ਉੱਤਰ ਵੱਲ ਨੂੰ ਆਈ ਇਸ ਲਹਿਰ ਨੇ ਜਿੱਥੇ ਹਿੰਦੂ ਵਰਣ-ਵਿਵਸਥਾ ਨੂੰ ਖੋਰਾ ਲਾਇਆ, ਉੱਥੇ ਇਸਲਾਮ ਦੇ ਸਮਨੈਅਵਾਦੀ ਸਰੂਪ, ਖ਼ਾਸ ਕਰਕੇ ਸੂਫ਼ੀਵਾਦ ਦੇ ਹਿੰਦੋਸਤਾਨੀ ਧਰਤੀ ’ਤੇ ਪਨਪਣ-ਵਿਗਸਣ ਦਾ ਮੈਦਾਨ ਵੀ ਤਿਆਰ ਕੀਤਾ। ਇਹੋ ਲਿਖਤ ਇਹ ਵੀ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਦੇ ਆਗਮਨ ਸਮੇਂ ਤਕ ਭਗਤੀ ਲਹਿਰ ਆਪਣਾ ਜਲੌਅ ਗੁਆ ਚੁੱਕੀ ਸੀ। ਹਿੰਦੂ ਸਮਾਜ ਕਰਮ-ਕਾਂਡੀ ਰਾਹ ’ਤੇ ਪਰਤ ਗਿਆ ਸੀ ਅਤੇ ਇਸਲਾਮ ਵੀ ਮੁਤੱਸਬ ਤੇ ਤੁਅੱਸਬ ਦੇ ਰਸਤੇ ਪੈ ਚੁੱਕਾ ਸੀ। ਅਜਿਹੇ ਆਲਮ ਵਿਚ ਗੁਰੂ ਨਾਨਕ ਦੇਵ ਨੇ ‘ਨਾ ਕੋ ਹਿੰਦੂ, ਨਾ ਮੁਸਲਮਾਨ’ ਦੇ ਨਾਅਰੇ ਰਾਹੀਂ ਧਰਮ ਦੀ ਥਾਂ ਇਨਸਾਨੀਅਤ ਨੂੰ ਤਰਜੀਹ ਦਾ ਪੈਗ਼ਾਮ ਦੁਨੀਆਂ ਨੂੰ ਦਿੱਤਾ। ‘ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ’ ਦਾ ਮੂਲ-ਮੰਤਰ ਇਸੇ ਪੈਗ਼ਾਮ ਦਾ ਹਿੱਸਾ ਸੀ। ਇਸੇ ਮੂਲ-ਮੰਤਰ ਸਦਕਾ ਕਿਰਤ ਤੇ ਸੇਵਾ ਦੇ ਸੰਕਲਪ, ਨਾਨਕ ਨਾਮਲੇਵੀਆਂ ਦੇ ਵਜੂਦ ਦਾ ਹਿੱਸਾ ਬਣੇ। ਇਨ੍ਹਾਂ ਸੰਕਲਪਾਂ ਤੇ ਅਕੀਦਿਆਂ ਦੀ ਬਦੌਲਤ ਹੀ ਅੱਜ ਸਿੱਖ ਭਾਈਚਾਰਾ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਪ੍ਰਭਾਵਕਾਰੀ ਧਾਰਮਿਕ ਭਾਈਚਾਰਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ।
* * *
ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਵੱਖ ਵੱਖ ਪ੍ਰਕਾਸ਼ਨਾਵਾਂ ਵਿਚ ਪੜ੍ਹੀਆਂ ਰਚਨਾਵਾਂ ਤੋਂ ਇਹ ਪ੍ਰਭਾਵ ਪਕੇਰਾ ਹੋਇਆ ਕਿ ਜੱਗ ਚਾਨਣ ਕਰਨ ਵਾਲਿਆਂ ਵਿਚੋਂ ਬਹੁਤਿਆਂ ਦੇ ਆਪਣੇ ਘਰਾਂ ਦੇ ਚਿਰਾਗ਼ ਰੌਸ਼ਨ ਨਹੀਂ ਹੁੰਦੇ। ਮਹਾਤਮਾ ਦੇ ਚੌਹਾਂ ਪੁੱਤਰਾਂ- ਹਰੀਲਾਲ, ਮਣੀਲਾਲ, ਰਾਮਦਾਸ ਤੇ ਦੇਵਦਾਸ ਵਿਚੋਂ ਕੋਈ ਵੀ ਆਪਣੇ ਪਿਤਾ ਦਾ ਖੁੱਲ੍ਹ ਕੇ ਪ੍ਰਸੰਸਕ ਨਹੀਂ ਰਿਹਾ। ਚੌਹਾਂ ਨੇ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ’ਤੇ ਮਹਾਤਮਾ ਖ਼ਿਲਾਫ਼ ਬਗ਼ਾਵਤ ਕੀਤੀ; ਉਸ ਉੱਤੇ ਪਿਤਾ ਵਾਲਾ ਧਰਮ ਨਾ ਨਿਭਾਉਣ ਅਤੇ ਤਾਨਾਸ਼ਾਹਾਂ ਵਾਂਗ ਪੇਸ਼ ਆਉਣ ਦੇ ਦੋਸ਼ ਲਾਏ। ਹਰੀਲਾਲ ਤੇ ਮਣੀਲਾਲ ਤਾਂ ਮਹਾਤਮਾ ਨੂੰ ‘ਬਾ’ (ਕਸਤੂਰਬਾ ਗਾਂਧੀ) ਨਾਲ ਜ਼ਿਆਦਤੀਆਂ ਦਾ ਦੋਸ਼ੀ ਵੀ ਦੱਸਦੇ ਰਹੇ। ਚੌਹਾਂ ਨੇ ਪਿਤਾ ਦਾ ਅਨੁਸਰਣ ਕਰਦਿਆਂ ਸਤਿਆਗ੍ਰਹਿਆਂ ਵਿਚ ਹਿੱਸਾ ਲਿਆ, ਜੇਲ੍ਹਾਂ ਕੱਟੀਆਂ, ਗ਼ੁਰਬਤ ਹੰਢਾਈ, ਪਰ ਅੰਤ ਪਿਤਾ ਦੀ ਅਸੂਲਪ੍ਰਸਤੀ ਖ਼ਿਲਾਫ਼ ਵਿਦਰੋਹ ਕਰਦਿਆਂ ਪੱਛਮੀ ਤਰਜ਼ ਦੀ ਸਿੱਖਿਆ ਤੇ ਜੀਵਨ ਸ਼ੈਲੀ ਅਪਨਾਉਣੀ ਵਾਜਬ ਸਮਝੀ। ਹਰੀਲਾਲ ਨੇ ਤਾਂ ਪਹਿਲਾਂ 1906 ਤੇ ਫਿਰ 1911 ਵਿਚ ਪਿਤਾ ਨਾਲੋਂ ਨਾਤਾ ਤੋੜਿਆ, ਫਿਰ ਬਗ਼ਾਵਤ ਵਜੋਂ ਇਸਲਾਮ ਧਾਰਨ ਕਰਕੇ ਆਪਣਾ ਨਾਮ ਅਬਦੁੱਲਾ ਗਾਂਧੀ ਰੱਖ ਲਿਆ। ਚੰਦ ਮਹੀਨਿਆਂ ਬਾਅਦ ਮਾਂ ਦਾ ਆਖਾ ਮੰਨ ਕੇ ਭਾਵੇਂ ਉਸ ਨੇ ਆਰੀਆ ਸਮਾਜ ਰਾਹੀਂ ‘ਘਰ ਵਾਪਸੀ’ ਕਰਦਿਆਂ ਹੀਰਾਲਾਲ ਦੇ ਨਾਮ ਹੇਠ ਹਿੰਦੂ ਜਾਮਾ ਮੁੜ ਅਖ਼ਤਿਆਰ ਕਰ ਲਿਆ, ਪਰ ਪਿਤਾ ਦੇ ਘਰ ਕਦੇ ਨਹੀਂ ਪਰਤਿਆ।
ਉਸ ਵੱਲੋਂ 31 ਮਾਰਚ 1915 ਨੂੰ ਪਿਤਾ ਦੇ ਨਾਮ ਲਿਖਿਆ ਗਿਆ ਬਾਰ੍ਹਾਂ ਸਫ਼ਿਆਂ ਦਾ ਖ਼ਤ ‘‘ਗਾਂਧੀ: ਐਨ ਇਲਸਟ੍ਰੇਟਿਡ ਬਾਇਗ੍ਰੈਫੀ’’ (ਰੋਲੀ ਬੁੱਕਸ) ਦਾ ਹਿੱਸਾ ਹੈ। ਇਹੋ ਖ਼ਤ, ਜੋ ਅੰਗਰੇਜ਼ੀ ਹਫ਼ਤਾਵਾਰੀ ‘ਆਊਟਲੁੱਕ’ (7 ਅਕਤੂਬਰ) ਨੇ ਪ੍ਰਕਾਸ਼ਿਤ ਕੀਤਾ ਹੈ, ਦਰਸਾਉਂਦਾ ਹੈ ਕਿ ਹਰੀਲਾਲ ਦੇ ਮਨ ਵਿਚ ਪਿਤਾ ਪ੍ਰਤੀ ਕਿੰਨੇ ਗਿਲੇ-ਸ਼ਿਕਵੇ ਸਨ। ਉਸ ਨੂੰ ਪਿਤਾ ਦੀ ਅਸੂਲਪ੍ਰਸਤੀ ਪਿੱਛੇ ਦੰਭ ਨਜ਼ਰ ਆਉਂਦਾ ਸੀ। ਉਸ ਦਾ ਮੁੱਖ ਸ਼ਿਕਵਾ ਸੀ ਕਿ ਪਿਤਾ ਨੇ ਆਪਣੇ ਦੰਭ ਦੀ ਖ਼ਾਤਿਰ ਚੌਹਾਂ ਪੁੱਤਰਾਂ ਦਾ ਜੀਵਨ ਦਾਅ ’ਤੇ ਲਾ ਦਿੱਤਾ।
ਹਰੀਲਾਲ, ਮਹਾਤਮਾ ਗਾਂਧੀ ਦੇ ਸਸਕਾਰ ਸਮੇਂ (ਹੁਣ ਵਾਲੇ) ਸ਼ਾਂਤੀ ਵਨ ਪਹੁੰਚਿਆ ਸੀ, ਪਰ ਉਸ ਸਮੇਂ ਉਹ ਨਸ਼ੇ ’ਚ ਏਨਾ ਜ਼ਿਆਦਾ ਧੁੱਤ ਸੀ ਕਿ ਕਿਸੇ ਨੇ ਉਸ ਨੂੰ ਪਛਾਣਿਆ ਹੀ ਨਹੀਂ। ਪਿਤਾ ਦੀ ਚਿਤਾ ਨੂੰ ਅੱਗ ਸਭ ਤੋਂ ਛੋਟੇ ਬੇਟੇ ਦੇਵਦਾਸ ਨੇ ਦਿਖਾਈ। ਕੌਮੀ ਆਜ਼ਾਦੀ ਤੋਂ ਕੁਝ ਸਮਾਂ ਬਾਅਦ ਦੇਵਦਾਸ ਗਾਂਧੀ ‘ਹਿੰਦੁਸਤਾਨ ਟਾਈਮਜ਼’ ਦਾ ਸੰਪਾਦਕ ਰਿਹਾ। ਬਤੌਰ ਸੰਪਾਦਕ ਉਸ ਦਾ ਜੋ ਕਾਰ-ਵਿਹਾਰ ਰਿਹਾ, ਉਸ ਦਾ ਕਿੱਸਾ ਨਾਮਵਰ ਪੱਤਰਕਾਰ ਐੱਸ. ਮੁਲਗਾਓਂਕਰ ਦੀ ਆਤਮ-ਕਥਾ ਦਾ ਹਿੱਸਾ ਹੈ।
ਮਹਾਤਮਾ ਦੇ ਫ਼ਲਸਫ਼ੇ ਅਤੇ ਅਸੂਲਪ੍ਰਸਤੀ ਨੂੰ ਪੁੱਤਰਾਂ ਨਾਲੋਂ ਪਰਿਵਾਰ ਦੀ ਤੀਜੀ-ਚੌਥੀ ਪੀੜ੍ਹੀ (ਮਨੂ ਗਾਂਧੀ, ਰਾਜਮੋਹਨ ਗਾਂਧੀ, ਗੋਪਾਲ ਕ੍ਰਿਸ਼ਨ ਗਾਂਧੀ, ਤੁਸ਼ਾਰ ਅਰੁਨ ਗਾਂਧੀ ਤੇ ਤਾਰਾ ਭੱਟਾਚਾਰੀਆ-ਗਾਂਧੀ) ਪਾਸੋਂ ਵੱਧ ਮਾਨਤਾ ਮਿਲੀ। ਅਜਿਹਾ ਸ਼ਾਇਦ ਇਸ ਕਰਕੇ ਹੋਇਆ ਕਿਉਂਕਿ ਇਨ੍ਹਾਂ ਪੀੜ੍ਹੀਆਂ ਨੂੰ ਉਨ੍ਹਾਂ ਕਸ਼ਟਾਂ ਤੇ ਥੁੜ੍ਹਾਂ ਨਾਲ ਨਹੀਂ ਜੂਝਣਾ ਪਿਆ ਜੋ ਮਹਾਤਮਾ ਦੀ ਅਸੂਲਪ੍ਰਸਤੀ ਕਾਰਨ ਉਸ ਦੀ ਪਤਨੀ ਤੇ ਪੁੱਤਰਾਂ ਦੀ ਜ਼ਿੰਦਗੀ ਦਾ ਅੰਗ ਰਹੀਆਂ।
* * *
ਇਸ ਕਾਲਮ ਵਿਚ ਅਮੂਮਨ ਨਵ-ਪ੍ਰਕਾਸ਼ਿਤ ਕਿਤਾਬਾਂ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ, ਪਰ ਕਈ ਵਾਰ ਕੋਈ ਕਿਤਾਬ ਅਜਿਹੀ ਵੀ ਹੱਥ ਲੱਗ ਜਾਂਦੀ ਹੈ ਜੋ ਇਹ ਨੇਮ ਤੋੜਨ ਲਈ ਮਜਬੂਰ ਕਰਦੀ ਹੈ। ਡਾ. ਯੋਗਰਾਜ ਦੀ 2016 ਵਿਚ ਛਪੀ ਕਿਤਾਬ ‘ਚੇਤਨਾ ਦਾ ਉਕਾਬ: ਭਰਥਰੀ’ (ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ; 280 ਰੁਪਏ) ਇਸੇ ਸ਼੍ਰੇਣੀ ਵਿਚ ਆਉਂਦੀ ਹੈ। ਭਰਥਰੀ ਰਾਜੇ ਦੇ ਤਿਆਗ ਦਾ ਜ਼ਿਕਰ ਗੁਰਬਾਣੀ ਵਿਚ ਵੀ ਆਉਂਦਾ ਹੈ ਅਤੇ ਲੋਕ ਕਥਾਵਾਂ ਵਿਚ ਵੀ। ਅਸਲ ਕਿੱਸਾ ਕੀ ਸੀ, ਡਾ. ਯੋਗਰਾਜ ਨੇ ਆਪਣੀ ਕਿਤਾਬ ਰਾਹੀਂ ਇਸ ਨੂੰ ਸਹੀ ਪ੍ਰਸੰਗ ਤੇ ਪਰਿਪੇਖ ਵਿਚ ਪੇਸ਼ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਉਸ ਵਿਸ਼ੇ ਨੂੰ ਹੱਥ ਪਾਇਆ ਜਿਸ ਬਾਰੇ ਭਾਈ ਵੀਰ ਸਿੰਘ, ਬਾਵਾ ਬੁੱਧ ਸਿੰਘ ਤੇ ਧਨੀ ਰਾਮ ਚਾਤ੍ਰਿਕ ਪਹਿਲਾਂ ਹੀ ਲਿਖ ਚੁੱਕੇ ਹਨ।
‘ਚੇਤਨਾ ਦਾ ਉਕਾਬ’ ਭਾਵੇਂ ਬੁਨਿਆਦੀ ਤੌਰ ’ਤੇ ਅਕਾਦਮਿਕ ਕਵਾਇਦ ਹੈ, ਫਿਰ ਵੀ ਇਹ ਅਕਾਦਮਿਕ ਮਸ਼ਕਾਂ ਵਰਗੀ ਖ਼ੁਸ਼ਕ ਰਚਨਾ ਨਹੀਂ। ਇਸ ਵਿਚ ਭਰਥਰੀ ਹਰੀ ਵੱਲੋਂ ਮਾਲਵੇ (ਮੱਧ ਭਾਰਤ) ਦਾ ਰਾਜ ਸਿੰਘਾਸਨ ਤਿਆਗਣ ਦਾ ਬਿਰਤਾਂਤ ਇਤਿਹਾਸਕ ਸਿਧਾਂਤਾਂ ਤੇ ਪੈਮਾਨਿਆਂ ਮੁਤਾਬਿਕ ਪੇਸ਼ ਕੀਤਾ ਗਿਆ ਹੈ। ਨਾਲ ਹੀ ਭਗਤੀ ਤੇ ਵੈਰਾਗ ਪਰੰਪਰਾ ਨੂੰ ਉਸ ਦੀ ਦੇਣ ਦਾ ਵਿਆਖਿਆਨ ਸਹਿਜ ਤੇ ਸਰਲ ਢੰਗ ਨਾਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਤਤਕਾਲੀ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਭੂਮਿਕਾ ਵਿਚ ਲਿਖਿਆ ਹੈ ਕਿ ‘‘ਭਰਥਰੀ ਦੇ ਤ੍ਰੈ-ਸ਼ਤਕਾਂ ਦਾ ਪੰਜਾਬੀ ਅਨੁਵਾਦ ਇਸ ਕਿਤਾਬ ਰਾਹੀਂ ਪਹਿਲੀ ਵਾਰ ਅਖੰਡ ਰੂਪ ਵਿਚ ਪੇਸ਼ ਕੀਤਾ ਗਿਆ ਹੈ।’’ ਇਹ ਇਸ ਕਿਤਾਬ ਦੀ ਅਹਿਮ ਪ੍ਰਾਪਤੀ ਹੈ।
* * *

ਸੁਰਿੰਦਰ ਸਿੰਘ ਤੇਜ

ਮੁਹੰਮਦ ਰਫ਼ੀ, ਸੰਗੀਤਕਾਰ ਰਵੀ (ਪੂਰਾ ਨਾਮ ਰਵੀ ਸ਼ੰਕਰ ਸ਼ਰਮਾ; 1926-2012) ਦਾ ਪਸੰਦੀਦਾ ਗਾਇਕ ਸੀ। ਦੋਵਾਂ ਦੀ ਨਿੱਘੀ ਦੋਸਤੀ ਸੀ, ਪਰ ਫਿਲਮਸਾਜ਼ ਬੀ.ਆਰ. ਚੋਪੜਾ ਤੇ ਰਫ਼ੀ ਦੇ ਰਿਸ਼ਤੇ ਦੀ ਕੜਵਾਹਟ ਕਾਰਨ ਰਵੀ ਨੂੰ ਬੀ.ਆਰ. ਬੈਨਰ ਦੀਆਂ ਸਾਰੀਆਂ ਫਿਲਮਾਂ ਵਿਚ ਗੀਤ ਰਫ਼ੀ ਦੇ ਚੇਲੇ ਮਹਿੰਦਰ ਕਪੂਰ ਪਾਸੋਂ ਗਵਾਉਣੇ ਪਏ। ਰਵੀ ਦੇ ਹਾਲ ਹੀ ਵਿਚ ਪ੍ਰਕਾਸ਼ਿਤ ਇਕ ਪੁਰਾਣੇ ਇੰਟਰਵਿਊ ਅਨੁਸਾਰ ਰਫ਼ੀ ਸਾਹਿਬ ਨਾਲ ਉਸ ਦੀ ਪਹਿਲੀ ਮੁਲਾਕਾਤ ਫਿਲਮ ‘ਵਚਨ’ (1955) ਦੇ ਇਕ ਦੋਗਾਣੇ ਦੀ ਰਿਹਰਸਲ ਦੌਰਾਨ ਹੋਈ। ਬਤੌਰ ਸੰਗੀਤਕਾਰ ਰਵੀ ਦੀ ਇਹ ਦੂਜੀ ਫਿਲਮ ਸੀ। ਉਹ ਭਾਵੇਂ ਦਿੱਲੀ ਦਾ ਜੰਮਪਲ ਸੀ, ਪਰ ਪਰਿਵਾਰ ਪੰਜਾਬੀ ਸੀ। ਗੀਤ ਪ੍ਰੇਮ ਧਵਨ ਦਾ ਲਿਖਿਆ ਹੋਇਆ ਸੀ। ਇਸ ਦੇ ਬੋਲ ਸਨ ‘ਜਬ ਲੀਆ ਹਾਥ ਮੇਂ ਹਾਥ, ਨਿਭਾਨਾ ਸਾਥ’। ਰਿਹਰਸਲ ਲਈ ਆਸ਼ਾ ਭੋਸਲੇ ਪਹਿਲਾਂ ਪੁੱਜ ਗਈ, ਰਫ਼ੀ ਕੁਝ ਦੇਰ ਬਾਅਦ ਆਇਆ। ਜਿਵੇਂ ਹੀ ਰਵੀ, ਰਫ਼ੀ ਨੂੰ ਉਰਦੂ ਵਿਚ ਮੁਖ਼ਾਤਿਬ ਹੋਇਆ ਤਾਂ ਰਫ਼ੀ ਨੇ ਖਿਝ ਵਾਲੀ ਸੁਰ ਵਿਚ ਕਿਹਾ: ‘‘ਪੰਡਤ, ਜੇ ਪੰਜਾਬੀ ਏਂ ਤਾਂ ਪੰਜਾਬੀ ਬੋਲ।’’ ਇਹ ਸੁਣਦਿਆਂ ਹੀ ਰਵੀ ਇਕ ਵਾਰ ਤਾਂ ਡੌਰ-ਭੌਰ ਹੋ ਗਿਆ, ਪਰ ਅਗਲੇ ਹੀ ਪਲ ਸ਼ਰਤ ਰੱਖ ਦਿੱਤੀ: ‘‘ਰਫ਼ੀ ਸਾਹਿਬ, ਪੰਜਾਬੀ ਹੀ ਬੋਲਾਂਗਾ, ਪਰ ਤੁਸੀਂ ਮੈਨੂੰ ਪੰਡਤ ਕਦੇ ਨਹੀਂ ਕਹਿਣਾ। ਜਾਤ-ਪਾਤ ਤੋਂ ਬਚਣ ਲਈ ਤਾਂ ਮੈਂ ਆਪਣਾ ਸੰਗੀਤਕ ਨਾਂ ਰਵੀ ਰੱਖਿਆ ਹੈ।’’
ਰਵੀ ਮੁਤਾਬਿਕ ਰਫ਼ੀ ਸਾਹਿਬ ਨੇ ਅਜਿਹਾ ਹੀ ‘ਵਾਰ’ 1949 ਵਿਚ ਗੀਤਕਾਰ ਰਾਜਿੰਦਰ ਕ੍ਰਿਸ਼ਨ (ਦੁੱਗਲ) ਉੱਤੇ ਵੀ ਕੀਤਾ ਸੀ। ਰਾਜਿੰਦਰ ਕ੍ਰਿਸ਼ਨ ਨੇ ਉਸ ਤੋਂ ਬਾਅਦ ਨਾ ਸਿਰਫ਼ ਰਫ਼ੀ ਸਾਹਿਬ ਨਾਲ ਸਗੋਂ ਹੋਰ ਸਾਰੇ ਪੰਜਾਬੀ ਕਲਾਕਾਰਾਂ ਤੇ ਤਕਨੀਸ਼ਨਾਂ ਨਾਲ ਵੀ ਪੰਜਾਬੀ ਬੋਲਣੀ ਸ਼ੁਰੂ ਕਰ ਦਿੱਤੀ। ਰਵੀ, ਰਫ਼ੀ ਤੇ ਰਾਜਿੰਦਰ ਕ੍ਰਿਸ਼ਨ ਨੇ ਡੇਢ ਦਰਜਨ ਤੋਂ ਵੱਧ ਫਿਲਮਾਂ ਲਈ ਇਕੱਠਿਆਂ ਕੰਮ ਕੀਤਾ। ਜਦੋਂ ਤਿੰਨੋਂ ਕਿਸੇ ਰਿਕਾਰਡਿੰਗ ਲਈ ਇਕੱਠੇ ਹੁੰਦੇ ਤਾਂ ਸਟੂਡੀਓ ਵਿਚ ਪੰਜਾਬੀ ਪ੍ਰਧਾਨ ਹੁੰਦੀ। ਰਫ਼ੀ ਸਾਹਿਬ ਦੀ ਇਕੋ ਦਲੀਲ ਸੀ: ‘‘ਜਦੋਂ ਮਰਾਠੀ, ਮਦਰਾਸੀ ਜਾਂ ਬੰਗਾਲੀ ਕਲਾਕਾਰ ਜਾਂ ਤਕਨੀਸ਼ੀਅਨ ਆਪਣੀ ਜ਼ੁਬਾਨ ਵਿਚ ਗੱਲਬਾਤ ਕਰਦੇ ਹਨ ਤਾਂ ਅਸੀਂ ਪੰਜਾਬੀ ਕਿਉਂ ਓਪਰੀ ਜ਼ੁਬਾਨ ਬੋਲੀਏ!’’


Comments Off on ਸਿੱਖੀ ਆਨ ਤੇ ਸ਼ਾਨ ਦੀ ਗਾਥਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.