ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਸਿੰਘ ਇਜ਼ ਕਿੰਗ

Posted On October - 19 - 2019

ਦੀਪਤੀ ਅੰਗਰੀਸ਼
ਜੇਕਰ ਇਹ ਕਿਹਾ ਜਾਵੇ ਕਿ ਬੌਲੀਵੁੱਡ ਅਤੇ ਪੌਲੀਵੁੱਡ ਵਿਚ ਸਕਰੀਨ ’ਤੇ ਜੇ ਸਿੱਖ ਕਿਰਦਾਰ ਹੋਵੇ ਤਾਂ ਫ਼ਿਲਮ ਨੂੰ ਹਿੱਟ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਅਜਿਹਾ ਸੁਣ ਕੇ ਤੁਸੀਂ ਕੁਝ ਦੇਰ ਲਈ ਹੈਰਾਨ ਜ਼ਰੂਰ ਹੋਵੋਗੇ, ਪਰ ਪਿਛਲੇ ਸਾਲਾਂ ਵਿਚ ਕਈ ਬੌਲੀਵੁੱਡ ਫ਼ਿਲਮਾਂ ਦੀ ਪੜਤਾਲ ਕਰਨ ’ਤੇ ਇਹ ਸਾਬਤ ਹੋ ਚੁੱਕਾ ਹੈ। ਇਕ ਨਹੀਂ, ਅਜਿਹੀਆਂ ਕਈ ਫ਼ਿਲਮਾਂ ਹਨ। ਇਹ ਵੀ ਸੱਚ ਹੈ ਕਿ ਜੇਕਰ ਕਿਸੇ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸਨੂੰ ਸਮਾਜ ਨੇ ਨਕਾਰ ਵੀ ਦਿੱਤਾ ਹੈ। ਅਸਲ ਵਿਚ ਇਕ ਮਾਨਸਿਕਤਾ ਤਹਿਤ ਇਹ ਗੱਲ ਫੈਲਾਈ ਗਈ ਕਿ ਅਸਲ ਜ਼ਿੰਦਗੀ ਹੋਵੇ ਜਾਂ ਫ਼ਿਲਮੀ ਜ਼ਿੰਦਗੀ, ਇਸ ਵਿਚ ਹੱਸਣ ਹਸਾਉਣ ਦਾ ਮਤਲਬ ਹੁੰਦਾ ਸੀ ਸਿੱਖ ਜਾਂ ਪੰਜਾਬੀ। ਫਜ਼ੂਲ ਦੇ ਠਹਾਕੇ ਜਾਂ ਸੰਤਾ-ਬੰਤਾ ਦੇ ਬੇਤੁਕੇ ਚੁਟਕੁਲੇ ਹੌਲੀ ਹੌਲੀ ਪੰਜਾਬੀਆਂ ਦੀ ਪਛਾਣ ਬਣਦੇ ਗਏ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਕਹਿ ਸਕਦੇ ਹਾਂ ਕਿ ਭੋਲੇ ਭਾਲੇ ਪੰਜਾਬੀਆਂ ਨੂੰ ਦੁਨੀਆਂ ਨੇ ਹਾਸੀ ਦਾ ਪਾਤਰ ਬਣਾ ਲਿਆ। ਆਲਮ ਇਹ ਹੋਇਆ ਕਿ ਪੰਜਾਬੀਆਂ ’ਤੇ ਮਜ਼ਾਹੀਆ ਕਿਰਦਾਰ ਦਾ ਠੱਪਾ ਲੱਗ ਗਿਆ, ਪਰ ਪਿਛਲੇ ਸਾਲਾਂ ਵਿਚ ਬੌਲੀਵੁੱਡ ਨੇ ਇਸ ਠੱਪੇ ਨੂੰ ਉਤਾਰਿਆ ਹੈ, ਯਾਨੀ ਹੁਣ ਫ਼ਿਲਮਾਂ ਵਿਚ ਪਗੜੀਧਾਰੀ ਨਾਇਕ ਦਾ ਸੁਲਝਿਆ ਹੋਇਆ ਰੂਪ ਸਾਹਮਣੇ ਆ ਰਿਹਾ ਹੈ। ਹੁਣ ਉਸਨੂੰ ਵੱਡੇ ਪਰਦੇ ’ਤੇ ਰਵਾਇਤੀ ਤੋਂ ਹਟਕੇ ਮੁੱਖ ਕਿਰਦਾਰ ਵਾਲੀ ਜਗ੍ਹਾ ਮਿਲੀ ਹੈ।
ਫ਼ਿਲਮਾਂ ਦੇ ਨਾਲ ਨਾਲ ਵੈੱਬ ਸੀਰੀਜ਼ ਨੇ ਵੀ ਪਗੜੀਧਾਰੀ ਨਾਇਕ ਦੀ ਦਿੱਖ ਨੂੰ ਚੰਗਾ ਬਣਾਉਣ ਵਿਚ ਯੋਗਦਾਨ ਪਾਇਆ ਹੈ, ਜਿਵੇਂ ਨੈੱਟਫਿਲਿਕਸ ਦੀ ਹਰਮਨਪਿਆਰੀ ਵੈੱਬਸੀਰੀਜ਼ ‘ਸੇਕਰੇਡ ਗੇਮਜ਼-2’, ਇਸ ਸੀਰੀਜ਼ ਦੇ ਅੰਤ ਨਾਲ ਬੇਸ਼ੱਕ ਦਰਸ਼ਕ ਖ਼ੁਸ਼ ਨਹੀਂ ਹੋਏ, ਪਰ ਵਿਸ਼ੇਸ਼ ਰੂਪ ਨਾਲ ਉੱਤਰ ਭਾਰਤ ਵਿਚ ਪਗੜੀਧਾਰੀ ਸਰਤਾਜ ਸਿੰਘ ਯਾਨੀ ਸੈਫ ਅਲੀ ਖ਼ਾਨ ਨੇ ਦਿਲ ਜਿੱਤ ਲਿਆ। ਇਸ ਵੈੱਬ ਸੀਰੀਜ਼ ਵਿਚ ਸਰਤਾਜ ਸਿੰਘ ਪੱਗ ਬੰਨ੍ਹ ਕੇ ਹੀਰੋ ਹੀ ਬਣ ਗਿਆ ਸੀ ਜੋ ਸਰਦਾਰ ਨਾਇਕ ਦੀ ਮਜ਼ਾਹੀਆ ਦਿੱਖ ਨੂੰ ਮਿਟਾਉਣ ਲਈ ਕਾਬਿਲੇ-ਤਾਰੀਫ਼ ਸੀ।
ਜਿਵੇਂ ਫ਼ਿਲਮਾਂ ਵਿਚ ਨਵਾਂਪਣ ਅਤੇ ਦਰਸ਼ਕ ਇਕੱਠੇ ਕਰਨ ਲਈ ਮਹਿਮਾਨ ਭੂਮਿਕਾ ਅਤੇ ਆਈਟਮ ਗੀਤ ਦਾ ਸਹਾਰਾ ਲਿਆ ਜਾਂਦਾ ਹੈ। ਠੀਕ ਉਸ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਤਕ ਸਿੱਖਾਂ ਅਤੇ ਪੰਜਾਬੀਆਂ ਦਾ ਸੀ। ਅੱਜ ਤੋਂ ਤੀਹ ਸਾਲ ਪਹਿਲਾਂ ਦੀਆਂ ਫ਼ਿਲਮਾਂ ਦੇਖੋ ਤਾਂ ਇਨ੍ਹਾਂ ਦੇ ਕਿਰਦਾਰ ਰੰਗ-ਬਿਰੰਗੇ ਸੂਟ, ਭਾਰੀ ਮੇਕਅਪ ਤੇ ਗਹਿਣਿਆਂ ਨਾਲ ਲੱਦੇ ਅਜੀਬੋ ਗਰੀਬ ਲਹਿਜ਼ੇ ਵਿਚ ਬੋਲਣ ਤਕ ਹੀ ਸੀਮਤ ਸਨ। ਇਹੀ ਵਜ੍ਹਾ ਹੈ ਕਿ ਹਰ ਬੌਲੀਵੁੱਡ ਫ਼ਿਲਮ ਵਿਚ ਦਰਸ਼ਕਾਂ ਨੂੰ ਹਸਾਉਣ ਲਈ ਸਰਦਾਰ ਮਰਦ ਜਾਂ ਔਰਤ ਦਾ ਕਿਰਦਾਰ ਜ਼ਰੂਰ ਹੁੰਦਾ ਸੀ, ਪਰ ਪੰਜਾਬੀਆਂ ਨੇ ਇਹ ਸੋਚ ਤੋੜਨ ਲਈ ਕਾਫ਼ੀ ਸੰਘਰਸ਼ ਕੀਤਾ। ਨਤੀਜੇ ਵਜੋਂ ਅੱਜ ਪਗੜੀਧਾਰੀ ਸਰਦਾਰ ਰੂੜੀਵਾਦ ਨੂੰ ਤੋੜਦੇ ਹੋਏ ਗੰਭੀਰ ਦਿੱਖ ਨਾਲ ਪਰਦੇ ’ਤੇ ਉਤਰਿਆ ਹੈ।
ਬੌਲੀਵੁੱਡ ਨੇ ਪਗੜੀਧਾਰੀ ਅਦਾਕਾਰ ਦੇ ਸਿਰਫ਼ ਮਜ਼ਾਹੀਆ ਚਰਿੱਤਰ ਨੂੰ ਹੀ ਨਹੀਂ ਬਦਲਿਆ, ਬਲਕਿ ਉਨ੍ਹਾਂ ਨੂੰ ਗੰਭੀਰ, ਭਰੋਸੇਯੋਗ ਅਤੇ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਉਣ ਨੂੰ ਦਿੱਤੀ ਹੈ। ਉਹ ਕਿਸੇ ਤੋਂ ਘੱਟ ਨਹੀਂ ਹਨ, ਉਨ੍ਹਾਂ ਨੂੰ ਵੀ ਵੱਡੀ ਸਕਰੀਨ ’ਤੇ ਬਾਕੀ ਲੋਕਾਂ ਦੀ ਤਰ੍ਹਾਂ ਚੰਗੀ ਭੂਮਿਕਾ ਨਿਭਾਉਣ ਦਾ ਹੱਕ ਹੈ। ਇਸੀ ਸੋਚ ਤੋਂ ਪ੍ਰੇਰਿਤ ਪਿਛਲੇ ਸਾਲ ਅਨੁਰਾਗ ਕਸ਼ਿਅਪ ਦੀ ਫ਼ਿਲਮ ‘ਮਨਮਰਜ਼ੀਆਂ’ ਆਈ ਸੀ। ਇਸ ਫ਼ਿਲਮ ਦਾ ਨਾਇਕ ਸੀ ਅਭਿਸ਼ੇਕ ਬੱਚਨ ਜਿਸਨੇ ਪੱਗ ਬੰਨ੍ਹੀ ਸੀ। ਇਸ ਫ਼ਿਲਮ ਦੀ ਲੇਖਿਕਾ ਕਨਿਕਾ ਢਿੱਲੋਂ ਦੀਆਂ ਜੜਾਂ ਅੰਮ੍ਰਿਤਸਰ ਵਿਚ ਹਨ ਅਤੇ ਉਹ ਖ਼ੁਦ ਸਿੱਖ ਹੈ। ਇਸ ਸਬੰਧੀ ਕਨਿਕਾ ਕਹਿੰਦੀ ਹੈ ਕਿ ਰੌਬੀ ਦੇ ਕਿਰਦਾਰ ਵਿਚ ਅਭਿਸ਼ੇਕ ਤੋਂ ਇਲਾਵਾ ਹੋਰ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ ਸੀ। ਪਗੜੀਧਾਰੀ ਦੀ ਦਿੱਖ ਸੁਧਾਰਨ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ, ਸਾਲ 2008 ਵਿਚ ਅਕਸ਼ੈ ਕੁਮਾਰ ਦੀ ਫ਼ਿਲਮ ‘ਸਿੰਘ ਇਜ਼ ਕਿੰਗ’ ਇਸਦੀ ਬਿਹਤਰ ਮਿਸਾਲ ਹੈ। ਇਸ ਫ਼ਿਲਮ ਵਿਚ ਅਕਸ਼ੈ ਕੁਮਾਰ ਸਿੱਖ ਰੂਪ ਵਿਚ ਹੀਰੋ ਦਾ ਕਿਰਦਾਰ ਨਿਭਾ ਰਿਹਾ ਸੀ। ਇਸਤੋਂ ਪਹਿਲਾਂ 2001 ਵਿਚ ‘ਗਦਰ-ਏਕ ਪ੍ਰੇਮ ਕਥਾ’ ਵਿਚ ਸਨੀ ਦਿਓਲ ਨੂੰ ਮੁੱਖ ਕਿਰਦਾਰ ਵਿਚ ਸਰਦਾਰ ਦੇ ਰੂਪ ਵਿਚ ਦੇਖਿਆ ਗਿਆ ਸੀ। ਇਸਤੋਂ ਪਹਿਲਾਂ ਵੀ ਉਸਨੇ ‘ਬਾਰਡਰ’ ਵਿਚ ਇਕ ਸਿੱਖ ਸੈਨਿਕ ਦੇ ਰੂਪ ਵਿਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ। ਇਸਤੋਂ ਇਲਾਵਾ ਰਣਬੀਰ ਕਪੂਰ, ਅਜੈ ਦੇਵਗਨ ਅਤੇ ਅਰਜੁਨ ਕਪੂਰ ਵਰਗੇ ਕਈ ਹੀਰੋ ਹਨ ਜਿਨ੍ਹਾਂ ਨੇ ਸਿੱਖੀ ਰੂਪ ਵਿਚ ਕਮਾਲ ਕੀਤਾ ਹੈ। ਦਸਤਾਵੇਜ਼ੀ ਫ਼ਿਲਮ ਨਿਰਮਾਤਾ ਸਾਹਿਬ ਸਿੰਘ ਕਹਿੰਦੇ ਹਨ ਕਿ ਅੱਜ ਸਿੱਖ ਪਾਤਰਾਂ ਨੂੰ ਸੰਵੇਦਨਸ਼ੀਲਤਾ ਨਾਲ ਜੋੜਿਆ ਜਾ ਰਿਹਾ ਹੈ। ਹੁਣ ਮਨੋਰੰਜਨ ਸਨਅਤ ਨੇ ਉਨ੍ਹਾਂ ਦੀ ਮਜ਼ਾਹੀਆ ਦਿੱਖ ਨੂੰ ਖ਼ਤਮ ਕਰ ਦਿੱਤਾ ਹੈ। ਫਿਰ ਵੀ ਸਿੱਖ ਚਿਤਰਣ ਵਿਚ ਵਿਵਾਦ ਹੁੰਦੇ ਰਹਿੰਦੇ ਹਨ ਜਿਵੇਂ ਕਿ ‘ਮਨਮਰਜ਼ੀਆਂ’ ਵਿਚ ਸਿਗਰਟਨੋਸ਼ੀ ਦੇ ਦ੍ਰਿਸ਼ਾਂ ਕਾਰਨ ਹੋਇਆ ਸੀ।
ਕਨਿਕਾ ਕਹਿੰਦੀ ਹੈ, ‘ਅਸੀਂ ਸਿਰਫ਼ ਧਾਰਮਿਕ ਪਛਾਣ ਲਈ ਪਾਤਰਾਂ ਨੂੰ ਘੱਟ ਕਰਕੇ ਨਹੀਂ ਦਿਖਾ ਸਕਦੇ। ਉਨ੍ਹਾਂ ਨੂੰ ਸੰਪੂਰਨਤਾ ਵਿਚ ਚਰਿੱਤਰਾਂ ਦੇ ਰੂਪ ਵਿਚ ਸਮਝਿਆ ਜਾਣਾ ਚਾਹੀਦਾ ਹੈ।’ ਸੋਨੂ ਸੂਦ ਜਿਸਨੇ ਫ਼ਿਲਮ ‘ਸਿੰਘ ਇਜ਼ ਕਿੰਗ’ ਵਿਚ ਸਿੱਖ ਦੀ ਭੂਮਿਕਾ ਨਿਭਾਈ ਸੀ ਦਾ ਕਹਿਣਾ ਹੈ, ‘ਦਰਸ਼ਕਾਂ ਅਤੇ ਸਿੱਖਾਂ ਦੋਵਾਂ ਵੱਲੋਂ ਇਹ ਸਮਝਿਆ ਜਾ ਰਿਹਾ ਹੈ ਕਿ ਸਿੱਖ ਭਾਈਚਾਰਾ ਕਿਸੇ ਤੋਂ ਘੱਟ ਨਹੀਂ ਹੈ ਤੇ ਉਸਦੀ ਦਿੱਖ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ। ਇਸ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਦੀ ਹੈ।’
ਪੌਲੀਵੁੱਡ ਅਤੇ ਬੌਲੀਵੁੱਡ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਹਿਬ ਸਿੰਘ ਕਹਿੰਦੇ ਹਨ ਕਿ ਪੌਲੀਵੁੱਡ ਵਿਚ ਵੀ ਪੱਗ ਵਾਲੇ ਸਿੱਖ ਨੂੰ ਹੀਰੋ ਦੇ ਰੂਪ ਵਿਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸਲ ਵਿਚ ਬੌਲੀਵੁੱਡ ਵਿਚ ਸਿੱਖ ਨਾਇਕ ਨੂੰ ਜ਼ਿਆਦਾ ਸਵੀਕਾਰਨਯੋਗ ਅਤੇ ਸਰਬਵਿਆਪੀ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ। ਅਨੁਰਾਗ ਵਰਗੇ ਨਿਰਦੇਸ਼ਕਾਂ ਦੀ ਮੌਜੂਦਗੀ, ਕਨਿਕਾ ਢਿੱਲੋਂ ਵਰਗੇ ਲੇਖਕਾਂ ਅਤੇ ਦਿਲਜੀਤ ਦੋਸਾਂਝ ਵਰਗੇ ਗਾਇਕਾਂ ਅਤੇ ਅਦਾਕਾਰਾਂ ਨੇ ਸਿੱਖ ਨਾਇਕਾਂ ਦਾ ਸਵਾਗਤ ਕੀਤਾ ਹੈ। ਸਾਹਿਬ ਸਿੰਘ ਦਿਲਜੀਤ ਦੋਸਾਂਝ ਨੂੰ ਸਿੱਖੀ ਰੂਪ ਵਿਚ ਬੌਲੀਵੁੱਡ ਦੇ ਮੈਦਾਨ ਵਿਚ ਆਉਣ ਦਾ ਸਿਹਰਾ ਦਿੰਦਾ ਹੈ। ਅਭਿਨੇਤਾ ਅੰਗਦ ਬੇਦੀ ਨੂੰ ਫ਼ਿਲਮ ਉਦਯੋਗ ਵਿਚ ਪੈਰ ਜਮਾਉਣ ਲਈ ਆਪਣੀ ਪੱਗ ਦਾ ਤਿਆਗ ਕਰਨਾ ਪਿਆ ਹੋ ਸਕਦਾ ਹੈ, ਪਰ ਦਿਲਜੀਤ ਦੀ ਪੱਗ ਵਾਲੀ ਦਿੱਖ ਨੇ ਉਸਦੇ ਸਟਾਰ ਕੱਦ ਨਾਲ ਮਿਲ ਕੇ ਸਿੱਖ ਭਾਈਚਾਰੇ ਨੂੰ ਸਨਮਾਨ ਦਿਵਾਇਆ ਹੈ। ਦਿਲਜੀਤ ਫ਼ਿਲਮਾਂ ਵਿਚ ਸਿੱਖਾਂ ਦੇ ਚਿਤਰਣ ਵਿਚ ਜ਼ਿਆਦਾ ਤਬਦੀਲੀ ਦੇਖਣਾ ਚਾਹੁੰਦਾ ਹੈ, ਉਸਨੂੰ ਲੱਗਦਾ ਹੈ ਕਿ ਇਹ ਤਬਦੀਲੀ ਤਾਂ ਹੀ ਆ ਸਕਦੀ ਹੈ ਜਦੋਂ ਸਿੱਖ ਨਾਇਕਾਂ ਦੀਆਂ ਜ਼ਿਆਦਾ ਫ਼ਿਲਮਾਂ ਬਣਨ ਅਤੇ ਸਾਰੀਆਂ ਟਿਕਟ ਖਿੜਕੀ ’ਤੇ ਸਫਲ ਹੋਣ। ਇਹ ਫਾਰਮੂਲਾ ਹਮੇਸ਼ਾਂ ਹਿੱਟ ਨਹੀਂ ਹੁੰਦਾ ਜਿਵੇਂ ਕਿ ਦਿਲਜੀਤ ਦੋਸਾਂਝ ਦੀ ਹਾਲੀਆ ਰਿਲੀਜ਼ ਫ਼ਿਲਮ ‘ਅਰਜੁਨ ਪਟਿਆਲਾ’ ਨਾਲ ਹੋਇਆ। ਫਿਰ ਚਾਹੇ 1982 ਵਿਚ ਸਿੱਖ ਏਅਰਫੋਰਸ ਪਾਇਲਟ ਦੇ ਰੂਪ ਵਿਚ ਕੁਣਾਲ ਕਪੂਰ ਅਭਿਨੀਤ ਗੋਵਿੰਦ ਨਿਹਲਾਨੀ ਦੀ ‘ਵਿਜਯਾ’ ਹੋਵੇ ਜਾਂ ‘ਰੌਕੇਟ ਸਿੰਘ-ਸੇਲਜ਼ਮੈਨ ਆਫ ਦਿ ਯੀਅਰ’ ਹੋਵੇ। ਬੇਸ਼ੱਕ ਫ਼ਿਲਮੀ ਪਰਦੇ ’ਤੇ ਇਨ੍ਹਾਂ ਫ਼ਿਲਮਾਂ ਨੇ ਕਰੋੜਾਂ ਦਾ ਕਾਰੋਬਾਰ ਨਹੀਂ ਕੀਤਾ, ਪਰ ਪਗੜੀਧਾਰੀ ਅਦਾਕਾਰ ਨੂੰ ਹੀਰੋ ਬਣਾਇਆ ਅਤੇ ਸਮਾਜ ਦੀ ਸੋਚ ਨੂੰ ਵਿਸ਼ਾਲ ਕੀਤਾ ਹੈ। ਫ਼ਿਲਮ ‘ਲਵ ਆਜਕੱਲ’ ਵਿਚ ਸੈਫ ਅਲੀ ਖ਼ਾਨ ਨੇ ਪਗੜੀਧਾਰੀ ਸਿੱਖ ਦੇ ਰੂਪ ਵਿਚ ਕੰਮ ਕੀਤਾ ਅਤੇ ਇਹ ਨਵਾਂ ਮਾਪਦੰਡ ਸਥਾਪਿਤ ਕੀਤਾ।
ਸਾਹਿਬ ਸਿੰਘ ਦਾ ਕਹਿਣਾ ਹੈ ਕਿ ਸਿੱਖ ਪਾਤਰਾਂ ਨੂੰ ਬਣਾਉਣ ਲਈ ਬਾਹਰੀ ਲੋਕਾਂ ਦੀ ਬਰਾਬਰ ਲੋੜ ਹੈ ਕਿਉਂਕਿ ਉਹ ਸਾਨੂੰ ਜ਼ਿਆਦਾ ਨਿਰਪੱਖ ਅਤੇ ਉਦੇਸ਼ਪੂਰਨ ਰੂਪ ਨਾਲ ਦੇਖ ਸਕਦੇ ਹਨ। ਉਨ੍ਹਾਂ ਨੇ ਫ਼ਿਲਮ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਪਗੜੀਧਾਰੀ ਹੀਰੋ ਨੂੰ ਅਸਲ ਮਨੁੱਖ ਦੇ ਰੂਪ ਵਿਚ ਦਿਖਾਉਣ, ਉਨ੍ਹਾਂ ਨੂੰ ਸਿਰਫ਼ ਬਹਾਦਰੀ ਅਤੇ ਧਾਰਮਿਕ ਕਹਾਣੀਆਂ ਤਕ ਸੀਮਤ ਨਾ ਕਰਨ। ਉਨ੍ਹਾਂ ਨੂੰ ਇਕ ਆਮ ਇਨਸਾਨ ਜਿਸ ਵਿਚ ਗੁਣ-ਔਗੁਣ ਹੁੰਦੇ, ਉਸ ਤਰ੍ਹਾਂ ਦਿਖਾਉਣ ਕਿਉਂਕਿ ਉਹ ਦੂਜਿਆਂ ਤੋਂ ਅਲੱਗ ਨਹੀਂ ਹਨ। ਸੋਨੂੰ ਸੂਦ ਦਾ ਕਹਿਣਾ ਹੈ ਕਿ ਨਿਰਮਾਤਾਵਾਂ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਰਚਨਾਤਮਕਤਾ ਸਿੱਖ ਧਰਮ ਦੀ ਮਰਿਆਦਾ ਤੋਂ ਬਾਹਰ ਨਹੀਂ ਹੋ ਸਕਦੀ।


Comments Off on ਸਿੰਘ ਇਜ਼ ਕਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.