ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

Posted On October - 9 - 2019

ਅੱਜ ਬਰਸੀ ’ਤੇ ਵਿਸ਼ੇਸ਼

ਹਰਦੀਪ ਸਿੰਘ ਝੱਜ

ਡਾ. ਸੈਫ਼ੂਦੀਨ ਕਿਚਲੂ

ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ਈ: ਨੂੰ ਫ਼ਰੀਦਕੋਟ ਵਿਚ ਹੋਇਆ। ਕਿਚਲੂ ਜੀ ਨੇ ਆਪਣੀ ਵਿੱਦਿਆ ਹਾਸਲ ਕਰਨ ਮਗਰੋਂ 1907 ਵਿਚ ਇੰਗਲੈਂਡ ਦੇ ਪੀਟਰ ਹਾਊਸ ਕੈਂਬਰਿਜ ਤੋਂ ਐਫ.ਏ. ਅਤੇ 1912 ’ਚ ਜਰਮਨੀ ਦੀ ਮਿਊਨਸਟਰ ਯੂਨੀਵਰਸਿਟੀ ਤੋਂ ਡਾਕਟਰੇਟ ਆਫ਼ ਫਿਲਾਸਫ਼ੀ (ਪੀਐੱਚ.ਡੀ) ਦੀ ਡਿਗਰੀ ਹਾਸਲ ਕੀਤੀ। ਇਸ ਮਗਰੋਂ ਉਹ ਭਾਰਤ ਆ ਕੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਜ਼ਦੀਕੀ ਮਿੱਤਰ ਬਣ ਗਏ। 1914 ਨੂੰ ਰਾਵਲਪਿੰਡੀ ਵਿਚ ਆਲ ਇੰਡੀਆ ਐਜੂਕੇਸ਼ਨ ਕਾਨਫ਼ਰੰਸ ਦਾ ਸਾਲਾਨਾ ਸਮਾਗਮ ਹੋਇਆ, ਜਿਸ ਵਿਚ ਉਨ੍ਹਾਂ ‘ਰਾਸ਼ਟਰੀ ਵਿੱਦਿਆ’ ਵਿਸ਼ੇ ’ਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ।
ਸੰਨ 1916 ਈ: ਨੂੰ ਹੋਮ ਰੂਲ ਅੰਦੋਲਨ ਦੌਰਾਨ ਕਿਚਲੂ ਜੀ ਏਨੀ ਬੀਸੈਂਟ ਦੇ ਸ਼ਰਧਾਲੂ ਬਣੇ। 1917 ਵਿਚ ਉਨ੍ਹਾਂ ਮੁਸਲਿਮ ਲੀਗ ਦੀ ਸਥਾਪਨਾ ਕੀਤੀ। ਇਸੇ ਵਰ੍ਹੇ ਦੌਰਾਨ ਅੰਮ੍ਰਿਤਸਰ ਵਿਚ ਕਾਂਗਰਸ ਕਮੇਟੀ ਦੀ ਸਥਾਪਨਾ ਹੋਈ, ਜਿਸ ਦੇ ਪ੍ਰਧਾਨ ਲਾਲਾ ਟੋਡਰ ਮੱਲ ਤੇ ਸਕੱਤਰ ਡਾ. ਕਿਚਲੂ ਚੁਣੇ ਗਏ। ਅਕੂਤਬਰ 1918 ਵਿਚ ਕਿਚਲੂ ਜੀ ਨੇ ‘ਬਜ਼ਮ-ਏ-ਊਰਦੂ’ ਦੀ ਸਥਾਪਨਾ ਕੀਤੀ। ਇਸੇ ਸਾਲ ਡਾ. ਕਿਚਲੂ ਨੇ ਅੰਜਮਨ-ਏ-ਹਿਫ਼ਜ਼ੁਲ-ਮੁਸਲਿਮ ਵੱਲੋਂ ਕਲਕੱਤਾ ਵਿਚ ਕੀਤੀ ਗਈ ਸਰਬ ਭਾਰਤੀ ਰੋਸ ਕਾਨਫ਼ਰੰਸ ਵਿਚ ਸਰਗਰਮ ਹਿੱਸਾ ਲਿਆ। ਦਸੰਬਰ 1918 ਨੂੰ ਦਿੱਲੀ ਵਿਚ ਹੋਏ ਮੁਸਲਿਮ ਲੀਗ ਦੇ 11ਵੇਂ ਸੈਸ਼ਨ ’ਚ ਸੈਫ਼ੂਦੀਨ ਕਿਚਲੂ ਨੇ ‘ਇੰਡੀਅਨ ਨਿਊਜ਼ ਕ੍ਰਾਨੀਕਲ’ ਵਿਚ ਛਪੇ ਮਜ਼ਮੂਨ ਦੇ ਫਲਸਰੂਪ ਕਲਕੱਤਾ ’ਚ ਹੋਏ ਦੰਗਿਆਂ ਬਾਰੇ ਮਤੇ ਦੀ ਆਲੋਚਨਾ ਕੀਤੀ।
18 ਮਾਰਚ, 1919 ਨੂੰ ਡਾ. ਕਿਚਲੂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਤੇ ਅੰਗਰੇਜ਼ੀ ਹਕੂਮਤ ਰਾਹੀਂ ਪਾਸ ਕੀਤੇ ‘ਰੌਲਟ ਐਕਟ’ ਦੀ ਪੁਰਜ਼ੋਰ ਨਿਖੇਧੀ ਕੀਤੀ। ਕਾਂਗਰਸ ਦਾ ਇਹ ਆਗੂ 6 ਅਪਰੈਲ ਨੂੰ ਹੜਤਾਲ ਦੌਰਾਨ ਅੰਮ੍ਰਿਤਸਰ ਵਿਚ ਹਿੰਦੂ-ਏਕਤਾ ਦੇ ਵੱਡੇ ਚਿੰਨ੍ਹ ਵਜੋਂ ਉੱਭਰਿਆ। 9 ਅਪਰੈਲ ਨੂੰ ਲੋਕਾਂ ਨੇ ਰਾਮਨੌਮੀ ਦੇ ਤਿਉਹਾਰ ਨੂੰ ‘ਰਾਸ਼ਟਰੀ ਏਕਤਾ ਦਿਵਸ’ ਦੇ ਰੂਪ ’ਚ ਮਨਾਉਂਦੇ ਹੋਏ ‘ਕਿਚਲੂ-ਸਤਿਆਪਾਲ ਜੀ ਕੀ ਜੈ’ ਦੇ ਨਾਅਰੇ ਲਾਏ। ਅਗਲੇ ਦਿਨ 10 ਅਪਰੈਲ ਨੂੰ ਸਵੇਰੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲ ਇਰਵਿਨ ਨੇ ਸ਼ਹਿਰ ਦੇ ਪ੍ਰਸਿੱਧ ਕਾਂਗਰਸੀ ਆਗੂ ਡਾ. ਸੈਫ਼ੂਦੀਨ ਕਿਚਲੂ ਸਮੇਤ ਡਾ. ਸੱਤਿਆਪਾਲ ਨੂੰ ਗ੍ਰਿਫ਼ਤਾਰ ਕਰ ਕੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਭੇਜ ਦਿੱਤਾ, ਜਿੱਥੇ ੳਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਪਰ ਅੱਜ ਇਹ ਸਵਾਲ ਬੜਾ ਹੀ ਹੈਰਾਨੀਜਨਕ ਲੱਗਦਾ ਹੈ ਕਿ 13 ਅਪਰੈਲ ਨੂੰ ਇਕੱਠੇ ਹੀ ਪਾਣੀ ਪੀਣ ਵਾਲੇ ਅਤੇ ਸਾਂਝਾ ਖ਼ੂਨ ਵਹਾਉਣ ਵਾਲੇ ਇਹ ਲੋਕ 1947 ਈ: ਦੀ ਵੰਡ ਦੌਰਾਨ ਕਿਵੇਂ ਵੰਡੇ ਗਏ? ਦੂਸਰਾ, ਇਹ ਲੋਕ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਕਿਉਂ ਹੋ ਗਏ? ਜੱਲ੍ਹਿਆਂਵਾਲੇ ਬਾਗ਼ ਦੇ ਇਤਿਹਾਸ ਦੇ ਪ੍ਰਮੁੱਖ ਇਤਿਹਾਸਕਾਰ ਪ੍ਰੋ. ਵੀ.ਐਨ. ਦੱਤਾ ਨੇ ਆਪਣੀ ਪੁਸਤਕ ‘ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ’ ਦੀ ਭੂਮਿਕਾ ਦੇ ਸਫ਼ਾ-5 ’ਤੇ ਲਿਖਿਆ ਹੈ, ‘‘ਡਾ. ਕਿਚਲੂ ਨੇ ਅੰਮ੍ਰਿਤਸਰ ਦੀ ਜਨਤਾ ਨੂੰ ਦੱਸਿਆ ਸੀ ਕਿ ਅੰਮ੍ਰਿਤਸਰ ਵਿਚ 10 ਅਪਰੈਲ ਦੀ ਦੁਖ਼ਾਂਤ ਘਟਨਾ ਨੂੰ ਰੋਕਿਆ ਜਾ ਸਕਦਾ ਸੀ, ਜੇ ਉਸ ਨੂੰ ਤੇ ਡਾ. ਸੱਤਿਆਪਾਲ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਗ੍ਰਿਫ਼ਤਾਰ ਨਾ ਕੀਤਾ ਜਾਂਦਾ। ਪਰ ਸਰਕਾਰ ਉਸ ਵੇਲੇ ਸੱਤਾ ਦੇ ਨਸ਼ੇ ਵਿੱਚ ਚੂਰ ਸੀ ਅਤੇ ਅੰਗਰੇਜ਼ ਕਦੇ ਵੀ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਨਾ ਸਕੇ।’’
ਜਨਵਰੀ 1920 ਵਿਚ ਡਾ. ਕਿਚਲੂ ਬੰਬਈ ਗਿਆ, ਜਿੱਥੇ ਉਸ ਨੇ ਹੋਮ ਰੂਲ ਲੀਗ ਵੱਲੋਂ ਕੀਤੇ ਗਏ ਜਲਸੇ ਦੀ ਪ੍ਰਧਾਨਗੀ ਕੀਤੀ। ਮਗਰੋਂ 1 ਤੇ 2 ਜੂਨ ਨੂੰ ਇਲਾਹਾਬਾਦ ’ਚ ਹਿੰਦੂ ਅਤੇ ਮੁਸਲਿਮ ਆਗੂਆਂ ਦੀ ਬੈਠਕ ਹੋਈ, ਜਿਸ ਵਿਚ ਨਾ-ਮਿਲਵਰਤਨ ਅੰਦੋਲਨ ਦਾ ਸਮਰਥਨ ਕੀਤਾ ਗਿਆ। ਇਸ ਅੰਦੋਲਨ ’ਚ ਬਣਾਈ ਗਈ ਕਮੇਟੀ ਦੇ ਮੈਬਰਾਂ ਵਿਚ ਡਾ. ਕਿਚਲੂ ਪ੍ਰਮੁੱਖ ਸਨ। ਡਾ. ਕਿਚਲੂ ਨੇ ਫ਼ਰਵਰੀ 1921 ਵਿਚ ‘ਸਵਰਾਜ ਆਸ਼ਰਮ’ ਸੰਸਥਾ ਦੀ ਪ੍ਰਧਾਨ ਵਜੋਂ ਸਥਾਪਨਾ ਕਰਕੇ ਨੌਜਵਾਨ ਵਰਗ ਨੂੰ ਰਾਜਨੀਤਕ ਸਿਖਲਾਈ ਦੇਣ ਲਈ ਪ੍ਰੇਰਿਤ ਕੀਤਾ। ਨਤੀਜੇ ਵਜੋਂ ਭਗਤ ਸਿੰਘ ‘ਸਵਰਾਜ ਆਸ਼ਰਮ’ ਦੇ ਮੁੱਢਲੇ ਸਿੱਖਿਆ ਪ੍ਰਾਪਤਾਂ ’ਚੋਂ ਇੱਕ ਸੀ।
3 ਮਾਰਚ, 1921 ਨੂੰ ਸੈਫ਼ੂਦੀਨ ਕਿਚਲੂ, ਮਹਾਤਮਾ ਗਾਂਧੀ, ਸ਼ੌਕਤ ਅਲੀ ਤੇ ਹੋਰ ਆਗੂਆਂ ਸਣੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਜਿੱਥੇ ਵੱਡੀ ਗਿਣਤੀ ’ਚ ਅਕਾਲੀ ਆਗੂਆਂ ਨੂੰ ਮਹੰਤ ਨਰੈਣ ਦਾਸ ਦਾ ਪੱਖ ਪੂਰਨ ਲਈ 20 ਫਰਵਰੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। 15 ਸਤੰਬਰ, 1921 ਨੂੰ ਉਸ ਨੂੰ ਕਰਾਚੀ ਦੇ ਮਜਿਸਟ੍ਰੇਟ ਵੱਲੋਂ ਧਾਰਾ 124-ਏ, ਬੀ-131 ਅਤੇ 505 ਦੇ ਅਧੀਨ ਜਾਰੀ ਕੀਤੇ ਵਾਰੰਟਾਂ ਰਾਹੀਂ ਸਵੇਰੇ 11 ਵਜੇ ਸ਼ਿਮਲੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਦੋਸ਼ੀ ਕਰਾਰ ਦੇ ਕੇ ਬਰਤਾਨਵੀ ਜੱਜ ਬੀ.ਸੀ. ਕਨੇਡੀ ਦੁਆਰਾ 4 ਨਵੰਬਰ, 1921 ਨੂੰ 2 ਸਾਲ ਦੀ ਸਜ਼ਾ ਦਿੱਤੀ ਗਈ। ਮਗਰੋਂ ਡਾ. ਕਿਚਲੂ ਮੁਸਲਿਮ ਵਿਚੋਲੇ ਦੇ ਰੂਪ ’ਚ 1920-21 ਦੌਰਾਨ ਹਿੰਦੂ ਅਤੇ ਸਿੱਖਾਂ ਦੇ ਝਗੜੇ ਨਿਪਟਾਉਣ ਲਈ ਸਰਗਰਮ ਰਹੇ। ਸਿੱਖਾਂ ਵਿਚ ਉਸ ਦੇ ਪ੍ਰਭਾਵ ਦਾ ਚੰਗਾ ਨਤੀਜਾ ਨਿਕਲਿਆ ਅਤੇ 1926 ਵਿਚ ਸਿੱਖਾਂ ਵੱਲੋਂ ਉਸ ਨੂੰ ‘ਸਿੰਘ’ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਸਿਵਲ ਨਾ-ਫ਼ੁਰਮਾਨੀ ਅੰਦੋਲਨ ਦੇ ਆਰਕੀਟੈਕਟ ਸੈਫ਼ੂਦੀਨ ਕਿਚਲੂ 1923-24 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ।
ਉਨ੍ਹਾਂ ਗੁਜਰਾਂਵਾਲਾ ਵਿਚ 31 ਜਨਵਰੀ ਨੂੰ ਪੰਜਾਬ ਵਿਦਿਆਰਥੀ ਕਾਨਫ਼ਰੰਸ ਕਰਵਾਈ। ਡਾ. ਕਿਚਲੂ ਨੇ ਆਖਿਆ ਕਿ ਅੰਦੋਲਨ ਦਾ ਉਦੇਸ਼ ਵਰਤਮਾਨ ਵਿੱਦਿਅਕ ਢੰਗ ’ਚ ਸੁਧਾਰ ਨਹੀਂ ਸਗੋਂ ਆਜ਼ਾਦੀ ਪ੍ਰਾਪਤ ਕਰਨਾ ਹੈ। ਸੈਫ਼ੂਦੀਨ ਕਿਚਲੂ ਨੇ 1 ਜਨਵਰੀ, 1929 ਨੂੰ ਕਲਕੱਤਾ ਵਿਚ ਕਾਂਗਰਸ ਦੇ ਇਜਲਾਸ ਵਿਚ ਆਲ ਇੰਡੀਆ ਮੁਸਲਿਮ ਲੀਗ ਦੀ ਕੌਂਸਲ ਦੇ ਆਨਰੇਰੀ ਸੈਕਰੇਟਰੀ ਵਜੋਂ ਚੋਣ ਪ੍ਰਣਾਲੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
12 ਮਾਰਚ, 1930 ਦੀ ਸਵੇਰ ਨੂੰ ਸਾਬਰਮਤੀ ਆਸ਼ਰਮ ਤੋਂ ਮਹਾਤਮਾ ਗਾਂਧੀ ਦੀ ਅਧੀਨਗੀ ਹੇਠ ਭਾਰਤ ’ਚ ਅੰਗਰੇਜ਼ੀ ਹਕੂਮਤ ਵਿਰੁੱਧ ਲੂਣ ਸਬੰਧੀ ਸਿਵਲ ਨਾ-ਫ਼ਰਮਾਨੀ ਲਹਿਰ ਸ਼ੁਰੂ ਹੋਈ, ਜਿਸ ਦੌਰਾਨ ਡਾ. ਸੈਫ਼ੂਦੀਨ ਕਿਚਲੂ ਵੀ ਗ੍ਰਿਫ਼ਤਾਰ ਕੀਤੇ ਗਏ। ਸੈਫ਼ੂਦੀਨ ਕਿਚਲੂ ਨੇ 1934 ਵਿਚ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਬਾਅਦ ’ਚ ਉਨ੍ਹਾਂ 1937 ਨੂੰ ਅੰਮ੍ਰਿਤਸਰ ਵਿਚ ਆਾਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ ਅਹਿਰਾਰ ਉਮੀਦਵਾਰ ਸ਼ੇਖ ਹਸਮ-ਉਦ-ਦੀਨ ਤੇ ਯੂਨੀਅਨਿਸਟ ਉਮੀਦਵਾਰ ਮਹੁੰਮਦ ਸਾਦਿਕ ਨੂੰ ਹਰਾਇਆ। (ਦਿ ਟ੍ਰਿਬਿਊਨ, 4 ਫਰਵਰੀ, 1937)
15 ਅਗਸਤ, 1947 ਨੂੰ ਦੇਸ਼ ਦੀ ਸੰਪਰਦਾਇਕ ਦੰਗਿਆਂ ਕਾਰਨ ਹੋਈ ਫ਼ਿਰਕੂ ਵੰਡ ਦੌਰਾਨ ਡਾ. ਕਿਚਲੂ ਨੇ ਨਵੇਂ ਬਣੇ ਪਾਕਿਸਤਾਨ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦਾ ਚਾਰ ਮੰਜ਼ਿਲਾ ਘਰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਫ਼ੈਕਟਰੀ ਨੂੰ ਸਾੜ ਦਿੱਤਾ ਗਿਆ। ਉਸ ਨੂੰ ਮਜਬੂਰੀਵਸ ਅੰਮ੍ਰਿਤਸਰ ਛੱਡ ਕੇ ਦਿੱਲੀ ਜਾਣਾ ਪਿਆ।
ਵੀਆਨਾ ਸ਼ਾਂਤੀ ਸੰਮੇਲਨ ਮਗਰੋਂ ਡਾ. ਕਿਚਲੂ ਪਹਿਲੇ ਭਾਰਤੀ ਸਨ, ਜਿਨ੍ਹਾਂ ਨੂੰ 1952 ’ਚ ਸੋਵੀਅਤ ਅਕਾਦਮੀਸ਼ਨ ਡੀ.ਵੀ. ਸਕੋਬੇਹਤਿਨ ਵਲੋਂ ਕੌਮਾਂਤਰੀ ਸਟਾਲਿਨ ਇਨਾਮ ਦਿੱਤਾ ਗਿਆ। ਮਗਰੋਂ ਸਿਹਤ ਖ਼ਰਾਬ ਰਹਿਣ ਕਾਰਨ 1958 ਨੂੰ ਉਨ੍ਹਾਂ ਨੇ ਸਰਬ ਭਾਰਤੀ ਅਮਨ ਪਰਿਸ਼ਦ ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੱਤਾ। ਆਖ਼ਰ 9 ਅਕਤੂਬਰ, 1963 ਨੂੰ ਉਹ ਦਿੱਲੀ ਵਿਚ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।
ਸੰਪਰਕ: 94633-64992


Comments Off on ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.