ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਸਹਿਜ ਤੇ ਸਰਲ ਕਹਾਣੀਆਂ

Posted On October - 27 - 2019

ਸੁਖਮਿੰਦਰ ਸਿੰਘ ਸੇਖੋਂ
ਇਕ ਪੁਸਤਕ – ਇਕ ਨਜ਼ਰ

ਗੁਰਸ਼ਰਨ ਸਿੰਘ ਨਰੂਲਾ ਕਵੀ ਤੇ ਲੇਖਕ ਹੈ। ਉਸ ਦੀਆਂ ਇਨ੍ਹਾਂ ਵਿਧਾਵਾਂ ਵਿਚ ਹੀ ਅੱਧੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ, ਪਰ ਪਹਿਲੀ ਵਾਰ ਉਹ ਕਹਾਣੀ ਸੰਗ੍ਰਹਿ ‘ਤਿਤਲੀਆਂ ਦੇ ਰੰਗ’ (ਕੀਮਤ: 250 ਰੁਪਏ; ਏਸ਼ੀਐਡਜ਼ ਪਬਲੀਕੇਸ਼ਨਜ਼, ਅੰਮ੍ਰਿਤਸਰ) ਲੈ ਕੇ ਹਾਜ਼ਰ ਹੋਇਆ ਹੈ। ਨਾਵਲ ਤੋਂ ਬਾਅਦ ਕਹਾਣੀ ਹੀ ਇਕ ਅਜਿਹਾ ਮਾਧਿਅਮ ਹੈ ਜਿਸ ਵਿਚ ਵਧੇਰੇ ਪਾਠਕ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ, ਪਰ ਦਰਅਸਲ ਹਰ ਇਕ ਵੰਨਗੀ ਦਾ ਆਪਣਾ ਮਹੱਤਵ ਹੁੰਦਾ ਹੈ, ਬਸ਼ਰਤੇ ਉਸ ਦਾ ਲੇਖਕ ਸਿਰਜਣਾ ਦੀ ਰੂਹ ਤੀਕ ਜਾਣ ਦੀ ਕਲਾਕਾਰੀ ਤੋਂ ਬਾਖ਼ੂਬੀ ਜਾਣੂੰ ਹੋਵੇ! ਕਹਾਣੀਕਾਰ ਨੇ ਇਸ ਸੰਗ੍ਰਹਿ ਵਿਚ ਆਪਣੀਆਂ ਪੰਦਰਾਂ ਕੁ ਕਹਾਣੀਆਂ ਸੰਕਲਿਤ ਕੀਤੀਆਂ ਹਨ। ਲੇਖਕ ਸ਼ਹਿਰੀ ਜੀਵਨ ਨਾਲ ਬਾਵਸਤਾ ਹੈ। ਇਸ ਲਈ ਉਸ ਨੇ ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਤੇ ਪਾਤਰਾਂ ਨੂੰ ਇਸੇ ਧਰਾਤਲ ’ਤੇ ਹੀ ਆਪਣੀ ਲੇਖਣੀ ਦਾ ਆਧਾਰ ਬਣਾਇਆ ਹੈ। ਕਹਾਣੀ ‘ਕਰਵਟ’ ਵਿਚ ਇਕ ਅਧੇੜ ਉਮਰ ਦੀ ਪਾਤਰ ਬਾਰੇ ਲੋਕਾਂ ਦਾ ਮੰਨਣਾ ਹੈ ਕਿ ਡਾ. ਨਾਜ਼ ਇਕ ਮੁਸਲਮਾਨ ਹੈ ਤੇ ਉਸ ਨੇ ਇਕ ਸਰਦਾਰ ਨਾਲ ਵਿਆਹ ਰਚਾਇਆ ਸੀ, ਪ੍ਰੇਮ ਵਿਆਹ। ਜਦੋਂ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਨਾਜ਼ ਦਾ ਦੁਖੀ ਹੋਣਾ ਸੁਭਾਵਿਕ ਹੀ ਸੀ। ਬੇਸ਼ੱਕ ਉਸ ਕੋਲ ਜੀਵਨ ਬਸਰ ਕਰਨ ਲਈ ਪੈਸਾ ਤਾਂ ਸੀ, ਪਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਅਖੀਰ ਉਹ ਜੀਵਨ ਦੀ ਸੱਚਾਈ ਦੇ ਸਨਮੁੱਖ ਹੁੰਦਿਆਂ ਅੰਤਿਮ ਫ਼ੈਸਲਾ ਲੈ ਕੇ ਇਕ ਦੁਹਾਜੂ ਨਾਲ ਸ਼ਾਦੀ ਰਚਾ ਲੈਂਦੀ ਹੈ ਅਤੇ ਇਉਂ ਉਸ ਦੀ ਜ਼ਿੰਦਗੀ ਕਰਵਟ ਬਦਲਦੀ ਹੈ।
ਕਹਾਣੀ ‘ਲੱਡੂਆਂ ਦਾ ਤੀਸਰਾ ਡੱਬਾ’ ਵੀ ਇਸ ਸੰਗ੍ਰਹਿ ਦੀ ਇਕ ਅਹਿਮ ਕਥਾ ਹੈ। ਇਹ ਕਹਾਣੀ ਇਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਕੱਪੜੇ ਦੇ ਇਕ ਦੁਕਾਨਦਾਰ ਦੀ ਨੂੰਹ ਦੇ ਔਲਾਦ ਨਹੀਂ ਹੁੰਦੀ। ਉਸ ਦੀ ਪਤਨੀ ਨੂੰ ਵਹਿਮ ਹੋ ਜਾਂਦਾ ਹੈ ਕਿ ਘਰ ਵਿਚ ਚਿੜੀਆਂ ਦੇ ਆਲ੍ਹਣੇ ਵਿਚੋਂ ਆਂਡੇ ਟੁੱਟਣ ਕਰਕੇ ਘਰ ਬਦਬੂਦਾਰ ਹੋ ਗਿਆ ਹੈ ਤੇ ਸ਼ਾਇਦ ਇਸੇ ਲਈ ਉਨ੍ਹਾਂ ਦੇ ਪੁੱਤਰ-ਨੂੰਹ ਦੀ ਔਲਾਦ ਬਚ ਨਹੀਂ ਸਕੀ। ਇਹ ਵਹਿਮ ਇਸ ਕਦਰ ਵਧ ਜਾਂਦਾ ਹੈ ਕਿ ਜਦੋਂ ਉਨ੍ਹਾਂ ਦੇ ਘਰ ਘੁੱਗੀ ਨੇ ਆਲ੍ਹਣਾ ਪਾਇਆ ਤਾਂ ਜੋੜੇ ਦੇ ਆਲ੍ਹਣੇ ਤੇ ਆਂਡਿਆਂ ਨੂੰ ਬਚਾਉਣ ਲਈ ਪੂਰੇ ਤਹੱਮਲ ਤੋਂ ਕੰਮ ਲੈਂਦੀ ਹੈ। ਉਹ ਆਪਣੇ ਤੇ ਆਂਡਿਆਂ ਨੂੰ ਬਿੱਲੀ ਆਦਿ ਤੋਂ ਸੁਰੱਖਿਅਤ ਰੱਖਣ ਵਿਚ ਕਾਮਯਾਬ ਹੋ ਜਾਂਦੀ ਹੈ। ਉਨ੍ਹਾਂ ਦੀ ਨੂੰਹ ਦੇ ਦੁਬਾਰਾ ਗਰਭਵਤੀ ਹੋਣ ’ਤੇ ਉਨ੍ਹਾਂ ਦੇ ਘਰ ਇਕ ਬੱਚਾ ਕਿਲਕਾਰੀ ਮਾਰਦਾ ਆ ਬਹੁੜਦਾ ਹੈ। ਮਨੁੱਖੀ ਭਾਵਨਾਵਾਂ ਤੇ ਵਿਸ਼ਵਾਸ ਦਾ ਇਹ ਅਨੋਖਾ ਸੰਗਮ ਹੈ। ਵੈਸੇ ਇਸ ਕਹਾਣੀ ਦਾ ਆਰੰਭ ਵੀ ਦੇਖਣਯੋਗ ਹੈ: ਮਿਸਿਜ਼ ਕਲਪਨਾ ਭਾਰਦਵਾਜ ਪੰਜਾਹ ਸਾਲ ਦੀ ਉਮਰ ਤੋਂ ਟੱਪ ਚੁੱਕੀ ਹੈ, ਪਰ ਉਸ ਦਾ ਨਖਰਾ ਅੱਜ ਵੀ ਜਵਾਨ ਕੁੜੀਆਂ ਵਰਗਾ ਸੀ। ਉਹ ਬਣ ਠਣ ਕੇ ਰਹਿੰਦੀ। ਸੋਹਣੇ ਤੇ ਫੱਬਵੇਂ ਕੱਪੜੇ ਪਹਿਨਣ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਉਸ ਦੀ ਗੱਲਬਾਤ ਵਿਚ ਵੀ ਕਮਾਲ ਦੀ ਨਫ਼ਾਸਤ ਸੀ। ਉਹ ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ, ਪਰ ਗੱਲਬਾਤ ਤੋਂ ਕੋਈ ਉਸ ਦੇ ਘੱਟ ਪੜ੍ਹੇ-ਲਿਖੇ ਹੋਣ ਦਾ ਅੰਦਾਜ਼ਾ ਨਹੀਂ ਸੀ ਲਾ ਸਕਦਾ। ਸੱਚਮੁੱਚ! ਇਹ ਪਾਤਰ ਚਿਤਰਣ ਸਾਨੂੰ ਅੱਜ ਦੀਆਂ ਬਹੁਤੀਆਂ ਫੈਸ਼ਨਪ੍ਰਸਤ ਮਸਤ ਇਸਤਰੀਆਂ ਦੇ ਸਨਮੁੱਖ ਜਾ ਖੜ੍ਹਾ ਕਰਦਾ ਹੈ। ਕਿਤਾਬ ਦੀਆਂ ਹੋਰ ਕਹਾਣੀਆਂ ਬਾਰੇ ਵੀ ਵਿਸਥਾਰ ਵਿਚ ਚਰਚਾ ਹੋ ਸਕਦੀ ਹੈ, ਪਰ ਇਨ੍ਹਾਂ ਬਾਬਤ ਇੰਨਾ ਕਹਿਣਾ ਹੀ ਬਹੁਤ ਹੋਵੇਗਾ ਕਿ ਵਿਭਿੰਨ ਵਿਸ਼ਿਆਂ ਦੀ ਹਾਮੀ ਭਰਦੀਆਂ ਇਹ ਸਾਰੀਆਂ ਕਹਾਣੀਆਂ ਹੀ ਲੇਖਕ ਦੀ ਮਨੋਵਿਗਿਆਨਕ ਪਹੁੰਚ ਦੀਆਂ ਲਖਾਇਕ ਹਨ। ਇਸ ਸੰਗ੍ਰਹਿ ਵਿਚ ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਕਰਮਜੀਤ ਸਿੰਘ ਔਜਲਾ ਜਿਹੇ ਵਿਦਵਾਨਾਂ ਦੀਆਂ ਟਿੱਪਣੀਆਂ ਇਸ ਪ੍ਰੋੜ੍ਹ ਲੇਖਕ ਦੀਆਂ ਕਹਾਣੀਆਂ ਦਾ ਦਮ ਭਰਦੀਆਂ ਹਨ। ਪਰ ਹਰ ਇਕ ਸ਼ਖ਼ਸ ਦੀ ਆਪੋ ਆਪਣੀ ਪਹੁੰਚ ਤੇ ਵਿਚਾਰਾਂ ਦੀ ਵਿਵਸਥਾ ਹੁੰਦੀ ਹੈ। ਗੁਰਸ਼ਰਨ ਸਿੰਘ ਨਰੂਲਾ ਨੇ ਇਕ ਕਹਾਣੀਕਾਰ ਵਜੋਂ ਜੋ ਦੇਖਿਆ-ਪਰਖਿਆ, ਉਸ ਨੂੰ ਆਪਣੇ ਹਿਸਾਬ ਨਾਲ ਬਿਨਾ ਕਿਸੇ ਬਣਾਵਟੀਪਣ ਦੇ ਸਹਿਜ ਤੇ ਸਰਲਤਾ ਨਾਲ ਆਪਣੇ ਹੁਨਰ ਨਾਲ ਕਹਾਣੀ ਦਾ ਰੂਪ ਦੇ ਦਿੱਤਾ। ਸਮਕਾਲੀ ਕਹਾਣੀ ਤੋਂ ਇਕ ਵਿੱਥ ਸਿਰਜਦੀ ਸਮਾਨਾਂਤਰ ਕਹਾਣੀ ਦਾ ਆਪਣਾ ਸਥਾਨ ਹੁੰਦਾ ਹੈ। ਉਮੀਦ ਹੈ ਕਿ ਕਹਾਣੀਕਾਰ ਆਪਣੇ ਅਗਲੇ ਕਹਾਣੀ-ਸੰਗ੍ਰਹਿ ਵਿਚ ਹੋਰ ਵੀ ਉੱਚੀ ਉਡਾਣ ਭਰੇਗਾ।
ਸੰਪਰਕ: 98145-07693


Comments Off on ਸਹਿਜ ਤੇ ਸਰਲ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.