ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਸਰਕਾਰ ਵੱਲੋਂ ਝੋਨੇ ਦੀ ਖਰੀਦ ਠੀਕ ਹੋਣ ਦਾ ਦਾਅਵਾ

Posted On October - 14 - 2019

ਬਲਵਿੰਦਰ ਜੰਮੂ
ਚੰਡੀਗੜ੍ਹ, 13 ਅਕਤੂਬਰ
ਪੰਜਾਬ ਵਿਚ ਝੋਨੇ ਦੀ ਖਰੀਦ ਠੀਕ ਚੱਲ ਰਹੀ ਹੈ ਪਰ ਸ਼ੁਰੂਆਤ ’ਚ ਭਾਰੀ ਮੀਂਹ ਪੈਣ ਕਰਕੇ ਕੁਝ ਥਾਵਾਂ ’ਤੇ ਸਮੱਸਿਆਵਾਂ ਜ਼ਰੂਰ ਆਈਆਂ ਸਨ। ਅੰਮ੍ਰਿਤਸਰ, ਤਰਨ ਤਾਰਨ ਜ਼ਿਲ੍ਹਿਆਂ ਦੀਆਂ ਕੁਝ ਮੰਡੀਆਂ ਵਿਚ ਝੋਨਾ ਗਿੱਲਾ ਹੋ ਗਿਆ ਸੀ। ਇਸ ਵਾਰ ਮੀਂਹ ਦੇਰ ਤਕ ਪੈਣ ਕਰਕੇ ਝੋਨੇ ਦੀ ਕਟਾਈ ਦੇਰੀ ਨਾਲ ਸ਼ੁਰੁੂ ਹੋਈ ਹੈ ਤੇ ਅੱਜ ਦੇਰ ਸ਼ਾਮ ਤਕ ਆਮਦ ਤੇਰਾਂ ਲੱਖ ਮੀਟਰਿਕ ਟਨ ਹੋਣ ਦੀ ਉਮੀਦ ਹੈ।
ਕੇਂਦਰ ਨੇ ਪੰਜਾਬ ਸਰਕਾਰ ਨੂੰ ਨੌਂ ਅਕਤੂਬਰ ਨੂੰ ਝੋਨੇ ਦੀ ਖਰੀਦ ਲਈ 26,707 ਕਰੋੜ ਰੁਪਏ ਦੀ ਸੀਸੀਐਲ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ ਤੇ ਦੂਜੀ ਕਿਸ਼ਤ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਆਉਣ ਦੀ ਉਮੀਦ ਹੈ। ਇਸ ਨਾਲ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਸ਼ੁਰੂ ਕੀਤੀ ਜਾਣੀ ਸੀ ਪਰ ਅਜੇ ਤਕ ਪੈਸਾ ਆੜ੍ਹਤੀਆਂ ਕੋਲ ਨਹੀਂ ਪਹੁੰਚਿਆ ਤੇ ਇਸ ਕਰਕੇ ਕਿਸਾਨਾਂ ਨੂੰ ਅਦਾਇਗੀ ਨਹੀਂ ਹੋਈ ਹੈ। ਪਟਿਆਲਾ ਜ਼ਿਲ੍ਹੇ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਤਕਰੀਬਨ ਦੋ ਹਫਤੇ ਪਹਿਲਾਂ ਝੋਨਾ ਵੇਚਿਆ ਸੀ ਪਰ ਅਜੇ ਤਕ ਪੈਸੇ ਨਹੀਂ ਮਿਲੇ। ਕਿਸਾਨਾਂ ਨੂੰ ਹੁਣ ਤਕ ਜਿੰਨੀ ਵੀ ਅਦਾਇਗੀ ਕੀਤੀ ਗਈ ਹੈ ਉਹ ਆੜ੍ਹਤੀਆਂ ਨੇ ਆਪਣੇ ਪੱਲਿਉਂ ਕੀਤੀ ਹੈ। ਕੱਲ੍ਹ ਤਕ ਸੂਬੇ ਦੀਆਂ ਮੰਡੀਆਂ ਵਿਚ 11.95 ਲੱਖ ਟਨ ਝੋਨਾ ਆਇਆ ਸੀ ਜਿਸ ਵਿਚੋਂ 10.86 ਲੱਖ ਮੀਟਰਿਕ ਟਨ ਦੀ ਖਰੀਦ ਕਰ ਲਈ ਗਈ ਹੈ।
ਰਾਈਸ ਮਿੱਲਰਾਂ ਦੀ ਹੜਤਾਲ ਬਾਰੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸੂਬੇ ਵਿਚ 4092 ਤੋਂ ਵੱਧ ਰਾਈਸ ਮਿੱਲਰ ਹਨ ਤੇ ਇਨ੍ਹਾਂ ਵਿਚੋਂ ਇਕ ਹਜ਼ਾਰ ਨਾਲ ਝੋਨਾ ਸ਼ੈਲਰਾਂ ਵਿਚ ਰੱਖਣ ਸਬੰਧੀ ਸਮਝੌਤਾ ਹੋ ਗਿਆ ਹੈ ਤੇ ਦੋ ਹਜ਼ਾਰ ਨਾਲ ਝੋਨੇ ਦੀ ਅਲਾਟਮੈਂਟ ਬਾਰੇ ਫੈਸਲਾ ਹੋ ਗਿਆ ਹੈ। ਕੁਝ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਆਦਿ ਵਿਚ ਝੋਨੇ ਦੀ ਆਮਦ ਬਹੁਤ ਘੱਟ ਹੈ। ਇਸ ਕਰਕੇ ਇਨ੍ਹਾਂ ਜ਼ਿਲ੍ਹਿਆਂ ਦੇ ਰਾਈਸ ਮਿੱਲਰਾਂ ਨਾਲ ਅਜੇ ਸਮਝੌਤੇ ਨਹੀਂ ਹੋਏ ਤੇ ਜਦੋਂ ਇਨ੍ਹਾਂ ਜ਼ਿਲ੍ਹਿਆਂ ਵਿਚ ਆਮਦ ਵਧੇਗੀ ਤਾਂ ਇਨ੍ਹਾਂ ਨਾਲ ਵੀ ਸਮਝੌਤੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਝੋਨੇ ਨੂੰ ਰੱਖਣ ਦੀ ਕੋਈ ਸਮੱਸਿਆ ਨਹੀਂ ਆਵੇਗੀ ਕਿਉਂਕਿ ਐਫਸੀਆਈ ਨੇ 54 ਲੱਖ ਮੀਟਰਿਕ ਟਨ ਕਣਕ ਅਤੇ ਚੌਲ ਸੂਬੇ ਦੇ ਗਦਾਮਾਂ ਵਿਚੋਂ ਚੁੱਕਣ ਦਾ ਫੈਸਲਾ ਕਰ ਲਿਆ ਹੈ। ਇਸ ਨਾਲ ਗੁਦਾਮਾਂ ਵਿਚ ਹੋਰ ਥਾਂ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਝੋਨੇ ਤੇ ਕਣਕ ਦੀ ਸਾਫ ਸੁਥਰੀ ਖਰੀਦ ਹੋ ਰਹੀ ਹੈ ਪਰ ਪਿਛਲੀ ਸਰਕਾਰ ਦੇ ਹਮਾਇਤੀ ਆੜ੍ਹਤੀਏ ਤੇ ਸ਼ੈਲਰ ਮਾਲਕ ਇਸ ਤੋਂ ਨਾਖੁਸ਼ ਹਨ ਜਿਸ ਕਰਕੇ ਉਹ ਰੇੜਕਾ ਪਾਉਣਾ ਚਾਹੁੰਦੇ ਹਨ ਪਰ ਉਹ ਸਫਲ ਨਹੀਂ ਹੋ ਸਕਣਗੇ ਕਿਉਂਕਿ ਵਿਭਾਗ ਖਰੀਦ ਨਾਲ ਜੁੜੀਆਂ ਸਾਰੀਆਂ ਧਿਰਾਂ ਦੇ ਮਸਲੇ, ਸਮੱਸਿਆਵਾਂ ਹੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨਾਂ ਤੋੜਨ ਕਾਰਨ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਮੰਨਿਆ ਕਿ ਸੂਬੇ ਦੀ ਰਾਈਸ ਮਿਲਰ ਐਸੋਸੀਏਸ਼ਨ ਨੇ ਸ਼ੈਲਰਾਂ ਵਿਚ ਥਾਂ ਨਾ ਹੋਣ ਦਾ ਬਹਾਨਾ ਬਣਾ ਕੇ ਹੜਤਾਲ ਕਰ ਦਿੱਤੀ ਹੈ। ਰਾਈਸ ਮਿੱਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿੰਨੀ ਦੇਰ ਤਕ ਰਾਜ ਸਰਕਾਰ ਐਫਸੀਆਈ ਕੋਲੋਂ ਸ਼ੈਲਰਾਂ ਅਤੇ ਗੋਦਾਮਾਂ ਵਿਚ ਪਿਆ ਪਿਛਲੇ ਝੋਨੇ ਅਤੇ ਕਣਕ ਦਾ ਸਟਾਕ ਨਹੀਂ ਚੁਕਾਉਂਦੀ, ਉਹ ਓਨੀ ਦੇਰ ਤਕ ਪੰਜਾਬ ਸਰਕਾਰ ਨਾਲ ਸਮਝੌਤੇ ਨਹੀਂ ਕਰਨਗੇ।
ਮਾਝੇ ਦੇ ਕਿਸਾਨ ਦਵਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੀ ਖਰੀਦ ਠੀਕ ਹੋ ਰਹੀ ਹੈ ਜਿਹੜੇ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਆਉਂਦੀ ਹੈ, ਉਸ ਨੂੰ ਕਾਟ ਦੇਣੀ ਪੈਂਦੀ ਹੈ ਤੇ ਬਾਕੀ ਝੋਨਾ ਸੁੱਕਾ 1835 ਰੁਪਏ ਕੁਇੰਟਲ ਦੇ ਹਿਸਾਬ ਵਿਕ ਜਾਂਦਾ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਅੰਦਾਜ਼ੇ ਮੁਤਾਬਕ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 160 ਤੋਂ 165 ਲੱਖ ਮੀਟਰਿਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ ਪਰ ਰਾਜ ਸਰਕਾਰ ਨੇ 170 ਲੱਖ ਮੀਟਰਿਕ ਟਨ ਝੋਨਾ ਖਰੀਦਣ ਦੇ ਪ੍ਰਬੰਧ ਕੀਤੇ ਹਨ। ਇਸ ਲਈ ਬਾਰਦਾਨੇ ਦੇ ਪ੍ਰਬੰਧ ਕਰ ਲਏ ਗਏ ਹਨ।


Comments Off on ਸਰਕਾਰ ਵੱਲੋਂ ਝੋਨੇ ਦੀ ਖਰੀਦ ਠੀਕ ਹੋਣ ਦਾ ਦਾਅਵਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.