ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    

ਵੇ ਮੇਰੀ ਰੰਗ ਦੇ ਉਂਗਲੀ ਮੌਲਾ

Posted On October - 21 - 2019

ਐੱਸ ਪੀ ਸਿੰਘ*

ਅੱਜ ਜਿਸ ਵੇਲੇ ਤੁਸੀਂ ਇਹ ਸਤਰਾਂ ਪੜ੍ਹ ਰਹੇ ਹੋਵੋਗੇ, ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅਤੇ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵਹੀਰਾਂ ਘੱਤ ਕੇ ਲੋਕ ਆਪਣੀਆਂ ਉਂਗਲੀਆਂ ਉੱਤੇ ਨੀਲੀ ਸਿਆਹੀ ਲਗਵਾਉਣ ਜਾ ਰਹੇ ਹੋਣਗੇ। ਅੱਗੇ ਪਿੱਛੇ ਨੇਤਾ ਲੋਕਾਂ ਦੀ ਸੇਵਾ ਲਈ ਕਿੰਨੀ ਕੁ ਸੁਖਾਲਿਆਂ ਦਸਤਯਾਬ ਹੁੰਦੇ ਹਨ, ਇਹ ਤਾਂ ਕੁੱਲ ਲੋਕਾਈ ਚੰਗੀ ਤਰ੍ਹਾਂ ਜਾਣਦੀ ਹੈ, ਪਰ ਘੱਟੋ-ਘੱਟ ਚੋਣ ਪ੍ਰਚਾਰ ਵੇਲੇ ਇਨ੍ਹਾਂ ਖਾਸਮ-ਖਾਸ ਅਤੇ ਆਮ-ਫਾਹਮ ਦਾ ਮਿਲਾਪ ਹੋਣ ਦੇ ਆਸਾਰ ਵਧੇਰੇ ਹੁੰਦੇ ਹਨ।
ਇਹੀ ਉਹ ਮੌਕਾ ਹੁੰਦਾ ਹੈ ਜਦੋਂ ਨੇਤਾ ਆਵਾਮ ਦੇ ਅਣਗੌਲੇ, ਪਰ ਅਤਿ ਮਹੱਤਵਪੂਰਨ ਮੁੱਦਿਆਂ ਨੂੰ ਮੁਖ਼ਾਤਬ ਹੋਣ ਲਈ ਮਜਬੂਰ ਹੁੰਦਾ ਹੈ। ਇੰਝ ਇਨ੍ਹਾਂ ਕੁਝ ਕੁ ਦਿਨਾਂ ਲਈ ਚੁਣਾਵੀ ਹਲਕਿਆਂ ਵਿੱਚ ਲੋਕਤੰਤਰ ਸੱਚਮੁੱਚ ਤਾਰੀ ਹੋ ਜਾਂਦਾ ਸੀ, ਪਰ ਇਹ ਵਰਤਾਰਾ ਉਦੋਂ ਤੱਕ ਹੀ ਸੀ ਜਦੋਂ ਤੱਕ ਖ਼ਲਕਤ ਆਪਣੇ ਚੰਗੇ-ਬੁਰੇ ਬਾਰੇ, ਨਫ਼ੇ-ਨੁਕਸਾਨ ਬਾਰੇ ਦਿਮਾਗ਼ ਨਾਲ ਸੋਚਦੀ ਸੀ। ਨੇਤਾ ਨੂੰ ਖ਼ਲਕਤੀ ਦਿਮਾਗ਼ ਤੋਂ ਸਦਾ ਹੀ ਡਰ ਲੱਗਦਾ ਹੈ, ਇਸ ਲਈ ਉਹ ਮੌਕਾ ਬ’ਮੌਕਾ ਖ਼ੁਰਾਫਾਤੀ ਦਿਮਾਗ਼ ਤਾਮੀਰ ਕਰਨ ਲਈ ਤਤਪਰ ਰਹਿੰਦਾ ਹੈ। ਇਹ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਤੁਸੀਂ ਠੰਢੇ ਦਿਮਾਗ਼ ਦੀ ਥਾਂ ਭਖ਼ਦੇ ਜਜ਼ਬਾਤਾਂ ਨਾਲ ਵੋਟ ਪਾਉਣ ਜਾਓ।
ਠੰਢੇ ਦਿਮਾਗ਼ ਨਾਲ ਸੋਚਦੇ ਲੋਕ ਸਵਾਲ ਪੁੱਛਦੇ ਹਨ ਕਿ ਸਾਡੇ ਬੱਚਿਆਂ ਲਈ ਇੱਕ ਚੰਗੀ, ਸੁਹਜ ਭਰੀ, ਸੁਰੱਖਿਅਤ ਅਤੇ ਭਰਪੂਰ ਜ਼ਿੰਦਗੀ ਜਿਊਣ ਲਈ ਨੇਤਾ ਨੇ ਕੀ ਉੱਦਮ ਕੀਤੇ ਹਨ ਅਤੇ ਭਵਿੱਖ ਵਿੱਚ ਕਿਹੜੇ ਕਦਮ ਲੈਣ ਜਾ ਰਿਹਾ ਹੈ? ਗਰਮਾ-ਗਰਮ ਜਜ਼ਬਾਤਾਂ ਨਾਲ ਨੁੱਚੜਦੇ ਵੋਟਰ ਉਸ ਦੀ ਭਾਲ ਕਰਦੇ ਹਨ ਜਿਹੜਾ ਕਿਸੇ ਨੂੰ ਦੁਸ਼ਮਣ ਮੁਲਕ, ਫਿਰ ਦੁਸ਼ਮਣ ਨੂੰ ਨੇਸਤੋ-ਨਾਬੂਦ ਕਰਨ ਦੀ ਗੱਲ ਕਰੇ; ਕਿਸੇ ਫਿਰਕੇ ਪ੍ਰਤੀ ਨਫ਼ਰਤ ਭਰੇ, ਫਿਰ ਉਹਨੂੰ ਮੁਲਕੋਂ ਦਰ-ਬਦਰ ਕਰਨ ਦੀ ਗੱਲ ਕਰੇ; ਤੁਹਾਡੀ ਇੱਛਾ ਅਨੁਸਾਰ ਕਿਸੇ ਦੇ ਰੱਬ ਦਾ ਘਰ ਢਾਹੁਣ ਅਤੇ ਕਿਸੇ ਦੂਜੇ ਦੇ ਰੱਬ ਦਾ ਸ਼ਾਨਦਾਰ ਘਰ ਬਣਾਉਣ ਦੀ ਗੱਲ ਕਰੇ।
ਕਿਉਂ ਜੋ ਮੁਫਾਦਾਂ ਅਤੇ ਜਜ਼ਬਾਤਾਂ ਦੀ ਰਾਜਨੀਤੀ ਸਾਡੇ ਸਮਿਆਂ ਦਾ ਸੱਚ ਹੋ ਗਈ ਹੈ, ਇਸ ਲਈ ਨੇਤਾ ਨੇ ਖਲਕਤ ਦੇ ਮੁਫ਼ਾਦਾਂ ਅਤੇ ਜਜ਼ਬਾਤਾਂ ਬਾਰੇ ਗੱਲ ਕਰਨ ਲਈ ਭਰਪੂਰ ਜ਼ਮੀਨ ਮੁਹੱਈਆ ਕਰਵਾ ਦਿੱਤੀ ਹੈ। ਮੰਚ ਸਜਿਆ ਹੈ, ਤੁਹਾਡਾ ਰੋਲ ਤੁਹਾਨੂੰ ਦੱਸਿਆ ਜਾ ਰਿਹਾ ਹੈ।
ਮਹਾਂਰਾਸ਼ਟਰ ਹੋਵੇ ਜਾਂ ਹਰਿਆਣਾ, ਨੇਤਾ ਲੋਕਾਂ ਕੋਲ ਜਾ ਕੇ ਦੱਸ ਰਿਹਾ ਹੈ ਕਿ ਉਸ ਵਿਗੜੇ ਹੋਏ ਕਸ਼ਮੀਰ ਨੂੰ ਕਿਵੇਂ ਕਾਬੂ ਕੀਤਾ ਅਤੇ ਪਾਕਿਸਤਾਨ ਨਾਲ ਕਿੰਝ ਸਿੱਝਿਆ। ਤਰੱਕੀਯਾਫ਼ਤਾ ਮੁਲਕ ਦੇ ਕਿਸੇ ਵੀ ਰਾਜ ਵਾਂਗ ਮਹਾਂਰਾਸ਼ਟਰ ਅਤੇ ਹਰਿਆਣਾ ਦੇ ਆਪਣੇ ਮੁੱਦੇ ਬਹੁਤ ਗੰਭੀਰ ਹਨ ਅਤੇ ਨਿੱਠਵੀਆਂ ਚਰਚਾਵਾਂ, ਬਹਿਸਾਂ ਅਤੇ ਸਮਝ ਦੀ ਮੰਗ ਕਰਦੇ ਹਨ, ਪਰ ਚੋਣ ਪ੍ਰਚਾਰ ਇਵੇਂ ਕੀਤਾ ਗਿਆ ਜਿਵੇਂ ਮਹਾਂਰਾਸ਼ਟਰ ਅਤੇ ਹਰਿਆਣਾ ਦਾ ਮੁੱਖ ਮੁੱਦਾ ਕਸ਼ਮੀਰ ਹੋਵੇ।
ਪੰਜਾਬ ਵਿੱਚ ਲਾ-ਕਾਨੂੰਨੀ, ਨਸ਼ਿਆਂ ਅਤੇ ਹਨੇਰੇ ਭਵਿੱਖ ਦੀਆਂ ਚਿੰਤਾਵਾਂ ਨਾਲ ਝੰਬੇ ਲੋਕ, ਸ਼ਖ਼ਸੀਅਤਾਂ ਦੀਆਂ ਆਪਸੀ ਲੜਾਈਆਂ ਵਿੱਚੋਂ ਉਪਜੇ ਮਸਨੂਈ ਮੁੱਦਿਆਂ ਦੇ ਆਧਾਰ ’ਤੇ ਵੋਟ ਪਾਉਣ ਜਾ ਰਹੇ ਹਨ ਅਤੇ ਪਰਸਪਰ ਵਿਰੋਧੀ ਨੇਤਾਵਾਂ ਦੀ ਸੂਬੇ ਨੂੰ ਦਰਪੇਸ਼ ਪੇਚੀਦਾ ਮਸਲਿਆਂ ਉੱਤੇ ਜਵਾਬਦੇਹੀ ਅਜਿਹੇ ਮੌਕੇ ਵੀ ਸੁਨਿਸ਼ਚਿਤ ਨਹੀਂ ਕਰ ਸਕੇ ਜਦੋਂ ਲੋਕਾਂ ਦੇ ਬੂਹੇ ਤੱਕ ਨੇਤਾ ਦਾ ਆਉਣਾ ਉਹਦੀ ਮਜਬੂਰੀ ਹੋ ਜਾਂਦਾ ਹੈ।
ਲੋਕਤੰਤਰ ਵਿੱਚ ਕੋਈ ਮੁੱਦਾ ਤੁਹਾਡੇ ਕਿੰਨਾ ਨੇੜੇ ਹੋਵੇ ਕਿ ਤੁਹਾਨੂੰ ਜਾਪੇਗਾ ਕਿ ਚੋਣ ਪ੍ਰਚਾਰ ਵਿੱਚ ਇਹ ਮੁੱਖ ਮੁੱਦਿਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ? ਸਾਡੇ ਤੁਹਾਡੇ ਵਰਗੇ ਲੋਕ ਸੜਕ ’ਤੇ ਕਾਰ ਸਕੂਟਰ ਚਲਾਉਂਦੇ ਹਨ ਉਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਸਕਦੀ ਹੈ; ਲੋਕਾਂ ਦਾ ਲੈਣ ਦੇਣ ਜਾਂ ਜਾਇਦਾਦ ਪਿੱਛੇ ਇਕ ਦੂਜੇ ਨਾਲ ਝਗੜਾ ਹੋ ਸਕਦਾ ਹੈ। ਇਹ ਝਗੜੇ ਜਾਇਜ਼ ਤਰੀਕਿਆਂ ਨਾਲ ਸੁਲਝ ਜਾਣ, ਇਸ ਲਈ ਅਸੀਂ ਪੁਲੀਸ, ਥਾਣੇ, ਅਦਾਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਹੜੇ ਸਾਡੇ ਪੈਸੇ ਨਾਲ ਚੱਲਦੇ ਹਨ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਬੱਚੇ ਜਾਂ ਰਿਸ਼ਤੇਦਾਰ ਜਾਂ ਗੁਆਂਢੀ ਨੂੰ ਥਾਣੇ ਵਿੱਚ ਪੁੱਠਾ ਲਟਕਾ ਕੇ, ਤਸ਼ੱਦਦ ਕਰਕੇ, ਕੁੱਟਮਾਰ ਕਰਕੇ ਪੁੱਛਗਿੱਛ ਕੀਤੀ ਜਾਵੇ ਤਾਂ ਕੀ ਇਹ ਮੁੱਦਾ ਇੰਨਾ ਗੰਭੀਰ ਹੋ ਜਾਵੇਗਾ ਕਿ ਤੁਸੀਂ ਚਾਹੋਗੇ ਕਿ ਇਹ ਚੋਣ ਪ੍ਰਚਾਰ ਦੌਰਾਨ ਪ੍ਰਮੁੱਖਤਾ ਨਾਲ ਉਭਾਰਿਆ, ਵਿਚਾਰਿਆ ਜਾਵੇ?
ਵਿਕਸਤ ਮੁਲਕਾਂ ਵਿੱਚ ਆਪਣੀ ਥਾਂ ਬਣਾ ਚੁੱਕਿਆ ਭਾਈਚਾਰਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਨ੍ਹਾਂ ਸਮਾਜਾਂ ਵਿੱਚ ਪੁਲੀਸ ਅਤੇ ਨਾਗਰਿਕ ਦਾ ਰਿਸ਼ਤਾ ਕਿਵੇਂ ਨਿਭਦਾ ਹੈ। ਅਸੀਂ ਐਸੇ ਨਿਜ਼ਾਮ ਲਈ ਲੜਾਈ ਕਦੋਂ ਸ਼ੁਰੂ ਕਰਨੀ ਹੈ? ਜਦੋਂ ਸਾਡਾ ਆਪਣਾ ਮੁੰਡਾ ਕਿਸੇ ਥਾਣੇ ਵਿੱਚ ਪੁੱਠਾ ਲਟਕਿਆ ਹੋਵੇਗਾ? ਇਸ ਸਾਲ ਗਰਮੀਆਂ ਵਿੱਚ ਜਿਹੜਾ ਪੁਲੀਸ ਤਸ਼ੱਦਦ ਨਾ ਸਹਾਰਦਾ ਥਾਣੇ ਵਿੱਚ ਹੀ ਖ਼ੁਦਕੁਸ਼ੀ ਕਰ ਗਿਆ, ਉਹ 22 ਸਾਲਾਂ ਦਾ ਜਸਪਾਲ ਤਾਂ ਕਿਸੇ ਹੋਰ ਦਾ ਮੁੰਡਾ ਸੀ, ਨਹੀਂ ਤਾਂ ਸਾਡਾ ਮੁੱਦਾ ਨਾ ਹੁੰਦਾ? ਆਪਣੇ ਵਾਲੇ ਦੇ ਲਟਕਣ ਦੀ ਉਡੀਕ ਕਰ ਰਹੇ ਹਾਂ? ਅਦਾਲਤੀ ਇਨਸਾਫ਼ ਤਕ ਪਹੁੰਚ ਦੀ ਖੇਡ ਤਾਂ ਕੁਝ ਉਪਰਾਲਿਆਂ ਦੀ ਹੀ ਹੈ।
ਪੰਜਾਬ ਵਿੱਚ ਗੁਰੂ ਦੇ ਅਦਬ ਨੂੰ ਲੈ ਕੇ ਚੱਲ ਰਹੀ ਜੋਸ਼ੀਲੀ ਬਹਿਸ ਥੱਲੇ ਕਿਸਾਨੀ ਮੁੱਦਿਆਂ ਦੀ ਅਣਗੌਲੀ ਲਾਸ਼ ਦਬਾ ਦਿੱਤੀ ਗਈ ਹੈ। ਚੋਣ ਪ੍ਰਚਾਰ ਦੀ ਗਰਮਾ-ਗਰਮੀ ਵਿੱਚ ਇਹ ਬਹਿਸ ਤਾਂ ਹੁੰਦੀ ਰਹੀ ਕਿ ਗੁਰੂ ਦੀ 550ਵੀਂ ਵਰ੍ਹੇਗੰਢ ਮਨਾਉਂਦਿਆਂ ਸਰਕਾਰੀ ਸਟੇਜ ਦੀ ਝੰਡੀ ਹੋਵੇਗੀ ਜਾਂ ਕੋਈ ਖ਼ਾਸ ਰਾਜਨੀਤਕ ਪਾਰਟੀ ਸਟੇਜ ਦੀ ਬਾਜ਼ੀ ਮਾਰ ਲਵੇਗੀ, ਪਰ ਇਹ ਸਵਾਲ ਗੁਆਚ ਗਿਆ ਕਿ ਕਿਰਤ ਕਰਨ ਵਾਲੇ ਨਾਮਲੇਵਾ ਕੋਲ ਵੰਡ ਛਕਣ ਲਈ ਤਾਂ ਕੀ, ਆਪਣੇ ਲਈ ਵੀ ਸਿਰਫ਼ ਸਲਫ਼ਾਸ ਹੀ ਕਿਉਂ ਬਚ ਰਹੀ ਹੈ?
ਉਮਰ ਦੇ ਅੰਤਲੇ ਮਰਹਲੇ ਗੁਰੂ ਨੇ ਜਿਸ ਧਰਤੀ ਨੂੰ ਵਾਹਿਆ ਸਿੰਜਿਆ, ਉਸੇ ਧਰਤੀ ਨੂੰ ਵਾਹੁਣ ਸਿੰਜਣ ਵਾਲਿਆਂ ਦੇ ਖ਼ੂਨ ਪਸੀਨੇ ਦਾ ਮੁੱਲ ਅੱਜ ਵਿਕਾਸ ਦੇ ਦਾਅਵੇ ਠੋਕਣ ਵਾਲਿਆਂ ਨੇ ਕਿੰਨਾ ਕੁ ਪਾਇਆ ਹੈ? ਇਹ ਉਦੋਂ ਵੀ ਚੋਣ ਪ੍ਰਚਾਰ ਦਾ ਮੁੱਦਾ ਕਿਉਂ ਨਹੀਂ ਬਣਿਆ ਜਦੋਂ ਅਸੀਂ ਉਸੇ ਗੁਰੂ ਦੀ ਉਸੇ ਧਰਤੀ ਵੱਲ ਨੂੰ ਲਾਂਘਾ ਭਾਲਦੇ ਇੱਕ ਦੂਜੇ ਨਾਲ ਖਹਿਬੜ ਰਹੇ ਹਾਂ? ਸਕੂਲਾਂ ਵਿੱਚ ਭਵਿੱਖ ਮਰ ਰਿਹਾ ਹੈ, ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਸ਼ਬਦਜੋੜ ਵੇਖ ਹੌਲ ਪੈਂਦੇ ਹਨ। ਚੋਣਾਂ ਮੌਕੇ ਵੀ ਨੇਤਾ ਹਲਕੇ ਵਿਚਲੇ ਸਰਕਾਰੀ ਹਸਪਤਾਲ, ਡਿਸਪੈਂਸਰੀ ’ਚ ਚੱਕਰ ਨਹੀਂ ਮਾਰਦੇ। ਨਵੇਂ ਮੈਨੀਫੈਸਟੋ ਦੀ ਘੁੰਡ ਚੁਕਾਈ ਵੇਲੇ ਪੱਤਰਕਾਰ ਪੁਰਾਣੇ ਦੀ ਕਾਪੀ ਖੋਲ੍ਹ ਸਵਾਲ ਨਹੀਂ ਪੁੱਛਦਾ। ਅਸਾਂ ਇਹਨੂੰ ਆਮ ਵਰਤਾਰਾ ਸਮਝ ਸਮਝੌਤਾ ਕਰ ਲਿਆ ਹੈ।

ਐੱਸ ਪੀ ਸਿੰਘ*

ਜੇ ਮਹਾਂਰਾਸ਼ਟਰ ਅਤੇ ਹਰਿਆਣਾ ਦੇ ਲੋਕਾਂ ਨੂੰ ਕਸ਼ਮੀਰ ਦੇ ਮੁੱਦੇ ਉੱਤੇ ਵੋਟਾਂ ਪਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਇਹ ਨੇਤਾ ਦੀ ਖ਼ਲਕਤ ਨੂੰ ਸਿੱਧੀ ਚੁਣੌਤੀ ਹੈ ਕਿ ਉਹ ਇਸ ਮੁੱਦੇ ਦੀਆਂ ਸਾਰੀਆਂ ਪਰਤਾਂ ਨਾਲ ਉਲਝੇ, ਸੁਲਝੇ। ਪਰ ਸੱਚ ਇਹ ਹੈ ਕਿ ਨੇਤਾ ਨਹੀਂ ਚਾਹੁੰਦਾ ਕਿ ਤੁਸੀਂ ਕਸ਼ਮੀਰ ਦਾ ਸਮਕਾਲੀ ਰਾਜਨੀਤਕ, ਸਮਾਜਿਕ, ਆਰਥਿਕ ਇਤਿਹਾਸ ਜਾਣੋ, ਤਰੱਦਦ ਨਾਲ ਆਪਣੀ ਸਮਝ ਦਾ ਵਿਕਾਸ ਕਰੋ।
ਦਰਅਸਲ, ਕਸ਼ਮੀਰ ਨੂੰ ਮੁੱਦਾ ਬਣਾ ਰਿਹਾ ਨੇਤਾ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਕਸ਼ਮੀਰ ਸੱਚਮੁੱਚ ਮੁੱਦਾ ਬਣੇ। ਉਹ ਤਾਂ ਸਾਰਾ ਜ਼ੋਰ ਹੀ ਇਸ ਲਈ ਲਗਾ ਰਿਹਾ ਹੈ ਕਿ ਤੁਸੀਂ ਕਸ਼ਮੀਰ ਬਾਰੇ ਸਿਰਫ਼ ਇੱਕ ਸਿੱਧ-ਪੱਧਰਾ ਸਪਾਟ ਜਿਹਾ ਬਿਆਨੀਆ ਤਸਲੀਮ ਕਰੋ ਕਿ ਸੱਤਾ ਨੇ ਜਿਵੇਂ ਉੱਥੇ ਨਾਗਰਿਕਾਂ ਨੂੰ ਸਭਨਾਂ ਸੰਵਿਧਾਨਕ ਹੱਕਾਂ ਤੋਂ ਵਾਂਝਿਆਂ ਕਰ ਨਿਆਸਰੇ ਕੀਤਾ, ਉਹ ਸਭ ਤੁਹਾਡੇ ਭਲੇ ਲਈ ਕੀਤਾ ਗਿਆ ਹੈ। ਜੇ ਅਸੀਂ ਆਪਣੀ ਸਮਝ ਨੂੰ ਅਖ਼ਬਾਰੀ ਸੁਰਖ਼ੀਆਂ, ਨੇਤਾ ਦੇ ਭਾਸ਼ਣਾਂ ਅਤੇ ਟੀਵੀ ’ਤੇ ਕਾਵਾਂਰੌਲੀ ਵਾਲੀ ਬਹਿਸ ਤੱਕ ਹੀ ਮਹਿਦੂਦ ਰੱਖਿਆ ਤਾਂ ਅਸੀਂ ਕਸ਼ਮੀਰ ਬਾਰੇ ਕਸ਼ਮੀਰ ਨੂੰ ਜਾਣੇ ਬਗੈਰ ਇੱਕ ਧਿਰ ਬਣ ਰਹੇ ਹੋਵਾਂਗੇ। ਨੇਤਾ ਨਹੀਂ ਕਹਿ ਰਿਹਾ ਕਿ ਤੁਸੀਂ ਕਸ਼ਮੀਰ ਬਾਰੇ ਜਾਣੋ, ਪੜ੍ਹੋ, ਬਹਿਸ ਕਰੋ, ਵਿਚਾਰ ਚਰਚਾ ਕਰੋ, ਸਭਨਾਂ ਦੀ ਸੁਣੋ, ਵਿਰੋਧੀ ਨੂੰ ਵੀ ਸੰਜਮ ਨਾਲ ਆਪਣੀ ਗੱਲ ਕਹਿਣ ਦਿਓ। ਨੇਤਾ ਕਹਿ ਰਿਹਾ ਹੈ ਕੇਵਲ ਉਸ ਦੀ ਸੁਣੋ, ਹੋਰ ਕਿਸੇ ਨੂੰ ਬੋਲਣ ਨਾ ਦਿਓ। ਕੋਈ ਬੋਲੇ ਤਾਂ ਉਹਦੇ ਉੱਤੇ ਕਿਸੇ ਧਰੋਹ ਦਾ ਠੱਪਾ ਜੜ੍ਹੋ, ਕਿਸੇ ਐੱਫ.ਆਈ.ਆਰ ਥੱਲੇ ਉਹਨੂੰ ਲਿਆ ਧਰੋ।
ਪੰਜਾਬ ਵਿੱਚ ਇੱਕ ਵੱਡੀ ਭੀੜ ਉਸ ਸਮਾਜਿਕ, ਰਾਜਨੀਤਕ ਕਾਰਕੁਨ ਲਈ ਬਾਹਰ ਨਿਕਲੀ ਹੈ ਜਿਹੜਾ ਪੰਜਾਬ ਦੀ ਇੱਕ ਨੌਜਵਾਨ ਧੀ ਦੀ ਇੱਜ਼ਤ-ਆਬਰੂ ਉੱਤੇ ਡਾਕੇ ਅਤੇ ਉਹਦੇ ਕਤਲ ਬਦਲੇ ਇਨਸਾਫ਼ ਮੰਗਦੀ ਭੀੜ ਸੰਗ ਸੰਘਰਸ਼ ਦੇ ਰਸਤੇ ਨਿਕਲ ਤੁਰਿਆ, ਪਰ ਫਿਰ ਸਾਜ਼ਿਸ਼ੀ ਲਾਣੇ ਦਾ ਸ਼ਿਕਾਰ ਹੋ ਅੱਜ ਬਰਨਾਲਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਉਹਦੇ ਹੱਕ ਵਿੱਚ ਆਪਣੇ ਕੰਮਕਾਰ ਛੱਡ ਹਜ਼ਾਰਾਂ ਲੋਕ ਸੜਕ ’ਤੇ ਨਿਤਰੇ ਹੋਏ ਹਨ, ਫਿਰ ਵੀ ਇਹ ਪੰਜਾਬ ਦੇ ਕਿਸੇ ਵੀ ਹਲਕੇ ਵਿੱਚ ਵੋਟਾਂ ਪਾਉਣ ਵਾਲਿਆਂ ਲਈ ਵੱਡਾ ਚੋਣ ਮੁੱਦਾ ਨਹੀਂ ਬਣਿਆ। ਨਾ ਹੀ ਇਹ ਚੁਣਾਵੀ ਮੁੱਦਾ ਬਣਿਆ ਕਿ ਗੁਰੂ ਨਾਨਕ ਦੇ ਨਾਮ ’ਤੇ ਸਰਕਾਰ ਐਸੇ ਅਨਸਰਾਂ ਨੂੰ ਜੇਲ੍ਹ ਵਿੱਚੋਂ ਛੱਡਣ ਦੀ ਸਲਾਹ ਬਣਾ ਚੁੱਕੀ ਹੈ ਜਿਹੜੇ ਕਾਲੇ ਦੌਰ ਵਿੱਚ ਕਾਲੇ ਕਾਰਨਾਮਿਆਂ ਨੂੰ ਸਰਅੰਜਾਮ ਦੇ ਰਹੇ ਸਨ।
ਜੰਮਣੇ ਮਰਨੇ ਤੋਂ ਬਿਨਾਂ ਵਿਆਹ-ਸ਼ਾਦੀਆਂ ਸਾਡੀ ਪਰਿਵਾਰਕ, ਸਮਾਜਿਕ ਜ਼ਿੰਦਗੀ ਵਿੱਚ ਵੱਡੇ ਮੌਕੇ ਹੁੰਦੀਆਂ ਹਨ। ਹੁਣ ਅਖ਼ਬਾਰਾਂ ਵਿੱਚ ਜਨਤਕ ਤੌਰ ਉੱਤੇ ਬੱਚਿਆਂ ਦੇ ਮਾਪੇ 6.0 ਬੈਂਡ ਵਾਲੇ ਮੁੰਡੇ ਜਾਂ 6.5 ਬੈਂਡ ਵਾਲੀਆਂ ਕੁੜੀਆਂ ਲੱਭ ਰਹੇ ਹਨ ਅਤੇ ਗੁਰਦੁਆਰਿਆਂ ਵਿੱਚ ਉਜਾੜਿਆਂ ਦੀਆਂ ਅਰਦਾਸਾਂ ਕਰ ਰਹੇ ਹਨ ਕਿ ਬੱਸ ਇੱਕ ਵਾਰੀ ਮੁੰਡਾ ਜਾਂ ਕੁੜੀ ਜਹਾਜ਼ ਚੜ੍ਹ, ਜਾਇਜ਼ ਨਾਜਾਇਜ਼ ਤਰੀਕੇ ਮੁਲਕੋਂ ਤੁਰ ਜਾਵੇ। ਫਿਰ ਸਤਿਗੁਰੂ ਆਪ ਬਖਸ਼ਿਸ਼ ਕਰਨ, ਔਖੇ ਸੌਖੇ ਤੱਪੜ ਘਸਾ ਉੱਥੇ ਹੀ ਠੌਰ-ਠਿਕਾਣਾ ਬਣਾ ਬਾਕੀ ਭੈਣ-ਭਰਾਵਾਂ ਨੂੰ ਵੀ ਸੱਦ ਲਵੇ।
ਜੇ ਅਜਿਹਾ ਸਰਬ-ਵਿਆਪੀ ਉਜਾੜਾ ਵੀ ਚੋਣ ਮੁੱਦਾ ਨਹੀਂ ਹੈ ਤਾਂ ਤੁਸੀਂ ਕਾਸ ਨੂੰ ਉਂਗਲਾਂ ਰੰਗ ਰਹੇ ਹੋ? ਨੇਤਾ ਦੀ ਤਾਂ ਸਮਝ ਆਉਂਦੀ ਹੈ, ਤੁਸੀਂ ਕਿਸ ਨੂੰ ਠੱਗ ਰਹੇ ਹੋ? ਗੁਰੂ ਦੇ ਅਦਬ ਲਈ ਜੰਗ ਤੋਂ ਲੈ ਕੇ ਕਿਸੇ ਨੂੰ ਜੇਲ੍ਹ ’ਚ ਤੁੰਨਣ ਦੀ ਮੰਗ ਤੱਕ ਕਿੱਧਰ ਨੂੰ ਵੱਗ ਰਹੇ ਹੋ? ਆਪਣੇ ਲਈ ਕਸ਼ਮੀਰ, ਕਸ਼ਮੀਰੀ ਲਈ ਕੀ ਮੰਗ ਰਹੇ ਹੋ? ਦਰਜਨਾਂ ਮੁਲਕਾਂ ਵਿੱਚ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਲਈ ਵਿੱਢੀ ਜਾ ਰਹੀ ਲੜਾਈ ਨੂੰ ਵੀ ਚੋਣਾਂ ਦਾ ਮੁੱਦਾ ਨਾ ਬਣਾ, ਕਿਹੜੀ ਪੱਗ ਬਚਾ ਰਹੇ ਹੋ? ਸਮਾਜ, ਦਿਲ, ਦਿਮਾਗ਼, ਰਾਜਨੀਤੀ ਵਿੱਚ ਆਪਣੀਆਂ ਹੀ ਆਉਣ ਵਾਲੀਆਂ ਨਸਲਾਂ ਦਾ ਮੁੱਦਾ ਗਵਾ ਰਹੇ ਹੋ। ਉਂਗਲੀਆਂ ਰੰਗਵਾ ਰਹੇ ਹੋ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਹਜ਼ਾਰ ਸ਼ਬਦ ਵਰਤ ਸੌ ਸਵਾਲ ਪੁੱਛਦਾ, ਸਟੀਕ ਜਵਾਬ ਦੀ ਤਲਾਸ਼ ਦਾ ਬੋਝ ਵੀ ਪਾਠਕਾਂ ਉੱਤੇ ਹੀ ਛੱਡਦਾ ਭਾਸ ਰਿਹਾ ਹੈ।)


Comments Off on ਵੇ ਮੇਰੀ ਰੰਗ ਦੇ ਉਂਗਲੀ ਮੌਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.