ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਵਿਸਰੀ ਕਾਵਿ-ਕਲਾ ਪੱਤਲ ਕਾਵਿ

Posted On October - 26 - 2019

ਭੋਲਾ ਸਿੰਘ ਸ਼ਮੀਰੀਆ

ਸੱਥਾਂ ਵਿਚ ਤੁਰ-ਫਿਰ ਕੇ ਗਾਉਣ ਦੀ ਪਰੰਪਰਾ ਵਾਂਗ ਪੱਤਲ ਕਾਵਿ ਵੀ ਸਮੇਂ ਦੇ ਵਹਿਣਾਂ ਵਿਚ ਡੁੱਬ ਚੁੱਕਾ ਹੈ। ਸੱਤ-ਅੱਠ ਦਹਾਕੇ ਪਹਿਲਾਂ ਜੰਞ ਬੰਨ੍ਹਣੀ ਤੇ ਜੰਞ ਛੁਡਾਉਣੀ ਵੱਡੀ ਸਮਾਜਿਕ ਰਸਮ ਸੀ। ਇਹ ਉਹ ਸਮਾਂ ਸੀ ਜਦੋਂ ਜੰਞ ਪੰਗਤਾਂ ਵਿਚ ਪਟੀਆਂ ਜਾਂ ਖੱਦਰ ਦੀਆਂ ਚਾਦਰਾਂ ’ਤੇ ਬੈਠ ਕੇ ਪੱਤਲਾਂ (ਪੱਤਿਆਂ ਦੀਆਂ ਥਾਲੀਆਂ) ਵਿਚ ਭੋਜਨ ਛਕਿਆ ਕਰਦੀ ਸੀ। ਇਸ ਪੱਤਲ ਤੋਂ ਇਸ ਕਾਵਿ-ਧਾਰਾ ਦਾ ਨਾਂ ਪੱਤਲ-ਕਾਵਿ ਪੈ ਗਿਆ। ਇਸ ਧਾਰਾ ਦੇ ਘੇਰੇ ਵਿਚ ਜੰਞ ਬੰਨ੍ਹਣੀ ਤੇ ਜੰਞ ਛੁਡਾਉਣੀ ਦੋਵੇਂ ਰਵਾਇਤਾਂ ਆ ਜਾਂਦੀਆਂ ਹਨ। ਜਦੋਂ ਜੰਞ ਰੋਟੀ ਖਾਣ ਬੈਠ ਜਾਂਦੀ ਸੀ ਤਾਂ ਉਨ੍ਹਾਂ ਦੇ ਅੱਗੇ ਪੱਤਲਾਂ ’ਤੇ ਭੋਜਨ ਪਰੋਸਿਆ ਜਾਂਦਾ ਸੀ। ਜਦੋਂ ਜੰਞ ਭੋਜਨ ਛਕਣ ਲਈ ਤਿਆਰ ਹੁੰਦੀ ਤਾਂ ਸਹੁਰੇ ਪਿੰਡ ਦੀ ਕੋਈ ਮੁਟਿਆਰ ਕਾਵਿ-ਸ਼ੈਲੀ ਵਿਚ ਉਸ ਭੋਜਨ ਨੂੰ ਬੰਨ੍ਹ ਦਿੰਦੀ ਸੀ। ਇਸ ਪਰੰਪਰਾ ਤੋਂ ਪਹਿਲਾਂ ਜਾਦੂ-ਟੂਣਿਆਂ ਦਾ ਆਮ ਰਿਵਾਜ ਸੀ, ਭਾਵ ਕਿਸੇ ਵਸਤੂ, ਕਿਸੇ ਘਰ ਜਾਂ ਕਿਸੇ ਦੇ ਨਸੀਬ ਆਦਿ ਨੂੰ ਕੀਲ ਲੈਣ ਦੀ ਪਰੰਪਰਾ ਸੀ। ਮਤਲਬ ਇਹ ਸੀ ਕਿ ਉਹ ਵਸਤੂ ਕਿਸੇ ਓਪਰੀ ਸ਼ੈਅ ਅਧੀਨ ਆ ਚੁੱਕੀ ਹੈ ਜਿਸ ਨੂੰ ਉਸ ਮਾਰ ਤੋਂ ਮੁਕਤ ਕਰਾਉਣਾ ਜ਼ਰੂਰੀ ਹੁੰਦਾ ਸੀ। ਇਸੇ ਪਰੰਪਰਾ ’ਚੋਂ ਜੰਞ ਬੰਨ੍ਹਣ ਦੀ ਪ੍ਰਥਾ ਰੂਪਮਾਨ ਹੋਈ ਹੈ। ਭਾਵ ਜੰਞ ਦਾ ਭੋਜਨ ਕਿਸੇ ‘ਕੀਲ’ ਦੇ ਅਧੀਨ ਆ ਚੁੱਕਾ ਹੈ ਜਿਸ ਨੂੰ ਉਸ ‘ਕੀਲ’ ਤੋਂ ਮੁਕਤ ਕਰਾਉਣਾ ਜ਼ਰੂਰੀ ਬਣ ਜਾਂਦਾ ਸੀ। ਹੌਲੀ-ਹੌਲੀ ਇਹ ਵਹਿਮੀ ਪ੍ਰਥਾ ਸਮਾਜਿਕ ਰਸਮ ਬਣ ਗਈ। ਸਮਾਂ ਪਾ ਕੇ ਇਹ ਰਸਮ ਹਾਸਰਸ ਦਾ ਰੂਪ ਧਾਰਨ ਕਰਦੀ ਗਈ। ਕਵੀਸ਼ਰੀ ਯੁੱਗ ਦਾ ਬੋਲਬਾਲਾ ਹੋਣ ਕਰਕੇ ਇਹ ਕਵੀਸ਼ਰਾਂ ਲਈ ਜ਼ਰੂਰੀ ਤੇ ਚੁਣੌਤੀਪੂਰਨ ਵਿਧੀ ਬਣ ਗਈ। ਇਸੇ ਪਰੰਪਰਾ ਕਰਕੇ ਜੰਞਾਂ ਵਿਚ ਕਵੀਸ਼ਰਾਂ ਦਾ ਜਾਣਾ ਜ਼ਰੂਰੀ ਬਣ ਗਿਆ ਸੀ। ਬਰਾਤ ਵਿਚ ਕਵੀਸ਼ਰ ਆਪਣੀ ਜਾਂ ਕਿਸੇ ਹੋਰ ਕਵੀ ਦੀ ਪੱਤਲ ਗਾ ਕੇ ਜੰਞ ਛੁਡਾਉਂਦਾ ਸੀ। ਜਦੋਂ ਤਕ ਜੰਞ ਬੰਨ੍ਹਣ ਵਾਲੀ ਔਰਤ ਨੂੰ ਕਾਵਿ-ਮਈ ਸ਼ੈਲੀ ਵਿਚ ਉਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਸੀ ਉਦੋਂ ਤਕ ਜੰਞ ਰੋਟੀ ਨਹੀਂ ਸੀ ਖਾਂਦੀ। ਜੰਞ ਛੁਡਾਉਣ ਤੋਂ ਬਿਨਾਂ ਰੋਟੀ ਖਾਣ ਵਾਲੀ ਜੰਞ ਨੂੰ ਕਾਫ਼ੀ ਹੇਠੀ ਝੱਲਣੀ ਪੈਂਦੀ ਸੀ ਤੇ ਬਰਾਤੀਆਂ ਨੂੰ ਬੇਸ਼ਰਮ ਵਰਗੇ ਸ਼ਬਦ ਸੁਣਨੇ ਪੈਂਦੇ ਸਨ। ਜੇ ਬਰਾਤ ਵਿਚੋਂ ਕੋਈ ਵੀ ਜਾਞੀਂ ਜੰਞ ਛੁਡਾਉਣ ਲਈ ਨਾ ਉੱਠਦਾ ਅਤੇ ਉਹ ਬਰਾਤ ‘ਜੰਞ ਛੁਡਾਉਣ’ ਤੋਂ ਬਿਨਾਂ ਹੀ ਰੋਟੀ ਖਾਣ ਲੱਗ ਜਾਂਦੀ ਤਾਂ ਕੋਈ ਮੁਟਿਆਰ ਕਹਿ ਦਿੰਦੀ ਸੀ:
ਜਾਞੀਂ ਬੜੇ ਨੀਂ ਠੇਠਾਂ ਦੇ ਠੇਠ,
ਭੈਣਾਂ ਦੇ ਜੇਠ, ਬੱਧੀ ਰੋਟੀ ਖਾ ਨੀਂ ਗਏ।
ਇਸੇ ਹੇਠੀ ਤੋਂ ਬਚਣ ਲਈ ਬਰਾਤ ਵਿਚ ਕਿਸੇ ਜੰਞ ਛੁਡਾਉਣ ਵਾਲੇ ਕਵੀਸ਼ਰ ਜਾਂ ਕਵੀ ਨੂੰ ਲਿਜਾਣਾ ਜ਼ਰੂਰੀ ਬਣ ਗਿਆ ਸੀ। ਫਿਰ ਇਸ ਪਰੰਪਰਾ ਨੇ ਪੱਤਲ-ਕਾਵਿ ਲਿਖਣ ਵਾਲੇ ਸ਼ਾਇਰਾਂ ਦਾ ਘੇਰਾ ਹੋਰ ਮੋਕਲਾ ਕਰ ਦਿੱਤਾ। ਇਸ ਪੱਤਲ-ਕਾਵਿ ਦੀ ਸਿਰਜਣਾ ਕਰਨ ਵਾਲੇ ਵੱਖ-ਵੱਖ ਸ਼ਾਇਰਾਂ ਨੇ ਆਪਣੀ ਮਨਪਸੰਦੀ ਦੇ ਛੰਦਾਂ ਵਿਚ ਇਸ ਕਾਵਿ ਦੀ ਰਚਨਾ ਕਰਨੀ ਸ਼ੁਰੂ ਕਰ ਦਿੱਤੀ। ਜ਼ਿਆਦਾ ਕਰਕੇ ਪੱਤਲ-ਕਾਵਿ ਕਬਿੱਤ, ਕੋਰੜਾ ਛੰਦ, ਬੈਂਤ ਜਾਂ ਝੋਕ ਛੰਦ ਵਿਚ ਰਚਿਆ ਗਿਆ, ਪਰ ਜ਼ਿਆਦਾ ਗਿਣਤੀ ਕਬਿੱਤ ਲਿਖਣ ਵਾਲੇ ਸ਼ਾਇਰਾਂ ਦੀ ਹੈ। ਉਸ ਸਮੇਂ ਸ਼ਾਇਰ ਭਾਵੇਂ ਪਿੰਗਲ ਦੀ ਵਰਤੋਂ ਨੂੰ ਧਿਆਨ ਵਿਚ ਰੱਖਦੇ ਸਨ, ਪਰ ਬੋਲ ਕੇ ਜਾਂ ਗਾ ਕੇ ਪ੍ਰਗਟਾਵਾ ਕਰਨ ਵਾਲਾ ਬਰਾਤੀ ਕਈ ਵਾਰ ਸਮੇਂ ’ਤੇ ਹਾਲਾਤ ਅਨੁਸਾਰ ਉਸ ਵਿਚ ਸ਼ਬਦਾਂ ਦਾ ਘਾਟਾ/ਵਾਧਾ ਕਰਕੇ ਆਪਣੀ ਆਵਾਜ਼ ਨਾਲ ਹੀ ਠਹਿਰਾਅ ਜਾਂ ਲਮਕਾ ਕੇ ਉਸ ਰਚਨਾ ਦੇ ਤੋਲ ਨੂੰ ਪੂਰਾ ਕਰ ਲੈਂਦਾ ਸੀ।
ਉਦੋਂ ਜੰਞ ਕਈ-ਕਈ ਦਿਨ ਠਹਿਰਿਆ ਕਰਦੀ ਸੀ। ਜੰਞ ਵੀ ਜੰਗ ਜਿੱਤਣ ਵਾਂਗ ਬੜੇ ਹੀ ਜ਼ੋਰ-ਸ਼ੋਰ ਨਾਲ ਚੜ੍ਹਦੀ ਸੀ। ਪੁਰਾਣੇ ਕਿੱਸਿਆਂ ਵਿਚ ਜੰਞ ਦੀ ਚੜ੍ਹਾਈ ਤੇ ਸਮਾਜਿਕ ਰਸਮਾਂ ਦਾ ਜ਼ਿਕਰ ਤਾਂ ਮਿਲਦਾ ਹੈ, ਪਰ ਜੰਞ ਬੰਨ੍ਹਣ ਜਾਂ ਛੁਡਾਉਣ ਦਾ ਜ਼ਿਕਰ ਨਹੀਂ ਮਿਲਦਾ ਕਿ ਇਹ ਰਸਮ ਕਦੋਂ ਸ਼ੁਰੂ ਹੋਈ, ਇਸ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਮਿਲਦਾ। ਹੋ ਸਕਦੈ ਪਹਿਲਾਂ ਇਸ ਰਸਮ ਦਾ ਕੋਈ ਹੋਰ ਰੂਪ ਹੋਵੇ। ਸ਼ਾਇਰਾਂ ਨੇ ਇਸ ਕਾਵਿ-ਰੂਪ ਨੂੰ ਹੋਰ ਵਿਸਥਾਰ ਦੇ ਕੇ ਜੰਞ ਚੜ੍ਹਨ ਤੋਂ ਲੈ ਕੇ ਔਰਤਾਂ ਦੇ ਹਾਰ-ਸ਼ਿੰਗਾਰ, ਪਹਿਰਾਵੇ ਤੇ ਔਰਤਾਂ ਦੀਆਂ ਕਿਸਮਾਂ ਨੂੰ ਵੀ ਇਸ ਦੇ ਘੇਰੇ ਵਿਚ ਲਿਆਂਦਾ। ਇਸ ਤਰ੍ਹਾਂ ਇਹ ਰਵਾਇਤ ਕਵੀਸ਼ਰਾਂ ਲਈ ਇਕ ਪ੍ਰਸੰਗ ਬਣ ਗਈ। ਬਰਾਤ ਢੁੱਕਣ ਦੇ ਸਮੇਂ ਨੂੰ ਇਕ ਪੱਤਲਕਾਰ ਕਬਿੱਤ ਛੰਦ ਇਉਂ ਕਰਦਾ ਹੈ:
ਚੜ੍ਹੀ ਜਾ ਬਰਾਤ ਢੁੱਕੀ ਹੋਰ ਥੇਹ ਗਰਾਮ ਜਾ ਕੇ,
ਪਿੰਡੋਂ ਬਾਹਰ ਆਤਸ਼ ਨੇ ਬਾਜ਼ੀਆਂ ਚਲਾਈਆਂ।
ਫੇਰ ਘਰ ਵਾਲਿਆਂ ਨੇ ਸੱਦਿਆ ਬਰਾਤੀਆਂ ਨੂੰ,
ਆਂਗਣ ਦੇ ਵਿਚ ਸ਼ਤਰੰਜੀਆਂ ਵਿਛਾਈਆਂ।
ਜਿਸ ਵੇਲੇ ਜੰਞ ਆ ਬੈਠੀ ਵਿਚ ਆਂਗਣੇ ਦੇ,
ਨਾਰਾਂ ਮੁਟਿਆਰਾਂ ਸੱਭੇ ਵੇਖਣੇ ਨੂੰ ਆਈਆਂ।
ਕਈ ਵਾਰੀ ਇਕ ਤੋਂ ਵੱਧ ਵਾਰੀ ਵੀ ਜੰਞ ਬੰਨ੍ਹ ਦਿੱਤੀ ਜਾਂਦੀ ਸੀ ਤਾਂ ਉਸ ਬੱਧੀ ਜੰਞ ਨੂੰ ਛੁਡਾਉਣਾ ਹਰ ਵਾਰੀ ਨਵਾਂ ਬਰਾਤੀ ਹੀ ਉਠ ਕੇ ਛੁਡਾਉਂਦਾ ਸੀ। ਭੋਜਨ ਬੰਨ੍ਹਣ ਸਮੇਂ ਬਰਾਤ ਦੇ ਪਹਿਰਾਵੇ ਬੰਨ੍ਹਣ ਦੀ ਪਰੰਪਰਾ ਵੀ ਸ਼ਾਇਰਾਂ ਨੇ ਇਸ ਰਸਮ ਨਾਲ ਜੋੜ ਦਿੱਤੀ। ਰੋਟੀ ਖਾਣ ਸਮੇਂ ਕੋਈ ਮੇਲਣ ਪਾਸੇ ਤੋਂ ਲੰਮੀ ਹੇਕ ਦਾ ਦੋਹਾ ਲਾ ਕੇ ਜੰਞ ਬੰਨ੍ਹਣ ਦੀ ਰਸਮ ਦਾ ਆਗਾਜ਼ ਕਰਦੀ ਹੈ;
ਬੰਨ੍ਹ ਦਿੱਤੇ ਸੱਜਣੋ ਬੰਨ੍ਹ ਦਿੱਤੇ,
ਕੋਈ ਕੱਚੇ ਧਾਗੇ ਦੇ ਵੇ ਨਾਲ।
ਮੇਰੇ ਬੰਨ੍ਹੇ ਨਾ ਛੁਟੋਂ ਭਾਵੇਂ ਦੇ ਦਿਓ ਭੈਣਾਂ ਦੇ
(ਵੇ ਬਹੁਤਿਓ ਚਾਤਰੋ) ਸਾਕ।
ਕਈ ਵਾਰੀ ਔਰਤ ਵੀ ਲੰਮੀ ਕਾਵਿ-ਸ਼ੈਲੀ ਦਾ ਪ੍ਰਯੋਗ ਕਰਕੇ ਜੰਞ ਬੰਨ੍ਹਦੀ ਹੈ;
ਬੰਨ੍ਹ ਦਿੱਤਾ ਦੁੱਧ ਜੀਹਦੀ ਰਿਧੀ ਖੀਰ ਵੇ।
ਬੰਨ੍ਹੀ ਥੋਡੀ ਜਾਨੀਓ ਪਿਆਰੀ ਹੀਰ ਵੇ।
ਬੰਨ੍ਹੀਆਂ ਨੇ ਥੋਡੀਆਂ ਜੋ ਥਾਲ ਥਾਲੀਆਂ।
ਬੰਨ੍ਹੀਆਂ ਨੇ ਥਾਲੀਆਂ ਬਦਾਣੇ ਵਾਲੀਆਂ।
ਬਰਾਤ ਬੰਨ੍ਹਣ ਵਾਲੀ ਮੇਲਣ ਬਰਾਤ ਵਿਚ ਆਏ ਚਿੱਟੀਆਂ ਦਾੜ੍ਹੀਆਂ ਵਾਲੇ ਬਰਾਤੀਆਂ ਨੂੰ ਵੀ ਨਹੀਂ ਬਖ਼ਸ਼ਦੀ। ਇਹ ਵੀ ਇਕ ਮਰਿਆਦਾ ਸੀ ਕਿ ਬਜ਼ੁਰਗਾਂ ਲਈ ਵਰਤੀ ਜਾਂਦੀ ਸ਼ੈਲੀ ਸਤਿਕਾਰਯੋਗ ਹੁੰਦੀ ਸੀ। ਇਨ੍ਹਾਂ ਸਮਿਆਂ ਵਿਚ ਬਰਾਤ ਵਿਚੋਂ ਕੁੜਮਾਂ ਦੀ ਪਛਾਣ ਲਈ ਕੁੜਮਣੀ ਵੱਲੋਂ ਬਸਾਰ ਦਾ ਹੱਥ ਲਿਬੇੜ ਕੇ ਉਸ ਦੇ ਪਿੱਛੇ (ਮੌਰਾਂ ’ਚ) ਇਕ ਥਾਪਾ ਵੀ ਲਗਾਇਆ ਜਾਂਦਾ ਸੀ ਤਾਂ ਕਿ ਬਰਾਤ ਵਿਚੋਂ ਕੁੜਮ ਨੂੰ ਪਛਾਣ ਕੇ ਕੋਈ ਮੇਲਣ ਉਸ ਨੂੰ ਸਿੱਧੀ ਸੰਬੋਧਿਤ ਹੋ ਸਕੇ।
ਇਸ ਤਰ੍ਹਾਂ ਜੰਞ ਬੰਨ੍ਹਣ ਤੋਂ ਬਾਅਦ ਉਹ ਆਪਣੀ ਪਰੰਪਰਾਗਤ ਦੋਹਾ-ਸ਼ੈਲੀ ਦੀ ਵਰਤੋਂ ਕਰਦੀ ਹੋਈ ਬਰਾਤ ਵਿਚ ਬੈਠੇ ਬਜ਼ੁਰਗਾਂ ਤੇ ਸਿਆਣੇ ਬੰਦਿਆਂ ਨੂੰ ਸੰਬੋਧਨ ਕਰਦੀ ਹੋਈ ਦੋਹਾ ਲਾਉਂਦੀ ਹੈ:
ਜੰਞ ਥੋਡੀ ਮੈਂ ਬੰਨ੍ਹ ਦਿੱਤੀ… ਸੱਜਣੋ!.. ਉਤੇ ਧਰ ਕੇ (ਵੇ) ਸੀਖ।
ਬੱਧੀ ਰੋਟੀ ਨਾ ਖਾਣੀ ਥੋਡੀ ਕੁੱਲ ਨੂੰ ਲੱਗਜੂ
(ਵੇ ਗੁਣੀ ਗਿਆਨੀਓ) ਲੀਕ।
ਫਿਰ ਬਰਾਤ ਵਿਚੋਂ ਕੋਈ ਬਰਾਤੀ (ਜਿਸ ਨੂੰ ਵਿਸ਼ੇਸ਼ ਤੌਰ ,’ਤੇ ਲਿਆਂਦਾ ਗਿਆ ਹੁੰਦਾ ਸੀ) ਉੱਠਦਾ ਤੇ ਉਹ ਆਪਣੀ ਕਾਵਿ-ਸ਼ੈਲੀ ਰਾਹੀਂ ਜੰਞ ਛੁਡਾਉਂਦਾ ਸੀ। ਆਪਣੀ ਕਾਵਿ-ਮਈ ਸ਼ੈਲੀ ਦੀ ਪਹਿਲੀ ਸਤਰ ਨਾਲ ਉਹ ਜੰਞ ਛੁਡਾਉਂਦਾ ਤੇ ਦੂਜੀ ਸਤਰ ਨਾਲ ਉਹ ਜੰਞ ਬੰਨ੍ਹਣ ਵਾਲੀ ’ਤੇ ਵਾਰ ਕਰਦਾ:
ਪਹਿਲਾਂ ਮੈਂ ਛੁਡਾਵਾਂ ਆਪਣੀ ਜ਼ੁਬਾਨ ਨੀਂ।
ਜੀਹਦੇ ਨਾਲ ਕਰਨਾ ਹੈ ਮੈਂ ਬਿਆਨ ਨੀਂ।
ਪਾਣੀ ਮੈਂ ਛੁਡਾਵਾਂ ਨਾਲ ਥਾਲ ਚੌਲ ਨੀਂ।
ਬੰਨ੍ਹ ਦੇਵਾਂ ਨਾਰੀਓ ਤੁਹਾਡੇ ਬੋਲ ਨੀਂ।
ਲੱਡੂ ਤੇ ਜਲੇਬੀ ਛੁੱਟੇ ਮਾਲ੍ਹ-ਪੂੜੇ ਨੀਂ।
ਕੰਘੀ ਤੇ ਪਰਾਂਦੀ ਸ਼ੀਸ਼ਾ ਬੰਨ੍ਹਾਂ ਜੋੜੇ ਨੀਂ।
ਇਸ ਤਰ੍ਹਾਂ ਕਾਵਿ-ਮਈ ਬੋਲਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਸੀ। ਵਕਤ ਦੀ ਮਾਰ ਇਸ ਪਰੰਪਰਾ ਉੱਪਰ ਵੀ ਪੈ ਗਈ। ਹੌਲੀ-ਹੌਲੀ ਇਹ ਪ੍ਰਥਾ ਦਮ ਘੁਟਦੀ-ਘੁਟਦੀ ਅੰਤ ਸਦਾ ਦੀ ਨੀਂਦ ਸੌਂ ਗਈ। ਇਸ ਦੇ ਲੋਪ ਹੋਣ ਦਾ ਇਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਕਾਵਿ-ਰੂਪ ਵਿਚ ਅਸ਼ਲੀਲਤਾ ਭਾਰੂ ਹੁੰਦੀ ਗਈ, ਇਸੇ ਕਰਕੇ ਇਹ ਰਸਮ ਲੋਪ ਹੋ ਗਈ।

ਸੰਪਰਕ: 95010-12199


Comments Off on ਵਿਸਰੀ ਕਾਵਿ-ਕਲਾ ਪੱਤਲ ਕਾਵਿ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.