ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਵਹਿਮ-ਭਰਮ, ਲੋਟੂ ਬਾਬੇ ਅਤੇ ਵਿਗਿਆਨ

Posted On October - 27 - 2019

ਸਾਡੇ ਮੁਲਕ ਵਿਚ ਵਹਿਮਾਂ-ਭਰਮਾਂ ਦੀ ਭਰਮਾਰ ਹੈ। ਜਦੋਂ ਖ਼ੁਦ ਨੂੰ ਆਧੁਨਿਕ ਕਹਾਉਂਦੇ ਲੋਕ ਵੀ ਵਹਿਮਾਂ ਵਿਚ ਗ੍ਰਸੇ ਨਜ਼ਰ ਆਉਂਦੇ ਹਨ ਤਾਂ ਹੈਰਾਨੀ ਹੁੰਦੀ ਹੈ। ਇਹ ਲੇਖ ਵਹਿਮਾਂ-ਭਰਮਾਂ ਦੇ ਕਾਰਨਾਂ ਅਤੇ ਸਿੱਟਿਆਂ ਬਾਰੇ ਦੱਸਦਿਆਂ ਅੱਜ ਦੀਵਾਲੀ ਮੌਕੇ ਗਿਆਨ ਦਾ ਦੀਵਾ ਜਗਾਉਣ ਦਾ ਸੱਦਾ ਦਿੰਦਾ ਹੈ।

ਡਾ. ਕੁਲਦੀਪ ਸਿੰਘ ਧੀਰ*
ਵਿਗਿਆਨਕ ਸੋਚ

ਕਮਾਲ ਦੇ ਭੋਲੇ ਹਨ ਸਾਡੇ ਭਾਰਤੀ ਲੋਕ। ਬਾਰਸ਼ ਨਾ ਹੁੰਦੀ ਦਿਸੇ ਤਾਂ ਡੱਡੂ-ਡੱਡੀ ਦਾ ਵਿਆਹ ਕਰਵਾ ਸਕਦੇ ਹਨ। ਭਾਰੀ ਬਰਸਾਤ ਹੋ ਜਾਏ, ਵਖ਼ਤ ਪੈ ਜਾਏ ਤਾਂ ਉਨ੍ਹਾਂ ਦਾ ਤਲਾਕ ਕਰਵਾ ਸਕਦੇ ਹਨ। ਯਕੀਨ ਨਹੀਂ ਆਉਂਦਾ ਤਾਂ 14 ਸਤੰਬਰ 2019 ਦੀਆਂ ਅਖ਼ਬਾਰਾਂ ਰਤਾ ਧਿਆਨ ਨਾਲ ਵੇਖੋ। ਕਿਤੇ ਨਾ ਕਿਤੇ ਭੂਪਾਲ/ਮੱਧ ਪ੍ਰਦੇਸ਼ ਦੀ 13 ਸਤੰਬਰ ਦੀ ਡੇਟਲਾਈਨ ਨਾਲ ਬਾਕਾਇਦਾ ਖ਼ਬਰ ਮਿਲ ਜਾਵੇਗੀ। ਖ਼ਬਰ ਦੱਸਦੀ ਹੈ ਕਿ ਮੱਧ ਪ੍ਰਦੇਸ਼ ਵਿਚ ਮੀਂਹ ਪਵਾਉਣ ਲਈ ਇੰਦਰਪੁਰੀ ਇਲਾਕੇ ਦੇ ਓਮ ਸ਼ਿਵ ਸ਼ਕਤੀ ਮੰਡਲ ਨੇ ਮਿੱਟੀ ਦੇ ਡੱਡੂ-ਡੱਡੀ ਦਾ ਵਿਆਹ ਕਰਵਾਇਆ ਸੀ। ਦੋ ਮਹੀਨੇ ਵਿਚ ਹੀ ਬਾਰਸ਼ ਨੇ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ। ਓਮ ਸ਼ਿਵ ਸ਼ਕਤੀ ਮੰਡਲ ਨੇ ਹੀ ਮਹਾਂਦੇਵ ਮੰਦਰ ਵਿਚ ਜਾ ਕੇ ਉਨ੍ਹਾਂ ਦਾ ਤਲਾਕ ਕਰਵਾਇਆ। ਨਿਸ਼ਚੇ ਹੀ 21ਵੀਂ ਸਦੀ ਵਿਚ ਪੈਰ ਧਰ ਕੇ ਵੀ ਭੋਲੇ ਭਾਰਤੀ ਲੋਕ ਵਹਿਮਾਂ-ਭਰਮਾਂ ਵਿਚ ਬੁਰੀ ਤਰ੍ਹਾਂ ਫਸੇ ਹੋਏ ਹਨ। ਦੋ ਕੁ ਸਾਲ ਪਹਿਲਾਂ ਲੁਧਿਆਣਾ ਤੋਂ ਇਕ ਪੜ੍ਹੇ-ਲਿਖੇ ਪਰਿਵਾਰ ਨੇ ਸ਼ਨੀ ਗ੍ਰਹਿ ਬਾਰੇ ਮੇਰੀ ਅਖ਼ਬਾਰੀ ਲਿਖਤ ਪੜ੍ਹ ਕੇ ਮੇਰੇ ਤੋਂ ਪੁੱਛਿਆ ਕਿ ਸੱਚਮੁੱਚ ਸ਼ਨੀ ਦੀ ਕੋਈ ਕਰੋਪੀ ਨਹੀਂ ਹੁੰਦੀ? ਸਾਡੇ ਤੋਂ ਤਾਂ ਇਕ ਪੰਡਤ ਸ਼ਨੀ ਗ੍ਰਹਿ ਟਾਲਣ ਲਈ ਦੋ ਲੱਖ ਰੁਪਏ ਲੈ ਚੁੱਕਾ ਹੈ, ਪਰ ਅਜੇ ਵੀ ਅਸੀਂ ਉਂਜ ਦੇ ਉਂਜ ਪ੍ਰੇਸ਼ਾਨ ਹਾਂ। ਉਹ ਲੁਧਿਆਣੇ ਤੋਂ ਚੱਲ ਕੇ ਮੇਰਾ ਪਤਾ ਪੁੱਛਦੇ ਪੁਛਾਉਂਦੇ ਮੇਰੇ ਘਰ ਆਏ। ਪਤੀ ਕਿਸੇ ਕੋਲਡ ਡਰਿੰਕ ਕੰਪਨੀ ਦਾ ਮੈਨੇਜਰ, ਮਾਂ ਨਰਸ, ਪੁੱਤਰ ਪਲੱਸ ਵਨ ਦਾ ਵਿਦਿਆਰਥੀ। ਮੈਂ ਹੌਸਲਾ ਦਿੱਤਾ, ਘਬਰਾਓ ਨਾ। ਕੁਝ ਨਹੀਂ ਹੁੰਦਾ। ਪੰਡਤ ਜੀ ਨੂੰ ਮੇਰਾ ਪਤਾ ਦੇ ਦਿਓ ਤੇ ਆਖੋ ਕਿ ਸ਼ਨੀ ਨੂੰ ਮੇਰੇ ਵੱਲ ਭੇਜ ਦੇਣ। ਪਤਾ ਨਹੀਂ ਕੀ ਬਣਿਆ। ਉਹ ਮੁੜ ਕੇ ਨਹੀਂ ਆਏ। ਪੰਜਾਬ ਦੇ ਪਿੰਡਾਂ ਸ਼ਹਿਰਾਂ ਤੋਂ ਮੰਗਲ, ਰਾਹੂ-ਕੇਤੂ, ਸ਼ਨੀ ਦੇ ਸਤਾਏ ਲੋਕ ਜਦੋਂ ਮੇਰੇ ਨਾਲ ਗੱਲ ਕਰਦੇ ਹਨ ਤਾਂ ਮੇਰੀ ਪਤਨੀ ਮਜ਼ਾਕ ਨਾਲ ਕਹਿੰਦੀ ਹੈ, ‘‘ਬਣ ਜਾਓ ਬਾਬੇ। ਪੱਤਰੀ ਲੈ ਕੇ ਦਾੜ੍ਹੀ ਖੋਲ੍ਹ ਕੇ ਚਿੱਟਾ ਚੋਗਾ ਪਾ ਕੇ ਲਾ ਲਓ ਡੇਰਾ ਕਿਸੇ ਪਿੰਡ ਦੇ ਬਾਹਰ।’’ … ਮੈਂ ਗੱਲ ਨੂੰ ਹਾਸੇ ਵਿਚ ਉਡਾਉਣ ਦੇ ਬਾਵਜੂਦ ਇਸ ਸਥਿਤੀ ਬਾਰੇ ਚਿੰਤਤ ਹਾਂ। ਸਾਡੇ ਭੋਲੇ ਭਾਰਤੀ ਵਹਿਮਾਂ-ਭਰਮਾਂ ਦਾ ਖਹਿੜਾ ਕਿਉਂ ਨਹੀਂ ਛੱਡਦੇ?
ਵਹਿਮ ਭਰਮ ਉਹ ਵਿਸ਼ਵਾਸ ਜਾਂ ਰੀਤ ਹੈ ਜੋ ਬਿਨਾਂ ਕਿਸੇ ਵਿਵੇਕ ਜਾਂ ਨਿੱਗਰ ਵਿਗਿਆਨਕ ਆਧਾਰ ਤੋਂ ਹੀ ਕਿਸੇ ਵਿਅਕਤੀ ਜਾਂ ਲੋਕ ਸਮੂਹ ਦੀ ਮਾਨਸਿਕਤਾ ਵਿਚ ਟਿਕਿਆ ਹੁੰਦਾ ਹੈ। ਐਵੇਂ ਡਰੀ ਜਾਣਾ ਕਿ ਕਿਸੇ ਨੇ ਕੁਝ ਕਰ ਦਿੱਤਾ ਹੈ। ਟੂਣਾ, ਤਵੀਤ। ਘੋਲ ਕੇ ਪਿਆ ਦਿੱਤਾ ਹੈ ਕੁਝ। ਗੁਰਬਾਣੀ ਨੇ ਸਾਫ਼ ਸਮਝਾਇਆ ਹੈ ਜਰਾ ਮਰਾ (ਬੁਢਾਪਾ/ਮੌਤ) ਤਾਪ (ਬਿਮਾਰੀ) ਸਿਰ ਸਾਪ (ਸਿਰ ਦਾ ਦਰਦ, ਪੂਰੇ ਭਾਵੇਂ ਅੱਧੇ ਸਿਰ ਦਾ) ਕਿਸੇ ਦੇ ਲਾਏ ਨਹੀਂ ਲੱਗ ਸਕਦੇ। ਫਿਰ ਕਿਉਂ ਖਾਨਾਂ, ਬੰਗਾਲੀ ਬਾਬਿਆਂ, ਪੰਡਤਾਂ, ਜੋਤਸ਼ੀਆਂ ਦੇ ਪੋਸਟਰ ਤੇ ਇਸ਼ਤਿਹਾਰ ਹਰ ਬੱਸ, ਗੱਡੀ, ਅਖ਼ਬਾਰ ਤੇ ਚੁਰਸਤੇ ਵਿਚ ਦਿਸਦੇ ਹਨ। ਦਰਅਸਲ, ਇਹ ਧੰਦਾ ਬੜੇ ਸੋਚੇ ਸਮਝੇ ਤਰੀਕੇ ਨਾਲ ਆਮ ਲੋਕਾਂ ਨੂੰ ਮੂਰਖ ਤੇ ਡਰਪੋਕ ਬਣਾ ਕੇ ਗ਼ੁਲਾਮ ਬਣਾਉਣ ਲਈ ਚਲਾਇਆ ਜਾ ਰਿਹਾ ਹੈ। ਸੰਕੀਰਨ ਫ਼ਿਰਕੂ ਨਫ਼ਰਤ, ਅੰਧ-ਵਿਸ਼ਵਾਸ, ਅਨਪੜ੍ਹਤਾ, ਗ਼ੈਰ-ਵਿਗਿਆਨਕ ਸੋਚ, ਵਹਿਮ ਭਰਮ ਤੇ ਭੈਅ ਦਾ ਮਾਹੌਲ ਸਿਰਜ ਕੇ ਲੋਕਾਂ ਦਾ ਧਿਆਨ ਨਿੱਜੀ ਤੇ ਸਮਾਜਿਕ ਜੀਵਨ ਦੇ ਅਸਲ ਮਸਲਿਆਂ, ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਤੋਂ ਭਟਕਾਉਣਾ ਸੌਖਾ ਹੁੰਦਾ ਹੈ। ਇਨ੍ਹਾਂ ਆਸਰੇ ਕੁਰਸੀ/ ਤਾਕਤ/ ਸਿਆਸਤ ਨੂੰ ਜੱਫਾ ਮਾਰਨਾ ਸਿਆਸਤਦਾਨਾਂ ਨੂੰ ਔਖਾ ਨਹੀਂ ਲੱਗਦਾ। ਇਸ ਲਈ ਉਹ ਇਸ ਸਥਿਤੀ ਨੂੰ ਬਦਲਣ ਦੀ ਥਾਂ ਕਾਇਮ ਰੱਖਣ ਜਾਂ ਹੋਰ ਉਤਸ਼ਾਹਿਤ ਕਰਨ ਵੱਲ ਵਧੇਰੇ ਦਿਲਚਸਪੀ ਲੈਂਦੇ ਹਨ। ਵਹਿਮਾਂ-ਭਰਮਾਂ ਨੂੰ ਧਾਰਮਿਕ ਛੋਹ ਦੇਣਾ ਜਾਂ ਧਰਮ ਨਾਲ ਜੋੜਨ ਦਾ ਯਤਨ ਧਰਮ ਦੀ ਦੁਰਵਰਤੋਂ ਤੋਂ ਘੱਟ ਨਹੀਂ। ਇਨ੍ਹਾਂ ਨੂੰ ਲੋਕ ਯਾਨ ਦੇ ਠੁੰਮਣੇ ਦੇ ਕੇ ਬਚਾਉਣਾ ਵੀ ਉਚਿਤ ਨਹੀਂ।
ਵਹਿਮ-ਭਰਮ ਦੇ ਮੂਲ ਵਿਚ ਇਹ ਹੈ ਕਿ ਇਹ ਕਿਸੇ ਘਟਨਾ ਨੂੰ ਵਾਪਰਨ ਤੋਂ ਟਾਲ ਸਕਦੇ ਹਨ ਜਾਂ ਉਸ ਨੂੰ ਕੋਈ ਸੁਖਾਵਾਂ ਮੋੜ ਦੇ ਸਕਦੇ ਹਨ। ਕਈ ਵਾਰ ਕੋਈ ਖਿਡਾਰੀ ਜਾਂ ਐਥਲੀਟ ਕਿਸੇ ਵਹਿਮ ਵਿਚ ਗ੍ਰਸ ਕੇ ਵਿਸ਼ੇਸ਼ ਰੰਗ ਦੀ ਕਮੀਜ਼, ਬੈਟ ਦੀ ਵਿਸ਼ੇਸ਼ ਕਿਸਮ ਨੂੰ ਆਪਣੀ ਸਫ਼ਲਤਾ ਨਾਲ ਜੋੜ ਲੈਂਦਾ ਹੈ। ਅਜਿਹੇ ਵਹਿਮ ਉਨ੍ਹਾਂ ਨੂੰ ਹੀ ਨਹੀਂ, ਕਿਸੇ ਨੂੰ ਵੀ ਹੋ ਸਕਦੇ ਹਨ। ਇਨ੍ਹਾਂ ਨਾਲ ਟਕਰਾਅ ਕੇ ਇਨ੍ਹਾਂ ਨੂੰ ਨਕਾਰਨ ਦੀ ਥਾਂ ਇਨ੍ਹਾਂ ਅਨੁਸਾਰ ਵਿਹਾਰ ਕਰਨ ਨਾਲ ਇਹ ਲੋਕ ਤਣਾਅ ਮੁਕਤ ਹੋ ਜਾਂਦੇ ਹਨ ਅਤੇ ਇਹ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈਂਦਾ। ਸਪਿਨੋਜ਼ਾ ਪਹਿਲਾ ਵੱਡਾ ਦਾਰਸ਼ਨਿਕ ਹੈ ਜਿਸ ਨੇ ਵਹਿਮਾਂ-ਭਰਮਾਂ ਦਾ ਵਿਰੋਧ ਦਾਰਸ਼ਨਿਕ ਪੱਧਰ ’ਤੇ ਕੀਤਾ।
ਬਿੱਲੀ/ਕਾਲੀ ਬਿੱਲੀ ਵੱਲੋਂ ਰਾਹ ਕੱਟਣਾ, ਤੇਰਾਂ ਦਾ ਮਨਹੂਸ ਅੰਕ ਜਿਹੇ ਵਹਿਮ ਭਾਰਤ ਹੀ ਨਹੀਂ, ਦੁਨੀਆਂ ਭਰ ਵਿਚ ਪ੍ਰਚੱਲਿਤ ਹਨ। ਕਿੰਨੀਆਂ ਹੀ ਇਮਾਰਤਾਂ ਵਿਚ ਤੇਰ੍ਹਵੀਂ ਮੰਜ਼ਿਲ ਨਹੀਂ। ਇਸ ਨੂੰ ਬਾਰਾਂ ਬੀ, ਚੌਦਾਂ ਏ ਆਦਿ ਨਾਲ ਪ੍ਰਗਟ ਕੀਤਾ ਗਿਆ ਹੈ। ਕਈ ਏਅਰਲਾਈਨਾਂ ਦੇ ਜਹਾਜ਼ਾਂ ਵਿਚ ਤੇਰ੍ਹਵੀਂ ਕਤਾਰ ਹੀ ਨਹੀਂ। ਗੁਰੂ ਨਾਨਕ ਦਾ ਪੰਜ ਸੌ ਪੰਜਾਹਵਾਂ ਜਨਮ ਉਤਸਵ ਮਨਾ ਰਹੀ ਦੁਨੀਆਂ ਹੋਰ ਜੋ ਮਰਜ਼ੀ ਕਰੇ, ਪਰ ਘੱਟੋ-ਘੱਟ ਤੇਰਾਂ ਦੇ ਅੰਕ ਨੂੰ ਮਨਹੂਸ ਕਹਿਣ ਤੋਂ ਖਹਿੜਾ ਛੁਡਾ ਲਵੇ ਤਾਂ ਚੰਗਾ ਹੋਵੇਗਾ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਵਹਿਮਾਂ-ਭਰਮਾਂ ਦੀਆਂ ਹੱਡੀਆਂ ਗੰਗਾ ਵਿਚ ਰੁੜ੍ਹਾਉਣ ਵਾਲੇ ਬਾਬਾ ਨਾਨਕ ਦਾ ਹਰਿਦੁਆਰ ਦਾ ਹਰਿ ਕੀ ਪਉੜੀ ਦਾ ਇਤਿਹਾਸਕ ਗੁਰਦੁਆਰਾ ਢਾਹ ਦਿੱਤਾ ਹੈ। ਜਗਨ ਨਾਥ ਵਿਚ ਅਕਾਲ ਪੁਰਖ ਦੀ ਆਰਤੀ ਕਰਨ ਵਾਲਾ ਇਤਿਹਾਸਕ ਗੁਰਦੁਆਰਾ ਵੀ ਖ਼ਤਮ ਕਰ ਦਿੱਤਾ ਹੈ। ਸਿਰਫ਼ ਇਸ ਲਈ ਕਿ ਪਰੰਪਰਾ ਦੇ ਵਹਿਮਾਂ-ਭਰਮਾਂ ਦੇ ਰਾਹ ਤੁਰਨੋਂ ਵਰਜਣ ਵਾਲੀ ਕੋਈ ਨਿਸ਼ਾਨੀ ਬਾਕੀ ਨਾ ਬਚੇ। ਅਸੀਂ ਪੌਣੇ ਛੇ ਸਦੀਆਂ ਬਾਅਦ ਵੀ ਸੂਰਜ ਵੱਲ ਪਾਣੀ ਸੁੱਟ ਕੇ ਪਿੱਤਰਾਂ ਨੂੰ ਪਾਣੀ ਪਹੁੰਚਾਈ ਜਾਈਏ। ਥਾਲਾਂ ਵਿਚ ਦੀਵੇ ਬਾਲ, ਟੱਲੀਆਂ ਵਜਾ, ਧੂਫ ਧੁਖਾ ਕੇ ਨਿਰਾਕਾਰ ਅਕਾਲ ਪੁਰਖ ਦੀ ਆਰਤੀ ਕਰੀ ਜਾਈਏ। ਕਦੇ ਕਦੇ ਮੈਂ ਸੋਚਦਾ ਹਾਂ ਕਿ ਜ਼ਮੀਨ ਦਾ ਕਿੱਲਾ ਵੇਚ ਕੇ ਬਾਹਰ ਧੱਕੇ ਖਾਣ ਵਾਲਾ ਕੋਈ ਜਵਾਨ ਸਾਈਕਲ ਉੱਤੇ ਨਿੰਬੂ ਮਿਰਚਾਂ ਦਾ ਥੈਲਾ ਰੱਖ ਕੇ ਰੋਜ਼ਾਨਾ ਕਿਸੇ ਬਾਜ਼ਾਰ ਦੀ ਦੋ ਘੰਟੇ ਦੀ ਗੇੜੀ ਲਾ ਲਵੇ ਤਾਂ ਰੋਟੀ ਪਾਣੀ ਦਾ ਜੁਗਾੜ ਉਹ ਸਹਿਜੇ ਹੀ ਕਰ ਸਕਦਾ ਹੈ। ਅਗਲੇ ਦਿਨ ਭਾਵੇਂ ਉਨ੍ਹਾਂ ਮਿਰਚਾਂ ਤੇ ਨਿੰਬੂਆਂ ਦਾ ਆਚਾਰ ਪਾ ਕੇ ਹੀ ਵੇਚੀ ਜਾਵੇ।

ਡਾ. ਕੁਲਦੀਪ ਸਿੰਘ ਧੀਰ*

ਦੁਨੀਆਂ ਵਹਿਮਾਂ-ਭਰਮਾਂ ਨੂੰ ਅਨਪੜ੍ਹਤਾ ਨਾਲ ਜੋੜਦੀ ਹੈ, ਪਰ ਸਾਡੇ ਮਹਾਨ ਦੇਸ਼ ਵਿਚ ਪੜ੍ਹੇ-ਲਿਖੇ, ਵਿਗਿਆਨੀ, ਸਿਆਸਤਦਾਨ ਤੇ ਸਮਾਜ ਵਿਚ ਜ਼ਿੰਮੇਵਾਰ ਅਹੁਦਿਆਂ ਉੱਤੇ ਪੁੱਜੇ ਲੋਕ ਵੀ ਵਹਿਮਾਂ-ਭਰਮਾਂ ਤੋਂ ਮੁਕਤ ਨਹੀਂ। 2011 ਦੀ ਜਨਗਣਨਾ ਅਨੁਸਾਰ ਸਮਾਜ ਵਿਚ ਸਾਖ਼ਰਤਾ ਦੀ ਦਰ 74 ਫ਼ੀਸਦੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਵਿਚੋਂ ਅੱਧੇ ਕੁ ਜ਼ਰੂਰ ਵਹਿਮਾਂ-ਭਰਮਾਂ ਵਿਚ ਫਸੇ ਹੋਏ ਹੋਣਗੇ। ਸਤੀ ਦੀ ਰਸਮ ਨੂੰ ਧਰਮ ਦੇ ਠੇਕੇਦਾਰ ਉਤਸ਼ਾਹਿਤ ਕਰਦੇ ਰਹੇ ਹਨ, ਪਰ ਇਸ ਘਿਣਾਉਣੀ ਰਸਮ ਨੂੰ ਗੁਰੂ ਅਮਰਦਾਸ ਨੇ ਸਦੀਆਂ ਪਹਿਲਾਂ ਧਰਮ ਦੇ ਪਲੈਟਫਾਰਮ ਤੋਂ ਹੀ ਫਿਟਕਾਿਰਆ ਤੇ ਵਰਜਿਆ।
ਵਿਲੀਅਮ ਬੈਂਟਿੰਕ ਨੇ ਤਾਂ ਲਗਪਗ ਢਾਈ ਸੌ ਸਾਲ ਪਿੱਛੋਂ ਇਸ ਉੱਤੇ ਕਾਨੂੰਨੀ ਰੋਕ ਲਾਈ। ਅੰਨ੍ਹੀ ਸ਼ਰਧਾ ਕਿਸੇ ਕਾਨੂੰਨ ਦੀ ਕੀ ਪਰਵਾਹ ਕਰਦੀ ਹੈ! ਸਾਡੇ ਆਜ਼ਾਦ ਮੁਲਕ ਵਿਚ 4 ਸਤੰਬਰ 1987 ਨੂੰ ਰਾਜਸਥਾਨ ਦੇ ਪਿੰਡ ਦਿਓਰਾਲਾ (ਸੀਕਰ) ਦੀ ਅਠਾਰਾਂ ਵਰ੍ਹੇ ਦੀ ਨਵ-ਵਿਆਹੁਤਾ ਰੂਪ ਕੰਵਰ, ਵਿਆਹ ਤੋਂ ਸੱਤ ਮਹੀਨੇ ਬਾਅਦ ਪਤੀ ਦੀ ਚਿਖਾ ਵਿਚ ਸੜ ਗਈ ਜਾਂ ਸਾੜ ਦਿੱਤੀ ਗਈ। ਕਹਿੰਦੇ ਹਨ ਕਿ ਉਸ ਨੇ ਚਿਖਾ ਤੋਂ ਭੱਜਣ ਦਾ ਯਤਨ ਵੀ ਕੀਤਾ, ਪਰ ਉਸ ਨੂੰ ਧੂਹ ਕੇ ਚਿਖਾ ਵਿਚ ਸੁੱਟਿਆ ਗਿਆ। ਰਾਜਸਥਾਨ ਸਰਕਾਰ ਨੇ ਇਸ ਘਟਨਾ ਤੋਂ ਮਹੀਨਾ ਬਾਅਦ ਸਤੀ ਵਿਰੋਧੀ ਕਾਨੂੰਨੀ ਬਣਾਇਆ, ਪਰ ਝੱਟ ਹੀ ਪਿੱਛੋਂ ਉਸ ਰਾਜ ਵਿਚ ਇਸ ਕਾਨੂੰਨ ਦੇ ਵਿਰੋਧ ਵਿਚ ਰੈਲੀਆਂ ਹੋਣ ਲੱਗੀਆਂ। ਕਾਨੂੰਨ ਤੇ ਸ਼ਰਧਾ ਦੀ ਇਸ ਟੱਕਰ ਵਿਚ ਕੀ ਹੋਣਾ ਸੀ! ਸਾਰੇ ਬਰੀ। 1996 ਵਿਚ ਰੂਪ ਕੰਵਰ ਨੂੰ ਸਤੀ ਕਰਨ ਦੇ ਜੁਰਮ ਵਿਚ ਫੜੇ ਸਾਰੇ ਵਿਅਕਤੀ ਅਦਾਲਤ ਨੇ ਬਰੀ ਕਰ ਦਿੱਤੇ। ਸਪਸ਼ਟ ਹੈ ਕਿ ਕਾਨੂੰਨ ਤੇ ਸੱਤਾ ਨਾਲੋਂ ਵਧੇਰੇ ਮਦਦ ਲੋਕਾਂ ਦੀ ਵਿਗਿਆਨਕ ਸੋਚ ਹੀ ਕਰ ਸਕਦੀ ਹੈ। ਅੰਧ-ਵਿਸ਼ਵਾਸ ਕਾਰਨ ਹੀ ਅੱਜ ਵੀ ਦੇਸ਼ ਵਿਚ ਮਨੁੱਖੀ ਬਲੀ ਜਾਰੀ ਹੈ। ਬੱਚੇ-ਬੁੱਢੇ ਗਊਆਂ ਮੱਝਾਂ ਦੇ ਪੈਰਾਂ ਹੇਠ ਲਿਤਾੜ ਕੇ ਇਲਾਜ ਕੀਤੇ ਜਾ ਰਹੇ ਹਨ। ਗਾਵਾਂ ਦੇ ਮੂਤਰ ਨਾਲ ਭਾਂਤ ਭਾਂਤ ਦੇ ਰੋਗਾਂ ਦੇ ਇਲਾਜ ਦੇ ਦਾਅਵੇ ਹੋ ਰਹੇ ਹਨ ਅਤੇ ਦਾਅਵੇ ਕਰਨ ਵਾਲੇ ਆਪ ਏਮਜ਼ ਵਰਗੇ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮਾਣ ਰਹੇ ਹਨ। ਅੰਕੜੇ ਦੱਸਦੇ ਹਨ ਕਿ 1999 ਤੋਂ 2006 ਵਿਚ ਇਕੱਲੇ ਉੱਤਰ ਪ੍ਰਦੇਸ਼ ਵਿਚ ਦੋ ਸੌ ਬੱਚਿਆਂ ਦੀ ਬਲੀ ਦੀਆਂ ਘਟਨਾਵਾਂ ਵਾਪਰੀਆਂ। ਜਿਸ ਕਿਸਮ ਦਾ ਮਾਹੌਲ ਦੇਸ਼ ਵਿਚ ਬਣ ਰਿਹਾ ਹੈ, ਉਸ ਵਿਚ ਇਸ ਕਿਸਮ ਦਾ ਬਹੁਤ ਕੁਝ ਵਾਪਰਨ ਦੀਆਂ ਸੰਭਾਵਨਾਵਾਂ ਘਟਣ ਦੀ ਥਾਂ ਵਧੀਆਂ ਹਨ। ਅਜਿਹੇ ਵਰਤਾਰੇ ਦਾ ਵਿਰੋਧ ਕਰਨ ਵਾਲਿਆਂ ਦੇ ਸ਼ਰੇਆਮ ਕਤਲ ਸਾਡੇ ਦੇਸ਼ ਲਈ ਚੰਗਾ ਸ਼ਗਨ ਨਹੀਂ।
ਸਿਆਣੇ ਵਿਅਕਤੀ ਬੋਲਦੇ ਹਨ, ਪਰ ਉਨ੍ਹਾਂ ਦੀ ਸੁਣਦਾ ਕੌਣ ਹੈ। ਇਲੈਕਟ੍ਰਾਨਿਕ ਮੀਡੀਆ ਕੋਲ ਦੇਸ਼ ਭਗਤੀ ਤੇ ਦੇਸ਼-ਧਰੋਹ ਦੇ ਮੁੱਦੇ ਹੀ ਬਥੇਰੇ ਹਨ। ਹਰ ਸ਼ਾਮ ਦਾਣੇ ਪਾ ਕੇ ਕੁੱਕੜ ਲੜਾਉਣ ਵਰਗੀਆਂ ਬਹਿਸਾਂ ਸਾਡੇ ਚੈਨਲਾਂ ਦਾ ਸ਼ਿੰਗਾਰ ਬਣਦੀਆਂ ਹਨ। ਇਸਰੋ ਦੇ ਸਾਬਕਾ ਚੇਅਰਮੈਨ ਯੂ.ਆਰ. ਰਾਓ ਨੇ ਜੋਤਿਸ਼ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਤਾਰਾ ਵਿਗਿਆਨਕ ਖੇਤਰ ਵਿਚ ਭਾਰਤ ਦੀਆਂ ਪ੍ਰਾਪਤੀਆਂ ਧੁੰਦਲੀਆਂ ਹੁੰਦੀਆਂ ਹਨ। ਇਤਿਹਾਸਕਾਰ ਤੇ ਲੇਖਕ ਮੀਰਾ ਨੰਦਾ ਨੇ ਕਿਹਾ ਹੈ ਕਿ ਦੇਸ਼ ਨੂੰ ਵਿਗਿਆਨ ਦੇ ਖੇਤਰ ਵਿਚ ਮਹਾਂਸ਼ਕਤੀ ਬਣਾਉਣਾ ਹੈ ਤਾਂ ਜੋਤਿਸ਼ ਸਮੇਤ ਭਾਂਤ-ਭਾਂਤ ਦੇ ਵਹਿਮਾਂ-ਭਰਮਾਂ ਤੋਂ ਮੁਕਤ ਕਰਨਾ ਪਵੇਗਾ। ਇਸੇ ਕਿਸਮ ਦੇ ਵਿਚਾਰ ਜਯੰਤ ਨਾਰਲੀਕਾਰ (ਪ੍ਰਸਿੱਧ ਤਾਰਾ ਵਿਗਿਆਨੀ), ਪ੍ਰੋ. ਪੀ.ਐੱਮ. ਭਾਰਗਵ (ਸੈਂਟਰ ਫਾਰ ਸੈਲਿਊਲਰ ਐਂਡ ਮਾਲੀਕਿਊਲਰ ਬਾਇਆਲੋਜੀ, ਹੈਦਰਾਬਾਦ), ਪ੍ਰੋ. ਰਾਮ ਪੂਨੀਆਨੀ (ਆਈ.ਆਈ.ਟੀ. ਬੰਬੇ) ਤੇ ਡਾ. ਯਸ਼ਪਾਲ (ਪ੍ਰਸਿੱਧ ਵਿਗਿਆਨੀ) ਦੇ ਹਨ। ਇਹ ਸਾਰੇ ਕੀ ਕਹਿੰਦੇ ਹਨ? ਕੌਣ ਸੁਣਦਾ ਹੈ। ਸੂਰਜ ਗ੍ਰਹਿਣ ਲੱਗਾ ਹੋਵੇ ਤਾਂ ਤੁਹਾਨੂੰ ਸੜਕਾਂ ਉੱਤੇ ਬੰਦਾ ਨਹੀਂ ਲੱਭਦਾ। ਸਾਡੇ ਦੇਸ਼ ਵਾਸੀ ਡਰੀ ਜਾਂਦੇ ਹਨ ਕਿ ਜਿਸ ਰਾਹੂ-ਕੇਤੂ ਨੇ ਸੂਰਜ ਨੂੰ ਨਹੀਂ ਬਖ਼ਸ਼ਿਆ, ਉਹ ਸਾਨੂੰ ਕਿੱਥੇ ਛੱਡੇਗਾ। ਬਾਬਾ ਨਾਨਕ ਨੇ ਕੁਰੂਕਸ਼ੇਤਰ ਦੇ ਸੂਰਜ ਗ੍ਰਹਿਣ ਸਮੇਂ ਉੱਥੇ ਕੜਾਹੀ ਜਾ ਧਰੀ ਸੀ। ਉਸ ਦੇ ਕਈ ਸਿੱਖ ਵੀ ਹੁਣ ਗ੍ਰਹਿਣ ਤੋਂ ਸਹਿਮੇ ਦਿਸ ਜਾਂਦੇ ਹਨ। ਮਜ਼ਾਕ ਨਹੀਂ ਤਾਂ ਕੀ ਹੈ ਇਹ!
ਅਜੋਕੇ ਸੱਤਾਧਾਰੀ, ਪੰਡਤ ਨਹਿਰੂ ਬਾਰੇ ਜੋ ਮਰਜ਼ੀ ਕਹਿਣ, ਪਰ ਉਸ ਨੇ ਆਜ਼ਾਦ ਭਾਰਤ ਵਿਚ ਵਿਗਿਆਨਕ ਚੇਤਨਾ ਦੀ ਜੜ੍ਹ ਲਾਉਣ ਲਈ ਸੁਚੇਤ ਉਪਰਾਲੇ ਕੀਤੇ। ਸਤੰਬਰ 1951 ਵਿਚ ਕਿਸੇ ਜੋਤਸ਼ੀ ਨੇ ਭਵਿੱਖਬਾਣੀ ਕੀਤੀ ਕਿ ਭਾਰਤ-ਪਾਕਿਸਤਾਨ ਵਿਚ ਯੁੱਧ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਹਿਰੂ ਨੇ ਉਸੇ ਵੇਲੇ ਕਿਹਾ ਕਿ ਅਜਿਹੀਆਂ ਭਵਿੱਖਬਾਣੀਆਂ ਤੇ ਜੋਤਿਸ਼ ਉੱਤੇ ਪਾਬੰਦੀ ਲਾਉਣੀ ਉਚਿਤ ਪ੍ਰਤੀਤ ਹੁੰਦੀ ਹੈ। ਜਨਵਰੀ 1962 ਵਿਚ ਜੋਤਸ਼ੀਆਂ ਨੇ ਭਵਿੱਖਬਾਣੀ ਕੀਤੀ ਕਿ ਫਰਵਰੀ ਵਿਚ ਪਰਲੋ ਆ ਰਹੀ ਹੈ। ਸਹਿਮੇ ਲੋਕ ਪੂਜਾ ਪ੍ਰਾਰਥਨਾਵਾਂ ਵਿਚ ਜੁਟ ਗਏ। ਨਹਿਰੂ ਨੇ ਇਸ ਨੂੰ ਹਾਸੇ ਵਿਚ ਉਡਾ ਦਿੱਤਾ। ਜਨਵਰੀ 1981 ਵਿਚ ਸਾਡੇ ਜੋਤਸ਼ੀਆਂ ਨੇ ਫਿਰ ਕਿਹਾ: ਪੂਰੇ ਬਾਰਾਂ ਮਹੀਨੇ ਇਰਾਨ-ਇਰਾਕ ਦਾ ਯੁੱਧ ਹੋਣ ਵਾਲਾ ਹੈ। 1983 ਵਿਚ ਸਾਡੇ ਦੇਸ਼ ਵਿਚ ਮੁੜ ਚੋਣਾਂ ਹੋਣਗੀਆਂ। ਮਾਰਚ 1984 ਵਿਚ ਵਿਸ਼ਵ ਯੁੱਧ ਹੋਵੇਗਾ। 1995 ਵਿਚ ਪਰਲੋ ਆਵੇਗੀ।
ਅਜਿਹੀ ਭਿਆਨਕ ਪਰਲੋ ਕਿ ਸੱਤਰ-ਅੱਸੀ ਫ਼ੀਸਦੀ ਦੁਨੀਆਂ ਖ਼ਤਮ ਹੋ ਜਾਵੇਗੀ। ਇਹ ਸਾਰੇ ਵਰ੍ਹੇ ਆਏ ਅਤੇ ਲੰਘ ਗਏ। ਕੋਈ ਪਰਲੋ ਨਹੀਂ ਆਈ। ਫਿਰ ਵੀ ਸਾਡੇ ਜੋਤਸ਼ੀ ਚੁੱਪ ਨਹੀਂ ਬੈਠੇ। ਉਨ੍ਹਾਂ ਜੂਨ 1981 ਵਿਚ ਮੁੜ ਭਵਿੱਖਬਾਣੀ ਕੀਤੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਤੰਬਰ 1981 ਵਿਚ ਕਤਲ ਕਰ ਦਿੱਤੀ ਜਾਵੇਗੀ। ਛੇਤੀ ਪਿੱਛੋਂ ਉਸ ਦਾ ਪੁੱਤਰ ਰਾਜੀਵ ਵੀ ਕਤਲ ਹੋਵੇਗਾ। ਇਸ ਉਪਰੰਤ ਹੇਮਵਤੀ ਨੰਦਨ ਬਹੁਗੁਣਾ ਪ੍ਰਧਾਨ ਮੰਤਰੀ ਬਣੇਗਾ। ਦਸੰਬਰ ਵਿਚ ਜੋਤਸ਼ੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਪਰ ਗੱਲ ਆਈ ਗਈ ਹੋ ਗਈ।
ਬਾਪੂ, ਬਾਬੇ, ਪੀਰ, ਜੋਤਸ਼ੀ ਅਤੇ ਸਵਾਮੀ ਵਿਭੂਤੀਆਂ/ਚਮਤਕਾਰਾਂ ਨਾਲ ਭੋਲੇ-ਭਾਲੇ ਲੋਕਾਂ, ਖ਼ਾਸਕਰ ਔਰਤਾਂ ਨੂੰ ਅਕਸਰ ਹੀ ਮੂਰਖ ਬਣਾਉਂਦੇ ਹਨ। ਉਨ੍ਹਾਂ ਦੀ ਇੱਜ਼ਤ ਵੀ ਲੁੱਟਦੇ ਹਨ, ਪਰ ਪਤਾ ਨਹੀਂ ਕਿਉਂ ਖ਼ੂਬ ਪੜ੍ਹੇ-ਲਿਖੇ ਮਰਦ ਔਰਤਾਂ ਵੀ ਵਾਰ ਵਾਰ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਇਕ ਬਾਬਾ/ਬੀਬੀ ਜੇਲ੍ਹ ਜਾਂਦੀ ਹੈ ਤਾਂ ਦੂਜਾ ਪ੍ਰਗਟ ਹੋ ਜਾਂਦਾ ਹੈ। ਬਾਪੂ ਆਸਾ ਰਾਮ ਤੇ ਬਾਬਾ ਰਾਮ ਰਹੀਮ ਜੇਲ੍ਹ ਵਿਚ ਹਨ, ਪਰ ਜਿਸ ਦਿਨ ਉਹ ਜੇਲ੍ਹ ’ਚੋਂ ਨਿਕਲੇ, ਉਸੇ ਦਿਨ ਉਨ੍ਹਾਂ ਦੀ ਦੁਕਾਨਦਾਰੀ ਪਹਿਲਾਂ ਵਾਂਗ ਚੱਲਣ ਦੀ ਸੰਭਾਵਨਾ ਤੋਂ ਇਨਕਾਰ ਕਰਨਾ ਔਖਾ ਜਾਪਦਾ ਹੈ। ਇੱਥੇ ਸਭ ਕੁਝ ਝੱਟ ਹੀ ਵਾਪਰ ਜਾਂਦਾ ਹੈ। 1989 ਵਿਚ ਲੰਕਾ ਤੋਂ ਪ੍ਰੇਮਾਨੰਦ ਨਾਂ ਦੇ ਇਕ ਬੰਦੇ ਨੇ ਤਾਮਿਲਨਾਡੂ ਵਿਚ ਪੁਡੂਕੋਟਾਈ ਵਿਚ ਆਸ਼ਰਮ ਬਣਾਇਆ। 1996 ਵਿਚ ਆਸ਼ਰਮ ਤੋਂ ਭੱਜੀ ਇਕ ਬੀਬੀ ਨੇ ਦੱਸਿਆ ਕਿ ਸਵਾਮੀ ਨੇ ਉਸ ਨਾਲ ਜਬਰ-ਜਨਾਹ ਕੀਤਾ ਹੈ ਅਤੇ ਉਹ ਗਰਭਵਤੀ ਹੋ ਚੁੱਕੀ ਹੈ। ਹੱਥਾਂ ਵਿਚੋਂ ਵਿਭੂਤੀ ਤੇ ਮੂੰਹ ਵਿਚੋਂ ਸ਼ਿਵਲਿੰਗ ਕੱਢਣ ਦੇ ਚਮਤਕਾਰ ਕਰਕੇ ਲੋਕਾਂ ਨੂੰ ਫਸਾਉਣ ਵਾਲੇ ਸਵਾਮੀ ਨੇ ਅਦਾਲਤ ਵਿਚ ਵੀ ਇਹ ਚਮਤਕਾਰ ਵਿਖਾਏ, ਪਰ ਗੱਲ ਨਾ ਬਣੀ। 1997 ਵਿਚ ਉਸ ਨੂੰ ਜਬਰ-ਜਨਾਹ ਤੇ ਕਤਲ ਦੇ ਤੇਰਾਂ ਕੇਸਾਂ ਵਿਚ ਉਮਰ ਕੈਦ ਅਤੇ ਸੱਠ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਕਿਸੇ ਸਮੇਂ ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਚਹੇਤੇ ਰਹੇ ਚੰਦਰਾ ਸਵਾਮੀ ਦੀ ਖ਼ੂਬ ਤੂਤੀ ਬੋਲੀ। ਅਖੀਰ ਉਸ ਨੂੰ ਰਾਜੀਵ ਗਾਂਧੀ ਦੀ ਹੱਤਿਆ ਅਤੇ ਹੋਰ ਕਈ ਕੇਸਾਂ ਵਿਚ ਸੁਪਰੀਮ ਕੋਰਟ ਨੇ ਘਸੀਟਿਆ। 2011 ਵਿਚ ਉਸ ਨੂੰ ਗਿਆਰਾਂ ਕਰੋੜ ਦਾ ਜੁਰਮਾਨਾ ਹੋਇਆ। ਪਤਾ ਨਹੀਂ ਬਾਅਦ ਵਿਚ ਉਸ ਦਾ ਕੀ ਬਣਿਆ। ਦਸੰਬਰ 2002 ਵਿਚ ਸੰਤੋਸ਼ ਮਹਾਦੇਵਨ ਨੇ ਚਮਤਕਾਰੀ/ਰਹੱਸਮਈ ਘਟਨਾਵਾਂ ਦਿਖਾ ਕੇ ਆਪਣੀ ਦੁਕਾਨਦਾਰੀ ਸਵਾਮੀ ਅੰਮ੍ਰਿਤ ਚੇਤੰਨਿਆ ਦੇ ਨਾਂ ’ਤੇ ਕੋਚੀਨ ਵਿਚ ਚਲਾਈ। ਜਬਰ ਜਨਾਹ ਦੇ ਕਈ ਕੇਸਾਂ ਵਿਚ ਉਸ ਦਾ ਨਾਮ ਬੋਲਿਆ ਅਤੇ 2009 ਵਿਚ ਉਸ ਨੂੰ ਸੋਲ੍ਹਾਂ ਸਾਲ ਦੀ ਕੈਦ ਸੁਣਾਈ ਗਈ। ਵਹਿਮਾਂ-ਭਰਮਾਂ, ਪੀਰਾਂ, ਬਾਬਿਆਂ, ਸਵਾਮੀਆਂ ਦੀਆਂ ਸ਼ਿਕਾਰ ਔਰਤਾਂ ਕੁਝ ਵਧੇਰੇ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਤਾਂ ਕਈ ਵਾਰ ਡਾਇਣ ਆਖ ਕੇ ਹੀ ਕਤਲ ਕਰ ਦਿੱਤਾ ਜਾਂਦਾ ਹੈ। ਕੌਮੀ ਮਹਿਲਾ ਕਮਿਸ਼ਨ ਤੇ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਕਾਲਾ ਇਲਮ/ ਜਾਦੂ ਜਿਹੇ ਵਹਿਮਾਂ-ਭਰਮਾਂ ਦੇ ਨਾਂ ਉੱਤੇ 2008 ਤੋਂ 2013 ਦੇ ਪੰਜ ਸਾਲਾਂ ਵਿਚ 768 ਔਰਤਾਂ ਮੌਤ ਦੇ ਮੂੰਹ ਪਈਆਂ। ਬਿਹਾਰ, ਆਸਾਮ, ਉੜੀਸਾ ਤੇ ਛੱਤੀਸਗੜ੍ਹ ਵਿਚ ਕਾਲਾ ਜਾਦੂ ਦੀਆਂ ਜਾਦੂਗਰਣੀਆਂ ਦੇ ਨਾਂ ਉੱਤੇ ਅਕਸਰ ਹੀ ਔਰਤਾਂ ਦੀ ਹੱਤਿਆ ਹੁੰਦੀ ਰਹਿੰਦੀ ਹੈ।
ਵਹਿਮਾਂ-ਭਰਮਾਂ ਤੇ ਚਮਤਕਾਰਾਂ ਪੱਖੋਂ ਸਾਡੇ ਦੇਸ਼ ਵਿਚ ਕੁਝ ਕੁਝ ਸਮੇਂ ਬਾਅਦ ਨਵੇਂ ਤੋਂ ਨਵੇਂ ਸ਼ਗੂਫ਼ੇ ਸਾਹਮਣੇ ਆਉਂਦੇ ਹਨ। ਕਿਤੇ ਮੂਰਤੀਆਂ ਦੁੱਧ ਪੀਣ ਲੱਗਦੀਆਂ ਹਨ। ਕਿਤੇ ਕਿਸੇ ਰੁੱਖ ਵਿਚੋਂ ਪਾਣੀ ਸਿੰਮਣ ਲੱਗਦਾ ਹੈ। ਕਿਤੇ ਗਰਮ/ਠੰਢੇ ਪਾਣੀ ਦਾ ਚਸ਼ਮਾ ਫੁੱਟ ਪੈਂਦਾ ਹੈ। ਕਦੇ ਧਰਤੀ ਵਿਚੋਂ ਅੱਗ ਦੀਆਂ ਲਾਟਾਂ। ਕਿਤੇ ਕਿਸੇ ਨਲਕੇ ਵਿਚੋਂ ਪਾਣੀ ਆਪਣੇ ਆਪ ਨਿਕਲਣ ਲੱਗਦਾ ਹੈ। ਮੀਡੀਆ ਉਸ ਨੂੰ ਮਸਾਲੇ ਲਾ ਲਾ ਕੇ ਦਿਨ-ਰਾਤ ਪੇਸ਼ ਕਰਦਾ ਹੈ। ਸੱਚ ਦੱਸਣ ਦਾ ਯਤਨ ਕਿਤੇ ਨਹੀਂ ਹੁੰਦਾ। ਮਿਥਿਹਾਸਕ ਗ੍ਰੰਥਾਂ/ ਪੁਰਾਣਾਂ/ ਪਾਤਰਾਂ ਦੇ ਇਤਿਹਾਸਕ ਨਗਰ/ ਸਥਾਨ ਅਤੇ ਭੂਤਾਂ/ਪ੍ਰੇਤਾਂ ਦੀਆਂ ਹਵੇਲੀਆਂ ਆਦਿ ਦਿਖਾਉਣ ਦੀ ਸੇਵਾ ਵੀ ਸਾਡੇ ਚੈਨਲ ਖ਼ੂਬ ਕਰਦੇ ਹਨ। ਇਸ ਸਾਰੀ ਪੇਸ਼ਕਾਰੀ ਨੂੰ ਧਾਰਮਿਕ ਸ਼ਰਧਾ ਦਾ ਤੜਕਾ ਵੀ ਲੱਗਦਾ ਰਹਿੰਦਾ ਹੈ। ਇਸ ਮਾਹੌਲ ਵਿਚ ਸੱਚ ਦਾ ਹਾਸ਼ੀਏ ਉੱਤੇ ਰਹਿਣਾ ਕੁਦਰਤੀ ਹੈ।
ਇਕ ਉਦਾਹਰਣ ਦੇਖੋ। ਇੱਕੀ ਸਤੰਬਰ 1995 ਨੂੰ ਅਚਾਨਕ ਅਫ਼ਵਾਹ ਉੱਡੀ ਕਿ ਦਿੱਲੀ ਵਿਚ ਗਣੇਸ਼ ਦੀ ਇਕ ਮੂਰਤੀ ਨੂੰ ਦੁੱਧ ਪੇਸ਼ ਕੀਤਾ ਗਿਆ ਤਾਂ ਮੂਰਤੀ ਦੁੱਧ ਪੀ ਗਈ। ਚੈਨਲਾਂ ਨੇ ਖ਼ਬਰ ਚੁੱਕੀ ਤੇ ਥਾਂ-ਥਾਂ ਤੋਂ ਮੂਰਤੀਆਂ ਦੇ ਦੁੱਧ ਪੀਣ ਦੀਆਂ ਬਾਕਾਇਦਾ ਤਸਵੀਰਾਂ ਤੇ ਵੇਰਵੇ ਟੈਲੀਕਾਸਟ ਹੋਣ ਲੱਗੇ। ਨੰਦੀ ਤੇ ਸ਼ਿਵ ਦੀਆਂ ਮੂਰਤੀਆਂ ਵੀ ਇਨ੍ਹਾਂ ਵਿਚ ਆ ਰਲੀਆਂ। ਦੁੱਧ ਮਹਿੰਗਾ। ਮੂਰਤੀਆਂ ਵਿਚੋਂ ਹੁੰਦਾ ਹੋਇਆ ਨਾਲੀਆਂ ਵਿਚ ਡੁੱਲ੍ਹਣ ਲੱਗਾ। ਮੰਦਰਾਂ ਅੱਗੇ ਭੀੜਾਂ ਹੋ ਗਈਆਂ। ਅਨੁਸ਼ਾਸਨ ਲਈ ਪੁਲੀਸ ਪ੍ਰਬੰਧ ਕਰਨੇ ਪਏ। ਪ੍ਰੋ. ਯਸ਼ਪਾਲ ਅਤੇ ਨੈਸ਼ਨਲ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਨੇ ਤਜਰਬੇ ਕਰਕੇ ਸਮਝਾਇਆ ਕਿ ਇਹ ਸਾਰਾ ਵਰਤਾਰਾ ਦੁੱਧ ਅਤੇ ਲਾਲ ਡਾਈ (ਸੰਧੂਰ) ਦੇ ਕੈਪੀਲਰੀ ਐਕਸ਼ਨ ਨਾਲ ਵਾਪਰ ਰਿਹਾ ਹੈ। ਵਿਗਿਆਨੀ ਕਹਿੰਦੇ ਹਨ ਕਿ ਸੰਵਿਧਾਨ ਦੀ ਧਾਰਾ 51 ਏ (ਐੱਚ) ਦਾ ਪਾਲਣ ਈਮਾਨਦਾਰੀ ਨਾਲ ਕੀਤਾ ਜਾਵੇ ਤਾਂ ਸਥਿਤੀ ਸੁਧਰ ਸਕਦੀ ਹੈ। ਇਸ ਧਾਰਾ ਅਨੁਸਾਰ ਦੇਸ਼ ਵਿਚ ਵਿਗਿਆਨਕ ਸੋਚ ਦਾ ਵਿਕਾਸ ਸਰਕਾਰ ਦੀ ਮੂਲ ਜ਼ਿੰਮੇਵਾਰੀ ਹੈ। ਵਿਗਿਆਨਕ ਮਿਜਾਜ਼, ਮਾਨਵਵਾਦ, ਜਗਿਆਸਾ ਅਤੇ ਸੁਧਾਰ ਦੀ ਇੱਛਾ ਦਾ ਵਿਕਾਸ ਹਰ ਭਾਰਤੀ ਦਾ ਸੰਵਿਧਾਨਕ ਫ਼ਰਜ਼ ਹੈ। ਉਕਤ ਧਾਰਾ ਇਹ ਕਹਿੰਦੀ ਹੈ। ਅੰਧ-ਵਿਸ਼ਵਾਸ ਫੈਲਾਉਣ ਵਾਲੇ ਭਾਰਤੀ ਦੰਡਾਵਲੀ ਦੀ ਧਾਰਾ 295 ਏ ਦਾ ਆਸਰਾ ਲੈ ਕੇ ਅੰਧ-ਵਿਸ਼ਵਾਸ ਦੇ ਵਿਰੋਧੀਆਂ ਨੂੰ ਧਾਰਮਿਕ ਸ਼ਰਧਾਲੂਆਂ ਦਾ ਦਿਲ ਦੁਖਾਉਣ ਵਾਲਾ ਮਾਮਲਾ ਬਣਾਉਣ ਦੇ ਰਾਹ ਤੁਰ ਪੈਂਦੇ ਹਨ। ਕਿਸੇ ਦੀਆਂ ਧਾਰਮਿਕ ਭਾਵਨਾਵਾਂ/ਵਿਸ਼ਵਾਸਾਂ ਨੂੰ ਜਾਣਬੁੱਝ ਕੇ ਚੋਟ ਪਹੁੰਚਾਉਣ ਦਾ ਮਾਮਲਾ ਬਣਾ ਕੇ ਲੋਕਾਂ ਦੀਆਂ ਭੀੜਾਂ ਮਗਰ ਲੱਗਣ ਦਾ ਖ਼ਤਰਾ ਕੌਣ ਮੁੱਲ ਲਵੇ। ਇਸ ਲਈ ਸਿਆਣੇ ਜਾਂ ਮੇਰੇ ਵਰਗੇ ਡਰਪੋਕ ਇਸ ਵਿਵਾਦ ਤੋਂ ਦੂਰ ਰਹਿਣ ਵਿਚ ਹੀ ਭਲਾ ਸਮਝਦੇ ਹਨ। ਮੁਆਫ਼ੀ ਮੰਗਣ ਨਾਲ ਹੀ ਜਾਨ ਛੁੱਟਦੀ ਹੈ। ਇਸ ਲਈ ਮੈਂ ਵੀ ਪਹਿਲਾਂ ਹੀ ਮੁਆਫ਼ੀ ਮੰਗ ਕੇ ਇਸ ਮਸਲੇ ਨੂੰ ਨਿਰਪੱਖਤਾ ਤੇ ਗੰਭੀਰਤਾ ਨਾਲ ਵਿਚਾਰਨ ਦੀ ਬੇਨਤੀ ਕਰ ਰਿਹਾ ਹਾਂ। ਬਕੌਲ ਸ਼ਾਹ ਮੁਹੰਮਦ ਛੇੜ ਬੁਰਛਿਆਂ ਦੇ ਸਾਡੇ ਪੇਸ਼ ਆਈ ਕੋਈ ਅਕਲ ਦਾ ਕਰੋ ਇਲਾਜ ਯਾਰੋ। … ਕਿਸੇ ਦਾ ਦਿਲ ਦੁਖਾਉਣ ਦਾ ਮੇਰਾ ਉੱਕਾ ਕੋਈ ਇਰਾਦਾ ਨਹੀਂ। ਜੇ ਫਿਰ ਵੀ ਗੁਸਤਾਖੀ ਹੋ ਰਹੀ ਹੈ ਤਾਂ ਅਗਾਊਂ ਖਿਮਾ ਮੰਗ ਕੇ ਕੁਝ ਗੱਲਾਂ ਹੋਰ ਕਰਨਾ ਚਾਹੁੰਦਾ ਹਾਂ। ਡਾ. ਪੀ.ਐੱਮ. ਭਾਰਗਵ ਨੇ 2001 ਤੇ 2004 ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਜੋਤਿਸ਼ ਦੇ ਕੋਰਸ ਯੂਨੀਵਰਸਿਟੀਆਂ ਵਿਚ ਸ਼ੁਰੂ ਕਰਨ ਵਿਰੁੱਧ ਪਟੀਸ਼ਨ ਪਾਈ। ਸਰਕਾਰ ਨੇ ਕਿਹਾ ਕਿ ਕੋਰਸ ਲਾਜ਼ਮੀ ਨਹੀਂ, ਇਨ੍ਹਾਂ ਤੋਂ ਕਿਸੇ ਨੂੰ ਕਾਹਦਾ ਨੁਕਸਾਨ। ਕੋਰਟਾਂ ਨੇ ਕੇਸ ਡਿਸਮਿਸ ਕਰ ਛੱਡੇ। 2010 ਵਿਚ ਕਿਸੇ ਐੱਨਜੀਓ ਨੇ ਬੰਬੇ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਪਾਈ ਕਿ ਸਰਕਾਰ ਕਾਨੂੰਨ ਬਣਾਏ ਜਿਸ ਨਾਲ ਸਕੂਲਾਂ ਵਿਚ ਵਿਗਿਆਨਕ ਸੋਚ ਦੇ ਵਿਸ਼ੇ ਦਾ ਅਧਿਆਪਨ ਜ਼ਰੂਰੀ ਬਣਾ ਕੇ ਸੰਵਿਧਾਨ ਦੀ ਧਾਰਾ 51 ਏ (ਐੱਚ) ਦਾ ਪਾਲਣ ਕਰਵਾਇਆ ਜਾ ਸਕੇ। ਇਸ ਪਟੀਸ਼ਨ ਰਾਹੀਂ ਇਹ ਮੰਗ ਵੀ ਕੀਤੀ ਗਈ ਕਿ ਟੈਰੋ ਕਾਰਡ, ਵਾਸਤੂ ਸ਼ਾਸਤਰ ਤੇ ਜੋਤਿਸ਼ ਦੇ ਇਸ਼ਤਿਹਾਰਾਂ ਉੱਤੇ ਕੋਈ ਡਿਸਕਲੇਮਰ ਲੋਕਾਂ ਨੂੰ ਸਾਵਧਾਨ ਕਰਨ ਲਈ ਲਾਜ਼ਮੀ ਕੀਤੇ ਜਾਣ। ਇਸ ਲਈ ਸੰਵਿਧਾਨ ਦੀ ਧਾਰਾ 266 ਦਾ ਆਸਰਾ ਲਿਆ ਗਿਆ। ਕੋਰਟ ਨੇ ਇਹ ਕਹਿ ਕੇ ਕੇਸ ਖਾਰਜ ਕਰ ਦਿੱਤਾ ਕਿ 51 ਏ (ਐੱਚ) ਅਜਿਹੇ ਕਦਮ ਚੁੱਕਣ ਦੇ ਮਾਮਲੇ ਵਿਚ ਅਸਪਸ਼ਟ ਹੈ। ਇਹੀ ਨਹੀਂ ਕੋਰਟ ਇਸ ਪੱਖੋਂ ਆਂਧਰਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਪੁਰਾਣੇ ਫ਼ੈਸਲਿਆਂ ਦੀ ਲੋਅ ਵਿਚ ਹੋਰ ਕਾਰਵਾਈ ਦੀ ਲੋੜ ਨਹੀਂ ਸਮਝਦੀ।
ਗੱਲਾਂ ਤਾਂ ਹੋਰ ਬਥੇਰੀਆਂ ਹਨ, ਪਰ ਕੁਝ ਚਰਚਾ ਹੁਣ ਵਿਗਿਆਨੀਆਂ ਦੇ ਆਪ ਹੀ ਵਹਿਮਾਂ-ਭਰਮਾਂ ਵਿਚ ਫਸੇ ਹੋਰ ਬਾਰੇ ਵੀ ਲਾਜ਼ਮੀ ਹੈ। ਸਾਡੀ ਕੌਮੀ ਪੁਲਾੜੀ ਸੰਸਥਾ ਇਸਰੋ ਦੇ ਇਕ ਸੇਵਾਮੁਕਤ ਅਧਿਕਾਰੀ ਅਨੁਸਾਰ ਕਿਸੇ ਵੀ ਰਾਕੇਟ ਲਈ ਕਾਊਂਟ ਡਾਊਨ ਰਾਹੂ ਕਾਲ ਵਿਚ ਨਹੀਂ ਕੀਤਾ ਜਾਂਦਾ। ਡਰਦੇ ਹਨ ਇਸ ਡੇਢ ਘੰਟੇ ਦੇ ਰਾਹੂ ਕਾਲ ਤੋਂ। ਦੁਰਾਡੀਆਂ ਪੁਲਾੜ ਉਡਾਰੀਆਂ ਵਿਚ ਰਾਕੇਟ ਦੇ ਲਾਂਚ ਟਾਈਮ ਅਤੇ ਸ਼ੁਭ ਮਹੂਰਤ ਵਿਚ ਤਾਲਮੇਲ ਔਖਾ ਹੋ ਜਾਂਦਾ ਹੈ। ਵਿਗਿਆਨਕ ਲੋੜ ਤਾਂ ਇਹ ਹੁੰਦੀ ਹੈ ਕਿ ਰਾਕੇਟ ਦੇ ਦੁਰਾਡੇ ਟਾਰਗੇੱਟ ਦੀ ਆਰਬਿਟ ਵਿਚ ਪਹੁੰਚਣ ਦੀ ਉੱਚਿਤ ਸਥਿਤੀ/ਸਮਾਂ ਵੇਖਿਆ ਜਾਵੇ। ਕਾਊਂਟ ਡਾਊਨ ਵਾਲੇ ਆਪਣੇ ਸ਼ੁਭ ਮਹੂਰਤ/ਘੜੀ ਦਾ ਫਾਨਾ ਠੋਕ ਦਿੰਦੇ ਹਨ।
ਇਕ ਹੋਰ ਅਫ਼ਸਰ ਕਹਿੰਦਾ ਹੈ: ਛੱਡੋ ਸਰਦਾਰ ਜੀ। ਇਹ ਤਾਂ ਨਿੱਜੀ ਵਿਸ਼ਵਾਸ ਦਾ ਮਾਮਲਾ ਹੈ। ਇੱਥੇ ਇਕ ਅਫ਼ਸਰ ਐਸਾ ਵੀ ਸੀ ਜੋ ਹਰ ਲਾਂਚ ਵੇਲੇ ਨਵੀਂ ਕਮੀਜ਼ ਪਾ ਕੇ ਆਉਂਦਾ ਸੀ।
ਇਸਰੋ ਨੇ ਪੀਐੱਸਐੱਲਵੀ ਸੀ-13 ਨਾਂ ਦੀ ਕੋਈ ਉਡਾਰੀ ਨਹੀਂ ਭਰੀ। ਪੀਐੱਸਐੱਲਵੀ ਸੀ-12 ਤੋਂ ਸਿੱਧੀ ਪੀਐੱਸਐੱਲਵੀ ਸੀ-14 ਰੱਖੀ ਗਈ। ਇਸੇ ਵਿਚ ਓਸ਼ੀਨ ਸੈਟ-2 ਅਤੇ ਛੇ ਨਿੱਕੇ ਯੂਰੋਪੀਅਨ ਉਪਗ੍ਰਹਿ ਭੇਜੇ ਗਏ ਸਨ। ਉਂਜ, ਨਾਸਾ ਨੇ ਵੀ ਅਪੋਲੋ-13 ਦੀ ਅਸਫ਼ਲਤਾ ਪਿੱਛੋਂ ਤੇਰਾਂ ਨੰਬਰ ਤੋਂ ਦੂਰੀ ਰੱਖਣ ਦਾ ਹੀ ਯਤਨ ਕੀਤਾ ਹੈ। ਇਸਰੋ ਵਾਲੇ ਮੰਗਲਵਾਰ ਨੂੰ ਕੋਈ ਲਾਂਚ ਕਰਨ ਤੋਂ ਪ੍ਰਹੇਜ਼ ਕਰਦੇ ਹਨ, ਪਰ ਮੰਗਲ ਮਿਸ਼ਨ ਨੂੰ ਉੁਨ੍ਹਾਂ ਮੰਗਲਵਾਰ ਹੀ ਲਾਂਚ ਕੀਤਾ। ਦੋ ਮੰਗਲਾਂ ਦਾ ਮੇਲ ਉਨ੍ਹਾਂ ਲਈ ਮੰਗਲਕਾਰੀ ਸੀ।
ਮੇਰੀ ਕਿਊਰੀ ਕਹਿੰਦੀ ਸੀ ਕਿ ਆਪਣੀ ਸਮਝ ਦਾ ਦਾਇਰਾ ਜਿੰਨਾ ਵਧਾਓਗੇ, ਓਨਾ ਹੀ ਵਹਿਮਾਂ-ਭਰਮਾਂ ਤੋਂ ਡਰ ਘਟ ਜਾਵੇਗਾ। ਬਰਟ੍ਰੰਡ ਰਸਲ ਡਰ ਨੂੰ ਵਹਿਮਾਂ-ਭਰਮਾਂ ਦਾ ਮੁੱਖ ਸ੍ਰੋਤ ਦੱਸਦਾ ਹੈ। ਜਿਸ ਚੀਜ਼ ਦੀ ਸਾਨੂੰ ਸਮਝ ਨਹੀਂ ਆਉਂਦੀ, ਉਸ ਤੋਂ ਅਸੀਂ ਡਰਨ ਲੱਗਦੇ ਹਾਂ ਜਾਂ ਉਸ ਦੀ ਪੂਜਾ ਸ਼ੁਰੂ ਕਰ ਦਿੰਦੇ ਹਾਂ। ਗਿਆਨ ਦਾ ਫਲ ਚਖ ਕੇ ਅਦਨ ਦੇ ਬਹਿਸ਼ਤ ਵਿਚੋਂ ਦੇਸ਼ ਨਿਕਾਲਾ ਮਿਲਣਾ ਮਨੁੱਖ ਜਾਤ ਦੀ ਹੋਣੀ ਹੈ। ਵਿਗਿਆਨ ਸਾਡੀਆਂ ਅੱਖਾਂ ਉੱਤੇ ਬੱਝੀਆਂ ਪੱਟੀਆਂ ਖੋਲ੍ਹਦਾ ਹੈ, ਪਰ ਕਈ ਬੰਦੇ ਅੱਖਾਂ ਘੁੱਟ ਕੇ ਬੰਦ ਕਰ ਲੈਂਦੇ ਹਨ, ਉਨ੍ਹਾਂ ਦਾ ਕੋਈ ਕੀ ਕਰੇ। ਜ਼ਰਾ ਸੋਚੋ ਰਸਤੇ ਵਿਚ ਤੁਰੇ ਜਾਂਦਿਆਂ ਨੂੰ ਕਾਲੀ ਬਿੱਲੀ ਦਿਸ ਗਈ ਤਾਂ ਕਾਹਦਾ ਡਰ? ਖੌਰੇ ਉਹ ਵੀ ਕਿਤੇ ਰੋਟੀ/ਸ਼ਿਕਾਰ ਦੀ ਭਾਲ ਵਿਚ ਨਿਕਲੀ ਹੋਵੇ। ਕਾਲੀ ਬਿੱਲੀ ਤੱਕ ਕੇ ਮਨੁੱਖ ਭਾਵੇਂ ਕੋਈ ਜਾਦੂ ਮੰਤਰ ਮਾਰਨ ਬਹਿੰਦਾ ਹੋਵੇ, ਪਰ ਮੈਂ ਕਿਸੇ ਬਿੱਲੀ/ਕੁੱਤੇ ਨੂੰ ਜਾਦੂ ਮੰਤਰ ਲਈ ਕਿਸੇ ਬਾਬੇ ਅੱਗੇ ਮੱਥਾ ਟੇਕਦਾ ਨਹੀਂ ਵੇਖਿਆ।
ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸ ਬਾਰੇ ਇਹ ਲਿਖਤ ਇਨ੍ਹਾਂ ਵਿਰੁੱਧ ਜਹਾਦ ਛੇੜਨ ਵਾਲੇ ਅਤੇ ਇਸ ਜਹਾਦ ਵਿਚ ਆਪਣੀ ਜਾਨ ਗਵਾਉਣ ਵਾਲੇ ਡਾ. ਨਰਿੰਦਰ ਦਭੋਲਕਰ ਦੇ ਜ਼ਿਕਰ ਬਿਨਾਂ ਅਧੂਰੀ ਰਹੇਗੀ। ਉਂਜ ਤਾਂ ਉਸ ਬਾਰੇ ਚਰਚਾ ਇਕ ਪੂਰੇ ਨਿਬੰਧ ਦੀ ਮੰਗ ਕਰਦੀ ਹੈ, ਪਰ ਇੱਥੇ ਉਸ ਬਾਰੇ ਸੰਖੇਪ ਗੱਲ ਤਾਂ ਕੀਤੀ ਹੀ ਜਾ ਸਕਦੀ ਹੈ। ਪਹਿਲੀ ਨਵੰਬਰ 1945 ਨੂੰ ਜੰਮਿਆ ਦਭੋਲਕਰ ਮਹਾਂਰਾਸ਼ਟਰ ਦਾ ਵਧੀਆ ਡਾਕਟਰ ਤੇ ਸਮਾਜ ਸੁਧਾਰਕ ਸੀ। ਉਸ ਨੇ ਸਕੂਲੀ ਪੜ੍ਹਾਈ ਸਤਾਰਾ ਦੇ ਨਿਊ ਇੰਗਲਿਸ਼ ਸਕੂਲ ਅਤੇ ਕਾਲਜ ਦੀ ਪੜ੍ਹਾਈ ਸਾਂਗਲੀ ਦੇ ਵਿਲਿੰਗਡਨ ਕਾਲਜ ਵਿਚ ਕੀਤੀ। ਮਿਰਾਜ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਕਰ ਕੇ ਉਸ ਨੇ ਬਾਰ੍ਹਾਂ ਸਾਲ ਡਾਕਟਰ ਵਜੋਂ ਕੰਮ ਕਰਕੇ ਸਮਾਜ ਵਿਚ ਫੈਲੇ ਜਾਤ-ਪਾਤ, ਛੂਤ-ਛਾਤ ਅਤੇ ਵਹਿਮਾਂ-ਭਰਮਾਂ ਵਿਰੁੱਧ ਮੈਦਾਨ ਵਿਚ ਉਤਰਨ ਦਾ ਨਿਰਣਾ ਕੀਤਾ। ਜਵਾਨੀ ਵਿਚ ਪੈਰ ਧਰਦਿਆਂ ਹੀ ਉਹ ਇਸ ਪੱਖੋਂ ਸੁਚੇਤ ਹੋੋ ਗਿਆ ਸੀ। ਪਤਨੀ ਸ਼ੀਲਾ ਨਾਲ ਉਸ ਨੇ ਆਪਣੀ ਸ਼ਾਦੀ ਬਿਨਾਂ ਕਿਸੇ ਪੱਤਰੀ, ਜੰਤਰੀ, ਸ਼ੁਭ ਮਹੂਰਤ ਦੇ ਚੱਕਰ ਵਿਚ ਪਏ ਕੀਤੀ। ਇੰਜ ਹੀ ਉਸ ਨੇ ਆਪਣੇ ਪੁੱਤਰ ਹਾਮਿਦ ਤੇ ਧੀ ਮੁਕਤਾ ਦੇ ਵਿਆਹ ਵੇਲੇ ਕੀਤਾ। ਅੰਧ-ਵਿਸ਼ਵਾਸਾਂ ਵਿਰੁੱਧ ਜਹਾਦ ਛੇੜਣ ਲਈ ਉਸ ਨੇ ਅਖਿਲ ਭਾਰਤੀ ਅੰਧ ਸ਼ਰਧਾ ਨਿਰਮੂਲਣ ਸਮਿਤੀ ਜੁਆਇਨ ਕੀਤੀ। 1989 ਵਿਚ ਉਸ ਨੇ ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਣ ਸਥਾਪਤ ਕੀਤੀ ਜਿਸ ਦਾ ਉਹ ਮੋਢੀ ਪ੍ਰਧਾਨ ਬਣਿਆ। ਵਹਿਮਾਂ-ਭਰਮਾਂ, ਟੂਣੇ-ਤੰਤਰਾਂ ਤੇ ਚਮਤਕਾਰਾਂ ਨਾਲ ਲੋਕਾਂ ਨੂੰ ਲੁੱਟਣ ਵਾਲਿਆਂ ਦਾ ਉਸ ਨੇ ਡਟ ਕੇ ਵਿਰੋਧ ਕੀਤਾ। 1990 ਤੋਂ 2010 ਤਕ ਦੇ ਵੀਹ ਸਾਲ ਉਸ ਨੇ ਵਹਿਮਾਂ-ਭਰਮਾਂ ਦੇ ਨਾਲ-ਨਾਲ ਭਾਰਤੀ ਜਾਤ-ਪਾਤ ਪ੍ਰਬੰਧ ਦਾ ਵੀ ਰੱਜ ਕੇ ਵਿਰੋਧ ਕੀਤਾ। ਵਹਿਮਾਂ-ਭਰਮਾਂ ਵਿਰੁੱਧ ਉਸ ਨੇ ਲੇਖ ਤੇ ਕਿਤਾਬਾਂ ਲਿਖੀਆਂ। ਤਿੰਨ ਹਜ਼ਾਰ ਤੋਂ ਵੱਧ ਭਾਸ਼ਣ ਕੀਤੇ। 2010 ਵਿਚ ਉਸ ਨੇ ਮਹਾਂਰਾਸ਼ਟਰ ਰਾਜ ਵੱਲੋਂ ਵਹਿਮ-ਭਰਮ ਵਿਰੋਧੀ ਕਾਨੂੰਨ ਬਣਾਉਣ ਲਈ ਸੰਘਰਸ਼ ਕੀਤਾ। ਇਸ ਕਾਨੂੰਨ ਦਾ ਖਰੜਾ ਉਸ ਨੇ ਆਪਣੀ ਸੰਸਥਾ ਵੱਲੋਂ ਤਿਆਰ ਕਰਵਾਇਆ। ਭਾਜਪਾ ਤੇ ਸ਼ਿਵ ਸੈਨਾ ਨੇ ਇਸ ਨੂੰ ਸਭਿਆਚਾਰ ਦੇ ਵਿਰੁੱਧ ਦੱਸ ਕੇ ਇਸ ਦਾ ਵਿਰੋਧ ਕੀਤਾ। ਕਾਨੂੰਨ ਕੀ ਬਣਨਾ ਸੀ, 6 ਅਗਸਤ 2013 ਨੂੰ ਦਿਨ-ਦਿਹਾੜੇ ਪੂਣੇ ਦੇ ਓਮਕਾਰੇਸ਼ਵਰ ਮੰਦਰ ਨੇੜੇ ਉਸ ਨੂੰ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਕਤਲ ਕਰ ਦਿੱਤਾ। ਉਸ ਦੇ ਪੁੱਤਰ ਦੇ ਜਿਊਂਦੇ ਹੋਣ ਦੇ ਬਾਵਜੂਦ ਉਸ ਦੀ ਚਿਤਾ ਨੂੰ ਅੱਗ ਉਸ ਦੀ ਧੀ ਮੁਕਤਾ ਨੇ ਲਾਈ ਅਤੇ ਪਿਤਾ ਦੀ ਸਿੱਖਿਆ ਦਾ ਪਾਲਣ ਕੀਤਾ।

*ਸਾਬਕਾ ਪ੍ਰੋਫ਼ੈਸਰ ਅਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98722-60550


Comments Off on ਵਹਿਮ-ਭਰਮ, ਲੋਟੂ ਬਾਬੇ ਅਤੇ ਵਿਗਿਆਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.