ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਲੁਧਿਆਣਾ ’ਚ ਰਿਮੋਟ ਨਾਲ ਸਾੜਿਆ 90 ਫੁੱਟਾ ਰਾਵਣ ਦਾ ਪੁਤਲਾ

Posted On October - 9 - 2019

ਦਰੇਸੀ ਮੈਦਾਨ ਵਿੱਚ ਮੰਗਲਵਾਰ ਨੂੰ ਅੱਗ ਦੀਆਂ ਲਪਟਾਂ ਵਿੱਚ ਸੜ ਰਹੇ ਰਾਵਣ ਦੇ ਪੁਤਲੇ ਦਾ ਦ੍ਰਿਸ਼। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਲੁਧਿਆਣਾ, 8 ਅਕਤੂਬਰ
ਬਦੀ ’ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦਸਹਿਰਾ ਅੱਜ ਸਮਾਰਟ ਸਿਟੀ ਵਿੱਚ ਜੋਸ਼ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਹਿਰ ਵਿੱਚ 40 ਤੋਂ ਵੱਧ ਥਾਵਾਂ ’ਤੇ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਵਿੱਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਦਸਹਿਰੇ ਲਈ ਲੱਗੇ ਮੇਲਿਆਂ ਵਿੱਚ ਰਾਮ ਲੀਲਾ ਦੇ ਨਾਲ ਨਾਲ ਕਈ ਪੰਜਾਬੀ ਗਾਇਕਾਂ ਨੇ ਵੀ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤੇ। ਸ਼ਹਿਰ ਦੇ ਸਭ ਤੋਂ ਪੁਰਾਣੇ ਦਰੇਸੀ ਮੈਦਾਨ ਵਿੱਚ 90 ਫੁੱਟਾ ਰਾਵਮ ਨੂੰ ਰਿਮੋਟ ਨਾਲ ਅੱਗ ਲਗਾਈ ਗਈ। ਦਸਹਿਰੇ ਦੇ ਸਨਅਤੀ ਸ਼ਹਿਰ ਵਿੱਚ 40 ਤੋਂ ਵੱਧ ਸਮਾਗਮ ਸੀ, ਜਿਨ੍ਹਾਂ ਨੇ ਪੁਲੀਸ ਤੋਂ ਮੰਨਜ਼ੂਰੀ ਲਈ ਸੀ, ਇਥੇ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ।
ਦਰੇਸੀ ਸਥਿਤ ਰਾਮ ਲੀਲਾ ਕਮੇਟੀ ਵੱਲੋਂ ਸ਼ਹਿਰ ਦਾ ਸਭ ਤੋਂ ਉੱਚਾ 90 ਫੁੱਟ ਰਾਵਣ ਦਾ ਪੁਤਲਾ ਲਗਾਇਆ ਗਿਆ ਸੀ। ਜਿਸਨੂੰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਰਿਮੋਟ ਦਾ ਬਟਨ ਦਬਾ ਕੇ ਅਗਨੀ ਭੇਟ ਕੀਤਾ। ਜਿਵੇਂ ਹੀ ਬਿੱਟੂ ਤੇ ਕਮਿਸ਼ਨਰ ਅਗਰਵਾਲ ਨੇ ਰਿਮੋਟ ਦਾ ਬਟਨ ਦਬਾਇਆ ਤਾਂ 90 ਫੁੱਟ ਦੇ ਰਾਵਣ ਨੂੰ ਅੱਗ ਲੱਗ ਗਈ। ਦਰੇਸੀ ਵਿੱਚ ਰਾਵਣ ਨੂੰ ਅੱਗ ਲਾਉਣ ਤੋਂ ਪਹਿਲਾਂ ਰਾਮ ਤੇ ਰਾਵਣ ਦਾ ਯੁੱਧ ਹੋਇਆ। ਇਸ ਦੌਰਾਨ ਰਾਵਣ ਦਾ ਪੁਤਲਾ ਸਾੜਣ ਤੋਂ ਪਹਿਲਾਂ ਰਾਮ ਲੀਲਾ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।
ਇਸਦੇ ਨਾਲ ਹੀ ਸ਼ਹਿਰ ’ਚ ਹੰਬੜਾ ਰੋਡ ਸਥਿਤ ਸ੍ਰੀ ਗੋਬਿੰਦ ਗਊਧਾਮ ’ਚ 50 ਫੁੱਟ ਉਚਾ ਰਾਵਣ, ਫੋਕਲ ਪੁਆਇੰਟ ਦਸ਼ਹਿਰਾ ਕਮੇਟੀ ਵੱਲੋਂ 70 ਫੁੱਟ ਉੱਚਾ ਰਾਵਣ ਸਾੜਿਆ ਗਿਆ। ਦਸਹਿਰਾ ਕਮੇਟੀ ਉਪਕਾਰ ਨਗਰ ਦੇ ਵੱਲੋਂ 65 ਫੁੱਟ ਉੱਚਾ ਰਾਵਣ ਦਾ ਪੁਤਲਾ ਲਾਇਆ ਸੀ। ਇਸਦੇ ਨਾਲ ਨਿਊ ਸੁਖਦੇਵ ਦਸਹਿਰਾ ਕਮੇਟੀ ਦੇ ਵੱਲੋਂ ਚੰਡੀਗੜ੍ਹ ਰੋਡ ’ਤੇ 60 ਫੁੱਟ ਉੱਚਾ ਰਾਵਣ, ਰਾਜਗੁਰੂ ਨਗਰ ਦੁਸਹਿਰਾ ਕਮੇਟੀ ਵੱਲੋਂ ਰਾਜਗੁਰੂ ਨਗਰ ’ਚ 50 ਫੁੱਟ ਉੱਚਾ ਰਾਵਣ, ਅਗਰ ਨਗਰ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ 50 ਫੁੱਟ ਉੱਚਾ ਰਾਵਣ, ਬਸੰਤ ਐਵੀਨਿਉ ਦਸਹਿਰਾ ਤੇ ਰਾਮ ਲੀਲਾ ਕਮੇਟੀ ਵੱਲੋਂ 200 ਫੁੱਟੀ ਰੋਡ ’ਤੇ 50 ਫੁੱਟ ਉੱਚਾ ਰਾਵਣ, ਸ੍ਰੀ ਦੁਰਗਾ ਮਾਤਾ ਮੰਦਰ ਵੱਲੋਂ 45 ਫੁੱਟ ਉਚਾ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ।
ਰਾਏਕੋਟ (ਪੱਤਰ ਪ੍ਰੇਰਕ) ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਇਸ ਸਾਲ ਵੀ ਸਥਾਨਕ ਸ਼ਹਿਰ ਵਿੱਚ ਬੜ੍ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਦਸਹਿਰਾ ਕਮੇਟੀ ਦੀ ਦੇਖ-ਰੇਖ ਹੇਠ ਸਥਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਰੱਖੇ ਗਏ ਦਸਹਿਰਾ ਮੇਲਾ ਸਮਾਗਮ ਵਿੱਚ ਕਾਂਗਰਸ ਸੂਬਾ ਮੀਤ ਪ੍ਰਧਾਨ ਡਾ. ਅਮਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ, ਉਨ੍ਹਾਂ ਤੋਂ ਇਲਾਵਾ ਕਾਮਿਲ ਬੋਪਾਰਾਏ ਡੀਐੱਸਪੀ ਸੁਖਨਾਜ਼ ਸਿੰਘ ਵੀ ਹਾਜ਼ਰ ਸਨ। ਮੇਲੇ ਦਾ ਉਦਘਾਟਨ ਡਾ. ਅਮਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ’ਚ ਡਾ. ਅਮਰ ਸਿੰਘ ਨੇ ਸਮੂਹ ਇਲਾਕਾ ਵਾਸੀਆਂ ਨੂੰ ਦਸਹਿਰੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ।

ਦਰੇਸੀ ਗਰਾਉਂਡ ਲੁਧਿਆਣਾ ਵਿੱਚ ਅੱਗ ਲੱਗਣ ਤੋਂ ਪਹਿਲਾਂ ਰਾਵਣ ਦੇ ਪੁਤਲੇ ਅੱਗੇ ਰਾਮ ਲੀਲ੍ਹਾ ਦੇ ਕਲਾਕਾਰ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਅਸ਼ਵਨੀ ਧੀਮਾਨ

ਖਮਾਣੋਂ (ਨਿੱਜੀ ਪੱਤਰ ਪ੍ਰੇਰਕ) ਸ਼ੰਕਰ ਡਰਾਮੈਟਿਕ ਕਲੱਬ ਖਮਾਣੋਂ ਤੇ ਰਾਮਲੀਲਾ ਕਮੇਟੀ ਖਮਾਣੋਂ ਵੱਲੋਂ ਦਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਤਹਿਸੀਲ ਗਰਾਊਂਡ ਖਮਾਣੋਂ ਵਿੱਚ ਮਨਾਇਆ ਗਿਆ। ਇਸ ਮੌਕੇ ਭਗਵਾਨ ਰਾਮ ਚੰਦਰ, ਮਾਤਾ ਸੀਤਾ, ਲਛਮਣ ਜਤੀ, ਹਨੂੰਮਾਨ ਤੇ ਰਮਾਇਣ ਨਾਲ ਸਬੰਧਤ ਝਾਕੀਆਂ ਸਜਾਈਆਂ ਗਈਆਂ। ਇਸ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਹੋਸ਼ਿਆਰ ਮਾਹੀ ਤੇ ਮੈਡਮ ਰਮਨ ਸੱਗੂ, ਸਤਨਾਮ ਗੱਗੜਵਾਲ, ਚਰਨਜੀਤ ਬਿਲਾਸਪੁਰੀ ਤੇ ਹੋਰ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮੰਨੋਰੰਜਨ ਕੀਤਾ। ਰੀਬਨ ਕੱਟਣ ਦੀ ਰਸਮ ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾਂ ਨੇ ਅਦਾ ਕੀਤੀ ਤੇ ਲੋਕਾਂ ਨੂੰ ਭਗਵਾਨ ਰਾਮ ਚੰਦਰ ਜੀ ਦੇ ਜੀਵਨ ਉੱਤੇ ਚੱਲਣ ਲਈ ਕਿਹਾ।
ਸ਼ਾਮ 6.15 ਵਜੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਦੀ ਰਸਮ ਕਲੱਬ ਦੇ ਸਰਪ੍ਰਸਤ ਪੰਡਤ ਧਰਮ ਪਾਲ ਅਗਨੀਹੋਤਰੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਲੋਕਾਂ ਦੇ ਵਿਸ਼ਾਲ ਇਕੱਠ ਵਿਚ ਅਦਾ ਕੀਤੀ। ਇਸ ਮੌਕੇ ਧਰਮ ਪਾਲ ਚੇਚੀ ਡੀ.ਐਸ.ਪੀ. ਖਮਾਣੋਂ ਤੇ ਇੰਸਪੈਕਟਰ ਰਾਜ ਕੁਮਾਰ ਥਾਣਾ ਮੁਖੀ ਦੀ ਅਗਵਾਈ ਹੇਠ ਪੁਲੀਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਇਸੇ ਤਰ੍ਹਾਂ ਖੇੜੀ ਨੌਧ ਸਿੰਘ ’ਚ ਵੀ ਦਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਨਾਮਵਰ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਵੀ ਸ਼ਿਰਕਤ ਕੀਤੀ।
ਮਾਛੀਵਾੜਾ (ਪੱਤਰ ਪ੍ਰੇਰਕ) ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਮਾਛੀਵਾੜਾ ’ਚ ਲੋਕਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਸਰਵਹਿੱਤਕਾਰੀ ਸਭਾ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਸਥਾਨਕ ਦੁਸ਼ਹਿਰਾ ਮੈਦਾਨ ਵਿਚ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਤੇ ਲਛਮਣ ਦੇ ਸਜਾਏ ਸਵਰੂਪਾਂ ਅੱਗੇ ਸੀਸ ਝੁਕਾਇਆ।
ਦਸਹਿਰਾ ਮੈਦਾਨ ਵਿੱਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਲਗਾਏ ਗਏ ਤੇ ਇਨ੍ਹਾਂ ਨੂੰ ਅਗਨੀ ਦੇਣ ਤੋਂ ਪਹਿਲਾਂ ਰਾਮ ਭਗਤ ਸ਼ਰਧਾਲੂਆਂ ਵੱਲੋਂ ਖੂਬ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਪਵਿੱਤਰ ਦਿਹਾੜੇ ਦੀ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕ ਸੱਚਾਈ ਦੇ ਰਸਤੇ ’ਤੇ ਚੱਲਣ। ਸੂਰਜ ਛਿਪਦਿਆਂ ਹੀ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਉਣ ਕਾਰਨ ਇਹ ਧੂ-ਧੂ ਕਰਕੇ ਜਲ ਉਠੇ ਤੇ ਬਦੀ ਇਸ ਅੱਗ ਵਿਚ ਜਲ ਕੇ ਰਾਖ ਹੋ ਗਏ।
ਅਮਲੋਹ (ਪੱਤਰ ਪ੍ਰੇਰਕ) ਬੰਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਅੱਜ ਇੱਥੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਰਾਵਣ ਤੇ ਮੇਘਨਾਦ ਦੇ ਪੁਤਲੇ ਨੂੰ ਅਗਨੀ ਦਿੱਤੀ। ਇਸ ਮੌਕੇ ਉਨ੍ਹਾਂ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।

 

24 ਘੰਟੇ ਤੋਂ ਰਾਵਣ ਦੇ ਪੁਤਲਿਆਂ ਦੀ ਸੁਰੱਖਿਆ ’ਚ ਲੱਗੀ ਰਹੀ ਪੁਲੀਸ
ਦਸਹਿਰੇ ਮੇਲੇ ਦੇ ਦੌਰਾਨ ਜ਼ਿਆਦਾਤਰ ਥਾਵਾਂ ’ਤੇ ਬੀਤੀ ਰਾਤ ਤੋਂ ਹੀ ਦਸਹਿਰਾ ਕਮੇਟੀਆਂ ਰਾਵਣ ਦੇ ਪੁਤਲੇ ਖੜ੍ਹੇ ਕਰ ਦਿੱਤੇ ਸੀ, ਜਿਸਦੀ ਸੁਰੱਖਿਆ ਲਈ ਪਿਛਲੇ 24 ਘੰਟੇ ਤੋਂ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਸੀ। ਪੁਲੀਸ ਵਾਲੇ ਰਾਵਣ ਦੇ ਪੁਤਲਿਆਂ ਦੀ ਰਾਖੀ ਕਰਦੇ ਰਹੇ। ਸ਼ਾਮ ਛੇ ਵਜੇ ਜਦੋਂ ਰਾਵਣ ਦੇ ਪੁਤਲਿਆਂ ਦਾ ਦਹਿਣ ਹੋਇਆ, ਉਸ ਤੋਂ ਬਾਅਦ ਪੁਤਲਿਆਂ ਦੀ ਰਾਖੀ ’ਚ ਲੱਗੇ ਪੁਲੀਸ ਮੁਲਾਜ਼ਮਾਂ ਨੇ ਸੁਖ ਦਾ ਸਾਹ ਲਿਆ।

ਲੋਕ ਜਾਮ ਵਿੱਚ ਫਸੇ
ਦੁਸਹਿਰੇ ਵਾਲੇ ਦਿਨ ਕਈ ਥਾਵਾਂ ’ਤੇ ਮੇਲੇ ਲਗੇ ਹੋਏ ਸਨ, ਜਿਨ੍ਹਾਂ ਕਰਕੇ ਕਈ ਇਲਾਕਿਆਂ ਵਿੱਚ ਟਰੈਫ਼ਿਕ ਜਾਮ ਰਿਹਾ। ਦਰੇਸੀ ਨੂੰ ਜਾਣ ਵਾਲੀ ਸੜਕ ’ਤੇ ਅੱਜ ਦਿਨ ਭਰ ਹੀ ਜਾਮ ਵਾਲਾ ਮਾਹੌਲ ਰਿਹਾ। ਦੇਰ ਸ਼ਾਮ ਇੱਥੇ ਟਰੈਫ਼ਿਕ ਦਾ ਬਹੁਤ ਬੁਰਾ ਹਾਲ ਸੀ। ਇਸਦੇ ਨਾਲ ਚੰਡੀਗੜ੍ਹ ਰੋਡ, ਦੁਗਰੀ, ਰਾਜਗੁਰੂ ਨਗਰ, ਫੋਕਲ ਪੁਆਇੰਟ ਦੀਆਂ ਸੜਕਾਂ ’ਤੇ ਵੀ ਜਾਮ ਲੱਗਿਆ ਰਿਹਾ। ਇਸ ਤੋਂ ਇਲਾਵਾ ਬੀਆਰਐਸ ਨਗਰ ਤੇ ਸਰਾਭਾ ਨਗਰ ਵੀ ਲੋਕ ਜਾਮ ਵਿੱਚ ਫਸੇ ਰਹੇ।

2000 ਪੁਲੀਸ ਮੁਲਾਜ਼ਮਾਂ ਹੱਥ ਸੀ ਸੁਰੱਖਿਆ

ਸ਼ਹਿਰ ਵਿੱਚ ਲੱਗੇ 40 ਦੇ ਕਰੀਬ ਥਾਵਾਂ ’ਤੇ ਮੇਲਿਆਂ ਦੀ ਸੁਰੱਖਿਆ ਦੇ ਲਈ ਪੁਲੀਸ ਪ੍ਰਸ਼ਾਸਨ ਵੱਲੋਂ 2000 ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਾਈ ਹੋਈ ਸੀ। ਪੁਲੀਸ ਕਮਿਸ਼ਨਰ ਤੋਂ ਲੈ ਕੇ ਸਾਰੇ ਮੁਲਾਜ਼ਮ ਸੜਕਾਂ ’ਤੇ ਸਨ। ਪੁਲੀਸ ਕਮਿਸ਼ਨਰ ਨੇ ਖੁੱਦ ਕਈ ਮੇਲਿਆਂ ਵਿੱਚ ਜਾ ਕੇ ਸੁਰੱਖਿਆ ਦਾ ਜਾਇਜ਼ਾ ਲਿਆ। ਮੇਲਿਆਂ ਦੀ ਸੁਰੱਖਿਆ ਵਿੱਚ ਇਸ ਵਾਰ ਔਰਤ ਪੁਲੀਸ ਮੁਲਾਜ਼ਮ ਤੇ ਸਾਦੀ ਵਰਦੀ ਵਿੱਚ ਪੁਲੀਸ ਮੁਲਾਜ਼ਮ ਵੀ ਤੈਨਾਤ ਕੀਤੇ ਗਏ ਸਨ। ਨਾਲ ਹੀ ਮੇਲੇ ਲਗਾਉਣ ਵਾਲਿਆਂ ਕਮੇਟੀਆਂ ਨੂੰ ਆਪਣੇ ਤੌਰ ’ਤੇ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਗਿਆ ਸੀ


Comments Off on ਲੁਧਿਆਣਾ ’ਚ ਰਿਮੋਟ ਨਾਲ ਸਾੜਿਆ 90 ਫੁੱਟਾ ਰਾਵਣ ਦਾ ਪੁਤਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.